-ਗੋਵਰਧਨ ਗੱਬੀ

ਸਾਡੀ ਅਦਾਕਾਰ ਧੀ ਵਾਮਿਕਾ ਗੱਬੀ ਬਠਿੰਡਾ ਨੇੜੇ ਪੈਂਦੇ ਇਕ ਪਿੰਡ ਵਿਚ ਆਪਣੀ ਨਵੀਂ ਪੰਜਾਬੀ ਫ਼ਿਲਮ ‘ਕਿੱਕਲੀ’ ਦੀ ਸ਼ੂਟਿੰਗ ਕਰ ਰਹੀ ਸੀ। ਬੀਤੇ ਸਾਲ ਦੇ ਦਸੰਬਰ ਮਹੀਨੇ ਦੀ ਪੰਜ ਤਰੀਕ ਨੂੰ ਮੈਂ ਤੇ ਮੇਰੀ ਪਤਨੀ ਰਾਜ ਕੁਮਾਰੀ ਆਪਣੇ ਦਸਤੂਰ ਦੇ ਅਨੁਸਾਰ ਉਸ ਨੂੰ ਫ਼ਿਲਮ ਦੇ ਸੈੱਟ ਉੱਪਰ ਮਿਲਣ ਗਏ ਸਾਂ।

ਛੇ ਦਸੰਬਰ ਨੂੰ ਵਾਪਸੀ ਵੇਲੇ ਫ਼ਿਲਮ ਦੀ ਦੂਸਰੀ ਮੁੱਖ ਅਦਾਕਾਰਾ, ਪਟਕਥਾ ਲੇਖਿਕਾ ਤੇ ਸਹਿ-ਨਿਰਮਾਤਾ ਮੈਂਡੀ ਤੱਖੜ ਨੇ ਮੈਨੂੰ ਡਾਕਟਰ ਦਾ ਨਿੱਕਾ ਜਿਹਾ ਕਿਰਦਾਰ ਨਿਭਾਉਣ ਵਾਸਤੇ ਕਿਹਾ ਸੀ। ਮੈਂ ਅਸਲ ਜ਼ਿੰਦਗੀ ਵਿਚ ਡਾਕਟਰ ਬਣਨਾ ਚਾਹੁੰਦਾ ਸੀ ਪਰ ਬਣ ਨਹੀਂ ਸਕਿਆ ਸੀ।

ਸੋ ਮੈਂ ਡਾਕਟਰ ਦਾ ਕਿਰਦਾਰ ਨਿਭਾਉਣ ਵਾਸਤੇ ਇਕਦਮ ਹਾਮੀ ਭਰ ਦਿੱਤੀ ਸੀ। ਉਸ ਦਿਨ ਸਾਡੀ ‘ਵਿਆਹ ਵਰ੍ਹੇਗੰਢ’ ਵੀ ਸੀ। ਮੈਂਡੀ ਨੇ ਤੋਹਫ਼ਾ ਤਾਂ ਵਧੀਆ ਦਿੱਤਾ ਸੀ ਪਰ ਮੈਨੂੰ ਹਜ਼ਮ ਨਹੀਂ ਹੋ ਰਿਹਾ ਸੀ। ਸਾਡੀ ਮਾਸੀ ਦੇ ਇਕਲੌਤੇ ਪੁੱਤਰ ਦਾ ਵਿਆਹ ਤੇਰ੍ਹਾਂ ਦਸੰਬਰ ਦਾ ਸੀ।

ਸੋ ਮੈਂ ਮੈਂਡੀ ਨੂੰ ਇਹ ਬੇਨਤੀ ਕਰ ਦਿੱਤੀ ਸੀ ਕਿ ਮੇਰੀ ਸ਼ੂਟਿੰਗ ਦਾ ਸ਼ਡਿਊਲ ਪੰਦਰਾਂ ਦਸੰਬਰ ਤੋਂ ਬਾਅਦ ਦਾ ਹੀ ਰੱਖਿਆ ਜਾਵੇ। ਅਦਾਕਾਰੀ ਦੇ ਨਵੇਂ ਤੋਹਫ਼ੇ ਦੀ ਜ਼ਿਹਨ ਵਿਚ ਟਿਕਟਿਕੀ ਲੈ ਕੇ ਮੈਂ ਵਾਪਸ ਘਰ ਆ ਗਿਆ। ਹੌਲੀ-ਹੌਲੀ ਅਦਾਕਾਰੀ ਦੀ ਟਿਕਟਿਕੀ ਨੇ ਮੈਨੂੰ ਬਹੁਤ ਬੇਚੈਨ ਕਰ ਦਿੱਤਾ।

‘ਅਦਾਕਾਰੀ ਕਰਾਂ ਜਾਂ ਨਾ’ ਦਾ ਮੇਰੇ ਮਨ ਮਸਤਕ ਵਿਚਕਾਰ ਸੀਤ ਯੁੱਧ ਛਿੜ ਗਿਆ। ਦੋ-ਤਿੰਨ ਦਿਨ ਹਰ ਰਾਤ ਨੂੰ ਸੁਪਨੇ ਵਿਚ ਵੀ ਮੈਨੂੰ ‘ਲਾਈਟਸ, ਕੈਮਰਾ ਐਂਡ ਐਕਸ਼ਨ’ ਵਰਗੀਆਂ ਆਵਾਜ਼ਾਂ ਸੁਣਾਈ ਦੇਣੀਆਂ ਸ਼ੁਰੂ ਹੋ ਗਈਆਂ।

ਕਦੇ ਅਮਿਤਾਬ ਬੱਚਨ, ਸ਼ਾਹਰੁਖ ਖ਼ਾਨ, ਆਮੀਰ ਖ਼ਾਨ, ਸਲਮਾਨ ਖ਼ਾਨ, ਓਮ ਪੁਰੀ, ਅਨੁਪਮ ਖੇਰ ਤੇ ਕਦੇ ਨਸੀਰੂਦੀਨ ਸ਼ਾਹ ਆਦਿ ਨਾਲ ਸ਼ੂਟਿੰਗ ਕਰਨ ਦੇ ਸੁਪਨੇ ਆਉਣੇ ਸ਼ੁਰੂ ਹੋ ਗਏ। ਸੁਪਨੇ ਵਿਚ ਉਹ ਸਾਰੇ ਮੈਨੂੰ ਮਿੱਠਾ-ਮਿੱਠਾ ਝਿੜਕ ਰਹੇ ਸਨ ਅਖੇ-ਅਰੇ ਗੱਬੀ ਸਾਹਿਬ! ਆਪ ਸੇ ਨਹੀਂ ਹੋਗਾ...ਆਪ ਲਿਖਨੇ- ਪੜ੍ਹਨੇ ਕਾ ਕਾਮ ਕਰੀਏ...।”

ਕਈ ਵਾਰ ਮੈਂ ਬੁੜਕ ਕੇ ਉੱਠ ਪੈਂਦਾ। ਰਾਜ ਕੁਮਾਰੀ ਦੇ ਪੁੱਛਣ ’ਤੇ ਕੋਈ ਹੋਰ ਬਹਾਨਾ ਬਣਾ ਦਿੰਦਾ। ਜਦੋਂ ਸੀਤ ਯੁੱਧ ਹੱਦੋਂ ਟੱਪ ਗਿਆ ਤਾਂ ਮੈਂ ਆਪਣੀ ਮਨੋਦਸ਼ਾ ਤੇ ਸਥਿਤੀ ਬਾਰੇ ਵਾਮਿਕਾ ਨਾਲ ਗੱਲਬਾਤ ਕੀਤੀ। ਵਾਮਿਕਾ ਨੇ ਅਦਾਕਾਰੀ ਬਾਰੇ ਆਪਣਾ ਪਹਿਲਾ ਪਾਠ ਮੋਬਾਈਲ ਫੋਨ ’ਤੇ ਰਿਕਾਰਡਡ ਸੁਨੇਹੇ ਰਾਹੀਂ ਮੈਨੂੰ ਸਿਖਾ ਦਿੱਤਾ। ਮੈਂ ਉਸ ਉੱਪਰ ਅਮਲ ਵੀ ਕਰ ਰਿਹਾ ਸੀ ਪਰ ਕਿਤੇ ਨਾ ਕਿਤੇ ਦਿਲੋ-ਦਿਮਾਗ ਵਿਚ ਘੜੀ ਦੀ ਸੂਈ ਵਾਂਗ ਟਿਕਟਿਕੀ ਲਗਾਤਾਰ ਚੱਲ ਰਹੀ ਸੀ।

“ਗੱਬੀ ਸਿਹਾਂ...ਤੂੰ ਹੋਰਾਂ ਦੁਆਰਾ ਬਣਾਈਆਂ ਫ਼ਿਲਮਾਂ ਅਤੇ ਅਦਾਕਾਰੀ ਦੀ ਸਮੀਖਿਆ ਤਾਂ ਸੌਖਿਆਂ ਕਰ ਦਿੰਨੈਂ...ਬਈ ਆਹ ਠੀਕ ਨਹੀਂ ਹੈ...ਉਹ ਢਿੱਲਾ ਹੈ...ਅਦਾਕਾਰੀ ਕਮਜ਼ੋਰ ਹੈ...ਸੰਗੀਤ ਉੱਤਮ ਨਹੀਂ ਹੈ ਪਰ ਹੁਣ ਜਦੋਂ ਤੂੰ ਆਪ ਅਦਾਕਾਰੀ ਕਰਨੀ ਹੈ ਤਾਂ ਤੂੰ ਮੌਕ ਮਾਰਨ ਨੂੰ ਫਿਰ ਰਿਹੈਂ...।” ਸੋਚਦੇ-ਸੋਚਦੇ ਪੰਦਰਾ ਦਸੰਬਰ ਦੀ ਸ਼ਾਮ ਨੂੰ ਹੀ ਫ਼ਿਲਮ ਦੇ ਸਹਾਇਕ ਨਿਰਦੇਸ਼ਕ ਦਾ ਫੋਨ ਆ ਗਿਆ ਕਿ ਸਵੇਰੇ 11 ਵਜੇ ਸੈੱਟ ਉੱਪਰ ਪਹੁੰਚਣਾ ਹੈ। ਸੋਲ੍ਹਾਂ ਦਸੰਬਰ ਨੂੰ ਸਵੇਰੇ ਸਾਢੇ ਪੰਜ ਵਜੇ ਫ਼ਿਲਮ ਵਾਲਿਆਂ ਵੱਲੋਂ ਭੇਜੀ ਕਾਰ ਘਰ ਦੇ ਗੇਟ ਸਾਹਮਣੇ ਪਹੁੰਚ ਗਈ। ਦਿਲ ਵੱਡਾ ਕਰ ਕੇ ਮਾਂ ਦਾ ਅਸ਼ੀਰਵਾਦ ਤੇ ਪਤਨੀ ਕੋਲੋਂ ਸ਼ੁਭ ਇੱਛਾਵਾਂ ਲੈ ਕੇ ਮੈਂ ਬਠਿੰਡਾ ਨੂੰ ਨਿਕਲ ਪਿਆ।

ਤਿੰਨ ਸਾਢੇ ਤਿੰਨ ਘੰਟਿਆਂ ਵਿਚ ਅਸੀਂ ਮੋਹਾਲੀ ਤੋਂ ਬਠਿੰਡਾ ਪਹੁੰਚ ਗਏ। ਇਕ ਪੰਜ ਸਤਾਰਾ ਹੋਟਲ ਵਿਚ ਮੇਰੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ। ਥੋੜ੍ਹੀ ਦੇਰ ਉੱਥੇ ਰੁਕਣ ਤੋਂ ਬਾਅਦ ਕਾਰ ਫਿਰ ਪਹੁੰਚ ਗਈ। ਮੇਰੇ ਨਾਲ ਹੀ ਪ੍ਰਸਿੱਧ ਅਦਾਕਾਰ ਮਹਾਬੀਰ ਭੁੱਲਰ ਜੀ ਵੀ ਚੱਲ ਪਏ। ਉਨ੍ਹਾਂ ਨਾਲ ਫਿਲਮਾਂ, ਸਾਹਿਤ, ਸਮਾਜ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਖ਼ੂਬ ਗੱਲਾਂ-ਬਾਤਾਂ ਹੋਈਆਂ।

ਮੈਂ ਪਹਿਲਾਂ ਵੀ ਇਕ-ਦੋ ਵਾਰ ਭੁੱਲਰ ਹੁਰਾਂ ਨੂੰ ਮਿਲ ਚੁੱਕਾ ਸਾਂ। ਮੈਂ ਉਨ੍ਹਾਂ ਨੂੰ ਆਪਣੇ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਜਾਣ ਦਾ ਡਰ ਦੱਸਿਆ ਤਾਂ ਉਨ੍ਹਾਂ ਖ਼ੂਬ ਹੱਲਾਸ਼ੇਰੀ ਦਿੱਤੀ। ਜਿਵੇਂ-ਜਿਵੇਂ ਮੈਂ ਸੈੱਟ ਦੇ ਨੇੜੇ ਪਹੁੰਚ ਰਿਹਾ ਸਾਂ, ਮੇਰੇ ਸਾਹ ਤੇ ਦਿਲ ਦੀ ਧੜਕਨ, ਦੋਨੋਂ ਤੇਜ਼ ਹੁੰਦੇ ਜਾ ਰਹੇ ਸਨ। ਟਿਕ-ਟਿਕ ਦੀ ਆਵਾਜ਼ ਵੀ ਤੇਜ਼ ਤੇ ਭਾਰੀ ਹੁੰਦੀ ਜਾ ਰਹੀ ਸੀ। ਖ਼ੈਰ, ਮੈਂ ਸੈੱਟ ਉੱਪਰ ਪਹੁੰਚ ਗਿਆ।

ਮੈਨੂੰ ਵੈਨਿਟੀ ਕਾਰ ਵਿਚ ਹੋਰ ਅਹਿਮ ਅਦਾਕਾਰਾਂ ਵਾਂਗ ਵੱਖਰਾ ਕੈਬਿਨ ਦੇ ਦਿੱਤਾ ਗਿਆ। ਜਿਸ ਦਾ ਇਕ ਕਾਰਨ ਸ਼ਾਇਦ ਮੇਰਾ ਅਦਾਕਾਰ ਹੋਣ ਦੇ ਨਾਲ -ਨਾਲ ਵਾਮਿਕਾ ਗੱਬੀ ਦਾ ਪਿਤਾ ਹੋਣਾ ਵੀ ਸ਼ਾਮਲ ਸੀ। ਸ਼ੂਟਿੰਗ ਵਾਸਤੇ ਕੁਝ ਕੱਪੜੇ ਮੈਂ ਉਨ੍ਹਾਂ ਦੇ ਕਹਿਣ ਅਨੁਸਾਰ ਘਰ ਤੋਂ ਹੀ ਲੈ ਗਿਆ ਸੀ। ਕੁਝ ਘੜੀਆਂ ਬਾਅਦ ਹੀ ਮੈਨੂੰ ਇਕ ਪੈਂਟ-ਸ਼ਰਟ ਤੇ ਡਾਕਟਰ ਵਾਲਾ ਕੋਟ ਪਾਉਣ ਵਾਸਤੇ ਕਹਿ ਦਿੱਤਾ ਗਿਆ।

“ਗੱਬੀ ਜੀ, ਅੱਜ ਦਾ ਪਹਿਲਾ ਸ਼ਾਟ ਤੁਹਾਡਾ ਹੀ ਹੈ...ਮੈਂਡੀ ਤੇ ਜੋਬਨਪ੍ਰੀਤ ਨਾਲ...।” ਸਹਾਇਕ ਨਿਰਦੇਸ਼ਕ ਦੇ ਇਹ ਬੋਲ ਸੁਣਦੇ ਸਾਰ ਹੀ ਮੈਂ ਕੁਝ ਬੌਂਦਲਿਆ ਪਰ ਜਲਦੀ ਸੰਭਲ ਗਿਆ। “ਓ ਯਾਰ, ਮੈਂ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕਰਨ ਜਾ ਰਿਹਾਂ...ਖ਼ਿਆਲ ਰੱਖਣਾ ਜ਼ਰਾ...।” ਮੈਂ ਆਖਿਆ। ਉਨ੍ਹਾਂ ਕਿਹਾ, “ਕੁਝ ਨਹੀਂ ਹੁੰਦਾ ਅੰਕਲ ਜੀ...ਤੁਸੀਂ ਕਰ ਲਓਗੇ...।”ਇਸ ਦੌਰਾਨ ਮੈਂ ਵਾਮਿਕਾ ਸਮੇਤ ਕਿਸੇ ਨੂੰ ਵੀ ਫੋਨ ਨਹੀਂ ਕੀਤਾ। ਨਿਰਦੇਸ਼ਕ ਕਵੀ ਰਾਜ, ਮੈਂਡੀ, ਜੋਬਨਪ੍ਰੀਤ ਤੇ ਕੈਮਰਾ ਨਿਰਦੇਸ਼ਕ ਨਵਨੀਤ ਮਿਸ਼ਰ ਨੂੰ ਮੈਂ ਪਿਛਲੀ ਵਾਰ ਦੀ ਫੇਰੀ ਵਿਚ ਹੀ ਦੱਸ ਚੁੱਕਾ ਸੀ ਕਿ ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕਰਨਾ ਹੈ। ਸੈੱਟ ਉੱਪਰ ਬਣੇ ਕਲੀਨਿਕ ਵਿੱਚ ਮੈਨੂੰ ਬੈਠਣ ਵਾਸਤੇ ਕਿਹਾ ਗਿਆ।

ਮੇਰੇ ਸਾਹਮਣੇ ਮੈਂਡੀ ਤੱਖੜ ਤੇ ਜੋਬਨਪ੍ਰੀਤ ਸਿੰਘ ਬੈਠ ਗਏ। ਮੇਰੇ ਸੰਵਾਦ ਬਾਰੇ ਨਿਰਦੇਸ਼ਕ ਤੇ ਹੋਰ ਮੈਂਬਰਾਂ ਨੇ ਮੈਨੂੰ ਸਮਝਾ ਦਿੱਤਾ। ਪਹਿਲਾਂ ਦੋ ਕੁ ਵਾਰ ਅਸਾਂ ਅਭਿਆਸ ਕੀਤਾ। ਉਹ ਮੈਂ ਲਗਪਗ ਸਹੀ ਨਿਭਾ ਗਿਆ। ਅਖ਼ੀਰ ਉਹ ਘੜੀ ਆ ਹੀ ਗਈ। ਜਦੋਂ ਨਿਰਦੇਸ਼ਕ ਦੀ ਆਵਾਜ਼ ਆਈ, “ਲਾਈਟਸ, ਕੈਮਰਾ ਐਂਡ ਐਕਸ਼ਨ...।”

ਇਹ ਸੁਣਦੇ ਸਾਰ ਹੀ ਮੈਂ ਕਿਰਿਆਸ਼ੀਲ ਹੋ ਗਿਆ। ਜਦੋਂ ਸ਼ਾਟ ਪੂਰਾ ਹੋਇਆ ਤਾਂ ਨਿਰਦੇਸ਼ਕ ਕਵੀ ਰਾਜ ਮੇਰੇ ਕੋਲ ਆਏ ਤੇ ਬੋਲੇ, ‘‘ਸਰ, ਤੁਸੀਂ ਤਾਂ ਕਹਿ ਰਹੇ ਸੀ ਕਿ ਕੈਮਰੇ ਦਾ ਸਾਹਮਣਾ ਪਹਿਲੀ ਵਾਰ ਕਰ ਰਹੇ ਹੋ ਪਰ ਤੁਹਾਡੀ ਅਦਾਕਾਰੀ ਦੇਖ ਕੇ ਲੱਗਦਾ ਤਾਂ ਨਹੀਂ ਹੈ ... ਵੈਰੀ ਗੁੱਡ...ਬਹੁਤ ਅੱਛੇ।” ਉਸੇ ਵੇਲੇ ਹੀ ਮੈਂਡੀ, ਜੋਬਨਪ੍ਰੀਤ ਤੇ ਨਵਨੀਤ ਨੇ ਵੀ ਨਿਰਦੇਸ਼ਕ ਦੇ ਬੋਲਾਂ ਨਾਲ ਆਪਣੀ ਸੁਰ ਮਿਲਾ ਦਿੱਤੀ। ‘ਵੈਰੀ ਗੁੱਡ’ ਸੁਣਦੇ ਹੀ ਮੇਰਾ ਡਰ ਪਤਾ ਨਹੀਂ ਕਿੱਥੇ ਫੁਰ ਹੋ ਗਿਆ।

ਫਿਰ ਉਸ ਤੋਂ ਬਾਅਦ ਤਾਂ ਪੁੱਛੋ ਨਾ, ਸਭ ਵੈਰੀ-ਗੁੱਡ, ਵੈਰੀ ਗੁੱਡ ਕਹਿਣ ਲੱਗੇ। ਅਗਲੇ ਦਿਨ ਮੇਰਾ ਸ਼ਾਟ ਮਹਾਬੀਰ ਭੁੱਲਰ ਤੇ ਗੁਰਪ੍ਰੀਤ ਭੰਗੂ ਨਾਲ ਸੀ। ਹਾਲਾਂਕਿ ਸਾਰੀ ਫਿਲਮ ਵਿਚ ਮੈਂ ਸ਼ਾਇਦ ਦੋ ਮਿੰਟ ਹੀ ਅਦਾਕਰੀ ਕਰਦਾ ਵਿਖਾਈ ਦੇਵਾਂਗਾ ਪਰ ਵਿਖਾਈ ਦੇਵਾਂਗਾ ਜ਼ਰੂਰ। ਸੋ, ਦੋਸਤੋ ਮੈਂ ਜ਼ਿੰਦਗੀ ਦੇ ਆਪਣੇ ਅਦਾਕਾਰ ਬਣਨ ਵਾਲੇ ਨਵੇਂ ਅਧਿਆਏ ਦਾ ਸਫਲ ਆਗਾਜ਼ ਕਰਨ ਵਿਚ ਅਖ਼ੀਰ ਕਾਮਯਾਬ ਹੋ ਹੀ ਗਿਆ। ਆਮੀਨ!

-ਮੋਬਾਈਲ ਨੰ. : 94171-73700

Posted By: Jagjit Singh