ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਪਿੰਡ ਢੁੱਡੀਕੇ ਜ਼ਿਲ੍ਹਾ ਮੋਗਾ ਵਿਚ ਪਿਤਾ ਮੁਹੱਲਾ ਸਿੰਘ ਦੇ ਘਰ ਹੋਇਆ ਸੀ। ਸੰਨ 1943 ਵਿਚ ਉਨ੍ਹਾਂ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਅਤੇ ਇਕ ਪੁੱਤਰ ਨੇ ਜਨਮ ਲਿਆ। ਹੁਣ ਉਨ੍ਹਾਂ ਦੀਆਂ ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਦਾ ਪੁੱਤਰ ਸਰਬਜੀਤ ਸਿੰਘ ਦੋ ਬੇਟੀਆਂ ਹਰਮੀਤ ਅਤੇ ਸੁਮੀਤ ਦਾ ਪਿਤਾ ਹੈ। ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਸੀ। ਦਸਵੀਂ ਜਮਾਤ ਪਾਸ ਨਹੀਂ ਸੀ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਸੀ। ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿਚ ਲੱਗੀ ਸੀ। ਉਨ੍ਹਾਂ ਦਾ ਪਹਿਲਾ ਪਿਆਰ ਇਕ ਚੀਨੀ ਮੁਟਿਆਰ ਸੀ ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸ ਕਾਰਨ ਉਨ੍ਹਾਂ ਦੇ ਰਿਸ਼ਤੇ ਦਾ ਅੰਤ ਹੋ ਗਿਆ। ਕੰਵਲ ਨੇ ਰੋਜ਼ੀ-ਰੋਟੀ ਖ਼ਾਤਰ ਮਲਾਇਆ 'ਚ ਚੌਕੀਦਾਰੀ ਵੀ ਕੀਤੀ। ਆਪਣੇ ਪਿੰਡ ਖੇਤਾਂ 'ਚ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ 'ਚ ਕਲਰਕੀ ਦੀ ਨੌਕਰੀ ਮਿਲ ਗਈ। ਇੱਥੇ ਹੀ ਉਨ੍ਹਾਂ ਨੇ ਦੁਨੀਆ ਦੀਆਂ ਸਰਵੋਤਮ ਕਿਤਾਬਾਂ, ਨਾਵਲ ਅਤੇ ਕਹਾਣੀਆਂ ਪੜ੍ਹੀਆਂ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਗ਼ੈਰ-ਪੰਜਾਬੀ ਲੇਖਕ ਤੋਂ ਪ੍ਰਭਾਵਿਤ ਹੋ ਕੇ 1941-42 ਵਿਚ ਵਾਰਤਕ ਦੀ ਪਹਿਲੀ ਪੁਸਤਕ 'ਜੀਵਨ ਕਣੀਆਂ' ਲਿਖੀ। ਜਿਸ ਨੇ ਉਨ੍ਹਾਂ ਦੀ ਸਾਹਿਤ ਦੇ ਖੇਤਰ 'ਚ ਚਰਚਾ ਛੇੜ ਦਿੱਤੀ। 'ਜੀਵਨ ਕਣੀਆਂ' ਦੇ ਪ੍ਰਕਾਸ਼ਕ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਭਾਵੁਕ, ਕਾਵਿਕ, ਦਾਰਸਨਿਕ ਅਤੇ ਸੂਖਮ ਭਾਵੀ ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ 'ਸੱਚ ਨੂੰ ਫਾਂਸੀ' 1944 ਵਿਚ ਪਾਠਕਾਂ ਦੇ ਹੱਥਾਂ ਵਿਚ ਆਇਆ। ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੇ ਹੀ ਉਨ੍ਹਾਂ ਨੂੰ ਸਫਲ ਲੇਖਕ ਬਣਾਇਆ। ਉਨ੍ਹਾਂ ਦੇ ਪ੍ਰਸਿੱਧ ਨਾਵਲ ਜਿਨ੍ਹਾਂ ਨੇ ਵਿਸ਼ਵ ਪੱਧਰ 'ਤੇ ਨਾਮਣਾ ਖੱਟਿਆ ਉਨ੍ਹਾਂ 'ਚੋਂ ਮੁੱਖ ਹਨ-'ਲਹੂ ਦੀ ਲੋਅ', 'ਰਾਤ ਬਾਕੀ ਹੈ', 'ਸੱਚ ਨੂੰ ਫਾਂਸੀ', 'ਹਾਣੀ', 'ਪਾਲੀ', 'ਪੂਰਨਮਾਸ਼ੀ', 'ਸਿਵਲ ਲਾਈਨ', 'ਮਨੁੱਖਤਾ', 'ਮਿੱਤਰ ਪਿਆਰੇ ਨੂੰ', 'ਪੰਜਾਬ ਦਾ ਸੱਚ', 'ਰੂਪਮਤੀ', 'ਮੁਕਤੀ ਮਾਰਗ', 'ਮਾਈ ਦਾ ਲਾਲ', 'ਮੂਮਲ', 'ਜੰਗਲ ਦੇ ਸ਼ੇਰ', 'ਕੌਮੀ ਵਸੀਅਤ।' 'ਲਹੂ ਦੀ ਲੋਅ' ਨਾਵਲ ਸਿੰਗਾਪੁਰ 'ਚ 1970 ਵਿਚ ਛਪਿਆ। ਇਸ ਨਾਵਲ ਵਿਚ ਛਪਿਆ ਸਾਰਾ ਮੈਟੀਰੀਅਲ ਬੈਨ ਕਰ ਦਿੱਤਾ ਗਿਆ ਕਿਉਂਕਿ ਇਹ ਨਾਵਲ ਪੰਜਾਬ ਵਿਚ ਚੱਲੀ ਨਕਸਲਬਾੜੀ ਲਹਿਰ 'ਤੇ ਆਧਾਰਿਤ ਸੀ। ਉਨ੍ਹਾਂ ਨੇ ਆਪਣੇ ਜੀਵਨ ਵਿਚ 100 ਕਿਤਾਬਾਂ ਤੇ 35 ਨਾਵਲ ਲਿਖੇ। ਸਾਹਿਤ ਅਕਾਦਮੀ ਫੈਲੋਸ਼ਿਪ ਐਵਾਰਡ 'ਪੱਖੀ' ਕਹਾਣੀ ਲਈ ਜਸਵੰਤ ਸਿੰਘ ਕੰਵਲ ਨੂੰ 1996 ਵਿਚ ਮਿਲਿਆ। ਉਨ੍ਹਾਂ ਨੂੰ ਸਮੇਂ-ਸਮੇਂ ਹੋਰ ਵੀ ਅਨੇਕਾਂ ਪੁਰਸਕਾਰ ਮਿਲਦੇ ਰਹੇ। ਉਹ 1 ਫਰਵਰੀ 2020 ਨੂੰ ਢੁੱਡੀਕੇ ਵਿਖੇ ਅਕਾਲ ਚਲਾਣਾ ਕਰ ਗਏ।

-ਪਰਦੀਪ ਸਿੰਘ ਕਸਬਾ। (98147-52097)

Posted By: Rajnish Kaur