ਲੋਹੜੀ ਦਾ ਤਿਉਹਾਰ ਭਾਈਚਾਰਕ ਸਾਂਝ, ਸੱਭਿਆਚਾਰਕ ਕਦਰਾਂ-ਕੀਮਤਾਂ, ਇੱਕਜੁੱਟਤਾ ਅਤੇ ਪਿਆਰ ਦਾ ਸੁਨੇਹਾ ਦਿੰਦਾ ਹੈ। ਲੋਹੜੀ ਉੱਤਰੀ ਭਾਰਤ ਖ਼ਾਸ ਤੌਰ 'ਤੇ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ। ਇਹ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਨੂੰ ਮਨਾਇਆ ਜਾਂਦਾ ਹੈ। ਪੋਹ ਮਹੀਨੇ ਦਾ ਪਿਛਲਾ ਅੱਧ ਸਰਦ ਰੁੱਤ ਦੀ ਸਿਖ਼ਰ ਹੁੰਦਾ ਹੈ। ਇਨ੍ਹਾਂ ਦਿਨਾਂ ਵਿਚ ਹੱਡ ਚੀਰਵੀਂ ਠੰਢ, ਘਾਹ ਉੱਤੇ ਜੰਮਿਆ ਕੱਕਰ-ਕੋਹਰਾ, ਠੰਢੀਆਂ ਸੁੰਨ ਰਾਤਾਂ, ਧੁੰਦ ਅਤੇ ਸੀਤ ਲਹਿਰ ਅਸਹਿ ਪ੍ਰਤੀਤ ਹੋਣ ਲੱਗਦੀਆਂ ਹਨ। ਅੱਤ ਦੀ ਠੰਢ ਤੋਂ ਬਚਣ ਲਈ ਮਨੁੱਖ ਢੇਰਾਂ ਦੇ ਢੇਰ ਬਾਲਣ ਇਕੱਤਰ ਕਰ ਕੇ ਅੱਗ ਸੇਕਣ ਲਈ ਧੂਣੀਆਂ ਬਾਲ ਕੇ ਸਰਦੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਸੀ। ਪੋਹ ਦੀ ਠੰਢ ਤੋਂ ਬਚਣ ਲਈ ਕੀਤੇ ਜਾਂਦੇ ਤਰੱਦਦ ਦਾ ਬਦਲਿਆ ਰੂਪ ਹੀ ਅੱਜਕੱਲ੍ਹ ਦੀ ਲੋਹੜੀ ਦਾ ਤਿਉਹਾਰ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ। ਇਸ ਲਈ ਮਾਘ ਮਹੀਨੇ ਦੀ ਨਵੀਂ ਸਵੇਰ ਨੂੰ ਮਕਰ ਸੰਕਰਾਂਤੀ ਮਨਾਈ ਜਾਂਦੀ ਹੈ। ਲੋਹੜੀ ਸ਼ਬਦ ਤਿਲ ਅਤੇ ਰੋੜੀ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਜੋ ਪਹਿਲਾਂ ਤਿਲੋੜੀ ਅਤੇ ਫਿਰ ਸਮੇਂ ਦੇ ਨਾਲ-ਨਾਲ ਸਰਲ ਹੋ ਕੇ ਲੋਹੜੀ ਕਹਾਉਣ ਲੱਗ ਪਿਆ। ਕੁਝ ਲੋਕ ਲੋਹੜੀ ਨੂੰ ਸੰਤ ਕਬੀਰ ਦੀ ਪਤਨੀ ਲੋਈ ਨਾਲ ਜੋੜਦੇ ਹਨ ਅਤੇ ਮੰਨਦੇ ਹਨ ਕਿ ਉਸੇ ਦੇ ਨਾਮ ਤੋਂ ਲੋਹੜੀ ਦਾ ਨਾਂ ਪਿਆ ਹੈ। ਕੁਝ ਲੋਕ ਮੰਨਦੇ ਹਨ ਕਿ ਲੋਹੜੀ ਦਾ ਸ਼ਬਦ ਲੋਹ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਰੌਸ਼ਨੀ ਅਤੇ ਅੱਗ ਦਾ ਸੇਕ। ਖ਼ੁਸ਼ੀਆਂ ਅਤੇ ਸ਼ਗਨਾਂ ਦਾ ਇਹ ਤਿਉਹਾਰ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੀ ਪ੍ਰਫੁੱਲਤਾ ਦਾ ਵੀ ਪ੍ਰਤੀਕ ਹੈ।

ਲੋਹੜੀ ਨਾਲ ਪੰਜਾਬੀਆਂ ਦੀਆਂ ਕਈ ਰਸਮਾਂ ਜੁੜੀਆਂ ਹੋਈਆਂ ਹਨ। ਸਾਡੇ ਸੱਭਿਆਚਾਰ ਵਿਚ ਲੋਹੜੀ ਦਾ ਤਿਉਹਾਰ ਨਵ-ਜਨਮੇ ਜਾਂ ਨਵ-ਵਿਆਹੇ ਪੁੱਤਰ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ। ਪੰਜਾਬ ਵਾਸੀਆਂ ਵੱਲੋਂ ਮਾਘ ਮਹੀਨੇ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਪੂਰੇ ਢੋਲ-ਢਮੱਕਿਆਂ ਤੇ ਪੁਰਾਤਨ ਰਸਮਾਂ ਮੁਤਾਬਕ ਮਨਾਇਆ ਜਾਂਦਾ ਹੈ। ਲੋਕਾਂ ਵੱਲੋਂ ਰਲ-ਮਿਲ ਕੇ ਲੱਕੜਾਂ ਅਤੇ ਪਾਥੀਆਂ ਨੂੰ ਇਕੱਠਾ ਕਰ ਕੇ ਅਗਨੀ ਦਾ ਧੂਣਾ ਲਗਾਇਆ ਜਾਂਦਾ ਹੈ। ਫਿਰ ਅਰਦਾਸ ਕਰਨ ਉਪਰੰਤ ਅੱਗ ਵਿਚ ਤਿਲ ਸੁੱਟ ਕੇ 'ਈਸ਼ਰ ਆ ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ' ਬੋਲਿਆ ਜਾਂਦਾ ਹੈ। ਪਹਿਲਾਂ ਲੋਕਾਂ ਵੱਲੋਂ ਸਾਂਝੀ ਥਾਂ ਲੋਹੜੀ ਬਾਲੀ ਜਾਂਦੀ ਸੀ ਪਰ ਹੁਣ ਭਾਈਚਾਰਕ ਸਾਂਝ ਦੀ ਕਮੀ ਹੋਣ ਕਾਰਨ ਆਪੋ-ਆਪਣੇ ਘਰ ਜਾਂ ਬੂਹੇ ਅੱਗੇ ਅੱਗ ਦੀ ਧੂਣੀ ਲਗਾ ਕੇ ਲੋਹੜੀ ਮਨਾਈ ਜਾਂਦੀ ਹੈ। ਲੋਹੜੀ ਦੀ ਅੱਗ ਦੁਆਲੇ ਇਕੱਤਰ ਹੋਏ ਸਾਰੇ ਲੋਕ ਇਕ-ਦੂਜੇ ਨੂੰ ਮੁੰਗਫਲੀਆਂ, ਗੱਚਕ, ਰਿਉੜੀਆਂ ਆਦਿ ਵੰਡ ਕੇ ਖਾਂਦੇ ਹਨ। ਪਹਿਲਾਂ ਲੋਕ ਬੋਲੀਆਂ ਪਾ ਕੇ ਲੋਹੜੀ ਦਾ ਭਰਪੂਰ ਆਨੰਦ ਮਾਣਦੇ ਸਨ ਪਰ ਹੁਣ ਡੀਜੇ ਆਦਿ ਲਾ ਕੇ ਨੱਚਣ ਨੂੰ ਪਹਿਲ ਦਿੰਦੇ ਹਨ ਅਤੇ ਕੰਨ-ਪਾੜੂ ਆਵਾਜ਼ਾਂ ਨਾਲ ਪ੍ਰਦੂਸ਼ਣ ਫੈਲਾਉਂਦੇ ਹਨ। ਲੋਹੜੀ ਦੀ ਸੱਭਿਆਚਾਰਕ ਤੇ ਇਤਿਹਾਸਕ ਮਹੱਤਤਾ ਹੈ।

ਲੋਹੜੀ ਦਾ ਸਬੰਧ ਸਾਂਦਲਬਾਰ ਦੇ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ ਜੋ ਅਕਬਰ ਦੇ ਸ਼ਾਸਨਕਾਲ ਦੌਰਾਨ ਇਕ ਬਾਗ਼ੀ ਸੀ। ਉਹ ਅਮੀਰ ਲੋਕਾਂ ਤੋਂ ਮਾਲ ਲੁੱਟ ਕੇ ਗ਼ਰੀਬ ਲੋਕਾਂ ਵਿਚ ਵੰਡ ਦਿੰਦਾ ਸੀ। ਦੁੱਲਾ ਜ਼ਾਲਮਾਂ, ਬੇਈਮਾਨਾਂ ਅਤੇ ਧੋਖੇਬਾਜ਼ਾਂ ਲਈ ਬਾਗ਼ੀ ਸੀ ਪਰ ਦੀਨ-ਦੁਖੀਆਂ ਲਈ ਫਰਿਸ਼ਤਾ ਸੀ। ਸੁੰਦਰੀ-ਮੁੰਦਰੀ ਇਕ ਗ਼ਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ। ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਇਨ੍ਹਾਂ ਨੂੰ ਜਬਰਦਸਤੀ ਚੁੱਕਣ ਦੀ ਧਾਰ ਲਈ। ਬ੍ਰਾਹਮਣ ਨੂੰ ਇਸ ਦਾ ਪਤਾ ਲੱਗਣ 'ਤੇ ਉਸ ਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿਚ ਦੁੱਲੇ ਨਾਲ ਸੰਪਰਕ ਕੀਤਾ। ਦੁੱਲਾ ਭੱਟੀ ਨੇ ਸੁੰਦਰੀ ਅਤੇ ਮੁੰਦਰੀ ਦੇ ਵਿਆਹ ਦੀ ਜ਼ਿੰਮੇਵਾਰੀ ਲੈ ਲਈ। ਪਿੰਡ ਤੋਂ ਬਾਹਰ ਜੰਗਲ ਵਿਚ ਹਾਕਮ ਤੋਂ ਡਰਦਿਆਂ ਰਾਤ ਸਮੇਂ ਹੀ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰੀ-ਮੁੰਦਰੀ ਦੇ ਵਿਆਹ 'ਤੇ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿਚ ਦਾਨ ਦਿੱਤਾ। ਦੁੱਲੇ ਨੇ ਕੰਨਿਆ ਦਾਨ ਦੇ ਰੂਪ ਵਿਚ ਸ਼ੱਕਰ ਕੁੜੀਆਂ ਦੀ ਝੋਲੀ ਪਾਈ। ਇੰਜ ਉਨ੍ਹਾਂ ਕੁੜੀਆਂ ਦਾ ਡੋਲਾ ਤੁਰਿਆ। ਇਸੇ ਲਈ ਦੁੱਲਾ ਭੱਟੀ ਲੋਕ ਗੀਤਾਂ ਵਿਚ ਨਾਇਕ ਬਣ ਕੇ ਅਮਰ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ਼ ਪੈ ਗਿਆ। ਹਰ ਲੋਹੜੀ ਦੇ ਦਿਨ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ ਜਿਵੇਂ ਕਿ 'ਸੁੰਦਰ ਮੁੰਦਰੀਏ-ਹੋ! ਤੇਰਾ ਕੌਣ ਵਿਚਾਰਾ- ਹੋ! ਦੁੱਲਾ ਭੱਟੀ ਵਾਲਾ- ਹੋ! ਦੁੱਲੇ ਧੀ ਵਿਆਹੀ-ਹੋ! ਸੇਰ ਸ਼ੱਕਰ ਪਾਈ- ਹੋ!' ਪੁਰਾਣੇ ਸਮਿਆਂ ਵਿਚ ਲੋਹੜੀ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਹੀ ਸ਼ਾਮ ਪੈਂਦੇ ਮੁਹੱਲਿਆਂ ਵਿਚ ਬੱਚੇ ਟੋਲੀਆਂ ਬੰਨ੍ਹ ਕੇ ਘਰ-ਘਰ ਜਾ ਕੇ ਲੋਹੜੀ ਮੰਗਣੀ ਸ਼ੁਰੂ ਕਰ ਦਿੰਦੇ ਸਨ। ਘਰ ਵਾਲਿਆਂ ਵੱਲੋਂ ਮੂੰਗਫ਼ਲੀ, ਰਿਉੜੀਆਂ, ਚਿੜਵੇ, ਗੁੜ, ਗੱਚਕ, ਪਾਥੀਆਂ ਆਦਿ ਲੋਹੜੀ ਮੰਗਣ ਵਾਲਿਆਂ ਦੇ ਝੋਲਿਆਂ ਵਿਚ ਪਾਏ ਜਾਂਦੇ ਸਨ। ਪੈਸੇ ਵੀ ਦਿੱਤੇ ਜਾਂਦੇ ਸਨ ਪਰ ਅੱਜਕੱਲ੍ਹ ਲੋਹੜੀ ਮੰਗਣ ਦਾ ਰੁਝਾਨ ਬਹੁਤ ਘਟ ਗਿਆ ਹੈ। ਲੋਹੜੀ ਦੇ ਗੀਤ ਕਿਸੇ ਗੀਤਕਾਰ ਨੇ ਨਹੀਂ ਲਿਖੇ ਸਗੋਂ ਇਹ ਸਾਦੇ ਜਿਹੇ ਟੱਪੇ ਪੀੜ੍ਹੀ-ਦਰ-ਪੀੜ੍ਹੀ ਬਗ਼ੈਰ ਕਿਸੇ ਵੱਡੇ ਉਪਰਾਲੇ ਦੇ ਯਾਦ ਭੰਡਾਰ ਵਿਚ ਜਮ੍ਹਾਂ ਹੁੰਦੇ ਰਹਿੰਦੇ ਹਨ। ਲੋਹੜੀ ਮੰਗਣ ਵਾਲੇ ਪੁੱਤਰ ਹੋਣ ਦੀ ਅਸੀਸ ਦਿੰਦੇ ਸਨ। ਪੁੱਤਰ ਹੋਣ ਦੀ ਲੋਹੜੀ ਪਾਈ ਜਾਂਦੀ ਸੀ ਪਰ ਪਰ ਅੱਜ ਦੇ ਕੰਪਿਊਟਰ ਤੇ ਸੰਤਾਨ ਸੰਜਮ ਦੇ ਯੁੱਗ ਵਿਚ ਕੇਵਲ ਸੁਸ਼ੀਲ ਸੰਤਾਨ ਦੀ ਹੀ ਅਸੀਸ ਦੇਣੀ ਬਣਦੀ ਹੈ ਚਾਹੇ ਲੜਕਾ ਹੋਵੇ ਜਾਂ ਲੜਕੀ। ਹੁਣ ਤਾਂ ਧੀਆਂ ਦੀ ਲੋਹੜੀ ਵੀ ਪਾਈ ਜਾਂਦੀ ਹੈ। ਲੋਹੜੀ ਦੇ ਪਵਿੱਤਰ ਅਵਸਰ 'ਤੇ ਸਭ ਨੂੰ ਭਰੂਣ ਹੱਤਿਆ ਵਰਗੇ ਬੱਜਰ ਗੁਨਾਹਾਂ ਤੋਂ ਤੋਬਾ ਕਰਨੀ ਹੋਵੇਗੀ। ਧੀ-ਪੁੱਤ ਵਿਚ ਕੋਈ ਫ਼ਰਕ ਨਹੀਂ ਰੱਖਣਾ ਚਾਹੀਦਾ। ਧੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਅਤੇ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਰਹੀਆਂ ਹਨ। ਲੋਹੜੀ ਸਾਡੇ ਸੱਭਿਆਚਾਰ ਦਾ ਇਕ ਅਟੁੱਟ ਅੰਗ ਹੈ। ਪਹਿਲਾਂ ਘਰੇ ਚਾਵਾਂ ਨਾਲ ਬਣਾਈਆਂ ਅਲਸੀ, ਚੌਲਾਂ ਅਤੇ ਖੋਏ ਦੀਆਂ ਪਿੰਨੀਆਂ, ਗਜਰੇਲਾ, ਮੱਕੀ, ਜਵਾਰ, ਤਿਲਾਂ ਦੇ ਪਿੰਨੇ ਅਤੇ ਖੀਰ ਆਦਿ ਵਿਚ ਦਿਖਾਵਾ ਨਹੀਂ ਸਗੋਂ ਰੀਝ, ਨਿੱਘ ਤੇ ਪਿਆਰ ਪ੍ਰਧਾਨ ਹੁੰਦਾ ਸੀ ਪਰ ਹੁਣ ਹੋਰ ਤਿਉਹਾਰਾਂ ਵਾਂਗ ਲੋਹੜੀ ਦਾ ਵੀ ਵਪਾਰੀਕਰਨ ਹੋ ਗਿਆ ਹੈ। ਆਉ! ਲੋਹੜੀ ਨੂੰ ਸਾਦੇ ਤੇ ਰਵਾਇਤੀ ਰੂਪ ਵਿਚ ਮਨਾ ਕੇ ਇਸ ਦੀ ਪਵਿੱਤਰਤਾ ਅਤੇ ਹੋਂਦ ਨੂੰ ਕਾਇਮ ਰੱਖੀਏ।

ਪ੍ਰੋ. ਜਸਪ੍ਰੀਤ ਕੌਰ

94178-31583

Posted By: Sarabjeet Kaur