- ਬਲਰਾਜ ਸਿੱਧੂ ਐੱਸਪੀ

ਮੱਧ ਕਾਲ ਵਿਚ ਕਿਸੇ ਨੂੰ ਧੋਖੇ ਨਾਲ ਮਾਰਨ ਵਾਲੇ ਡਾਕੂਆਂ ਅਤੇ ਕਾਤਲਾਂ ਦੇ ਸੰਗਠਿਤ ਟੋਲਿਆਂ ਨੂੰ ਠੱਗ ਕਿਹਾ ਜਾਂਦਾ ਸੀ। ਉਹ ਆਪਣੇ ਸ਼ਿਕਾਰ ਦਾ ਖਾਤਮਾ ਅਤਿਅੰਤ ਜ਼ਾਲਮਾਨਾ ਤਰੀਕੇ ਨਾਲ ਕਰਦੇ ਸਨ। ਮੱਧ ਕਾਲੀਨ ਠੱਗਾਂ ਨੇ ਕਰੀਬ 650 ਸਾਲ (1220 ਤੋਂ 1870 ਈਸਵੀ ਤਕ) ਉੱਤਰੀ ਅਤੇ ਮੱਧ ਭਾਰਤ ਨੂੰ ਬੁਰੀ ਤਰ੍ਹਾਂ ਤਪਾ ਕੇ ਰੱਖਿਆ ਸੀ। ਇਨ੍ਹਾਂ ਦੇ ਡਰ ਕਾਰਨ ਵਪਾਰਕ ਕਾਫ਼ਲਿਆਂ ਦੀ ਆਵਾਜਾਈ ਇਕ ਵਾਰ ਤਾਂ ਰੁਕ ਜਿਹੀ ਗਈ ਸੀ। ਬਲਬਨ, ਅਲਾਉਦੀਨ ਖਿਲਜੀ, ਮੁਹੰਮਦ ਤੁਗਲਕ ਅਤੇ ਮੁਗ਼ਲਾਂ ਨੇ ਸਖ਼ਤੀ ਨਾਲ ਇਨ੍ਹਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਲੁੱਟਮਾਰ ਨੂੰ ਧਰਮ ਮੰਨਣ ਵਾਲੇ ਠੱਗਾਂ ਦੇ ਟੋਲੇ ਕਮਜ਼ੋਰ ਬਾਦਸ਼ਾਹਾਂ ਦੇ ਸਮੇਂ ਅਮਰ ਵੇਲ ਵਾਂਗ ਦੁਬਾਰਾ ਫੁੱਟ ਪੈਂਦੇ ਸਨ।

ਭਾਰਤ ਵਿਚ ਠੱਗੀ ਦੀ ਸ਼ੁਰੂਆਤ ਮੁਸਲਿਮ ਰਾਜ ਦੀ ਸਥਾਪਤੀ ਦੇ ਨਾਲ ਹੀ ਸ਼ੁਰੂ ਹੋ ਗਈ ਸੀ। ਠੱਗਾਂ ਦਾ ਸਭ ਤੋਂ ਪਹਿਲਾ ਵਰਣਨ ਇਤਿਹਾਸਕਾਰ ਜ਼ਿਆਉਦੀਨ ਬਰਨੀ ਨੇ 1356 ਈਸਵੀ ਨੂੰ ਆਪਣੀ ਪੁਸਤਕ 'ਫਿਰੋਜ਼ ਸ਼ਾਹ ਤੁਗਲਕ ਦਾ ਇਤਿਹਾਸ' ਵਿਚ ਕੀਤਾ ਹੈ। ਠੱਗਾਂ ਦੇ ਗਿਰੋਹਾਂ ਦਾ ਸਭ ਤੋਂ ਜ਼ਾਲਮ ਅਤੇ ਅਣ-ਮਨੁੱਖੀ ਵਰਤਾਰਾ ਇਹ ਸੀ ਕਿ ਲੁੱਟਣ ਵੇਲੇ ਕਾਫ਼ਲੇ ਦਾ ਇਕ ਵੀ ਵਿਅਕਤੀ ਜ਼ਿੰਦਾ ਨਹੀਂ ਸੀ ਛੱਡਿਆ ਜਾਂਦਾ। ਉਹ ਔਰਤਾਂ ਤੇ ਮਾਸੂਮ ਬੱਚਿਆਂ ਸਮੇਤ ਸਭ ਨੂੰ ਕਤਲ ਕਰ ਦਿੰਦੇ ਸਨ। ਵਾਰਦਾਤ ਵਾਲੇ ਦਿਨ ਅੱਧਾ ਗਿਰੋਹ ਕਾਫ਼ਲੇ ਦੇ ਨਾਲ ਰਹਿੰਦਾ ਤੇ ਬਾਕੀ ਮੈਂਬਰਾਂ ਨੂੰ ਕਾਫ਼ਲੇ ਦੇ ਰਾਤ ਦੇ ਪੜਾਅ ਵਾਲੀ ਥਾਂ ਵੱਡੀ ਕਬਰ ਪੁੱਟਣ ਲਈ ਭੇਜ ਦਿੱਤਾ ਜਾਂਦਾ ਤਾਂ ਜੋ ਉਸ ਵਿਚ ਸਾਰੀਆਂ ਲਾਸ਼ਾਂ ਦਫਨਾਈਆਂ ਜਾ ਸਕਣ। ਖਾਣੇ ਵਿਚ ਨਸ਼ੀਲੀ ਵਸਤੂ ਮਿਲਾ ਕੇ ਬੇਹੋਸ਼ ਪਏ ਸ਼ਿਕਾਰਾਂ ਦਾ ਕਤਲ ਆਸਾਨੀ ਨਾਲ ਕਰ ਦਿੱਤਾ ਜਾਂਦਾ ਸੀ। ਮਾਰਨ ਤੋਂ ਬਾਅਦ ਕਾਫ਼ਲੇ ਨੂੰ ਕਬਰ ਵਿਚ ਦਫਨ ਕਰ ਕੇ ਹਮੇਸ਼ਾ ਲਈ ਗ਼ਾਇਬ ਕਰ ਦਿੱਤਾ ਜਾਂਦਾ ਸੀ। ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ ਅਤੇ ਯੂਪੀ ਵਿਚ ਖੋਜੀਆਂ ਨੂੰ ਅਜਿਹੀਆਂ ਅਨੇਕਾਂ ਹੀ ਸਮੂਹਿਕ ਕਬਰਾਂ ਮਿਲੀਆਂ ਹਨ। ਸਭ ਤੋਂ ਵੱਡੀ ਕਬਰ ਗਾਜ਼ੀਆਬਾਦ ਨੇੜਿਓਂ ਲੱਭੀ ਸੀ ਜਿਸ 'ਚੋਂ 90 ਬਾਲਗ ਅਤੇ 40 ਬੱਚਿਆਂ ਦੇ ਪਿੰਜਰ ਮਿਲੇ ਸਨ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਮੁਤਾਬਕ ਭਾਰਤ ਦੇ ਠੱਗਾਂ ਨੇ ਸੰਸਾਰ ਵਿਚ ਕਿਸੇ ਵੀ ਅਪਰਾਧੀ ਟੋਲੇ ਨਾਲੋਂ ਵੱਧ ਵਿਅਕਤੀ ਕਤਲ ਕੀਤੇ ਹਨ ਜੋ ਤੀਹ ਲੱਖ ਦੇ ਲਗਪਗ ਬਣਦੇ ਹਨ।

1800 ਈਸਵੀ ਦੇ ਨੇੜੇ-ਤੇੜੇ ਵਾਰਦਾਤਾਂ ਕਰਨ ਵਾਲੇ ਇਕ ਠੱਗ ਬਹਿਰਾਮ ਨੇ ਆਪਣੇ ਗਿਰੋਹ ਨਾਲ ਮਿਲ ਕੇ 931 ਕਤਲ ਕੀਤੇ ਸਨ। ਮੁਗ਼ਲ ਰਾਜ ਦੇ ਖ਼ਤਮ ਹੋਣ ਅਤੇ ਅੰਗਰੇਜ਼ਾਂ ਦੇ ਪੱਕੇ ਪੈਰੀਂ ਹੋਣ ਦੇ ਵਿਚਕਾਰਲੇ ਸਮੇਂ ਦੌਰਾਨ ਠੱਗਾਂ ਨੇ ਵਾਰਦਾਤਾਂ ਦੀ ਹਨੇਰੀ ਲਿਆ ਦਿੱਤੀ। ਔਰੰਗਜ਼ੇਬ ਦੀ ਮੌਤ (1707 ਈਸਵੀ) ਤੋਂ ਲੈ ਕੇ 1830 ਈਸਵੀ ਤਕ 123 ਸਾਲਾਂ ਦੇ ਸਮੇਂ ਦੌਰਾਨ ਠੱਗਾਂ ਨੇ ਇਕ ਲੱਖ ਲੋਕਾਂ ਦੀ ਹੱਤਿਆ ਕੀਤੀ। ਇਸੇ ਤਰ੍ਹਾਂ 1830 ਈਸਵੀ ਵਿਚ ਅੰਗਰੇਜ਼ਾਂ ਦੇ ਸਬਰ ਦਾ ਪਿਆਲਾ ਭਰ ਗਿਆ। ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨੇ ਇਸ ਕੰਮ ਲਈ ਇਕ ਸੁਯੋਗ ਅਫ਼ਸਰ ਵਿਲੀਅਮ ਹੈਨਰੀ ਸਲੀਮੈਨ (1788-1856 ਈਸਵੀ) ਦੀ ਡਿਊਟੀ ਲਗਾਈ। ਸਲੀਮੈਨ ਕੋਲ ਠੱਗਾਂ ਬਾਰੇ ਵਿਸ਼ਾਲ ਜਾਣਕਾਰੀ ਸੀ। ਹਜ਼ਾਰਾਂ ਠੱਗ ਫਾਂਸੀ 'ਤੇ ਲਟਕਾਏ ਗਏ ਪਰ ਫਿਰ ਵੀ ਇਸ ਕੰਮ ਨੂੰ ਮੁਕੰਮਲ ਹੋਣ ਵਿਚ 40 ਸਾਲ ਲੱਗ ਗਏ। 1870 ਈਸਵੀ ਵਿਚ ਦੇਸ਼ ਨੂੰ ਠੱਗੀ ਤੋਂ ਮੁਕਤ ਐਲਾਨਿਆ ਗਿਆ।

ਪਰ ਭਾਰਤ ਵਿਚ ਅੱਜ ਠੱਗੀ ਮਾਰਨ ਵਾਸਤੇ ਕਿਸੇ ਨੂੰ ਕਤਲ ਕਰਨ ਦੀ ਜ਼ਰੁਰਤ ਨਹੀਂ ਹੈ। ਠੱਗ ਅਜਿਹੇ ਸਬਜ਼ਬਾਗ ਵਿਖਾਉਂਦੇ ਹਨ ਕਿ ਸ਼ਿਕਾਰ ਆਪਣੇ-ਆਪ ਪੈਸਿਆਂ ਦਾ ਢੇਰ ਲਗਾ ਦਿੰਦਾ ਹੈ। ਵੇਖਿਆ ਗਿਆ ਹੈ ਕਿ ਜਦੋਂ ਵੀ ਸਰਕਾਰ ਬਦਲਦੀ ਹੈ, ਠੱਗ ਸਰਗਰਮ ਹੋ ਜਾਂਦੇ ਹਨ। ਠੱਗਾਂ ਦੀ ਵੇਸ-ਭੂਸ਼ਾ ਸ਼ਿਕਾਰ 'ਤੇ ਭਾਰੀ ਮਾਨਸਿਕ ਪ੍ਰਭਾਵ ਪਾਉਂਦੀ ਹੈ। ਸਰਕਾਰੀ ਨੌਕਰੀਆਂ ਦੀ ਭਰਤੀ ਵੇਲੇ ਵੀ ਲੋਕਾਂ ਨਾਲ ਠੱਗੀ ਵੱਜਦੀ ਹੈ। ਪੰਜਾਬ ਪੁਲਿਸ ਦੀ ਭਰਤੀ ਵੇਲੇ ਅਜਿਹੇ ਕਈ ਠੱਗ ਫੜੇ ਗਏ ਸਨ ਜੋ ਭਰਤੀ ਦੇ ਨਾਂ 'ਤੇ ਅਨੇਕਾਂ ਉਮੀਦਵਾਰਾਂ ਤੋਂ ਪੈਸੇ ਲਈ ਬੈਠੇ ਸਨ। ਜੇ ਵੀਹ ਬੰਦਿਆਂ ਕੋਲੋਂ ਦਸ-ਦਸ ਲੱਖ ਲੈ ਲਿਆ ਤਾਂ ਦੋ ਕਰੋੜ ਹੋ ਗਏ। ਵੀਹਾਂ 'ਚੋਂ ਪੰਜ ਬੰਦੇ ਤਾਂ ਆਪਣੀ ਹਿੰਮਤ ਨਾਲ ਭਰਤੀ ਹੋ ਹੀ ਜਾਂਦੇ ਹਨ। ਪੰਜਾਹ ਲੱਖ ਦੀ ਆਮਦਨ ਹੋ ਗਈ। ਬਾਕੀਆਂ ਦੇ ਪੈਸੇ ਹੱਥ ਜੋੜ ਕੇ ਵਾਪਸ ਕਰ ਦਿੰਦੇ ਹਨ ਤਾਂ ਕਿ ਕੋਈ ਰੌਲਾ-ਗੌਲਾ ਨਾ ਪਵੇ। ਇਸੇ ਤਰ੍ਹਾਂ ਫ਼ੌਜ ਦੀ ਭਰਤੀ ਵਿਚ ਹੋ ਰਿਹਾ ਹੈ। ਕੈਨੇਡਾ, ਅਮਰੀਕਾ ਦਾ ਵੀਜ਼ਾ ਲਗਵਾਉਣ ਵਾਲੇ ਵੀ ਇਸੇ ਤਰ੍ਹਾਂ ਕਰਦੇ ਹਨ। ਇਕ ਬੰਦੇ ਦਾ ਪੰਜਾਹ ਲੱਖ ਲੈਂਦੇ ਹਨ। ਵੀਹਾਂ 'ਚੋਂ ਦੋ ਬੰਦਿਆਂ ਦਾ ਵੀਜ਼ਾ ਤਾਂ ਲੱਗ ਹੀ ਜਾਣਾ ਹੁੰਦਾ ਹੈ। ਬਣ ਗਿਆ ਕਰੋੜ ਰੁਪਿਆ।

ਆਨਲਾਈਨ ਠੱਗੀ ਨੇ ਤਾਂ ਲੋਕਾਂ ਦਾ ਜਿਊਣਾ ਹਰਾਮ ਕਰ ਦਿੱਤਾ ਹੈ। ਦਿਨ ਵਿਚ ਦੋ-ਤਿੰਨ ਫੋਨ ਆ ਹੀ ਜਾਂਦੇ ਹਨ ਕਿ ਤੁਹਾਡਾ ਅਕਾਊਂਟ ਬੰਦ ਹੋਣ ਵਾਲਾ ਹੈ, ਤੁਰੰਤ ਮੋਬਾਈਲ 'ਤੇ ਆਇਆ ਓਪੀਟੀ ਨੰਬਰ ਦੱਸੋ। ਤੁਹਾਡੇ ਵੱਲੋਂ ਓਟੀਪੀ ਦੱਸਣ 'ਤੇ ਖਾਤਾ ਸਾਫ਼ ਹੋ ਜਾਂਦਾ ਹੈ। ਪਿੱਛੇ ਜਿਹੇ ਤਾਂ ਬਿਹਾਰ ਦੇ 'ਮਹਾਨ' ਠੱਗਾਂ ਨੇ ਸਾਡੀ ਇਕ ਮਹਿਲਾ ਐੱਮਪੀ ਦੇ ਹੀ 25-30 ਲੱਖ ਰੁਪਏ ਉਡਾ ਲਏ ਸਨ। ਠੱਗੀ ਦਾ ਇਕ ਹੋਰ ਤਰੀਕਾ ਇਹ ਹੈ ਕਿ ਸੂਟ-ਬੂਟ ਪਾ ਕੇ ਕਿਹਾ ਜਾਂਦਾ ਹੈ ਕਿ ਮੇਰਾ ਬਟੂਆ ਚੋਰੀ ਹੋ ਗਿਆ ਹੈ। ਕਿਰਾਏ ਵਾਸਤੇ 500 ਰੁਪਏ ਚਾਹੀਦੇ ਹਨ। ਇਹੋ ਜਿਹਾ ਇਕ ਬੰਦਾ ਮੈਨੂੰ ਅੰਮ੍ਰਿਤਸਰ ਟੱਕਰਿਆ ਸੀ। ਉਸ ਦਾ ਪਿੰਡ ਪੁੱਛਿਆ ਤਾਂ ਉਹ ਮੇਰੇ ਪਿੰਡ ਦਾ ਹੀ ਨਾਂ ਲੈ ਬੈਠਾ। ਜਦੋਂ ਮੈਂ ਆਧਾਰ ਕਾਰਡ ਦੀ ਮੰਗ ਕੀਤੀ ਤਾਂ ਉਸ ਨੇ ਭੱਜਣ ਵਿਚ ਹੀ ਭਲਾਈ ਸਮਝੀ। ਧਾਰਮਿਕ ਅਸਥਾਨਾਂ 'ਤੇ ਵੀ ਬਹੁਤ ਠੱਗ ਟੱਕਰਦੇ ਹਨ। ਮੇਰਾ ਇਕ ਦੋਸਤ ਹਰਿਦੁਆਰ ਗੰਗਾ ਇਸ਼ਨਾਨ ਕਰ ਕੇ ਵਾਪਸ ਹੋਟਲ ਜਾ ਰਿਹਾ ਸੀ ਤਾਂ ਰਸਤੇ ਵਿਚ ਬੈਠਾ ਇਕ ਬਾਬਾ ਬੋਲਿਆ ਕਿ ਗਿਆ ਇਕ ਸੀ, ਵਾਪਸ ਦੋ ਆ ਰਹੇ ਹਨ। ਪੁੱਛਣ 'ਤੇ ਉਸ ਨੇ ਭੇਦ ਖੋਲ੍ਹਿਆ ਕਿ ਤੇਰੇ ਨਾਲ ਘਾਟ 'ਤੇ ਰਹਿੰਦਾ ਇਕ ਭਿਆਨਕ ਪ੍ਰੇਤ ਵੀ ਜਾ ਰਿਹਾ ਹੈ। ਵਿਚਾਰੇ ਨੇ ਡਰਦੇ ਮਾਰੇ ਠੱਗ ਬਾਬੇ ਦੇ ਦੱਸੇ ਉਪਾਅ ਕਰਾਉਂਦਿਆਂ 30000 ਦਾ ਚੂਨਾ ਲਗਵਾ ਬੈਠਾ।

ਹੁਣ ਤਾਂ ਭਾਰਤ ਵਿਚ ਸਰਕਾਰਾਂ ਅਤੇ ਬੈਂਕਾਂ ਦੀ ਕਿਰਪਾ ਨਾਲ ਠੱਗੀ ਮਾਰਨੀ ਬਹੁਤ ਆਸਾਨ ਹੋ ਗਈ ਹੈ। ਕਿਸੇ ਗ਼ਰੀਬ ਨੂੰ 5000 ਰੁਪਏ ਕਰਜ਼ਾ ਦੇਣ ਲਈ 500 ਦਸਤਾਵੇਜ਼ ਅਤੇ ਜ਼ਮੀਨ-ਮਕਾਨ ਗਿਰਵੀ ਰਖਵਾਉਣ ਵਾਲੇ ਬੈਂਕਾਂ ਨੇ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੌਕਸੀ ਨੂੰ ਬਿਨਾਂ ਕਿਸੇ ਗਾਰੰਟੀ ਦੇ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਦੇ ਦਿੱਤਾ। ਉਹ ਦੇਸ਼ ਨੂੰ ਲੁੱਟ-ਪੁੱਟ ਕੇ ਹੁਣ ਵਿਦੇਸ਼ਾਂ ਵਿਚ ਮੌਜਾਂ ਮਾਣ ਰਹੇ ਹਨ। ਉਨ੍ਹਾਂ ਜਿੰਨੇ ਪੈਸੇ ਤਾਂ ਠੱਗਾਂ ਨੇ 650 ਸਾਲਾਂ ਵਿਚ ਨਹੀਂ ਲੁੱਟੇ ਹੋਣੇ। ਦੋ ਲੱਖ ਰੁਪਏ ਦੇ ਕਰਜ਼ੇ ਪਿੱਛੇ ਸੈਂਕੜੇ ਕਿਸਾਨਾਂ ਨੂੰ ਜੇਲ੍ਹ ਭੇਜਣ ਵਾਲੇ ਬੈਂਕ ਅਜੇ ਤਕ ਮਾਲਿਆ ਵਰਗਿਆਂ ਦੀ ਹਵਾਲਗੀ ਨਹੀਂ ਕਰਵਾ ਸਕੇ। ਚਿੱਟ ਫੰਡ ਕੰਪਨੀਆਂ ਵੀ ਅਰਬਾਂ-ਖ਼ਰਬਾਂ ਠੱਗੀ ਬੈਠੀਆਂ ਹਨ। ਸ਼ਾਰਦਾ, ਪਰਲਜ਼ ਅਤੇ ਸਹਾਰਾ ਆਦਿ ਦੇ ਮਾਲਕ ਲੱਖਾਂ ਕਰੋੜ ਰੁਪਏ ਠੱਗ ਕੇ ਆਰਾਮ ਨਾਲ ਬੈਠੇ ਹਨ। ਸਹਾਰਾ ਦੇ ਚੇਅਰਮੈਨ ਸੁਬਰਤੋ ਰਾਏ ਨੂੰ ਕਈ ਸਾਲ ਜੇਲ੍ਹ ਵਿਚ ਰੱਖ ਕੇ ਵੀ ਸੁਪਰੀਮ ਕੋਰਟ ਉਸ ਕੋਲੋਂ ਪੈਸੇ ਵਾਪਸ ਨਹੀਂ ਕਰਵਾ ਸਕੀ। ਠੱਗੀ ਦਾ ਧੰਦਾ ਉਦੋਂ ਤਕ ਖ਼ਤਮ ਨਹੀਂ ਹੋ ਸਕਦਾ ਜਦੋਂ ਤਕ ਲੋਕ ਜਾਗਰੂਕ ਨਹੀਂ ਹੁੰਦੇ। ਜਿੰਨੀ ਦੇਰ ਲੋਕ ਆਸਾਨ ਕਮਾਈ ਦੇ ਝਾਂਸੇ ਵਿਚ ਫਸਦੇ ਰਹਿਣਗੇ, ਠੱਗਾਂ ਦਾ ਧੰਦਾ ਇਸੇ ਤਰ੍ਹਾਂ ਵੱਧਦਾ-ਫੁੱਲਦਾ ਰਹੇਗਾ। ਐਨੀਆਂ ਠੱਗੀਆਂ ਹੋਣ ਦੇ ਬਾਵਜੂਦ ਜੇ ਅੱਜ ਵੀ ਕੋਈ ਨਵੀਂ ਚਿੱਟ ਫੰਡ ਕੰਪਨੀ ਖੁੱਲ੍ਹ ਜਾਵੇ ਤਾਂ ਲੋਕ ਦਿਨਾਂ ਵਿਚ ਉਸ ਦੇ ਖ਼ਜ਼ਾਨੇ ਭਰਪੂਰ ਕਰ ਦੇਣਗੇ।

-ਮੋਬਾਈਲ ਨੰ. : 95011-00062

Posted By: Rajnish Kaur