ਲੰਬੀ ਹੇਕ ਦੀ ਮਲਿਕਾ ਪੰਜਾਬ ਦੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ਨਾਲ ਜਿਵੇਂ ਸਮੁੱਚੀ ਪੰਜਾਬੀਅਤ ਦੀ ਆਵਾਜ਼ ਹੀ ਖ਼ਾਮੋਸ਼ ਹੋ ਗਈ ਹੈ। ਲਗਪਗ 77 ਸਾਲ ਦੀ ਉਮਰ ’ਚ ਵਿਛੋੜਾ ਦੇ ਜਾਣ ਵਾਲੀ ਇਸ ਸੁਰ ਸਹਿਜ਼ਾਦੀ ਨੇ ਪੰਜਾਬੀ ਲੋਕ ਗਾਇਕੀ ’ਚ 48 ਸਕਿੰਟ ਦੀ ਲੰਬੀ ਹੇਕ ਲਾ ਕੇ ਸਭ ਤੋਂ ਲੰਬੀ ਹੇਕ ਦਾ ਰਿਕਾਰਡ ਆਪਣੇ ਨਾਂ ਕੀਤਾ ਸੀ। 1968 ’ਚ ਉੱਘੀ ਸੰਗੀਤਕ ਹਸਤੀ ਕਿਰਪਾਲ ਸਿੰਘ ਬਾਵਾ ਨਾਲ ਵਿਆਹ ਪਿੱਛੋਂ ਉਨ੍ਹਾਂ ਦੀ ਗਾਇਕੀ ਨੂੰ ਹੋਰ ਬੁਲੰਦੀ ਮਿਲੀ ਤੇ ਉਨ੍ਹਾਂ ਨੇ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਇਲਾਵਾ ਵਿਦੇਸ਼ ’ਚ ਵੀ ਪੰਜਾਬੀ ਗਾਇਕੀ ਦਾ ਝੰਡਾ ਬੁਲੰਦ ਕੀਤਾ। 1965 ਦੀ ਭਾਰਤ-ਪਾਕਿ ਜੰਗ ਵੇਲੇ ਜਦੋਂ ਫ਼ੌਜ ਦੇ ਮਨੋਰੰਜਨ ਲਈ ਕੋਈ ਕਲਾਕਾਰ ਨਹੀਂ ਸੀ ਤਾਂ ਭਾਰਤ ਸਰਕਾਰ ਨੇ ਦੇਸ਼ ਭਰ ’ਚੋਂ ਵੱਖ-ਵੱਖ ਕਲਾਕਾਰਾਂ ਦੀ ਚੋਣ ਕੀਤੀ ਜਿਨ੍ਹਾਂ ’ਚ ਗੁਰਮੀਤ ਬਾਵਾ ਦਾ ਨਾਂ ਪ੍ਰਮੁੱਖ ਤੌਰ ’ਤੇ ਉੱਭਰ ਕੇ ਸਾਹਮਣੇ ਆਇਆ। ਬਟਾਲਾ ਨੇੜਲੇ ਪਿੰਡ ਕੋਠੇ ਦੀ ਜੰਮਪਲ ਗੁਰਮੀਤ ਬਾਵਾ 1968 ’ਚ ਕਿਰਪਾਲ ਸਿੰਘ ਬਾਵਾ ਨਾਲ ਵਿਆਹ ਪਿੱਛੋਂ ਗੁਰੂ ਨਗਰੀ ਅੰਮ੍ਰਿਤਸਰ ਹੀ ਰਹਿ ਕੇ ਪੰਜਾਬੀ ਲੋਕ ਗਾਇਕੀ ਨਾਲ ਜੁੜੇ ਰਹੇ। ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਗਾਇਕਾ ਪੁਰਸਕਾਰ, ਰਾਸ਼ਟਰੀ ਦੇਵੀ ਅਹਿੱਲਿਆ ਪੁਰਸਕਾਰ ਤੇ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬ ਨਾਟਕ ਅਕਾਦਮੀ ਪੁਰਸਕਾਰ ਨੇ ਵੀ ਉਨ੍ਹਾਂ ਨੂੰ ਸੰਗੀਤ ਪੁਰਸਕਾਰ ਪ੍ਰਦਾਨ ਕੀਤਾ। ਸੰਖੇਪ ਬਿਮਾਰੀ ਪਿੱਛੋਂ ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਦੇ ਕਈ ਗਾਇਕ ਵਿਛੋੜਾ ਦੇ ਗਏ ਜਿਨ੍ਹਾਂ ਕਾਰਨ ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟ ਪਿਆ। ਕਈ ਗਾਇਕਾਂ ਦੀ ਮੌਤ ਤਾਂ ਆਰਥਿਕ ਤੰਗਹਾਲੀ ’ਚ ਹੋਈ। ਲੋਕ ਗਾਇਕ ਈਦੂ ਸ਼ਰੀਫ਼, ਸੂਫ਼ੀ ਗਾਇਕ ਬਰਕਤ ਸਿੱਧੂ ਤੇ ਇਨ੍ਹਾਂ ਤੋਂ ਵੀ ਪਹਿਲਾਂ ਸੂਫ਼ੀ ਗਾਇਕ ਹਾਕਮ ਸੂਫ਼ੀ ਦਾ ਨਾਂ ਇਸ ਸ਼੍ਰੇਣੀ ’ਚ ਲਿਆ ਜਾ ਸਕਦਾ ਹੈ ਜਿਨ੍ਹਾਂ ਦੀ ਜਿਊਂਦੇ ਜੀਅ ਸਮੇਂ ਦੀਆਂ ਸਰਕਾਰਾਂ ਸਾਰ ਨਾ ਲੈ ਸਕੀਆਂ ਤੇ ਬਾਅਦ ’ਚ ਇਨ੍ਹਾਂ ਦੇ ਸਿਫ਼ਤਾਂ ਦੇ ਪੁਲ਼ ਬੰਨ੍ਹੇ ਗਏ। ਸਿਰਫ਼ ਗਾਇਕ ਹੀ ਨਹੀਂ ਪੰਜਾਬ ਦੇ ਅਦਾਕਾਰ, ਗੀਤਕਾਰ ਤੇ ਸ਼ਾਇਰ ਵੀ ਸਰਕਾਰੀ ਅਣਦੇਖੀ ਤੇ ਇਲਾਜ ਨਾ ਹੋਣ ਕਾਰਨ ਰੱਬ ਨੂੰ ਪਿਆਰੇ ਹੋ ਗਏ। ਅਦਾਕਾਰ ਸਤੀਸ਼ ਕੌਲ ਆਖ਼ਰੀ ਉਮਰੇ ਬਿਗਾਨਿਆਂ ਕੋਲ ਦਿਨ ਕਟੀ ਕਰਦਾ ਤੇ ਇਲਾਜ ਲਈ ਦੁਹਾਈ ਪਾਉਂਦਾ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਿਆ। ਇਨਕਲਾਬੀ ਸ਼ਾਇਰ ਮਹਿੰਦਰ ਸਾਥੀ ਵੀ ਤੰਗਹਾਲੀ ’ਚ ਵੇਲੇ ਸਿਰ ਇਲਾਜ ਨਾ ਹੋਣ ਕਾਰਨ ਕਾਲ ਦਾ ਸ਼ਿਕਾਰ ਹੋ ਗਿਆ। ਇਹ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਹੁਣ ਇਸ ਪਾਸੇ ਧਿਆਨ ਦੇ ਰਹੀ ਹੈ। ਪਿਛਲੇ ਦਿਨੀਂ ਬਾਲੀਵੁੱਡ ਦੇ ਸਥਾਪਿਤ ਗਾਇਕ ਤੇ ਅੰਮ੍ਰਿਤਸਰ ਦੇ ਜੰਮਪਲ ਗਾਇਕ ਸੁਖਵਿੰਦਰ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਸੁਖਵਿੰਦਰ ਬੱਬਲੂ ਦੇ ਨਾਂ ਨਾਲ ਵੀ ਜਾਣਦੇ ਹਨ, ਨੂੰ ਸਰਕਾਰ ਨੇ ਰਾਜ ਗਾਇਕ ਦਾ ਦਰਜਾ ਦੇ ਕੇ ਸਨਮਾਨਿਤ ਕੀਤਾ ਹੈ। ਸਮਰੱਥ ਸ਼ਾਇਰ ਸੁਰਜੀਤ ਪਾਤਰ ਨੂੰ ਵੀ ਕੈਬਨਿਟ ਰੈਂਕ ਦਾ ਦਰਜਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਸੂਬਾ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ ਪਰ ਸਰਕਾਰ ਨੂੰ ਤੰਗਹਾਲੀ ’ਚ ਜੀਵਨ ਬਤੀਤ ਕਰ ਰਹੇ ਪੰਜਾਬੀ ਗਾਇਕਾਂ, ਅਦਾਕਾਰਾਂ, ਸ਼ਾਇਰਾਂ ਤੇ ਲੇਖਕਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਅਜਿਹੀ ਨੀਤੀ ਬਣਾਈ ਜਾਵੇ ਜਿਸ ਨਾਲ ਪੰਜਾਬੀ ਦੀ ਸੇਵਾ ਕਰਨ ਵਾਲਿਆਂ ਦੀ ਜਿਊਂਦੇ ਜੀਅ ਹੀ ਸਾਰ ਲਈ ਜਾ ਸਕੇ। ਉਨ੍ਹਾਂ ਨੂੰ ਗੁਜ਼ਾਰਾ ਕਰਨ ਲਈ ਪੈਨਸ਼ਨ ਦੀ ਸਹੂਲਤ ਦਿੱਤੀ ਜਾਵੇ ਤਾਂ ਜੋ ਆਖ਼ਰੀ ਉਮਰੇ ਮਾਂ ਬੋਲੀ ਦੇ ਸੇਵਾਦਾਰਾਂ ਨੂੰ ਇਹ ਝੋਰਾ ਨਾ ਰਹੇ ਕਿ ਜਿਸ ਪੰਜਾਬ ਦੀ ਉਹ ਗੱਲ ਸਾਰੀ ਉਮਰ ਕਰਦੇ ਰਹੇ, ਉਸ ਪੰਜਾਬ ਦੀ ਸਰਕਾਰ ਜਾਂ ਬਸ਼ਿੰਦਿਆਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ।

Posted By: Jatinder Singh