ਅੱਜ-ਕੱਲ੍ਹ ਫਿਲਮ ‘ਸੌਂਕਣ ਸੌਂਕਣੇ’ ਕਾਫ਼ੀ ਚਰਚਾ ’ਚ ਹੈ। ਇਸ ਰਾਹੀਂ ਜ਼ਿੰਦਗੀ ਦੇ ਕੌੜੇ ਸੱਚ ਨੂੰ ਬੜੇ ਹਲਕੇ-ਫੁਲਕੇ ਢੰਗ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਸਲ ਜ਼ਿੰਦਗੀ ’ਚ ਇੰਜ ਨਹੀਂ ਹੁੰਦਾ। ਸੌਂਕਣ ਤਾਂ ਕਹਿੰਦੇ ਮਿੱਟੀ ਦੀ ਵੀ ਮਾਣ ਨਹੀਂ ਹੁੰਦੀ। ਫਿਲਮ ਦੇਖਣ ਉਪਰੰਤ ਇਸੇ ਤਰ੍ਹਾਂ ਦਾ ਦਰਦ ਹੰਢਾ ਚੁੱਕੀ ਸਤਾਸੀ ਸਾਲਾ ਔਰਤ ਦੀ ਤਸਵੀਰ ਮੇਰੀਆਂ ਅੱਖਾਂ ਅੱਗੇ ਸਾਕਾਰ ਹੋ ਗਈ। ਜਿਸ ਔਰਤ ਦੀ ਹੱਡਬੀਤੀ ਤੇ ਉਸ ਦੇ ਡੂੰਘੇ ਦਰਦ ਦੀ ਦਾਸਤਾਨ ਬਿਆਨ ਕਰਨ ਲੱਗੀ ਹਾਂ ਉਸ ਨੂੰ ਜ਼ਿੰਦਗੀ ’ਚ ਅਕਹਿ ਤੇ ਅਸਹਿ ਦੁੱਖ ਝੱਲਣੇ ਪਏ। ਮੈਂ ਉਸ ਨੂੰ ਪਿਛਲੇ ਪੰਜਾਹ ਸਾਲਾਂ ਤੋਂ ਜਾਣਦੀ ਹਾਂ। ਏਨੀ ਸਮਰੱਥ, ਸੁੱਘੜ, ਸਿਆਣੀ ਤੇ ਇਰਾਦੇ ਦੀ ਧਨੀ ਇਸ ਔਰਤ ਨਾਲ ਮੈਂ ਲੋਕਾਂ ਨੂੰ ਵੱਡੇ-ਵੱਡੇ ਮਸਲਿਆਂ ’ਚ ਮਸ਼ਵਰੇ ਕਰਦੇੇ ਦੇਖਿਆ। ਇਸ ਔਰਤ ਦੀ ਸ਼ਖ਼ਸੀਅਤ ਬਾਰੇ ਮੈਂ ਸਦਾ ਦਵੰਦ ’ਚ ਰਹੀ ਹਾਂ। ਉਸ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਦੇਖ ਕੇ ਉਹ ਮੈਨੂੰ ਕਦੇ ਵੀ ਬੇਵੱਸ ਨਹੀਂ ਲੱਗੀ। ਮੌਤ ਨੂੰ ਏਨੀ ਨੇੜਿਓਂ ਦੇਖਣ ਤੇ ਉਸ ਨਾਲ ਦਸਤਪੰਜਾ ਲੈਣ ਤੋਂ ਬਾਅਦ ਵੀ ਜ਼ਿੰਦਗੀ ਨਾਲ ਉਹਦਾ ਮੋਹ ਅੱਜ ਤਕ ਬਰਕਰਾਰ ਹੈ। ਅਥਾਹ ਉਦਾਸ ਪਲਾਂ ’ਚ ਵੀ ਉਸ ਦੇ ਹੌਸਲੇ ਸਦਾ ਬੁਲੰਦ ਰਹੇ। ਕਰਮ ਦੇ ਤੇਜ ਨਾਲ ਮਘਦਾ ਉਸ ਦਾ ਚਿਹਰਾ ਮੈਨੂੰ ਸਦਾ ਊਰਜਾ ਪ੍ਰਦਾਨ ਕਰਦਾ ਰਹਿੰਦਾ ਹੈ। ਇਲਾਕੇ ’ਚ ਉਸ ਨੇ ਆਪਣੇ ਕਰਮਾਂ ਨਾਲ ਜੋ ਇੱਜ਼ਤ ਕਮਾਈ ਹੈ, ਜੋ ਆਪਣੀ ਪਛਾਣ ਬਣਾਈ ਹੈ, ਉਸ ਅੱਗੇ ਮੇਰਾ ਸਿਰ ਸਦਾ ਝੁਕਦਾ ਰਿਹਾ ਹੈ। ਹਜ਼ਾਰਾਂ ਵਿਦਿਆਰਥੀ ਉਸ ਤੋਂ ਸਿੱਖਿਆ ਗ੍ਰਹਿਣ ਕਰ ਕੇ ਜ਼ਿੰਦਗੀ ਦੇ ਉੱਚ ਮੁਕਾਮ ’ਤੇ ਪਹੁੰਚੇ ਹਨ।

‘ਸੌਂਕਣ-ਸੌਂਕਣੇ’ ਦੀ ਗੱਲ ਕਰਦੀ ਮੈਂ ਕਿੱਥੇ ਉਲਝ ਗਈ। ਜਦੋਂ ਇਸ ਕੁੜੀ ਦਾ ਦਸਵੀਂ ਦਾ ਨਤੀਜਾ ਆਇਆ ਤਾਂ ਘਰ ’ਚ ਖ਼ੁਸ਼ੀਆਂ ਦੀ ਛਹਿਬਰ ਲੱਗ ਗਈ। ਬੀਕੋ ਨੇ ਖਰੇ ਨੰਬਰ ਲੈ ਕੇ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਸੀ। ਇਸ ਖ਼ੁਸ਼ੀ ’ਚ ਸਵੇਰ ਵੇਲੇ ਜਿਸ ਘਰ ’ਚ ਪਤਾਸੇ ਵੰਡੇ ਜਾ ਰਹੇ ਸੀ, ਸ਼ਾਮ ਪੈਂਦਿਆਂ ਹੀ ਉਸੇ ਘਰ ਵਿਚ ਮਾਤਮ ਛਾ ਗਿਆ। ਬੀਕੋ ਤੋਂ ਵੀਹ ਸਾਲ ਵੱਡੀ ਭੈਣ ਪੁਆੜਾ ਪਾ ਕੇ ਬੈਠੀ ਸੀ। ਰੱਬ ਨੇ ਵਿਆਹ ਦੇ ਐਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਦੀ ਗੋਦ ਨਹੀਂ ਸੀ ਭਰੀ ਤੇ ਹੁਣ ਘਰ ਦਾ ਵਾਰਸ ਪੈਦਾ ਕਰਨ ਲਈ ਸਹੁਰਾ ਪਰਿਵਾਰ ਦੂਜੀ ਕੁੜੀ ਲੱਭ ਰਿਹਾ ਸੀ। ਉਹ ਆਪਣੇ ਲਈ ਸੌਂਕਣ ਕਦੇ ਵੀ ਬਰਦਾਸ਼ਤ ਨਹੀਂ ਸੀ ਕਰ ਸਕਦੀ ਤੇ ਹੁਣ ਉਹ ਆਪਣੇ ਤੋਂ ਵੀਹ ਸਾਲ ਛੋਟੀ ਆਪਣੀ ਭੈਣ ਦਾ ਰਿਸ਼ਤਾ ਆਪਣੇ ਮਰਦ ਲਈ ਲੈ ਕੇ ਜਾਣ ਲਈ ਬਜ਼ਿੱਦ ਸੀ ਤਾਂ ਜੋ ਉਹ ਘਰ ’ਚ ਬੱਚੇ ਦੀਆਂ ਕਿਲਕਾਰੀਆਂ ਵੀ ਸੁਣ ਸਕੇ ਤੇ ਸੌਂਕਣ ਦਾ ਸੰਤਾਪ ਹੰਢਾਉਣ ਤੋਂ ਵੀ ਬਚੀ ਰਹੇ। ਕਹਿੰਦੇ ਨੇ ਜਦੋਂ ਧੀ ਹਉਕਾ ਭਰਦੀ ਹੈ, ਘਰ ਦੇ ਚਾਰੇ ਖੂੁੰਜੇ ਹਿੱਲ ਜਾਂਦੇ ਨੇ।

ਵਕਤ ਕਈ ਵਾਰ ਕਿੰਨਾ ਜ਼ਾਲਮ ਹੋ ਜਾਂਦਾ ਹੈ ਕਿ ਪਿੰਡ ਦਾ ਸਿਆਣਾ-ਬਿਆਣਾ ਜੈਲਦਾਰ ਅੰਗਰੇਜ਼ ਹਕੂਮਤ ਦੀ ਫ਼ੌਜ ’ਚ ਕਪਤਾਨ ਦੀ ਨੌਕਰੀ ਕਰਨ ਵਾਲਾ ਬਾਪ, ਦੋਨਾਂ ਧੀਆਂ ਦੇ ਬਰਾਬਰ ਮੋਹ’ਚ ਫਸਿਆ ਅਖ਼ੀਰ ਵੱਡੀ ਧੀ ਦੇ ਹੱਕ ’ਚ ਫ਼ੈਸਲਾ ਸੁਣਾ ਦਿੰਦਾ ਹੈ। ਸ਼ਾਇਦ ਉਸ ’ਤੇ ਵੀ ਇਹੀ ਸੋਚ ਭਾਰੂ ਸੀ ਕਿ ਜੇ ਧੀ ਘਰੋਂ ਰੁੱਸ ਕੇ ਜਾਵੇ ਤਾਂ ਰੱਬ ਰੁੱਸ ਜਾਂਦਾ ਹੈ। ਰਿਸ਼ਤਿਆਂ ਦੇ ਇਹ ਸਮੀਕਰਨ ਮੈਨੂੰ ਸਦਾ ਪਰੇਸ਼ਾਨ ਕਰਦੇ ਰਹਿੰਦੇ ਨੇ। ਕਿੱਦਾਂ ਇਕ ਬਾਪ ਨਿੱਕੀ ਜਿਹੀ ਧੀ ਨੂੰ ਇਨਸਾਨ ਦੇ ਤੌਰ ’ਤੇ ਸਮਝਣ ਦੀ ਬਜਾਏ ਬੱੱਚਾ ਪੈਦਾ ਕਰਨ ਦਾ ਜ਼ਰੀਆ ਸਮਝ ਕੇ ਮਾਸੂਮ ਜਿਹੀ ਧੀ ਦਾ ਵਿਆਹ ਉਸ ਤੋਂ ਦੁੱਗਣੀ ਉਮਰ ਦੇ ਬੰਦੇ ਨਾਲ ਕਰਨ ਲਈ ਵੱਡੀ ਧੀ ਦੀ ਜ਼ਿੱਦ ਅੱਗੇ ਹਥਿਆਰ ਸੁੱਟ ਦਿੰਦਾ ਹੈ।

ਖ਼ੈਰ! ਵਿਆਹ ਹੋਇਆ। ਗੱਜ-ਵੱਜ ਕੇ ਬਰਾਤ ਆਈ। ਤਿੰਨ ਦਿਨ ਠਹਿਰੀ। ਪੰਜਾਹ ਤੋਲੇ ਸੋਨਾ ਤੇ ਦਾਜ ਦੀ ਹਰ ਵਸਤੂ ਦੇ ਕੇ ਬਲੀ ਦੇ ਬੱਕਰੇ ਨੂੰ ਬੇਗਾਨੇ ਘਰ ਤੋਰ ਦਿੱਤਾ। ਭੋਲੀ-ਭਾਲੀ ਬੀਕੋ ਨੂੰ ਤਾਂ ਐਨੀ ਵੀ ਸੋਝੀ ਨਹੀਂ ਸੀ ਕਿ ਕਿਸ ਤਰ੍ਹਾਂ ਦੀ ਕਾਲੀ-ਬੋਲੀ ਹਨੇਰੀ ਉਸ ਦੀ ਜ਼ਿੰਦਗੀ ’ਚ ਝੁੱਲਣ ਵਾਲੀ ਹੈ। ਵਿਆਹ ਦੀ ਪਹਿਲੀ ਰਾਤ ਹੀ ਸਕੀ ਭੈਣ ਨੇ ਸੌਂਕਣ ਵਾਲਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ। ਸਾਰਾ ਦਿਨ ਨੌਕਰਾਂ ਵਾਂਗ ਕੰਮ ਕਰਾਉਣਾ, ਤਾਅਨੇ-ਮਿਹਣੇ ਮਾਰਨੇ ਤੇ ਫਿਰ ਸੀ ਵੀ ਨਾ ਕਰਨ ਦੇਣੀ। ਕਰਮਾਂ ਸੜੀ ਨੇ ਪਤਾ ਨਹੀਂ ਕਿੱਦਾਂ ਚੋਰੀ ਪੇਕੇ ਘਰ ਚਿੱਠੀ ਲਿਖੀ ਤੇ ਫਿਰ ਬਾਪੂ ਜੀ ਆ ਕੇ ਉਸ ਨੂੰ ਲੈ ਗਏ। ਫਿਰ ਪੇਕੇ ਜਾ ਕੇ ਸ਼ੁਰੂ ਹੋਇਆ ਜ਼ਲਾਲਤ ਦਾ ਲੰਬਾ ਸਿਲਸਿਲਾ। ਜੋ ਕੁਝ ਵੱਡੀ ਭੈਣ ਕਰਦੀ ਸੀ, ਉਹੀ ਭਾਬੀ ਦੁਹਰਾਉਣ ਲੱਗੀ। ਸਾਊ ਬਾਪ ਨੇ ਜਲੰਧਰ ਜੇਬੀਟੀ ’ਚ ਦਾਖ਼ਲਾ ਲੈ ਦਿੱਤਾ ਤੇ ਹੋਸਟਲ ’ਚ ਰਹਿਣ ਦਾ ਪ੍ਰਬੰਧ ਕਰ ਦਿੱਤਾ। ਉਪਰੰਤ ਸਰਕਾਰੀ ਨੌਕਰੀ ਦਾ ਇੰਤਜ਼ਾਮ ਵੀ ਹੋ ਗਿਆ। ਕਹਿੰਦੇ ਨੇ “ਜਿਨ੍ਹਾਂ ਖੂਹਾਂ ਦੇ ਪਾਣੀ ਖਾਰੇ, ਕਦੀ ਨਾ ਪਨਘਟ ਬਣਨ ਵਿਚਾਰੇ”।

ਮੈਂ ਸੱਚੀਂ ਕਿਸਮਤਵਾਦੀ ਨਹੀਂ ਹਾਂ ਪਰ ਮੈਂ ਉਪਰੋਕਤ ਕਥਨ ਨੂੰ ਰੱਦ ਹੁੰਦੇ ਦੇਖਿਆ ਹੈ। ਨੌਕਰੀ ਦੌਰਾਨ ਪਿਉ-ਧੀ ਆਪਣੇ ਪਿੰਡੋਂ ਦੂਰ ਕਿਸੇ ਬੇਗਾਨੇ ਪਿੰਡ ’ਚ ਰਹਿਣ ਲੱਗੇ। ਦੋਆਬੇ ਦਾ ਸਿਰਕੱਢ ਸਰਦਾਰ ਜਦੋਂ ਬਚਵਾਹੀ ਦੇ ਇਲਾਕੇ ’ਚ ਧੀ ਨਾਲ ਰਹਿਣ ਲੱਗਾ ਤਾਂ ਇਕ ਦਿਨ ਪੈਦਲ ਤੁਰੇ ਜਾਂਦੇ ਨੂੰ ਕਿਸੇ ਸਾਈਕਲ ਸਵਾਰ ਗੱਭਰੂ ਨੇ ਸਾਈਕਲ ’ਤੇ ਪਿੰਡ ਛੱਡਣ ਦੀ ਪੇਸ਼ਕਸ਼ ਕੀਤੀ। ਰਾਹ ਵਿਚ ਗੱਲੀਂਬਾਤੀਂ ਜਦੋਂ ਬਜ਼ੁਰਗ ਨੇ ਧੀ ਦੀ ਦਰਦ ਭਰੀ ਕਹਾਣੀ ਸਾਂਝੀ ਕੀਤੀ ਤਾਂ ਨੌਜਵਾਨ ਨੇ ਦੱਸਿਆ ਕਿ ਉਹ ਵੀ ਅਧਿਆਪਕ ਹੈ ਤੇ ਉਹ ਕਿਸਮਤ ਮਾਰੀ ਇਸ ਕੁੜੀ ਨੂੰ ਆਪਣੀ ਜੀਵਨ ਸਾਥਣ ਬਣਾ ਕੇ ਬੜਾ ਮਾਣ ਮਹਿਸੂਸ ਕਰੇਗਾ। ਦਾਨਿਸ਼ਮੰਦ ਬਾਪੂ ਜਿਸ ਗੁਨਾਹ ’ਚ ਆਪਣੇ-ਆਪ ਨੂੰ ਭਾਗੀਦਾਰ ਸਮਝਦਾ ਸੀ ਉਸ ਲਈ ਇਸ ਗੁਨਾਹ ਤੋਂ ਮੁਕਤ ਹੋ ਜਾਣ ਦਾ ਇਸ ਤੋਂ ਵੱਡਾ ਹੋਰ ਕੀ ਵਸੀਲਾ ਹੋ ਸਕਦਾ ਸੀ ਪਰ ਇੱਕੋ ਚਿੰਤਾ ਜੋ ਬਜ਼ੁਰਗ ਨੂੰ ਲਗਾਤਾਰ ਬੇਚੈਨ ਕਰ ਰਹੀ ਸੀ ਉਹ ਸੀ ਜਗੀਰੂ ਪਿਛੋਕੜ ਵਾਲੇ ਜੱਟ ਸਿੱਖ ਪਰਿਵਾਰ ਦੀ ਮਾਨਸਿਕਤਾ। ਉਸ ਨੂੰ ਇਲਮ ਸੀ ਕਿ ਜੱਟਵਾਦੀ ਜਗੀਰਦਾਰੀ ਹਉਮੈ ਗ੍ਰਸਤ ਉਨ੍ਹਾਂ ਦਾ ਪੁੱਤ ਕਦੇ ਵੀ ਗੈਰ ਜਾਤੀ ਦੇ ਰਿਸ਼ਤੇ ਨੂੰ ਸਵੀਕਾਰ ਨਹੀਂ ਕਰੇਗਾ। ਉਨ੍ਹਾਂ ਦਾ ਡਰ ਸੱਚ ਸਾਬਿਤ ਹੋਇਆ। ਇਸ ਵਿਆਹ ਦਾ ਘਰ ਵਿਚ ਡਟਵਾਂ ਵਿਰੋਧ ਹੋਇਆ। ਅਖੌਤੀ ਅਣਖ ਦੇ ਨਾਂ ’ਤੇ ਕਤਲ ਤਕ ਦੀਆਂ ਧਮਕੀਆਂ ਵੀ ਮਿਲੀਆਂ। ਉਹੀ ਕਮਜ਼ੋਰ ਬੀਕੋ ਜਿਸ ਨੇ ਕਦੇ ਵੱਡੀ ਭੈਣ ਤੇ ਬਾਪ ਦੀ ਇੱਛਾ ਸਾਹਮਣੇ ਨਿਮਾਣੀ ਬਣ ਸਿਰ ਝੁਕਾ ਕੇ ਉਨ੍ਹਾਂ ਦੇ ਹਰ ਹੁਕਮ ’ਤੇ ਫੁੱਲ ਚੜ੍ਹਾ ਦਿੱਤੇ ਸਨ, ਆਰਥਿਕ ਤੌਰ ’ਤੇ ਸਵੈ ਨਿਰਭਰ ਹੋਣ ’ਤੇ ਉਸੇ ਬੀਕੋ ਨੇ ਹੁਣ ਜੂਨ ਭੋਗਣ ਦੀ ਥਾਂ ਜ਼ਿੰਦਗੀ ਜਿਊਣ ਦਾ ਫ਼ੈਸਲਾ ਕੀਤਾ ਤੇ ਆਪਣੇ ਹੱਕ ਲਈ ਚੱਟਾਨ ਵਾਂਗ ਡਟ ਕੇ ਖਲੋ ਗਈ।

ਬਾਪੂ ਜੀ ਨੇ ਪਰਾਏ ਪਿੰਡ ਦੇ ਮੋਹਤਬਰ ਲੋਕਾਂ ਨਾਲ ਮਿਲ ਕੇ ਇਸ ਸੁਭਾਗੀ ਜੋੜੀ ਦਾ ਕਾਰਜ ਰਚਾ ਦਿੱਤਾ ਤੇ ਜ਼ਿੰਦਗੀ ਮੁੜ ਗੁਲਜ਼ਾਰ ਹੋ ਗਈ। ਦੋਵੇਂ ਜੀਅ ਅਧਿਆਪਨ ਦੇ ਕਿੱੱਤੇ ਦੇ ਨਾਲ-ਨਾਲ ਸਮਾਜ ਸੇਵਾ ਦੇ ਰਾਹ ਪਏ ਆਪਣੀ ਇਕਲੌਤੀ ਧੀ ਨਾਲ ਖ਼ੁਸ਼ੀ-ਖ਼ੁਸ਼ੀ ਜ਼ਿੰਦਗੀ ਬਸਰ ਕਰਨ ਲੱਗੇ। ਉਸ ਪਰਾਏ ਪਿੰਡ ਨੇ ਹੀ ਨਹੀਂ, ਪੂਰੇ ਇਲਾਕੇ ਨੇ ਇਸ ਮੁਹੱਬਤੀ ਜੋੜੀ ਨੂੰ ਸਿਰ-ਮੱਥੇ ’ਤੇ ਬਿਠਾਇਆ। ਜੜ੍ਹੋਂ ਉੱਖੜ ਕੇ ਫਿਰ ਪੈਰਾਂ ਸਿਰ ਹੋਈ ਇਸ ਔਰਤ ਨੂੰ ਦੇਖ ਕੇ ਮੈਨੂੰ ਹਮੇਸ਼ਾ ਰਸ਼ਕ ਹੁੰਦਾ ਹੈ। ਬੇਸ਼ੱਕ ਬੀਕੋ ਨੂੰ ਦਿਲ ਦਾ ਹਾਣੀ ਮਿਲ ਗਿਆ ਜਿਸ ਨੇ ਉਸ ਨੂੰ ਸਾਰੀ ਉਮਰ ਆਪਣੇ ਸਿਰ ਦਾ ਤਾਜ ਬਣਾ ਕੇ ਰੱਖਿਆ ਪਰ ਜ਼ਿੰਦਗੀ ਨਾਲ ਹਰ ਪੈਰ ’ਤੇ ਆਢਾ ਲੈਣ ਵਾਲੀ ਦਲੇਰ ਬੀਕੋ ਨੂੰ ਆਪਣੇ ਮਾਪਿਆਂ ਨੂੰ, ਆਪਣੇ ਪਿੰਡ ਨੂੰ ਮੁੜ ਨਾ ਮਿਲ ਸਕਣ ਦਾ ਹੇਰਵਾ ਸਾਰੀ ਉਮਰ ਲੱਗਾ ਰਿਹਾ। ਆਪਣੇ ਜਨਮ ਦਾਤਿਆਂ ਨੂੰ, ਆਪਣੇ ਪਿੰਡ ਨੂੰ ਮੁੜ ਦੇਖਣ ਦੀ ਪੀੜ ਉਸ ਦੇ ਚਿਹਰੇ ਤੋਂ ਸਦਾ ਝਲਕਦੀ। ਪਚਾਸੀਆਂ ਨੂੰ ਢੁੱਕੀ ਬੀਕੋ ਦੇ ਸੁੱਖਾਂ ਲੱਧੇ ਭਤੀਜੇ ਨੇ ਇੰਗਲੈਂਡ ਤੋਂ ਆ ਕੇ ਆਪਣੀ ਭੂਆ ਨੂੰ ਲੱਭਿਆ ਤੇ ਉਸ ਪਿੰਡ ਦੇ ਦਰਸ਼ਨ ਹੀ ਨਹੀਂ ਕਰਵਾਏ ਜੋ ਹਰ ਸਾਹ ਨਾਲ ਉਸ ਦੇ ਅੰਦਰ ਧੜਕਦਾ ਸੀ ਸਗੋਂ ਨਵੀਂ ਸੋਚ ਵਾਲੇ ਰੌਸ਼ਨ ਖਿਆਲ ਸਮਾਜ ਤੋਂ ਇਸ ਰਿਸ਼ਤੇ ਨੂੰ ਸਵੀਕਿ੍ਰਤੀ ਵੀ ਦਿਵਾਈ।

-ਡਾ. ਨਵਜੋਤ

-(ਪਿ੍ਰੰਸੀਪਲ, ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ।) ਮੋਬਾਈਲ : 81468-28040

Posted By: Jagjit Singh