ਡਾ. ਅਰਵਿੰਦਰ ਸਿੰਘ

ਜਿਸ ਤਰ੍ਹਾਂ ਕਿਸੇ ਰੋਗ ਦੇ ਦੂਰ ਹੋਣ ਦੇ ਇਮਕਾਨ ਬਹੁਤ ਹੱਦ ਤਕ ਇਸ ਗੱਲ 'ਤੇ ਮੁਨੱਸਰ ਕਰਦੇ ਹਨ ਕਿ ਰੋਗੀ ਦਾ ਇਲਾਜ ਕਿਸ ਉਪਚਾਰ ਵਿਧੀ ਨਾਲ ਕੀਤਾ ਜਾ ਰਿਹਾ ਹੈ, ਠੀਕ ਉਸੇ ਤਰ੍ਹਾਂ ਸਾਡੇ ਵਿਚਾਰ, ਕਿਰਿਆਵਾਂ ਤੇ ਪ੍ਰਤੀਕਿਰਿਆਵਾਂ ਵੀ ਇਸ 'ਤੇ ਨਿਰਭਰ ਕਰਦੀਆਂ ਹਨ ਕਿ ਸੱਚ ਦੀ ਭਾਲ ਅਤੇ ਗਿਆਨ ਹਾਸਲ ਕਰਨ ਲਈ ਅਸੀਂ ਕਿਹੜੀਆਂ ਅਧਿਐਨ ਵਿਧੀਆਂ ਜਾਂ ਗਿਆਨ ਪ੍ਰੰਪਰਾਵਾਂ ਤੋਂ ਸੇਧ ਲੈ ਰਹੇ ਹੁੰਦੇ ਹਾਂ। ਇਹ ਇਕ ਸਥਾਪਤ ਸੱਚ ਹੈ ਕਿ ਜ਼ਰੂਰੀ ਨਹੀਂ ਸਾਰੇ ਰਸਤੇ ਤੁਹਾਨੂੰ ਇੱਕੋ ਮੰਜ਼ਿਲ ਵੱਲ ਲੈ ਕੇ ਜਾਣ। ਤੁਹਾਡੀ ਰਸਤਿਆਂ ਦੀ ਚੋਣ ਵੀ ਬਹੁਤ ਹੱਦ ਤਕ ਇਹ ਫ਼ੈਸਲਾ ਕਰਦੀ ਹੈ ਕਿ ਤੁਸੀਂ ਆਪਣੇ ਪੂਰਬ ਨਿਰਧਾਰਤ ਮਨੋਰਥ ਤਹਿਤ ਮਨਚਾਹੀ ਮੰਜ਼ਿਲ ਨੂੰ ਹਾਸਲ ਕਰ ਸਕੋਗੇ ਕਿ ਨਹੀਂ?

ਮਨੁੱਖ ਜਦੋਂ ਇਕਪਾਸੜ ਸੋਚ ਅਪਣਾਉਂਦਾ ਹੋਇਆ ਸਮਾਜਿਕ, ਸੱਭਿਆਚਾਰਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਵਰਤਾਰਿਆਂ, ਸਿਧਾਤਾਂ, ਲੋਕਾਂ ਦੇ ਅਮਲਾਂ ਅਤੇ ਉਨ੍ਹਾਂ ਦੇ ਵਿਵਹਾਰਾਂ ਨੂੰ ਤੰਗਦਿਲ ਅਤੇ ਸੌੜੇ ਨਜ਼ਰੀਏ ਦੇ ਨਾਲ-ਨਾਲ ਖੰਡਾਂ, ਭਾਗਾਂ ਤੇ ਸ਼੍ਰੇਣੀਆਂ ਵਿਚ ਵੰਡ ਕੇ ਦੇਖਣਾ ਆਰੰਭ ਕਰਦਾ ਹੈ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹ ਸਮੁੱਚੇ ਬ੍ਰਹਿਮੰਡ ਦੇ ਰਹੱਸ ਨੂੰ ਇਕ ਕਿਣਕੇ 'ਚੋਂ ਦੇਖਣਾ ਚਾਹੁੰਦਾ ਹੋਵੇ ਜਾਂ ਸਮੁੱਚੇ ਸਾਗਰ ਦੀ ਗਹਿਰਾਈ ਨੂੰ ਪਾਣੀ ਦੇ ਇਕ ਕਤਰੇ 'ਚੋਂ ਮਾਪਣ ਦਾ ਯਤਨ ਕਰ ਰਿਹਾ ਹੋਵੇ। ਸਮੁੱਚਤਾ ਨਾਲੋਂ ਟੁੱਟ ਕੇ ਜਦੋਂ ਅਸੀਂ ਵਸਤਾਂ, ਵਿਅਕਤੀਆਂ, ਵਿਵਹਾਰਾਂ ਅਤੇ ਵਰਤਾਰਿਆਂ ਨੂੰ ਖੰਡਾਂ ਵਿਚ ਵੰਡ ਕੇ ਦੇਖਣਾ ਆਰੰਭ ਕਰਦੇ ਹਾਂ ਤਾਂ ਅਸੀਂ ਕਿਤੇ ਨਾ ਕਿਤੇ ਅੰਦਰੋ-ਅੰਦਰ ਸੰਕਰੀਨਤਾ ਦਾ ਸ਼ਿਕਾਰ ਹੁੰਦੇ ਹੋਏ ਕਿਸੇ ਇਕ ਪੱਖ, ਗੁੱਟ, ਸਮੂਹ, ਧਿਰ ਜਾਂ ਧੜੇ ਦੇ ਹੱਕ ਵਿਚ ਹਮਾਇਤੀ ਅਤੇ ਦੂਜੇ ਪੱਖ, ਧਿਰ ਜਾਂ ਸਮੂਹ ਦਾ ਵਿਰੋਧ ਜਾਂ ਖੰਡਨ ਕਰਦੇ ਹੋਏ ਇਕ ਕੱਟੜ ਵਿਰੋਧੀ ਜਾਂ ਆਲੋਚਕ ਦਾ ਰੂਪ ਧਾਰਨ ਕਰ ਲੈਂਦੇ ਹਾਂ।

ਆਪਣੇ ਆਸ-ਪਾਸ ਦੇ ਵਿਅਕਤੀਆਂ, ਸਮੂਹਾਂ, ਵਰਤਾਰਿਆਂ, ਵਸਤਾਂ ਤੱਥਾਂ ਆਦਿ ਨੂੰ ਜਦੋਂ ਅਸੀਂ ਆਪਣੀਆਂ ਪਹਿਲਾਂ ਤੋਂ ਨਿਰਧਾਰਤ ਪਰਿਕਲਪਨਾਵਾਂ ਦੀ ਕਸੌਟੀ 'ਤੇ ਪਰਖਣ ਦਾ ਯਤਨ ਕਰਦੇ ਹਾਂ ਅਤੇ ਜਦੋਂ ਸੀਮਤ ਸੋਚ ਦੇ ਦਾਇਰਿਆਂ ਵਿਚ ਰਹਿ ਕੇ ਨਿਰਪੱਖ ਜਾਂ ਵਿਸ਼ਾਲ ਨੁਕਤਾ-ਨਿਗਾਹ ਅਪਣਾਏ ਬਿਨਾਂ ਅਸੀਂ ਕਿਸੇ ਉਲਾਰ ਵਿਚ ਬਿਨਾਂ ਸੋਚੇ-ਸਮਝੇ ਸੱਚ ਅਤੇ ਹਕੀਕਤ ਤੋਂ ਦੂਰ ਜਾ ਕੇ ਕੁਝ ਮਨਚਾਹੇ ਨਤੀਜੇ ਕੱਢਦੇ ਹਾਂ ਤਾਂ ਪਲਕ ਝਪਕਦਿਆਂ ਹੀ ਸਾਨੂੰ ਇਸ ਗੱਲ ਦਾ ਅਹਿਸਾਸ ਤਕ ਨਹੀਂ ਰਹਿੰਦਾ ਕਿ ਵਿਚਾਰਾਂ, ਅਮਲਾਂ ਅਤੇ ਸਿਧਾਂਤਾਂ ਦੀ ਵਿਭਿੰਨਤਾ ਦਾ ਤ੍ਰਿਸਕਾਰ ਕਰਨਾ ਆਪਹੁਦਰੇਪਣ ਦਾ ਪ੍ਰਤੀਕ ਹੁੰਦਾ ਹੈ ਜੋ ਕਿ ਕੁਦਰਤ ਦੇ ਨਿਯਮਾਂ ਦੇ ਅਨੁਕੂਲ ਨਹੀਂ ਹੁੰਦਾ ਹੈ। ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਪਰਬਤਾਂ ਦੀਆਂ ਟੀਸੀਆਂ 'ਤੇ ਜਦੋਂ ਗਲੇਸ਼ੀਅਰ ਪਿਘਲ ਕੇ ਜਾਂ ਬਾਰਿਸ਼ਾਂ ਦਾ ਪਾਣੀ ਅਨੇਕਾਂ ਚਸ਼ਮਿਆਂ, ਨਦੀਆਂ, ਦਰਿਆਵਾਂ ਅਤੇ ਜਲਧਾਰਾਵਾਂ 'ਚੋਂ ਗੁਜ਼ਰਦੇ ਹੋਏ ਸਮੁੰਦਰ ਵਿਚ ਮਿਲਦਾ ਹੈ ਤਾਂ ਸਾਗਰ ਉਨ੍ਹਾਂ ਸਾਰੀਆਂ ਜਲਧਾਰਾਵਾਂ ਦੇ ਪਾਣੀ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ। ਇਹੀ ਸਾਗਰ ਦੀ ਮਹਾਨਤਾ, ਵਿਲੱਖਣਤਾ ਤੇ ਪਛਾਣ ਬਣਦੀ ਹੈ। ਇਨਸਾਨ ਨੂੰ ਵੀ ਆਪਣਾ ਨੁਕਤਾ-ਨਜ਼ਰ ਵਿਸ਼ਾਲ ਬਣਾਉਣ ਦੀ ਲੋੜ ਹੁੰਦੀ ਹੈ।

ਤੰਗਦਿਲੀ ਅਤੇ ਸੌੜੀ ਸੋਚ ਇਕ ਵਿਅਕਤੀ ਨੂੰ ਦੂਜੇ ਤੋਂ ਭਾਵਨਾਤਮਕ ਅਤੇ ਵਿਚਾਰਾਤਾਮਕ ਪੱਧਰ 'ਤੇ ਕੋਹਾਂ ਦੂਰ ਕਰ ਦਿੰਦੀ ਹੈ। ਅੱਜ ਅਸੀਂ ਆਪਣੇ ਮੁਲਕ ਵਿਚ ਇਸ ਤ੍ਰਾਸਦੀ ਦਾ ਸ਼ਿਕਾਰ ਹਾਂ ਕਿ ਅਸੀਂ ਨਾ ਆਪਣੀ ਆਜ਼ਾਦ ਸੋਚ ਰੱਖਦੇ ਹਾਂ, ਨਾ ਹੀ ਕਿਸੇ ਦੂਜੇ ਮਨੁੱਖ ਦੀ ਵਿਅਕਤੀਗਤ ਸੋਚ ਜਾਂ ਰਾਇ ਨੂੰ ਬਰਦਾਸ਼ਤ ਕਰਦੇ ਹਾਂ। ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਮਨੁੱਖੀ ਏਕਤਾ, ਸਦਭਾਵਨਾ, ਅਮਨ ਅਤੇ ਸ਼ਾਂਤਮਈ ਸਹਿਹੋਂਦ ਦੇ ਆਦਰਸ਼ਾਂ ਨੂੰ ਤਦ ਹੀ ਅਮਲੀਜਾਮਾ ਪਹਿਨਾਇਆ ਜਾ ਸਕਦਾ ਹੈ ਜਦੋਂ ਸਮਾਜਿਕ-ਸੱਭਿਆਚਾਰਕ ਤੇ ਧਾਰਮਿਕ ਵਖਰੇਵਿਆਂ ਨੂੰ ਸਮਝਣ ਲਈ ਵਿਚਾਰਾਤਾਮਕ ਵਿਭਿੰਨਤਾਵਾਂ ਅਤੇ 'ਵਿਰੋਧ' ਦਾ ਵੀ ਸਤਿਕਾਰ ਕਰਨ ਦੀ ਕਲਾ ਸਿੱਖਾਂਗੇ। ਤਕਰਾਰ ਸੰਵਾਦ ਦਾ ਰਾਹ ਬੰਦ ਕਰਦਾ ਹੈ ਜਦਕਿ ਸੰਵਾਦ ਅਮਨ ਦਾ ਪੈਗ਼ਾਮ ਦਿੰਦਾ ਹੋਇਆ ਮਨੁੱਖ ਨੂੰ ਸਹਿਣਸ਼ੀਲਤਾ ਅਤੇ ਇਕ-ਦੂਜੇ ਦੇ ਵਿਚਾਰਾਂ ਨੂੰ ਸਮਝਣ ਲਈ ਆਸਾਨੀ ਪੈਦਾ ਕਰਦਾ ਹੈ। ਸੋਚ ਦੇ ਤੰਗ ਦਾਇਰਿਆਂ ਵਿਚ ਰਹਿ ਕੇ ਅਸੀਂ ਇਕ-ਦੂਜੇ ਦੇ ਕਰੀਬ ਆਉਣ ਦੇ ਸਾਰੇ ਰਸਤਿਆਂ ਨੂੰ ਆਪਣੇ ਹੱਥੀਂ ਆਪ ਹੀ ਬੰਦ ਕਰਨ ਦੇ ਨਾਲ-ਨਾਲ ਖ਼ੁਦ ਨੂੰ ਅਤੇ ਦੂਜਿਆਂ ਨੂੰ ਸ਼੍ਰੇਣੀਆਂ, ਭਾਗਾਂ, ਖੰਡਾਂ, ਧਿਰਾਂ ਤੇ ਧੜਿਆਂ ਵਿਚ ਵੰਡ ਕੇ ਇਕ-ਦੂਜੇ ਨੂੰ ਨੀਵਾਂ ਦਿਖਾਉਣ, ਗ਼ਲਤ ਸਿੱਧ ਕਰਨ ਜਾਂ ਹਰ ਸਥਿਤੀ ਵਿਚ ਆਪਣੇ 'ਮਤ ਤੇ ਮਤੀ' ਨੂੰ ਸਹੀ ਸਾਬਤ ਕਰਨ ਦੀ ਅੰਨ੍ਹੀ ਦੌੜ ਵਿਚ ਸ਼ਾਮਲ ਹੋ ਕੇ ਇਕ ਹੁੱਲੜਬਾਜ਼ ਹਜ਼ੂਮ ਦੀ ਫ਼ਿਤਰਤ ਦੇ ਧਾਰਨੀ ਬਣ ਜਾਂਦੇ ਹਾਂ। ਦੂਜਿਆਂ ਦੀਆਂ ਪਰੰਪਰਾਵਾਂ, ਰਵਾਇਤਾਂ, ਮਜ਼ਹਬਾਂ, ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਨੂੰ ਨਿੰਦਣ ਅਤੇ ਨਕਾਰਨ ਦੀ ਬਜਾਏ ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਜਦੋਂ ਤਕ ਅਸੀਂ ਆਪਣੇ ਤੋਂ ਅਲੱਗ ਕਿਸੇ ਦੂਸਰੇ ਮਨੁੱਖ ਦੀ ਆਜ਼ਾਦ ਹਸਤੀ ਅਤੇ ਉਸ ਦੇ ਸੋਚਣ-ਸਮਝਣ ਦੇ ਨਜ਼ਰੀਏ, ਰਹਿਣ-ਸਹਿਣ ਦੇ ਵੱਖੋ-ਵੱਖਰੇ ਤੌਰ-ਤਰੀਕੇ ਅਤੇ ਸੰਸਕਾਰ ਆਦਿ ਨੂੰ ਆਪਣੇ ਦਿਲੋਂ ਸਵੀਕਾਰ ਨਹੀਂ ਕਰਾਂਗੇ ਤਦ ਤਕ ਅਸੀਂ ਆਪੋ-ਆਪਣਾ ਰਾਗ ਅਲਾਪਦੇ ਹੋਏ ਇਕ ਛੱਤ ਥੱਲੇ ਰਹਿੰਦੇ ਅਤੇ ਇਕ-ਦੂਜੇ ਦੇ ਹਮਸਾਏ ਹੁੰਦੇ ਹੋਏ ਵੀ ਇਕ-ਦੂਸਰੇ ਦੇ ਦਰਮਿਆਨ ਫਾਸਲਿਆਂ ਨੂੰ ਇਸ ਹੱਦ ਤਕ ਵਧਾਉਂਦੇ ਰਹਾਂਗੇ ਕਿ ਇਕ-ਦੂਜੇ ਨਾਲ ਰਹਿਣਾ

ਮੁਹਾਲ ਹੋ ਜਾਵੇਗਾ।

ਸਾਨੂੰ ਇਹ ਸਮਝਣ ਅਤੇ ਵਿਚਾਰਨ ਦੀ ਵੀ ਜ਼ਰੂਰਤ ਹੈ ਕਿ ਜੇ ਕੋਈ ਸਾਡੇ ਤੋਂ ਵੱਖ ਦਿਸਦਾ ਹੈ ਜਾਂ ਕਿਸੇ ਦੇ ਸਾਡੇ ਤੋਂ ਵੱਖ ਵਿਚਾਰ ਹਨ ਤਾਂ ਇਸ ਤਰ੍ਹਾਂ ਦੇ ਵਖਰੇਵਿਆਂ ਦੇ ਹੋਣ ਦਾ ਅਰਥ ਇਹ ਨਹੀਂ ਹੁੰਦਾ ਕਿ ਦੂਸਰਾ ਮਨੁੱਖ ਜਾਂ ਕੋਈ ਸਮੂਹ ਸਾਡਾ ਵਿਰੋਧੀ ਹੈ। ਵਿਚਾਰਾਤਾਮਕ, ਧਾਰਮਿਕ ਅਤੇ ਸਮਾਜਿਕ-ਸੱਭਿਆਚਾਰਕ ਭਿੰਨਤਾਵਾਂ ਦੀ ਮੌਜੂਦਗੀ ਨੂੰ ਵੀ ਆਪਣੇ ਲਈ ਖ਼ਤਰਾ ਸਮਝਣਾ ਸਾਡੀ ਮਾਨਸਿਕ ਸੰਕਰੀਨਤਾ ਨੂੰ ਹੀ ਪ੍ਰਗਟਾਉਂਦਾ ਹੈ। 'ਜੀਉ ਤੇ ਜਿਉਣ ਦਿਉ' ਇਕ ਸਰਵ ਪ੍ਰਵਾਨਤ ਜੀਵਨ-ਜਾਚ ਹੈ ਪਰ ਇਹ ਵੀ ਇੱਕ ਸੱਚਾਈ ਹੈ ਕਿ ਇਸ ਜੀਵਨ-ਜਾਚ ਨੂੰ ਵੀ ਤਦ ਹੀ ਅਪਣਾਇਆ ਜਾ ਸਕਦਾ ਹੈ ਜਦੋਂ ਅਸੀਂ ਇਕ-ਦੂਜੇ ਨੂੰ ਖਿੜੇ ਮੱਥੇ ਮਾਨਸਿਕ ਤੌਰ 'ਤੇ ਪ੍ਰਵਾਨ ਕਰੀਏ। 'ਜੀਓ ਅਤੇ ਜਿਊਣ ਦਿਉ' ਦੇ ਆਦਰਸ਼ ਨੂੰ ਅਮਲ ਵਿਚ ਲਿਆਉਣ ਖ਼ਾਤਰ ਸਮਾਜਿਕ, ਸੱਭਿਆਚਾਰਕ ਤੇ ਧਾਰਮਿਕ ਭਿੰਨਤਾਵਾਂ ਪ੍ਰਤੀ ਉਦਾਰ ਤੇ ਵਿਸ਼ਾਲ ਨਜ਼ਰੀਆ ਅਪਣਾਏ ਬਿਨਾਂ ਧਾਰਮਿਕ ਸਹਿਣਸ਼ੀਲਤਾ, ਮਨੁੱਖੀ ਏਕਤਾ, ਸਮਾਜਿਕ ਸਦਭਾਵਨਾ ਅਤੇ ਸ਼ਾਂਤੀ ਦਾ ਉਦੇਸ਼ ਕਦੇ ਵੀ ਹਾਸਲ ਨਹੀਂ ਕੀਤਾ ਜਾ ਸਕਦਾ।

-(ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ)। -ਮੋਬਾਈਲ ਨੰ. : 94630-62603

Posted By: Jagjit Singh