-ਪ੍ਰਿੰਸੀਪਲ ਸਰਵਣ ਸਿੰਘ

ਜਸਵੰਤ ਸਿੰਘ ਕੰਵਲ ਦੀਆਂ ਦੋਵੇਂ ਤਸਵੀਰਾਂ 28 ਜਨਵਰੀ ਤੇ 8 ਨਵੰਬਰ 2019 ਦੀਆਂ ਹਨ। ਦਸਾਂ ਮਹੀਨਿਆਂ ਵਿਚ ਉਸ ਦੀ ਸਿਹਤ ਕਾਫ਼ੀ ਮੰਦੀ ਪੈ ਗਈ ਹੈ। ਵਜ਼ਨ ਘਟ ਗਿਆ ਹੈ। ਸੁਣਨਾ ਤੇ ਬੋਲਣਾ ਲਗਪਗ ਬੰਦ ਹੈ। ਹਾਲਤ ਗੂੰਗੇ-ਬੋਲੇ ਹੋ ਜਾਣ ਵਰਗੀ ਹੈ ਪਰ ਸੁਰਤ ਕੁਝ ਕਾਇਮ ਹੈ। ਅੱਖਰ ਪੜ੍ਹ ਲੈਂਦਾ ਹੈ। ਲਗਪਗ ਚਾਰ ਪੰਜ ਮਹੀਨਿਆਂ ਤੋਂ ਆਪ ਮੰਗ ਕੇ ਕੁਝ ਨਹੀਂ ਖਾਂਦਾ-ਪੀਂਦਾ। ਉਸ ਦਾ ਸਪੁੱਤਰ ਸਰਬਜੀਤ ਸਿੰਘ, ਨੂੰਹ ਗੁਰਪ੍ਰੀਤ ਕੌਰ ਤੇ ਘਰ ਦੇ ਹੋਰ ਜੀਅ ਹਰ ਵੇਲੇ ਉਹਦੀ ਸੇਵਾ-ਸੰਭਾਲ ਵਿਚ ਲੱਗੇ ਹੋਏ ਹਨ। ਏਨੀ ਚੰਗੀ ਸਾਂਭ-ਸੰਭਾਲ ਕਿਸੇ ਕਰਮਾਂ ਵਾਲੇ ਬਜ਼ੁਰਗ ਦੀ ਹੀ ਹੁੰਦੀ ਹੈ।

27 ਜੂਨ 2019 ਨੂੰ ਜਦੋਂ ਕੰਵਲ ਸੌ ਸਾਲਾਂ ਦਾ ਹੋਇਆ ਸੀ ਤਾਂ ਪੰਜਾਬ ਸਰਕਾਰ ਨੇ ਇਲਾਜ ਲਈ ਪੰਜ ਲੱਖ ਰੁਪਏ ਦਾ ਚੈੱਕ ਭੇਜਿਆ ਸੀ ਜੋ ਪਰਿਵਾਰ ਨੇ ਧੰਨਵਾਦ ਕਰਦਿਆਂ ਇਹ ਕਹਿ ਕੇ ਮੋੜ ਦਿੱਤਾ ਸੀ ਕਿ ਉਨ੍ਹਾਂ ਦੇ ਬਾਪੂ ਜੀ ਬਿਮਾਰ ਨਹੀਂ, ਬੁਢਾਪੇ ਕਾਰਨ ਕਮਜ਼ੋਰ ਹੋ ਰਹੇ ਹਨ ਅਤੇ ਅਸੀਂ ਸੇਵਾ-ਸੰਭਾਲ ਕਰਨ ਦੇ ਯੋਗ ਹਾਂ। ਇਹ ਪੈਸੇ ਕਿਸੇ ਲੋੜਵੰਦ ਪੰਜਾਬੀ ਲੇਖਕ ਨੂੰ ਦੇ ਦਿੱਤੇ ਜਾਣ ਜਾਂ ਪੰਜਾਬੀ ਭਾਸ਼ਾ ਦੇ ਲੇਖੇ ਲਾ ਦਿੱਤੇ ਜਾਣ। ਸਾਨੂੰ ਬਾਪੂ ਜੀ ਨੇ ਪਾਲਿਆ ਹੈ ਤੇ ਬੁਢਾਪੇ 'ਚ ਉਨ੍ਹਾਂ ਦੀ ਸੇਵਾ ਕਰਨੀ ਸਾਡਾ ਫ਼ਰਜ਼ ਹੈ।

8 ਨਵੰਬਰ 2019 ਨੂੰ ਕੈਨੇਡਾ ਤੋਂ ਪਿੰਡ ਪਹੁੰਚਣ ਸਾਰ ਮੈਂ ਸਿੱਧਾ ਕੰਵਲ ਕੋਲ ਗਿਆ। ਸਰਬਜੀਤ ਨੇ ਬਾਪ ਨੂੰ ਨੁਹਾ-ਧੁਆ ਕੇ ਨਵੇਂ ਕੱਪੜੇ ਪਾ ਕੇ ਅਤੇ ਪੱਗ ਬੰਨ੍ਹ ਕੇ ਬਿਸਤਰੇ 'ਤੇ ਪਾਇਆ ਹੋਇਆ ਸੀ। ਉਸ ਦੀਆਂ ਅੱਖਾਂ ਅੱਧਮੀਟੀਆਂ ਸਨ। ਅੱਖਾਂ ਪੁੱਟੀਆਂ ਤਾਂ ਉਸ ਨੇ ਟਿਕਟਿਕੀ ਲਗਾ ਕੇ ਮੇਰੇ ਵੱਲ ਵੇਖਿਆ। ਮੈਂ ਤਪਾਕ ਨਾਲ ਹੱਥ ਫੜੇ ਅਤੇ ਸਰਬਜੀਤ ਨੇ ਸਹਾਰੇ ਨਾਲ ਕੁਰਸੀ 'ਤੇ ਬਿਠਾਇਆ। ਫਿਰ ਮੈਂ ਆਪਣੀ ਕਿਤਾਬ ਉਹਦੀਆਂ ਅੱਖਾਂ ਅੱਗੇ ਕੀਤੀ ਤਾਂ ਕਿ ਮੇਰਾ ਨਾਂ ਪੜ੍ਹ ਕੇ ਮੈਨੂੰ ਪਛਾਣ ਲਵੇ। ਉਸ ਨੇ ਮੈਨੂੰ ਸਿਆਣ ਤਾਂ ਲਿਆ ਪਰ ਬੋਲ ਨਹੀਂ ਸਕਿਆ। ਅੱਖਾਂ ਵਿਚ ਕੁਝ ਖ਼ੁਸ਼ੀ ਦਿਸੀ ਅਤੇ ਰਤਾ ਕੁ ਤਰਾਵਟ ਵੀ। ਬੀਬੀ ਗੁਰਪ੍ਰੀਤ ਕੌਰ ਚਾਹ ਲੈ ਕੇ ਆਈ ਤਾਂ ਕੰਵਲ ਨੇ ਵੀ ਚਾਹ ਮੰਗ ਲਈ। ਉਹ ਹੈਰਾਨ ਹੋਈ ਕਿ ਬਾਪੂ ਜੀ ਨੇ ਚਾਰ-ਪੰਜ ਮਹੀਨਿਆਂ ਬਾਅਦ ਪਹਿਲੀ ਵਾਰ ਚਾਹ ਮੰਗੀ ਹੈ! ਮੇਰੇ ਨਾਲ ਉਸ ਨੇ ਚਾਹ ਦਾ ਅੱਧਾ ਕੁ ਕੱਪ ਪੀ ਵੀ ਲਿਆ। ਪੰਜ ਮਹੀਨਿਆਂ ਤੋਂ ਉਹ ਬਾਹਰਲੀ ਕੋਠੀ ਵਿਚ ਹੀ ਹੈ ਅਤੇ ਅੰਦਰਲੇ ਘਰ ਵ੍ਹੀਲ ਚੇਅਰ 'ਤੇ ਇਕ ਵਾਰ ਹੀ ਜਾ ਸਕਿਆ ਹੈ। ਸੁੱਖ ਪੁੱਛਣ ਵਾਲੇ ਬਾਹਰਲੀ ਕੋਠੀ ਆ ਕੇ ਹੀ ਮਿਲਦੇ ਹਨ ਜਿੱਥੇ ਘਰ ਦਾ ਕੋਈ ਨਾ ਕੋਈ ਜੀਅ ਹਾਜ਼ਰ ਹੁੰਦਾ ਹੀ ਹੈ।

ਕੰਵਲ ਨੇ ਅੱਸੀ ਸਾਲਾਂ ਤੋਂ ਲਿਖਦੇ ਰਹਿਣ ਅਤੇ ਸੌ ਸਾਲਾਂ ਤੋਂ ਵੱਧ ਜਿਊਂਦੇ ਰਹਿਣ ਦਾ ਰਿਕਾਰਡ ਬਣਾ ਦਿੱਤੈ। ਉਹਦੇ ਰੋਮਾਂਚਿਕ ਰਉਂ 'ਚ ਲਿਖੇ ਵਾਕ ਸਿੱਧੇ ਦਿਲਾਂ 'ਤੇ ਵਾਰ ਕਰਦੇ ਰਹੇ। ਉਸ ਨੇ ਹਜ਼ਾਰਾਂ ਸੰਵਾਦ ਰਚੇ ਜੋ ਨੌਜਵਾਨਾਂ ਦੀਆਂ ਡਾਇਰੀਆਂ 'ਤੇ ਚੜ੍ਹਦੇ ਰਹੇ। ਪੁਸਤਕ 'ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ' ਮੇਰੇ ਵੱਲੋਂ ਉਹਦੇ ਸ਼ਤਾਬਦੀ ਜਨਮ ਦਿਵਸ 'ਤੇ ਤੁੱਛ ਜਿਹੀ ਭੇਟਾ ਸੀ ਜਿਸ ਦਾ ਪਹਿਲਾ ਐਡੀਸ਼ਨ ਚਹੁੰ ਮਹੀਨਿਆਂ 'ਚ ਮੁੱਕ ਚੁੱਕਾ ਹੈ।

ਪੁਸਤਕ 'ਜੀਵਨ ਕਣੀਆਂ'’ਤੋਂ 'ਧੁਰ ਦਰਗਾਹ' ਤਕ ਪੁੱਜਦਿਆਂ ਕੰਵਲ ਨੇ ਜੀਵਨ ਦੇ ਅਨੇਕਾਂ ਰੰਗ ਵੇਖੇ ਅਤੇ ਪਾਠਕਾਂ ਨੂੰ ਵਿਖਾਏ। ਚੜ੍ਹਦੀ ਜਵਾਨੀ ਵਿਚ ਉਹ ਕਬੱਡੀ ਤੇ ਵਾਲੀਬਾਲ ਖੇਡਦਾ, ਹੀਰ ਗਾਉਂਦਾ, ਕਵਿਤਾ ਲਿਖਦਾ, ਸਾਧਾਂ-ਸੰਤਾਂ ਦੀ ਸੰਗਤ ਕਰਦਾ, ਵੈਲੀਆਂ-ਬਦਮਾਸ਼ਾਂ ਨਾਲ ਮੇਲ-ਜੋਲ ਵੀ ਰੱਖਦਾ, ਵੇਦਾਂਤ ਤੇ ਮਾਰਕਸਵਾਦ ਪੜ੍ਹਦਾ, ਸੱਜੇ-ਖੱਬੇ ਕਾਮਰੇਡਾਂ ਤੇ ਨਕਸਲੀਆਂ ਦਾ ਹਮਦਰਦ ਬਣਦਾ, ਪ੍ਰੋ. ਕਿਸ਼ਨ ਸਿੰਘ ਦੇ ਮਾਰਕਸਵਾਦ ਤੋਂ ਸਿੱਖ ਇਨਕਲਾਬ ਵੱਲ ਮੋੜਾ ਪਾਉਂਦਾ, ਸਿੱਖ ਹੋਮਲੈਂਡ ਦਾ ਸਮਰਥਨ ਕਰਦਾ, ਖਾੜਕੂਆਂ ਦਾ ਹਮਦਰਦ ਬਣ ਗਿਆ। ਸਿਆਸੀ ਨੇਤਾਵਾਂ ਨੂੰ ਖੁੱਲ੍ਹੀਆਂ ਚਿੱਠੀਆਂ ਲਿਖਦਾ, ਪੰਥ-ਪੰਥ ਤੇ ਪੰਜਾਬ-ਪੰਜਾਬ ਕੂਕਣ ਲੱਗ ਪਿਆ। ਅਖ਼ੀਰ ਉਹ 'ਪੰਜਾਬ ਤੇਰਾ ਕੀ ਬਣੂੰ?'’ ਦੇ ਝੋਰੇ ਝੁਰਨ ਲੱਗ ਪਿਆ। ਮਾਰਚ 2019 ਵਿਚ ਕੈਨੇਡਾ ਮੁੜਨ ਵੇਲੇ ਮੈਂ ਉਸ ਨੂੰ ਜਾਂਦੀ ਵਾਰ ਮਿਲਣ ਗਿਆ ਤਾਂ ਉਹ ਇਹੋ ਸ਼ਿਅਰ ਦੁਹਰਾਈ ਗਿਆ ਸੀ :

''ਹਮ ਜੋ ਗਏ ਤੋ ਰਾਹ ਗੁਜ਼ਰ ਨਾ ਥੀ, ਤੁਮ ਜੋ ਆਏ ਤੋ ਮੰਜ਼ਲੇਂ ਲਾਏਂ...।''

ਰਾਤ ਮੈਂ ਉਹਦੇ ਕੋਲ ਰਿਹਾ। ਸਵੇਰੇ ਉਹਦੀ ਹੱਥ ਲਿਖਤ ਦੀ ਨਿਸ਼ਾਨੀ ਵਜੋਂ ਇਕ ਕਾਗਜ਼ ਮੇਜ਼ ਤੋਂ ਚੁੱਕ ਲਿਆ ਜੋ ਉਸ ਨੇ ਤਾਜ਼ਾ ਹੀ ਲਿਖਿਆ ਸੀ। ਮੈਂ ਤਹਿ ਕਰ ਕੇ ਬਟੂਏ 'ਚ ਪਾ ਲਿਆ। ਉਸ 'ਤੇ ਲਿਖੀ ਪਹਿਲੀ ਸਤਰ ਸੀ : 'ਕਾਲੀ ਗਾਨੀ ਮਿੱਤਰਾਂ ਦੀ, ਗਲ ਪਾ ਕੇ ਲੱਖਾਂ ਦੀ ਹੋ ਜਾਹ।' ਦੂਜੀ ਸਤਰ ਸੀ: 'ਛੋਟੀਆਂ ਲੜਾਈਆਂ ਬੰਦ। ਚੜ੍ਹਦੀ ਕਲਾ ਬੁਲੰਦ!' ਤੇ ਤੀਜੀ ਸਤਰ ਸੀ: 'ਸ਼ਕਤੀ ਬੰਦੇ ਨੂੰ ਲਲਕਾਰਦੀ ਹੈ; ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵਿੰਗਾ ਨਾ ਹੋਵੇ।' ਕਾਗਜ਼ ਦੇ ਦੋਹੀਂ ਪਾਸੀਂ ਵੀਹ ਕੁ ਸਤਰਾਂ ਸਨ ਜਿਨ੍ਹਾਂ ਦਾ ਇਕ-ਦੂਜੀ ਨਾਲ ਕੋਈ ਤਾਲਮੇਲ ਨਹੀਂ ਸੀ।

ਉਸ ਨੂੰ ਲਿਖਣ ਦੀ ਪ੍ਰੇਰਨਾ ਗੁਰਬਾਣੀ, ਵਾਰਸ ਦੀ ਹੀਰ, ਸੂਫੀ ਕਵਿਤਾ ਤੇ ਲੋਕ ਗੀਤਾਂ ਤੋਂ ਮਿਲੀ ਸੀ। ਪ੍ਰੋ. ਪੂਰਨ ਸਿੰਘ, ਵਿਕਟਰ ਹਿਊਗੋ, ਚਾਰਲਸ ਡਿਕਨਜ਼, ਬਾਲਜ਼ਾਕ ਤੇ ਟਾਲਸਟਾਏ ਆਦਿ ਲੇਖਕਾਂ ਤੋਂ ਪ੍ਰਭਾਵਿਤ ਹੋਇਆ। ਉਹ ਭਾਵੇਂ ਦਸਵੀਂ 'ਚ ਅੜ ਗਿਆ ਸੀ ਪਰ ਲਿਖਣ 'ਚ ਏਨਾ ਅੱਗੇ ਵਧਿਆ ਕਿ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਡੀ.ਲਿੱਟ ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ। ਪੰਜਾਬ ਸਰਕਾਰ ਨੇ ਸਾਹਿਤ ਰਤਨ ਦਾ ਖ਼ਿਤਾਬ ਦਿੱਤਾ। ਪੰਜਾਬੀ ਸਾਹਿਤ ਅਕੈਡਮੀ ਤੇ ਭਾਰਤੀ ਸਾਹਿਤ ਅਕੈਡਮੀ ਨੇ ਵੀ ਆਪੋ-ਆਪਣੇ ਐਵਾਰਡ ਦਿੱਤੇ। ਉਸ ਨੂੰ ਸਰਵਸ੍ਰੇਸ਼ਟ ਪੁਰਸਕਾਰ ਨਾਲ ਵਡਿਆਇਆ ਗਿਆ। ਸੈਮਸੰਗ ਕੰਪਨੀ ਨੇ ਸਾਹਿਤ ਅਕੈਡਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਐਵਾਰਡ ਦਿੱਤਾ।

ਉਸ ਨੇ ਢੁੱਡੀਕੇ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਤੇ ਸਰਪ੍ਰਸਤੀ ਕੀਤੀ। ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਰਿਹਾ। ਇੰਗਲੈਂਡ ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣ ਦਾ ਮੋਹਰੀ ਸੀ। ਪੰਜਾਬੀ ਨੂੰ ਦੇਵਨਾਗਰੀ ਲਿੱਪੀ ਵਿਚ ਲਿਖਣ ਅਤੇ ਹਿੰਦੀ ਸੰਸਕ੍ਰਿਤ ਦੀ ਸ਼ਬਦਾਵਲੀ 'ਚ ਖਚਤ ਹੋਣ ਤੋਂ ਬਚਾਇਆ। ਭਾਸ਼ਾ ਵਿਭਾਗ ਪੰਜਾਬ ਦੇ ਬੋਰਡ ਦਾ ਸਲਾਹਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਸਾਹਿਤ ਟਰੱਸਟ ਢੁੱਡੀਕੇ ਤਾਂ ਹੈ ਹੀ ਉਹਦਾ ਜਿਸ ਨੇ ਸੌ ਕੁ ਲੇਖਕਾਂ ਨੂੰ ਐਵਾਰਡ ਦਿੱਤੇ ਹਨ। ਉਹ ਹੋਰ ਵੀ ਬਹੁਤ ਕੁਝ ਹੈ ਜਿਸ ਦਾ ਵਿਸਥਾਰ ਪੀਪਲਜ਼ ਫੋਰਮ ਬਰਗਾੜੀ ਵੱਲੋਂ ਪ੍ਰਕਾਸ਼ਿਤ ਪੁਸਤਕ 'ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ' ਵਿਚੋਂ ਪੜ੍ਹਿਆ ਜਾ ਸਕਦੈ।

-ਮੋਬਾਈਲ ਨੰ.: 94651-01651

Posted By: Rajnish Kaur