ਦੇਸ਼ 'ਚ ਲਾਕਡਾਊਨ 4.0 'ਚ ਛੋਟਾਂ ਮਿਲਣ ਤੋਂ ਬਾਅਦ ਲੋਕਾਂ ਨੇ ਜੋ ਲਾਪਰਵਾਹੀ ਦਿਖਾਈ ਹੈ ਉਹ ਆਉਣ ਵਾਲੇ ਦਿਨਾਂ ਲਈ ਖ਼ਤਰੇ ਦੀ ਘੰਟੀ ਹੈ। ਦੇਸ਼ ਭਰ 'ਚ ਦੁਕਾਨਾਂ ਖੁੱਲ੍ਹਣ ਤੋਂ ਬਾਅਦ ਬਹੁਤ ਜਗ੍ਹਾ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਲਾਕਡਾਊਨ 31 ਮਈ ਤਕ ਵਧਾ ਦਿੱਤਾ ਹੈ। ਦੁਕਾਨਾਂ ਖੁੱਲ੍ਹ ਗਈਆਂ ਹਨ ਅਤੇ ਬੱਸਾਂ-ਟੈਕਸੀਆਂ ਤੇ ਹੋਰ ਯਾਤਰੀ ਵਾਹਨਾਂ ਨੂੰ ਕੰਟੇਨਮੈਂਟ ਜ਼ੋਨ ਦੇ ਬਾਹਰ ਚਲਾਉਣ ਦੀ ਛੋਟ ਹੈ। ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਰਕਾਰ ਨੇ ਕਰਫ਼ਿਊ ਇਸ ਲਈ ਹਟਾਇਆ ਹੈ ਕਿਉਂਕਿ ਅਰਥਚਾਰੇ ਨੂੰ ਨੁਕਸਾਨ ਹੋ ਰਿਹਾ ਸੀ। ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਕੋਰੋਨਾ ਬਿਮਾਰੀ ਦਾ ਖ਼ਤਰਾ ਹੁਣ ਟਲ ਗਿਆ ਹੈ। ਜਿਸ ਤਰ੍ਹਾਂ ਪੰਜਾਬ 'ਚ ਲੋਕਾਂ ਨੇ ਸੋਮਵਾਰ ਨੂੰ ਬੇਸਬਰੀ ਵਿਖਾਈ ਹੈ ਉਹ ਬੇਲੋੜੀ ਸੀ। ਕੇਂਦਰ ਸਰਕਾਰ ਵੱਲੋਂ ਧਾਰਮਿਕ ਅਸਥਾਨ ਖੋਲ੍ਹਣ 'ਤੇ ਰੋਕ ਹੈ ਪਰ ਸੋਮਵਾਰ ਨੂੰ ਅੰਮ੍ਰਿਤਸਰ 'ਚ ਵੱਡੀ ਗਿਣਤੀ 'ਚ ਲੋਕ ਮੰਦਰ 'ਚ ਪਹੁੰਚ ਗਏ ਅਤੇ ਕਮੇਟੀ ਵੱਲੋਂ ਮੰਦਰ ਖੋਲ੍ਹ ਦਿੱਤਾ ਗਿਆ। ਲੋਕਾਂ ਤੇ ਮੰਦਰ ਕਮੇਟੀ ਦੀ ਇਹ ਲਾਪਰਵਾਹੀ ਵੱਡਾ ਨੁਕਸਾਨ ਕਰ ਸਕਦੀ ਹੈ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਿਸ ਤਰੀਕੇ ਨਾਲ ਲੋਕ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰ ਰਹੇ ਹਨ ਉਸ ਨਾਲ ਬਿਮਾਰੀ ਦੇ ਫੈਲਣ ਦਾ ਖ਼ਤਰਾ ਵੱਧ ਗਿਆ ਹੈ। ਲਾਕਡਾਊਨ ਤੇ ਕਰਫ਼ਿਊ ਕਾਰਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਘੱਟ ਹੈ। ਅੰਕੜੇ ਦੱਸਦੇ ਹਨ ਕਿ ਦੇਸ਼ 'ਚ ਜੇ 25 ਮਾਰਚ ਨੂੰ ਲਾਕਡਾਊਨ ਨਾ ਹੁੰਦਾ ਤਾਂ ਕੋਰੋਨਾ ਦੀ ਰਫ਼ਤਾਰ ਹੋਰ ਤੇਜ਼ ਹੋਣੀ ਸੀ। ਲਾਕਡਾਊਨ ਤੋਂ ਠੀਕ ਪਹਿਲਾਂ ਇਨਫੈਕਸ਼ਨ ਦੇ ਕੇਸ ਹਰ 4 ਦਿਨ ਬਾਅਦ ਦੁੱਗਣੇ ਹੋ ਰਹੇ ਸਨ। ਪੱਚੀ ਮਾਰਚ ਤੋਂ 18 ਮਈ ਤਕ ਜੇ ਲਾਕਡਾਊਨ ਨਾ ਹੁੰਦਾ ਤਾਂ 16 ਮਈ ਤਕ ਮਰੀਜ਼ਾਂ ਦੀ ਗਿਣਤੀ 50 ਲੱਖ ਦੇ ਨੇੜੇ ਹੋਣੀ ਸੀ। ਅਜੇ ਵੀ ਬਿਨਾਂ ਕਾਰਨ ਘਰੋਂ ਨਹੀਂ ਨਿਕਲਣਾ ਚਾਹੀਦਾ ਅਤੇ ਜੇ ਨਿਕਲਣਾ ਪੈਂਦਾ ਹੈ ਤਾਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਮਾਸਕ ਜ਼ਰੂਰ ਲਗਾਉਣਾ ਚਾਹੀਦਾ ਹੈ। ਕਈ ਦੇਸ਼ਾਂ 'ਚ ਲੋਕਾਂ ਨੇ ਲਾਕਡਾਊਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਉਹ ਇਸ ਨੂੰ ਛੁੱਟੀਆਂ ਦੀ ਤਰ੍ਹਾਂ ਸਮਝ ਕੇ ਪਰਿਵਾਰਾਂ ਨਾਲ ਘੁੰਮਣ ਚਲੇ ਗਏ ਅਤੇ ਬਿਮਾਰੀ ਘਰ ਲੈ ਕੇ ਆ ਗਏ। ਅਜਿਹਾ ਇਟਲੀ ਤੇ ਸਪੇਨ ਦੋਵਾਂ ਦੇਸ਼ਾਂ 'ਚ ਹੋਇਆ। ਅਮਰੀਕਾ ਨੇ ਪਹਿਲਾਂ ਤਾਂ ਕੋਰੋਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਦੋਂ ਬਿਮਾਰੀ ਫੈਲ ਗਈ ਤਾਂ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ। ਉੱਥੇ ਹਾਲੇ ਵੀ ਮੌਤਾਂ ਦਾ ਸਿਲਸਿਲਾ ਰੁਕਿਆ ਨਹੀਂ ਹੈ। ਜਰਮਨੀ 'ਚ ਲਾਕਡਾਊਨ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਦਾ ਲੋਕ ਵਿਰੋਧ ਕਰ ਰਹੇ ਹਨ। ਪੋਲੈਂਡ 'ਚ ਕਾਰੋਬਾਰੀ ਸਰਗਰਮੀਆਂ 'ਚ ਛੋਟ ਦੀ ਮੰਗ ਨੂੰ ਲੈ ਕੇ ਸੜਕ 'ਤੇ ਉਤਰੇ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦਾ ਇਸਤੇਮਾਲ ਕਰਨਾ ਪਿਆ। ਇਹ ਸਰਾਸਰ ਲਾਪਰਵਾਹੀ ਹੈ ਜਿਸ ਕਾਰਨ ਇਨ੍ਹਾਂ ਦੇਸ਼ਾਂ 'ਚ ਬਿਮਾਰੀ ਫੈਲੀ। ਇਸ ਲਈ ਸਾਨੂੰ ਉਹ ਗ਼ਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਦੂਜੇ ਮੁਲਕਾਂ ਨੇ ਕੀਤੀਆਂ ਸਨ ਜਾਂ ਕਰ ਰਹੇ ਹਨ। ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹੇ 'ਜਾਨ ਵੀ ਅਤੇ ਜਹਾਨ ਵੀ' ਉੱਤੇ ਅਮਲ ਕਰਨਾ ਚਾਹੀਦਾ ਹੈ। ਸਾਨੂੰ ਪਤਾ ਹੈ ਕਿ ਅਰਥਚਾਰੇ ਦੀ ਬੇਹਤਰੀ ਲਈ ਕਾਰੋਬਾਰਾਂ ਦਾ ਚੱਲਣਾ ਬਹੁਤ ਜ਼ਰੂਰੀ ਹੈ ਅਤੇ ਇਹ ਵੀ ਪਤਾ ਹੈ ਕਿ ਕੋਰੋਨਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਫਿਰ ਕਿਉਂ ਨਾ ਨਿਯਮਾਂ ਦੀ ਪਾਲਣਾ ਕਰ ਕੇ ਖ਼ੁਦ ਸੁਰੱਖਿਅਤ ਰਿਹਾ ਜਾਵੇ ਅਤੇ ਹੋਰਾਂ ਨੂੰ ਵੀ ਸੁਰੱਖਿਅਤ ਰੱਖਿਆ ਜਾਵੇ।

Posted By: Jagjit Singh