ਇਕ ਅਨੁਮਾਨ ਅਨੁਸਾਰ ਇਕੱਲੇ ਪੰਜਾਬ ਵਿਚ ਹੀ ਤਕਰੀਬਨ 18 ਲੱਖ ਪਰਵਾਸੀ ਮਜ਼ਦੂਰ ਕੰਮ ਕਰਦੇ ਹਨ ਜਿਨ੍ਹਾਂ 'ਚੋਂ 12 ਲੱਖ ਇੰਡਸਟਰੀ, 4.5 ਲੱਖ ਖੇਤੀਬਾੜੀ ਅਤੇ 1.5 ਲੱਖ ਦੇ ਕਰੀਬ ਹੋਰ ਧੰਦਿਆਂ ਨਾਲ ਜੁੜੇ ਹੋਏ ਹਨ। ਲਾਕਡਾਊਨ ਨੂੰ ਚੱਲਦਿਆਂ ਤਕਰੀਬਨ ਦੋ ਮਹੀਨੇ ਹੋਣ ਵਾਲੇ ਹਨ ਪਰ ਅਜੇ ਵੀ ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਦੇ ਪੁਖਤਾ ਪ੍ਰਬੰਧਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਇਨ੍ਹਾਂ 'ਚੋਂ ਤਕਰੀਬਨ 11 ਲੱਖ ਪਰਵਾਸੀ ਮਜ਼ਦੂਰਾਂ ਨੇ ਲਾਕਡਾਊਨ ਕਾਰਨ ਰੁਜ਼ਗਾਰ ਖੁੱਸਣ 'ਤੇ ਆਪੋ-ਆਪਣੇ ਘਰਾਂ ਨੂੰ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਪਰ ਅਜੇ ਤਕ ਇਨ੍ਹਾਂ 'ਚੋਂ 1.25 ਲੱਖ ਮਜ਼ਦੂਰਾਂ ਨੂੰ ਹੀ ਘਰੋਂ-ਘਰੀ ਭੇਜਿਆ ਜਾ ਸਕਿਆ ਹੈ। ਇਸ ਦੀ ਤਾਜ਼ਾ ਮਿਸਾਲ ਬੀਤੇ ਦਿਨੀਂ ਬਠਿੰਡਾ ਵਿਖੇ ਉਦੋਂ ਵੇਖਣ ਨੂੰ ਮਿਲੀ ਜਦੋਂ ਪੰਜਾਬ ਦੇ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾਣ ਵਾਲੀ ਤੀਸਰੀ ਰੇਲਗੱਡੀ ਸ਼੍ਰਮਿਕ ਸਪੈਸ਼ਲ ਸੁਪਰਫਾਸਟ ਜਿਸ ਦੀਆਂ 24 ਬੋਗੀਆਂ ਵਿਚ ਸਿਰਫ਼ 1521 ਮਜ਼ਦੂਰਾਂ ਨੂੰ ਹੀ ਬਿਠਾਉਣ ਦਾ ਪ੍ਰਬੰਧ ਸੀ ਜਦੋਂਕਿ ਜਾਣ ਦੇ ਚਾਹਵਾਨ ਮਜ਼ਦੂਰਾਂ ਦੀ ਗਿਣਤੀ ਲਗਪਗ ਚਾਰ ਹਜ਼ਾਰ ਸੀ। ਘਰਾਂ ਨੂੰ ਪਰਤਣ ਦੀ ਤਾਂਘ 'ਚ ਪਰਵਾਸੀ ਮਜ਼ਦੂਰ ਕਾਹਲੇ ਪਏ ਹੋਏ ਨੇ। ਇਸੇ ਲਈ ਟਰੱਕਾਂ, ਕੈਂਟਰਾਂ, ਸਾਈਕਲਾਂ ਅਤੇ ਜੇਕਰ ਕੁਝ ਵੀ ਨਹੀਂ ਤਾਂ ਪੈਦਲ ਹੀ ਪਰਿਵਾਰ ਸਮੇਤ ਘਰਾਂ ਨੂੰ ਤੁਰੇ ਜਾ ਰਹੇ ਹਨ। ਉਨ੍ਹਾਂ ਨੂੰ ਇੰਜ ਜਾਂਦੇ ਵੇਖ ਕੇ ਦੇਸ਼ ਦੀ ਵੰਡ ਵੇਲੇ ਦੀ ਸ਼ਰਨਾਰਥੀਆਂ ਦੀ ਹਿਜਰਤ ਦੀਆਂ ਸੁਣੀਆਂ ਕਹਾਣੀਆਂ ਅੱਖਾਂ ਸਾਹਮਣੇ ਘੁੰਮਣ ਲੱਗਦੀਆਂ ਹਨ। ਆਪਣੇ ਘਰਾਂ ਨੂੰ ਜਾਣ ਲਈ ਦਰ-ਦਰ ਭਟਕਦੇ ਪਰਵਾਸੀ ਮਜ਼ਦੂਰਾਂ ਦੀ ਹਾਲਤ ਨੇ ਇਹ ਭਰਮ-ਭੁਲੇਖੇ ਕੱਢ ਦਿੱਤੇ ਹਨ ਕਿ ਆਜ਼ਾਦੀ ਦੇ ਤਿਹੱਤਰ ਵਰ੍ਹੇ ਬੀਤ ਜਾਣ ਮਗਰੋਂ ਵੀ ਭਾਰਤ ਦੇ ਨਿਮਨ ਵਰਗ ਦੀ ਸਮਾਜਿਕ ਅਤੇ ਆਰਥਿਕ ਹਾਲਤ ਵਿਚ ਸੁਧਾਰ ਹੋਇਆ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮਜ਼ਦੂਰਾਂ ਨੂੰ ਘਰੋਂ-ਘਰੀ ਭੇਜਣ ਲਈ ਪੰਜਾਬ ਸਰਕਾਰ ਹੁਣ ਤਕ 6 ਕਰੋੜ ਰੁਪਏ ਖ਼ਰਚ ਚੁੱਕੀ ਹੈ। ਜਿਹੜੇ ਮਜ਼ਦੂਰ ਜਾਣਾ ਚਾਹੁੰਦੇ ਹਨ, ਚਲੇ ਜਾਣ। ਜਿਹੜੇ ਇੱਥੇ ਰਹਿਣਾ ਚਾਹੁੰਦੇ ਹਨ, ਰਹਿ ਸਕਦੇ ਹਨ। ਪਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਸਾਰੇ ਕੰਮ-ਧੰਦੇ ਅਤੇ ਕਾਰਖਾਨੇ-ਮਿੱਲਾਂ ਬੰਦ ਹਨ ਤਾਂ ਇਹ ਮਜ਼ਦੂਰ ਵਿਚਾਰੇ ਇੱਥੇ ਰਹਿ ਕੇ ਕਰਨਗੇ ਵੀ ਕੀ? ਇਹ ਵੀ ਤਲਖ ਹਕੀਕਤ ਹੈ ਕਿ ਇਹ ਮਜ਼ਦੂਰ ਬੇਰੁਜ਼ਗਾਰੀ ਦੇ ਝੰਬੇ ਹੋਏ ਤਾਂ ਆਪਣੇ ਸੂਬੇ ਛੱਡ ਕੇ ਬਾਹਰਲੇ ਰਾਜਾਂ ਵਿਚ ਆਏ ਸਨ ਅਤੇ ਹੁਣ ਇਹ ਵਾਪਸ ਘਰਾਂ ਨੂੰ ਪਰਤ ਕੇ ਕੀ ਕਰਨਗੇ? ਪਰੰਤੂ ਅਜੋਕੇ ਦੌਰ ਵਿਚ ਚਾਰੇ ਪਾਸੇ ਭੈਅ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹਰ ਮਨੁੱਖ ਡਰ 'ਚ ਵਿਚਰ ਰਿਹਾ ਹੈ। ਡਰੇ ਮਨੁੱਖ ਦੇ ਕਦਮ ਆਪ-ਮੁਹਾਰੇ ਘਰਾਂ ਵੱਲ ਨੂੰ ਖਿੱਚੇ ਜਾਂਦੇ ਹਨ। ਸਰਕਾਰਾਂ ਨੂੰ ਅਜੋਕੀ ਸੰਕਟ ਦੀ ਘੜੀ ਵਿਚ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਬਿਨਾਂ ਕੋਈ ਕਿਰਾਇਆ ਵਸੂਲੇ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ।

-ਡਾ. ਪ੍ਰਦੀਪ ਕੌੜਾ

ਮੋਬਾਈਲ : 95011-15200

Posted By: Jagjit Singh