ਹਿੰਦੀ ਸਿਨੇਮਾ ਦੀ ‘ਕਲਟ ਮੂਵੀਜ਼ ਲਿਸਟ’ ਵਿਚ ਸ਼ਾਮਲ 2003 ਵਿਚ ਰਿਲੀਜ਼ ਫਿਲਮ ‘ਮੁੰਨਾ ਭਾਈ ਐੱਮਬੀਬੀਐੱਸ’ ਵਿਚ ਸੰਜੇ ਦੱਤ ਅਤੇ ਜਿੰਮੀ ਸ਼ੇਰਗਿੱਲ ਦਾ ਇਕ ਬਹੁਤ ਹੀ ਭਾਵੁਕ ਦ੍ਰਿਸ਼ ਹੈ। ਇਸ ਵਿਚ ਕੈਂਸਰ ਨਾਲ ਜੂਝ ਰਿਹਾ ਜ਼ਹੀਰ (ਜਿੰਮੀ ਸ਼ੇਰਗਿੱਲ) ਮੌਤ ਦੇ ਮੂੰਹ ’ਤੇ ਖੜ੍ਹਾ ਹੈ। ਉਹ ਬਹੁਤ ਹੀ ਭਾਵਪੂਰਣਤਾ ਨਾਲ ਮੁੰਨਾ ਭਾਈ (ਸੰਜੇ ਦੱਤ) ਨੂੰ ਕਹਿੰਦਾ ਹੈ, “ਪਲੀਜ਼ ਬਚਾ ਲੇ ਨਾ ਯਾਰ।” ਤੁਸੀਂ ਫਿਲਮ ਵੇਖੀ ਹੋਵੋਗੀ ਤਾਂ ਯਕੀਨਨ ਇਹ ਸੀਨ ਅਤੇ ਇਹ ਡਾਇਲਾਗ ਤੁਹਾਨੂੰ ਯਾਦ ਆ ਗਿਆ ਹੋਵੇਗਾ। ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਅਮਨ ਨੂੰ ਕੀ ਸੁੱਝੀ ਜੋ ਕੰਘੀ ਪਾਮ ਦੀਆਂ ਤਸਵੀਰਾਂ ਪਾ ਕੇ ਮੁੰਨਾ ਭਾਈ ਦੀ ਗੱਲ ਲੈ ਕੇ ਬੈਠ ਗਿਆ। ਦੱਸਦੇ ਹਾਂ ਜੀ, ਦੱਸਦੇ ਹਾਂ, ਥੋੜ੍ਹਾ ਧੀਰਜ ਤਾਂ ਰੱਖੋ। ਹੋਇਆ ਇਵੇਂ ਕਿ ਪਿਛਲੇ ਸਾਲ ਸ਼ਹਿਰ ਦੇ ਇਕ ਬਹੁਤ ਹੀ ਵਧੀਆ ਸਕੂਲ ਦੇ ਬਹੁਤ ਹੀ ਸੋਹਣੇ ਅਤੇ ਸੰਪੰਨ ਬਗੀਚੇ ਵਿਚ ਜਾਣ ਦਾ ਮੌਕਾ ਮਿਲਿਆ।

ਦਰਅਸਲ, ਸਕੂਲ ਵਿਚ ਵਿਸਾਖੀ ਦੇ ਮੌਕੇ ਪੌਦੇ ਲਗਾਉਣ ਦਾ ਪ੍ਰੋਗਰਾਮ ਸੀ। ਪੌਦੇ ਵੰਡਣ ਅਤੇ ਲਗਾਉਣ ਤੋਂ ਬਾਅਦ ਰੋਟਰੀ ਕਲੱਬ ਦੇ ਪ੍ਰਧਾਨ ਅਤੇ ਸਕੂਲ ਦੇ ਪ੍ਰਬੰਧਕੀ ਅਫ਼ਸਰ ਜਤਿੰਦਰ ਪਾਲ ਦੇ ਨਾਲ ਸਕੂਲ ਦੇ ਬਗੀਚੇ ਦੀ ਫੇਰੀ ਲਾਉਣ ਲੱਗੇ। ਸਿਲਵਰ ਓਕ ਦੇ ਵੱਡੇ ਰੁੱਖਾਂ ਨਾਲ ਭਰੀ ਇਕ ਕਿਆਰੀ ਕੋਲੋਂ ਲੰਘਦੇ ਸਮੇਂ ਮੇਰੇ ਕਦਮ ਅਚਾਨਕ ਰੁਕ ਗਏ। ਕਿਆਰੀ ’ਚ ਹੀ ਲੱਗੇ ਸੁੱਕੇ ਪੱਤਿਆਂ ਦੇ ਢੇਰ ਵਿੱਚੋਂ ਕਿਸੇ ਨੇ ਮੈਨੂੰ ਆਵਾਜ਼ ਮਾਰੀ ਸੀ। ਮੇਰੇ ਅੰਤਰਮਨ ਨੇ ਉਹ ਆਵਾਜ਼ ਸਾਫ਼-ਸਾਫ਼ ਸੁਣੀ। “ਬਚਾ ਲੈ ਨਾ ਯਾਰ!” ਹਾਂ! ਇਹੀ ਸ਼ਬਦ ਸਨ ਜੋ ਮੇਰੀ ਆਤਮਾ ਦੇ ਆਖ਼ਰੀ ਕੋਨੇ ਤਕ ਪਹੁੰਚੇ ਸਨ।

ਮੈਂ ਤੁਰੰਤ ਮੁੜਿਆ ਅਤੇ ਸੁੱਕੇ ਪੱਤਿਆਂ ਦੇ ਢੇਰ ਵਿਚ ਹੱਥ ਪਾ ਦਿੱਤਾ। ਇਸ ਤੋਂ ਪਹਿਲਾਂ ਕਿ ਮੇਰੇ ਨਾਲ ਚੱਲ ਰਿਹਾ ਪਿਆਰਾ ਮਿੱਤਰ ਹਰਜੋਤ ਟਿਵਾਣਾ ਕੁਝ ਕਹਿੰਦਾ, ਮੇਰੇ ਹੱਥ ਵਿਚ ਕੰਘੀ ਪਾਮ ਦਾ ਇਕ ਵੱਡਾ ਬੱਲਬ ਉਲਟਾ ਲਟਕ ਰਿਹਾ ਸੀ। ਠੀਕ ਉਵੇਂ ਹੀ ਜਿਵੇਂ ਜਨਮ ਦੇ ਤੁਰੰਤ ਬਾਅਦ ਡਾਕਟਰ ਬੱਚੇ ਨੂੰ ਪੈਰਾਂ ਤੋਂ ਫੜ ਕੇ ਉਲਟਾ ਲਟਕਾ ਦਿੰਦੇ ਹਨ। ਮੇਰੇ ਹੱਥ ਵਿਚ ਉਸ ਦੀਆਂ ਅੱਧ-ਪਣਪੀਆਂ ਜੜ੍ਹਾਂ ਸਨ ਜਿਨ੍ਹਾਂ ਨੂੰ ਖੁਸ਼ਕ ਗਰਮ ਮੌਸਮ ਨੇ ਝੁਲਸਾ ਜਿਹਾ ਦਿੱਤਾ ਸੀ। ਟਿਵਾਣਾ ਜੀ ਦੀ ਬੋਲੈਰੋ ਹੁਣ ਮੈਨੂੰ ਐਂਬੂਲੈਂਸ ਪ੍ਰਤੀਤ ਹੋ ਰਹੀ ਸੀ। ਵੱਡੇ ਭਰਾ ਜਤਿੰਦਰ ਪਾਲ ਤੋਂ ਆਗਿਆ ਲੈ ਕੇ ਕੰਘੀ ਪਾਮ ਦੇ ਇਸ ਮੂਰਛਿਤ ਬੱਲਬ ਨੂੰ ਐਂਬੂਲੈਂਸ ਵਿਚ ਸਵਾਰ ਕੀਤਾ। ਘਰ ਆ ਕੇ ਸ਼ੁਰੂਆਤੀ ਟ੍ਰੀਟਮੈਂਟ ਸ਼ੁਰੂ ਕੀਤਾ। ਬੱਲਬ ਵਿਚ ਆਈਆਂ ਨਾਮਾਤਰ ਪੱਤੀਆਂ ਨੂੰ ਬਾਹਰ ਰੱਖ ਕੇ ਬਾਕੀ ਪੂਰੇ ਬੱਲਬ ਨੂੰ ਪਾਣੀ ਵਿਚ ਭਿਓ ਦਿੱਤਾ। ਅਗਲੀ ਸਵੇਰ ਤਕ ਇਸ ਵਿਚ ਇੰਨੀ ਨਮੀ ਆ ਚੁੱਕੀ ਸੀ ਕਿ ‘ਪਲਾਂਟਿੰਗ ਆਪ੍ਰੇਸ਼ਨ’ ਨੂੰ ਅੰਜਾਮ ਦਿੱਤਾ ਜਾ ਸਕੇ। ਛੋਟੇ ਡਾਕਟਰ ਯਾਨੀ ਆਪਣੇ ਮਾਲੀ ਨੂੰ ਮੈਂ ਸਵੇਰੇ ਜਲਦੀ ਆਉਣ ਨੂੰ ਕਹਿ ਦਿੱਤਾ ਸੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਛੋਟਾ ਤੇ ਵੱਡਾ ਡਾਕਟਰ ਕੌਣ? ਓ ਹਜ਼ੂਰ, ਵੱਡਾ ਡਾਕਟਰ ਮੈਂ ਪਰ ਸੱਜੇ ਗੋਡੇ ਦੀ ‘ਇੰਜਰੀ’ ਕਾਰਨ ਬੈਠਣਾ ਮੁਹਾਲ ਹੈ। ਇਸ ਲਈ ਜ਼ਮੀਨ ਵਿਚ ਕੀਤੇ ਜਾਣ ਵਾਲੇ ‘ਪਲਾਂਟਿੰਗ ਆਪ੍ਰੇਸ਼ਨ’ ਆਪਣੀ ਨਿਗਰਾਨੀ ਹੇਠ ਛੋਟੇ ਡਾਕਟਰ ਤੋਂ ਹੀ ਕਰਵਾਉਂਦਾ ਹਾਂ। ਬਹੁਤ ਧਿਆਨ ਅਤੇ ਚੌਕਸੀ ਦੇ ਨਾਲ ‘ਪਲਾਂਟਿੰਗ ਆਪ੍ਰੇਸ਼ਨ’ ਨੂੰ ਅੰਜਾਮ ਦਿੱਤਾ। ਉਮੀਦ ਹੀ ਨਹੀਂ ਬਲਕਿ ਯਕੀਨ ਸੀ ਕਿ ਇਹ ਸਫਲ ਆਪ੍ਰੇਸ਼ਨ ਸਾਬਿਤ ਹੋਵੇਗਾ ਅਤੇ ਕੰਘੀ ਪਾਮ ਦਾ ਬੂਟਾ ਮੇਰੇ ਬਗੀਚੇ ਦੀ ਰੌਣਕ ਵਧਾਏਗਾ।

ਇਸ ਨੂੰ ਸਾਗੋ ਪਾਮ ਵੀ ਕਹਿੰਦੇ ਹਨ। ਖੋਜਾਂ ਦੱਸਦੀਆਂ ਹਨ ਕਿ ਸਾਗੋ ਪਾਮ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਇਸ ਦੇ ਤਣੇ ’ਚੋਂ ਨਿਕਲਣ ਵਾਲੇ ਸਟਾਰਚ ਵਿਚ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਨਾਲ ਲੜਨ ਵਾਲੇ ਗੁਣਾਂ ਦੀ ਬਹੁਤਾਤ ਹੈ। ਕੁਝ ਦੇਸ਼ਾਂ ਵਿਚ ਇਹ ਰੋਜ਼ਮੱਰਾ ਦੇ ਭੋਜਨ ਵਿਚ ਸ਼ੁਮਾਰ ਹੈ। ਇਹ ਐਂਟੀ-ਆਕਸੀਡੈਂਟਸ ਦਾ ਖ਼ਜ਼ਾਨਾ ਹੈ। ਕੁਝ ਖੋਜਾਂ ਇਸ ਨੂੰ ਜ਼ਹਿਰੀਲਾ ਦੱਸਦੀਆਂ ਹਨ। ਇਸ ਦੇ ਪੱਤੇ ਜਾਂ ਬੀਜ ਖਾਣ ਨਾਲ ਮੌਤ ਤਕ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ। ਇੱਥੇ ਇਹ ਬੂਟਾ ਮੈਨੂੰ ਬਿਲਕੁਲ ਮੇਰੇ ਵਰਗਾ ਲੱਗਾ। ਕੁਝ ਲੋਕਾਂ ਲਈ ਮੈਂ ਵੀ ਦਿਲੋ-ਦਿਮਾਗ ਦੇ ਮਰਜ਼ਾਂ ਦੀ ਦਵਾਈ ਹਾਂ ਜਦਕਿ ਕੁਝ ਕਹਿੰਦੇ ਹਨ ਕਿ ਮੈਂ ਅਤਿਅੰਤ ਜ਼ਹਿਰੀਲਾ ਹਾਂ। ਦਰਅਸਲ ‘ਜਿਸ ਨੇ ਜਿਹੋ ਜਿਹੀ ਭਾਜੀ ਸਾਨੂੰ ਪਾਈ, ਉਹੋ ਜਿਹੀ ਉਸ ਨੂੰ ਆਪਾਂ ਘੁੱਟੀ ਪਿਲਾਈ’ ਵਾਲਾ ਮਾਮਲਾ ਹੈ। ਸਾਗੋ ਪਾਮ ਦੇ ਬੂਟੇ ਦੀ ਤਰ੍ਹਾਂ ਮੇਰੇ ਗੁਣ ਅਤੇ ਮੇਰਾ ਜ਼ਹਿਰ, ਦੋਵੇਂ ਮੇਰੇ ਨਾਲ ਹਨ। ਵੈਸੇ ਮੇਰਾ ਮੰਨਣਾ ਹੈ ਕਿ ਹਰ ਚੰਗੇ ਅਤੇ ਗੁਣੀ ਇਨਸਾਨ ਨੂੰ ਥੋੜ੍ਹਾ ਜ਼ਹਿਰੀਲਾ ਹੋਣਾ ਹੀ ਚਾਹੀਦਾ ਹੈ, ਨਹੀਂ ਤਾਂ ਰਾਹ ਚੱਲਦੇ ਲੋਕ ਤੁਹਾਡੀ ਇੱਜ਼ਤ ਨੂੰ ਤਾਰ-ਤਾਰ ਕਰ ਦਿੰਦੇ ਹਨ। ਖ਼ੈਰ! ਗੱਲ ਕਰ ਰਹੇ ਸੀ ‘ਜੀਵਾ’ ਦੀ। ਹਾਂ ਜੀ, ਇਸ ਦੀ ਜਿਊਂਦਾ ਰਹਿਣ ਦੀ ਪ੍ਰਬਲ ਇੱਛਾ ਕਾਰਨ ਮੈਂ ਇਸ ਦਾ ਨਾਮ ‘ਜੀਵਾ’ ਰੱਖਿਆ ਹੈ।

ਅੱਜ ਸਵੇਰੇ ਆਪਣੇ ਬਗੀਚੇ ਨੂੰ ਪਾਣੀ ਦੇਣ ਤੋਂ ਬਾਅਦ ਜੀਵੇ ਕੋਲੋਂ ਲੰਘਿਆ। ਆਵਾਜ਼ ਆਈ “ਸੋਹਣਾ ਲੱਗ ਰਿਹਾ ਹਾਂ ਨਾ?” ਮਹਿਸੂਸ ਕੀਤਾ ਤਾਂ ਪਤਾ ਲੱਗਾ ਕਿ ਪਾਣੀ ਨਾਲ ਨਹਾਉਣ ਤੋਂ ਬਾਅਦ ਜੀਵਾ ਜੀ ਆਪਣੀ ਸੁੰਦਰਤਾ ਉੱਤੇ ਨਾਜ਼ ਕਰਦੇ ਹੋਏ ਮੈਨੂੰ ਮੁਖਾਤਬ ਹੋ ਰਹੇ ਹਨ। ਮੈਂ ਕਿਹਾ, “ਹਜ਼ੂਰ, ਕੀ ਕਹਿਣੇ ਤੁਹਾਡੇ! ਪਰ ਸੋਹਣੇ ਤੁਸੀਂ ਇਕੱਲੇ ਨਹੀਂ ਹੋ। ਬਗੀਚੇ ਵਿਚ ਮੌਜੂਦ ਸਾਰੇ ਹੀ ਦੋ-ਚਾਰ ਸੌ ਰੁੱਖ-ਬੂਟੇ ਸੋਹਣੇ ਹਨ!” ਅੱਗੋਂ ਜੀਵਾ ਲਗਪਗ ਆਕੜਦੇ ਹੋਏ ਨਾਰਾਜ਼ਗੀ ਭਰੇ ਲਹਿਜ਼ੇ ਵਿਚ ਬੋਲਿਆ ‘ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ।’ ਕਿੱਥੇ ਮੈਂ ਤੇ ਕਿੱਥੇ ਉਹ। ਉਨ੍ਹਾਂ ਸਾਰਿਆਂ ਨੂੰ ਤੂੰ ਜਾਂ ਤਾਂ ਖ਼ਰੀਦਿਆ ਹੈ, ਜਾਂ ਤੋਹਫ਼ੇ ਵਿਚ ਲਿਆ ਹੈ ਜਾਂ ਫਿਰ ਪੌਦੇ ਅਦਾਨ-ਪ੍ਰਦਾਨ ਕਰਨ ਦੀ ਆਪਣੀ ਨੀਤੀ ਤਹਿਤ ਪ੍ਰਾਪਤ ਕੀਤਾ ਹੈ। ਪਰ ਮੈਨੂੰ ਤੂੰ ਬਚਾਇਆ ਹੈ। ਮੈਂ ਤੇਰੀ ਕਰੁਣਾ ਅਤੇ ਪਰਉਪਕਾਰ ਦਾ ਪ੍ਰਤੀਕ ਹਾਂ।

ਜੇਕਰ ਕੋਈ ਤੇਰਾ ਬਹੁਤ ਪਿਆਰਾ ਤੇਰੇ ਕੋਲੋਂ ਮੇਰੀ ਮੰਗ ਕਰੇ ਜਾਂ ਕੋਈ ਤੈਨੂੰ ਮੇਰੀ ਮੂੰਹ ਮੰਗੀ ਕੀਮਤ ਦੇਵੇ ਤਾਂ ਵੀ ਕੀ ਤੂੰ ਮੈਨੂੰ ਤਿਆਗ ਸਕਦਾ ਹੈਂ? ਨਹੀਂ ਨਾ! ਤਾਂ ਮੈਂ ਤੇਰੇ ਬਗੀਚੇ ਵਿਚ ਸਭ ਤੋਂ ਵੱਖਰਾ ਅਤੇ ਸਭ ਤੋਂ ਸੋਹਣਾ ਹੋਇਆ ਕਿ ਨਹੀਂ? ਬਾਕੀ ਸਭ ਰੁੱਖ-ਬੂਟੇ ਹਨ, ਮੈਂ ਤੇਰਾ ਮਤਬੰਨਾ ਪੁੱਤ ਹਾਂ। ਤੇਰਾ ਮਿੱਤਰ ਹਾਂ। ਸੋ, ਉਨ੍ਹਾਂ ਨਾਲ ਮੇਰਾ ਮੁਕਾਬਲਾ ਨਾ ਕਰ।”

ਭਾਵ-ਵਿਭੋਰ ਮੁਦਰਾ ’ਚ ਜੀਵਾ ਦੀਆਂ ਲਾਜਵਾਬ ਗੱਲਾਂ ਸੁਣਨ ਤੋਂ ਬਾਅਦ ਮੈਂ ਬੋਲਿਆ, “ਜੇਕਰ ਆਗਿਆ ਹੋਵੇ ਤਾਂ ਮੈਂ ਕੁਝ ਅਰਜ਼ ਕਰਾਂ?” “ਹਾਂ ਕਰੋ” “ਜਨਾਬ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਹਾਂ। ਤੁਸੀਂ ਬਾਕੀਆਂ ਵਰਗੇ ਨਹੀਂ ਪਰ ਤੁਹਾਡੇ ਵਰਗਾ ਇਕ ਹੋਰ ਹੈ”“ਕੌਣ-ਕੌਣ?”“ਉਹ ਤੂੰ ਜਲਦੀ ਹੀ ਮੇਰੀ ਫੇਸਬੁੱਕ ਉੱਤੇ ਪੜ੍ਹ ਲਈਂ। ਤਦ ਤਕ ਨਹਾਉਂਦਾ ਰਹਿ, ਨਖਰੇ ਦਿਖਾਉਂਦਾ ਰਹਿ। ਲੁਤਫ਼ ਲੈ ਜ਼ਿੰਦਗੀ ਦਾ। ਮਿਲਦੇ ਹਾਂ...।” ਕੁਦਰਤ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ, ਕਰੁਣਾ ਜ਼ਿੰਦਾਬਾਦ, ਮਨੁੱਖਤਾ ਜ਼ਿੰਦਾਬਾਦ।

-ਅਮਨ ਅਰੋੜਾ

-ਮੋਬਾਈਲ : 81462-99331

Posted By: Jagjit Singh