ਬੀਤੇ ਸਾਲ ਵਿਜੇ ਦਿਵਸ ਮੌਕੇ 16 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਰਾਸ਼ਟਰੀ ਵਾਰ ਮੈਮੋਰੀਅਲ’ ਵਿਖੇ ਸ਼ਰਧਾਂਜਲੀ ਭੇਟ ਕਰਦੇ ਸਮੇਂ ਸੁਨਹਿਰੀ ਜੇਤੂ ਮਸ਼ਾਲ ਜਗਾ ਕੇ ਵਿਜੈ ਜੋਤੀ ਯਾਤਰਾ ਨੂੰ ਦਿੱਲੀ ਤੋਂ ਰਵਾਨਾ ਕੀਤਾ। ਇਸ ਯਾਤਰਾ ’ਚ 4 ਵਿਜੈ ਮਸ਼ਾਲਾਂ ਹਨ ਅਤੇ ਇਹ ਮਸ਼ਾਲਾਂ ਦੇਸ਼ ਭਰ ’ਚ ਵਿਸ਼ੇਸ਼ ਤੌਰ ’ਤੇ ਛਾਉਣੀਆਂ ਅਤੇ ਸਰਹੱਦੀ ਖੇਤਰਾਂ ’ਚ ਹੁੰਦੀਆਂ ਹੋਈਆਂ ਇਕ ਸਾਲ ਬਾਅਦ ਯਾਨੀ ਕਿ ਦਸੰਬਰ 2021 ਨੂੰ ਦਿੱਲੀ ਪਰਤਣਗੀਆਂ। ਇਹ ਯਾਤਰਾ ਭਾਰਤ-ਪਾਕਿਸਤਾਨ ਦਰਮਿਆਨ 1971 ’ਚ 13 ਦਿਨਾਂ ਤਕ ਲੜੀ ਗਈ ਤੇਜਸਵੀ ਜੰਗ ਤੇ ਚਮਤਕਾਰੀ ਜਿੱਤ ਦਾ ਪ੍ਰਤੀਕ ਹੈ ਜੋ ਕਿ ਉਨ੍ਹਾਂ ਸੂਰਬੀਰਾਂ ਦੀ ਯਾਦ ਤਾਜ਼ਾ ਕਰਵਾਉਦਾ ਹੈ ਜਿਨ੍ਹਾਂ ਨੇ ਵਚਨਬੱਧਤਾ, ਦਿ੍ਰੜਤਾ, ਦਲੇਰੀ ਤੇ ਰਾਸ਼ਟਰਵਾਦ ਵਾਲੇ ਜਜ਼ਬੇ ਨਾਲ ਮੁਲਕ ਦੀ ਪ੍ਰਭੂਸੱਤਾ ਨੂੰ ਕਾਇਮ ਰੱਖਦਿਆਂ ਅਣਥੱਕ ਯੋਗਦਾਨ ਪਾਇਆ ਤੇ ਅਨੇਕਾਂ ਕੁਰਬਾਨੀਆਂ ਦਿੱਤੀਆਂ।

ਇਸ ਜੰਗ ਦੀ ਵਿਸ਼ੇਸ਼ਤਾ ਇਹ ਰਹੀ ਕਿ ਪਾਕਿਸਤਾਨ ਦੇ ਲੈਫ. ਜਨਰਲ ਏ. ਏ. ਕੇ. ਨਿਆਜ਼ੀ ਨੇ ਆਪਣੀ ਫ਼ੌਜ ਸਮੇਤ ਤਕਰੀਬਨ 93 ਹਜ਼ਾਰ ਮੁਲਕ ਦੇ ਬਸ਼ਿੰਦਿਆਂ ਨਾਲ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਸਿੱਟੇ ਵਜੋਂ ਪਾਕਿਸਤਾਨ ਦੇ ਦੋ ਟੁਕੜੇ ਹੋ ਗਏ ਤੇ ਇਕ ਨਵੇਂ ਮੁਲਕ ਬੰਗਲਾਦੇਸ਼ ਦੀ ਸਿਰਜਣਾ ਹੋਈ। ਇਸ ਜੰਗ ’ਚ ਸਭ ਤੋਂ ਵੱਧ ਭੂਮਿਕਾ ਪੰਜਾਬੀ ਜੰਗਜੂਆਂ ਨੇ ਨਿਭਾਈ ਜਿਨ੍ਹਾਂ ਨੂੰ ਵਿਸਾਰਣਾ ਉਚਿੱਤ ਨਹੀਂ ਹੋਵੇਗਾ।

ਪੰਜਾਬੀਆਂ ਵਾਸਤੇ ਵਿਸ਼ੇਸ਼ ਤੌਰ ’ਤੇ ਇਸ ਲੇਖਕ ਲਈ ਇਹ ਬੇਹੱਦ ਫ਼ਖਰ ਵਾਲੀ ਗੱਲ ਹੈ ਕਿ ਲੌਂਗੇਵਾਲਾ ਜੰਗ ਦੇ ਮਹਾਂ ਨਾਇਕ ਮਹਾਂਵੀਰ ਚੱਕਰ ਵਿਜੇਤਾ ਤੇ ਮੇਰੇ ਬਹੁਤ ਹੀ ਕਰੀਬੀ ਮਿੱਤਰ ਮਰਹੂਮ ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਜਨਮ ਦਿਹਾੜੇ ’ਤੇ ਉਨ੍ਹਾਂ ਦੀ ਸੂਰਬੀਰਤਾ ਭਰਪੂਰ ਜ਼ਿੰਦਗੀ ਦੀ ਗਾਥਾ ਦਾ ਵਰਨਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਚਾਂਦਪੁਰੀ ਨਾਲ ਆਪਣੀ ਸਾਂਝ ਭਿਆਲੀ ਵਾਲੀਆਂ ਅਮਿੱਟ ਯਾਦਾਂ ਨੂੰ ਕਲਮਬੰਦ ਕਰਦਿਆਂ ਮੈਨੂੰ ਡਰ ਹੈ ਕਿ ਕਿਤੇ ਮੈਂ ਲੇਖ ਦੇ ਕੇਂਦਰ ਬਿੰਦੂ ਤੋੱ ਥਿੜਕ ਨਾ ਜਾਵਾਂ।

ਬਚਪਨ, ਫ਼ੌਜ ਤੇ ਸੇਵਾ-ਮੁਕਤੀਹੋਣਹਾਰ ਬਾਲਕ ਕੁਲਦੀਪ ਸਿੰਘ ਨੇ 22 ਨਵੰਬਰ 1940 ਨੂੰ ਅਣਵੰਡੇ ਭਾਰਤ ਦੇ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਮਿੰਟਗੁਮਰੀ ਵਿਖੇ ਜਨਮ ਲਿਆ। ਫਿਰ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਚਾਂਦਪੁਰ ਰੁੜਕੀ ਵਿਖੇ ਪਹੁੰਚ ਗਏ। ਜਿੱਥੇ ਉਨ੍ਹਾਂ ਨੇ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਤੇ ਫਿਰ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਬੀ.ਏ ਦੀ ਡਿਗਰੀ ਹਾਸਲ ਕੀਤੀ। ਇਨ੍ਹਾਂ ਦੇ ਪਿਤਾ, ਦਾਦਾ, ਚਾਚਿਆਂ ਨੇ ਹਥਿਆਰਬੰਦ ਸੈਨਾਵਾਂ ’ਚ ਸੇਵਾਕਾਲ ਸਮੇਂ ਵਿਸ਼ਵ ਜੰਗਾਂ ’ਚ ਅਹਿਮ ਭੂਮਿਕਾ ਨਿਭਾਈ ਤੇ ਵਾਹਵਾ ਜਸ ਖੱਟਿਆ। ਦੇਸ਼ ਪ੍ਰਤੀ ਜਜ਼ਬਾ ਤੇ ਕੁਰਬਾਨੀ ਵਾਲੀ ਭਾਵਨਾ ਤਾਂ ਉਨ੍ਹਾਂ ਨੂੰ ਵਿਰਾਸਤ ’ਚ ਹੀ ਮਿਲੀ।

ਚਾਂਦਪੁਰੀ ਨਾਲ ਕਾਲਜ ’ਚ ਵਿੱਦਿਆ ਪ੍ਰਾਪਤ ਕਰ ਚੁੱਕੇ ਕਰਨਲ (ਪਾਇਲਟ) ਜੱਗਾ ਸਿੰਘ, ਹੁਣ ਹਾਈ ਕੋਰਟ ਦੇ ਵਕੀਲ ਨੇ ਮੈਨੂੰ ਦੱਸਿਆ ਕਿ ਖ਼ਾਨਦਾਨੀ ਫ਼ੌਜੀ ਹੋਣ ਕਾਰਨ ਚਾਂਦਪੁਰੀ ਦਾ ਝੁਕਾਅ ਹਮੇਸ਼ਾ ਫ਼ੌਜ ਵੱਲ ਹੀ ਰਿਹਾ। ਉਨ੍ਹਾਂ ਨੇ ਐੱਨ.ਸੀ.ਸੀ. ਦਾ ‘ਸੀ’ ਸਰਟੀਫਿਕੇਟ ਪ੍ਰਾਪਤ ਕੀਤਾ ਅਤੇ ਸਭ ਤੋਂ ਉੱਚਾ ਦਰਜਾ ਅੰਡਰ ਆਫੀਸਰ ਵੀ ਹਾਸਲ ਕੀਤਾ ਤੇ ਬਾਕੀ ਵਿਦਿਆਰਥੀਆਂ ਨੂੰ ਵੀ ਉਤਸ਼ਾਹਤ ਕਰਦੇ ਰਹੇ। ਸੰਨ 1962 ਦੀ ਭਾਰਤ-ਚੀਨ ਦੀ ਜੰਗ ਸਮੇਂ ਚਾਂਦਪੁਰੀ ਅੰਦਰ ਦੇਸ਼ ਸੇਵਾ ਵਾਲੀ ਚੰਗਿਆੜੀ ਭੜਕੀ ਤੇ ਉਹ ਫ਼ੌਜ ’ਚ ਭਰਤੀ ਹੋ ਗਏ। ਆਫੀਸਰ ਟ੍ਰੇਨਿੰਗ ਅਕਾਦਮੀ ਚਿਨਾਈ ਤੋਂ ਸਿਖਲਾਈ ਪ੍ਰਾਪਤ ਕਰਨ ਉਪਰੰਤ ਸੰਨ 1963 ’ਚ ਬਤੌਰ ਕਮਿਸ਼ਨਡ ਅਫਸਰ ਪਾਸ ਆਊਟ ਹੋਏ। ਉਨ੍ਹਾਂ ਦੀ ਪਹਿਲੀ ਪੋਸਟਿੰਗ ਪੰਜਾਬ ਰੈਜੀਮੈਂਟ ਦੀ 23ਵੀਂ ਪਲਟਨ ’ਚ ਹੋ ਗਈ।

ਕੈਪਟਨ ਚਾਂਦਪੁਰੀ ਨੇ ਸੰਨ 1965 ਦੀ ਭਾਰਤ-ਪਾਕਿਸਤਾਨ ਜੰਗ ਪੱਛਮੀ ਸੈਕਟਰ ’ਚ ਲੜੀ ਤੇ ਪਹਿਲੀ ਵਾਰ ਆਪਣੀ ਹਮਲਾਵਰ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਫਿਰ ਉਨ੍ਹਾਂ ਨੂੰ ‘ਯੂਨਾਈਟਿਡ ਨੇਸ਼ਨ ਦੀ ਪੀਸ ਕੀਪਿੰਗ ਫੋਰਸ’ ਚ ਗਾਜ਼ਾ (ਮਿਸ਼ਰ) ਵਿਖੇ ਇਕ ਸਾਲ ਵਾਸਤੇ ਚੁਣ ਕੇ ਭੇਜਿਆ। ਵਾਪਸੀ ’ਤੇ ਇਨਫੈਂਟਰੀ ਸਕੂਲ ਮਹੂ (ਐਮ.ਪੀ) ਬਤੌਰ ਇੰਸਟਕਟਰ ਕੋਰਸ ਕਰਨ ਵਾਲਿਆਂ ਨੂੰ ਸਿਖਲਾਈ ਦਿੰਦੇ ਰਹੇ।

ਨਿਭਾਈ ਸੀ ਅਹਿਮ ਭੂਮਿਕਾ

ਜੰਗੀ ਤਜਰਬੇ ਨਾਲ ਲੈਸ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਇਕ ਵਾਰ ਫਿਰ ਸੰਨ 1971 ਦੀ ਭਾਰਤ-ਪਾਕਿਸਤਾਨ ਜੰਗ ਸਮੇਂ ਦੁਸ਼ਮਣ ਦੇ ਦੰਦ ਖੱਟੇ ਕਰਨ ਦਾ ਮੌਕਾ ਪ੍ਰਾਪਤ ਹੋਇਆ। ਦਸੰਬਰ 1971 ’ਚ 23 ਪੰਜਾਬ ਬਟਾਲੀਅਨ ਦੀ ਅਲਫਾ ਕੰਪਨੀ ਦੇ ਕੰਪਨੀ ਕਮਾਂਡਰ ਵਜੋਂ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਪੱਛਮੀ ਖੇਤਰ ਵਾਲੇ ਰਾਜਸਥਾਨ ਦੇ ਸਰਹੱਦੀ ਇਲਾਕੇ ਲੌਂਗੇਵਾਲਾ ਵਿਖੇ ਮੋਰਚੇ ਗੱਡੀ ਬੈਠੇ ਸਨ। ਬਾਕੀ ਦੀ ਪਲਟਨ ਲੌਂਗੇਵਾਲਾ ਤੋਂ ਤਕਰੀਬਨ 17 ਕਿ. ਮੀ. ਦੀ ਵਿੱਥ ’ਤੇ ਸਾਦੇਵਾਲਾ ਵਿਖੇ ਤਾਇਨਾਤ ਸੀ। ਪਾਕਿਸਤਾਨ ਦੇ 51 ਇਨਫੈਂਟਰੀ ਬਿ੍ਰਗੇਡ ਦੇ ਨਾਲ ਟੀ-59 ਟੈਂਕ ਤੇ ਇਕ ਸੁਕਾਡਨ ਐੱਮ 4 ਸ਼ਰਮਨ ਟੈਂਕ, ਤੋਪਖਾਨੇ ਤੇ ਬਾਕੀ ਇਮਦਾਦੀ ਦਸਤਿਆਂ ਨੂੰ ਹੁਕਮ ਮਿਲਿਆ ਕਿ ਉਹ ਲੌਂਗੇਵਾਲਾ ਨੂੰ ਕਾਬੂ ਕਰਨ ਉਪਰੰਤ ਰਾਮਗੜ੍ਹ ਅਤੇ ਜੈਸਲਮੇਰ ਵੱਲ ਨੂੰ ਅੱਗੇ ਵਧਣ।

4-5 ਦਸੰਬਰ ਦੀ ਰਾਤ ਨੂੰ ਦੁਸ਼ਮਣ ਦੀ ਇਸ ਨਫ਼ਰੀ ਨੇ ਤੋਪਖ਼ਾਨੇ ਦੀ ਕਵਰਿੰਗ ਫਾਇਰਿੰਗ ਹੇਠ ਲੌਂਗੇਵਾਲਾ ਦੇ ਰੱਖਿਆਤਮਕ ਮੋਰਚਿਆਂ ਵੱਲ ਨੂੰ ਤਜਵੀਜ਼ ਅਨੁਸਾਰ ਵਧਣਾ ਸ਼ੁਰੂ ਕਰ ਦਿੱਤਾ। ਮੇਜਰ ਚਾਂਦਪੁਰੀ ਦੀ ਤਕਰੀਬਨ 120 ਜੰਗਜੂਆਂ ਵਾਲੀ ਕੰਪਨੀ ਬੜੀ ਸੂਰਬੀਰਤਾ ਨਾਲ ਦੁਸ਼ਮਣ ਦੇ ਹਮਲਿਆਂ ਨੂੰ ਖਦੇੜਦੀ ਚਲੀ ਗਈ। ਮਜ਼ਬੂਤ ਮੋਰਚਿਆਂ ’ਚ ਤਾਇਨਾਤ ਆਰ. ਸੀ. ਐੱਲ. ਗੰਨਾਂ ਨੇ ਰਾਤ ਦੇ ਹਨੇਰੇ ’ਚ ਅੱਗੇ ਵਧਦੇ ਦੁਸ਼ਮਣ ਦੇ ਟੈਂਕਾਂ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਤੇ ਦੁਸ਼ਮਣ ਦਾ ਅੱਗੇ ਵਧਣਾ ਰੁਕ ਗਿਆ। ਚਾਂਦਪੁਰੀ ਇਕ ਤੋਂ ਦੂਸਰੇ ਮੋਰਚੇ ’ਚ ਤੇਜ਼ੀ ਨਾਲ ਪਹੁੰਚਦਿਆਂ ਆਪਣੇ ਜਵਾਨਾਂ ’ਚ ਬੀਰ ਰਸ ਪੈਦਾ ਕਰਦਿਆਂ ਹੱਲਾਸ਼ੇਰੀ ਦਿੰਦੇ ਗਏ। ਕਿਉਕਿ ਰਾਤ ਦੇ ਸਮੇਂ ਭਾਰਤੀ ਹਵਾਈ ਸੈਨਾ ਜਵਾਬੀ ਕਾਰਵਾਈ ਕਰਨ ਤੋਂ ਅਸਮਰੱਥ ਸੀ। ਇਸ ਵਾਸਤੇ ਦਿਨ ਚੜ੍ਹਨ ’ਤੇ ਭਾਰਤੀ ਹਵਾਈ ਸੈਨਾ ਤੇ ਏਅਰ ਓ. ਪੀ. ਨੇ ਲਗਾਤਾਰ ਰੇਤਲੇ ਇਲਾਕੇ ’ਚ ਫਸੇ ਟੈਂਕਾਂ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਦੁਸ਼ਮਣ ਦੇ 179 ਜਵਾਨ ਮਾਰੇ ਗਏ। ਕੁਝ ਜ਼ਖ਼ਮੀ ਹੋ ਗਏ ਤੇ 17 ਟੈਂਕ ਤਬਾਹ ਹੋ ਗਏ। ਨੁਕਸਾਨ ਤਾਂ ਆਪਣਾ ਵੀ ਹੋਇਆ।

ਪੰਜਾਬੀਆਂ ਵਿਸ਼ੇਸ਼ ਤੌਰ ’ਤੇ ਫ਼ੌਜੀ ਵਰਗ ਨੂੰ ਉਸ ਸਮੇਂ ਬੇਹੱਦ ਸਦਮਾ ਪਹੁੰਚਿਆ ਜਦੋਂ ਬਿ੍ਰਗੇ. ਕੁਲਦੀਪ ਸਿੰਘ ਚਾਂਦਪੁਰੀ ਆਪਣੇ ਜੀਵਨ ਕਾਲ ਦੀ ਯਾਤਰਾ ਪੂਰੀ ਕਰਦਿਆਂ 17 ਨਵੰਬਰ 2018 ਨੂੰ ਸਦੀਵੀ ਵਿਛੋੜਾ ਦੇ ਗਏ।

ਮਹਾਂਵੀਰ ਚੱਕਰ ਨਾਲ ਸਨਮਾਨਿਤ

ਮੇਜਰ ਚਾਂਦਪੁਰੀ ਨੂੰ ਉੱਚ ਦਰਜੇ ਦੀ ਬਹਾਦਰੀ, ਸਾਹਸ, ਦਿ੍ਰੜਤਾ ਤੇ ਆਪਣੇ ਕਰਤੱਵ ਦੀ ਪਾਲਣਾ ਕਰਨ ਲਈ ਰਾਸ਼ਟਰਪਤੀ ਨੇ ‘ਮਹਾਂਵੀਰ ਚੱਕਰ’ ਬਹਾਦਰੀ ਪੁਰਸਕਾਰ ਨਾਲ ਸਤਿਕਾਰਿਆ। ਬਾਅਦ ’ਚ ਉਨ੍ਹਾਂ ਦੀ ਬੇਮਿਸਾਲ ਬਹਾਦਰੀ ’ਤੇ ਅਧਾਰਿਤ ਫਿਲਮ ‘ਬਾਰਡਰ’ ਬਣੀ। ਪ੍ਰਮੋਸ਼ਨ ਹਾਸਲ ਕਰਨ ਉਪ੍ਰੰਤ ਕਰਨਲ ਚਾਂਦਪੁਰੀ ਨੇ ਪਹਿਲਾਂ 3 ਪੰਜਾਬ ਬਟਾਲੀਅਨ ਤੇ ਫਿਰ 9 ਪੰਜਾਬ ਪਲਟਨ ਦੀ ਕਮਾਂਡ ਕੀਤੀ ਤੇ ਫਿਰ ਇਨਫੈਂਟਰੀ ਬਿ੍ਰਗੇਡ ਦੀ ਵੀ ਕਮਾਂਡ ਕੀਤੀ ਤੇ ਇਨ੍ਹਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ ਵੀ ਐੱਸ. ਐੱਮ ਨਾਲ ਨਿਵਾਜਿਆ ਗਿਆ।

ਇੰਝ ਭਰਿਆ ਜਵਾਨਾਂ ਵਿਚ ਜਜ਼ਬਾ

ਲੌਂਗੇਵਾਲਾ ਦੀ ਲੜਾਈ ’ਚ ਸਿਰਕੱਢ ਭੂਮਿਕਾ ਨਿਭਾਉਣ ਵਾਲੇ ਕੁਝ ਜਵਾਨ ਤੇ ਜੇ. ਸੀ. ਓ. ਲੰਮੇ ਅਰਸੇ ਤੋਂ ਮੇਰੇ ਸੰਪਰਕ ’ਚ ਹਨ। ਉਨ੍ਹਾਂ ਵਿੱਚੋਂ ਨਾਨ ਕਮਿਸ਼ਨਡ ਅਫਸਰ ਜਗਦੇਵ ਸਿੰਘ ਪਿੰਡ ਘਾਲ-ਖੁਰਦ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ, ਹੱਥ ਨਾਲ ਲਿਖੀ 13 ਪੰਨਿਆਂ ਵਾਲੀ ਦਾਸਤਾਨ ਮੇਰੇ ਪਾਸ ਹੈ ਜੋ ਕਿ ਪਲ-ਪਲ ਦੀ ਲੜਾਈ ਵਾਲੀ ਸਥਿਤੀ ਤੇ ਸ਼ਹਾਦਤਾਂ ਦੇ ਵੇਰਵੇ ਆਦਿ ਬਿਆਨ ਕਰਦੀ ਹੈ। ਉਸ ਵਿੱਚੋਂ ਇਕ ਕਮਾਂਡਰ ਦੀ ਮਾਨਸਿਕਤਾ ਦੇਸ਼ ਦੀ ਖ਼ਾਤਰ ਮਰ-ਮਿਟਣ ਵਾਲੇ ਜਜ਼ਬੇ ਤੇ ਮਿਲਟਰੀ ਲੀਡਰਸ਼ਿਪ ਵਾਲੇ ਦਿ੍ਰੜ ਇਰਾਦੇ ਨੂੰ ਬਿਆਨ ਕਰਦੀ ਹੈ ਜਿਸ ਨੂੰ ਜਗਦੇਵ ਸਿੰਘ ਨੇ ਇੰਝ ਕਲਮ ਬੰਦ ਕੀਤਾ। ‘ਜਦ ਅਸੀਂ ਇਕ ਥਾਂ ’ਤੇ ਸਾਰੇ ਜੇ. ਸੀ. ਓ. ਤੇ ਜਵਾਨ ਇਕੱਠੇ ਹੋਏ ਤਾਂ ਸਾਨੂੰ ਸੰਬੋਧਨ ਕਰਦਿਆਂ ਕੰਪਨੀ ਕਮਾਂਡਰ ਨੇ ਕਿਹਾ ਕਿ ਦੋਸਤੋ ਜਿਊਣਾ ਤੇ ਮਰਨਾ ਸਭ ਨੇ ਹੈ। ਜੇ ਮੈਂ ਡੋਲਾਂ ਜਾਂ ਭੱਜਾਂ ਤਾਂ ਮੇਰੇ ਗੋਲੀ ਮਾਰ ਦੇਣਾ, ਜੇ ਲੜ ਕੇ ਮਰ ਵੀ ਗਏ ਤਾਂ ਏਥੇ ਮੇਲੇ ਲੱਗਣਗੇ। ਜੇ ਭੱਜ ਗਏ, ਬਚਣ ਦੀ ਗਰੰਟੀ ਫੇਰ ਵੀ ਨਹੀਂ, ਅਸੀਂ ਸਾਰਿਆਂ ਜੈਕਾਰੇ ਦੀ ਗੂੰਜ ’ਚ ਲੜ ਕੇ ਮਰਨ ਨੂੰ ਕਬੂਲਿਆ ਹੈ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਸੀ ਟਵੀਟ

ਭਾਰਤੀ ਫ਼ੌਜ ਦੇ ਸੇਵਾਮੁਕਤ ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਦੇਹਾਂਤ ਹੋਣ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਉਦਿਆ ਲਿਖਿਆ ਸੀ ਕਿ ‘ਚਾਂਦਪੁਰੀ ਇਕ ਬਹਾਦਰ ਫ਼ੌਜੀ ਅਤੇ ਲੌਂਗੇਵਾਲਾ ਜੰਗ ਦੇ ਹੀਰੋ ਸਨ।’

-ਬਿ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ

Posted By: Harjinder Sodhi