-ਸੁਰਜੀਤ ਬਰੈਂਪਟਨ

ਦੀਵਾ ਚਿੰਨ੍ਹ ਹੈ ਰੌਸ਼ਨੀ ਦਾ! ਦੀਵਾ ਗਿਆਨ ਦਾ ਵੀ ਪ੍ਰਤੀਕ ਹੈ। ਇੱਕੀਵੀਂ ਸਦੀ ਵਿਚ ਗਿਆਨ ਦੀ ਕੋਈ ਕਮੀ ਨਹੀਂ ਹੈ; ਗਿਆਨ ਪ੍ਰਾਪਤ ਕਰਨ ਲਈ ਅੱਜ ਇਕ ਬਟਨ ਦਬਾਓ ਤਾਂ ਦੁਨੀਆ ਭਰ ਦੀ ਜਾਣਕਾਰੀ ਤੁਹਾਡੇ ਸਾਹਮਣੇ ਕੰਪਿਊਟਰ ਦੀ ਸਕਰੀਨ 'ਤੇ ਆ ਜਾਂਦੀ ਹੈ ਪਰ ਅਫ਼ਸੋਸ! ਫਿਰ ਵੀ ਇੰਨੀ ਅਗਿਆਨਤਾ? ਜਿੰਨੇ ਅਵੇਸਲੇ ਅਸੀਂ ਅੱਜ ਹਾਂ ਓਨੇ ਸ਼ਾਇਦ ਕਦੇ ਵੀ ਨਹੀਂ ਰਹੇ! ਸਾਡੇ ਇਸ ਅਵੇਸਲੇਪਣ ਨੇ ਆਪਣੀ ਬੋਲੀ, ਆਪਣੇ ਸੱਭਿਆਚਾਰ, ਆਪਣੇ ਵਾਤਾਵਰਨ ਅਤੇ ਆਪਣੇ ਵਿਵੇਕ ਨੂੰ ਹੀ ਖ਼ਤਰੇ ਵਿਚ ਪਾ ਦਿੱਤਾ ਹੈ। ਅੱਜ ਕੁਝ ਗੱਲਾਂ ਵਿਚਾਰਨ ਦੀ ਲੋੜ ਹੈ!

ਅਸੀਂ ਤਿਉਹਾਰ ਕਿਉਂ ਮਨਾਉਂਦੇ ਹਾਂ? ਠੀਕ ਹੈ ਜੀ, ਖ਼ੁਸ਼ੀਆਂ ਸਾਂਝੀਆਂ ਕਰਨ ਲਈ। ਜ਼ਿੰਦਗੀ ਵਿਚ ਤਬਦੀਲੀ ਲਿਆਉਣ ਲਈ। ਜ਼ਿੰਦਗੀ ਦੀ ਖੜੋਤ ਵਿਚ ਉਤਸ਼ਾਹ ਭਰਨ ਲਈ ਜਾਂ ਇਸ ਦਿਨ ਅਸੀਂ ਆਪਣੇ ਧਰਮ/ਵਿਰਸੇ ਨੂੰ ਯਾਦ ਕਰਦੇ ਹਾਂ ਤੇ ਮਹਾਨ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਾਂ। ਸਾਡੀ ਜ਼ਿੰਦਗੀ ਵਿਚ ਤਿਉਹਾਰਾਂ ਦੀ ਬਹੁਤ ਮਹਤੱਤਾ ਹੈ। ਤਿਉਹਾਰ ਕਿਸੇ ਸਮਾਜ ਨੂੰ ਭੇਦ-ਭਾਵ ਭੁਲਾ ਕੇ ਰਲ-ਮਿਲ ਕੇ ਰਹਿਣ ਦਾ ਹੁਨਰ ਬਖਸ਼ਦੇ ਹਨ। ਕੀ ਇਸ ਦਿਨ ਅਸੀਂ ਆਪਣੇ ਪੁਰਖਿਆਂ ਦੀ ਮਹਾਨਤਾ ਨੂੰ ਸੱਚਮੁੱਚ ਯਾਦ ਕਰਦੇ ਹਾਂ? ਕੀ ਕਿਸੇ ਤਿਉਹਾਰ ਨੇ ਅੱਜ ਤਕ ਸਾਡੀ ਜ਼ਿੰਦਗੀ ਵਿਚ ਕੋਈ ਬਦਲਾਅ ਲਿਆਂਦਾ ਹੈ? ਅਸੀਂ ਤਿਉਹਾਰ ਕਿਵੇਂ ਮਨਾਉਂਦੇ ਹਾਂ? ਆਓ! ਪਹਿਲਾਂ ਦੁਸਹਿਰੇ ਦੀ ਹੀ ਗੱਲ ਕਰ ਲਈਏ। ਕਿਵੇਂ ਮਨਾਉਂਦੇ ਹਾਂ ਦੁਸਹਿਰਾ ਅਸੀਂ? ਕਈਆਂ ਨੇ ਰਾਵਣ ਸਾੜਿਆ ਅਤੇ ਪਟਾਕੇ ਚਲਾਏ ਜਾਂ ਉਨ੍ਹਾਂ ਵਸਤਾਂ ਦਾ ਸੇਵਨ ਕੀਤਾ ਜਿਹੜੀਆਂ ਸਾਡੀ ਸਿਹਤ ਲਈ ਹਾਨੀਕਾਰਕ ਹਨ।ਪਰ ਕੀ ਸਾਡੇ 'ਚੋਂ ਕਿਸੇ ਨੇ ਸੋਚਿਆ ਕਿ ਦੁਸਹਿਰਾ ਅਸੀਂ ਕਿਉਂ ਮਨਾਉਂਦੇ ਹਾਂ? ਆਮ ਲਿਖਿਆ-ਸੁਣਿਆ ਵੇਖਦੇ ਹਾਂ ਕਿ ਇਹ ਤਿਉਹਾਰ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਹੈ। ਭਾਵ ਕਿ ਸਾਨੂੰ ਕੁਝ ਅਜਿਹਾ ਕਰਨਾ ਚਾਹੀਦਾ ਹੈ ਕਿ ਬਦੀ ਨੂੰ ਖ਼ਤਮ ਕੀਤਾ ਜਾਵੇ। ਇਕੱਲੇ ਰਾਵਣ ਨੂੰ ਸਾੜਨ ਨਾਲ ਕੀ ਹੋਵੇਗਾ ਜੇ ਸਾਡੇ ਅੰਦਰ ਦਾ ਰਾਵਣ ਈ ਨਾ ਸੜਿਆ?

ਇਹ ਤਿਉਹਾਰ ਇਹ ਨਹੀਂ ਯਾਦ ਕਰਵਾਉਂਦਾ ਕਿ ਸਾਲ ਵਿਚ ਇਕ ਵਾਰ ਤਾਂ ਅਸੀਂ ਆਪਣੀ ਜ਼ਿੰਦਗੀ ਵਿਚ ਕੋਈ ਨੇਕੀ ਦਾ ਕੰਮ ਕਰ ਸਕਦੇ ਹਾਂ, ਕਿਸੇ ਲੋੜਵੰਦ ਦੀ ਮਦਦ ਕਰ ਸਕਦੇ ਹਾਂ ਜਾਂ ਘੱਟੋ-ਘੱਟ ਆਪਣਿਆਂ ਕੋਲ ਬੈਠ ਕੇ ਉਨ੍ਹਾਂ ਦਾ ਹਾਲ-ਚਾਲ ਹੀ ਪੁੱਛ ਸਕਦੇ ਹਾਂ। ਸੋਚੋ, ਕਦੇ ਪੁੱਛਿਆ ਆਪਣੀਆਂ ਧੀਆਂ/ਭੈਣਾਂ/ਦੋਸਤ ਕੁੜੀਆਂ ਤੋਂ ਕਿ ਉਨ੍ਹਾਂ ਨੂੰ ਕੋਈ 'ਰਾਵਣ' ਤੰਗ ਤਾਂ ਨਹੀਂ ਕਰਦਾ? ਜ਼ਮਾਨੇ ਦੇ ਨਾਲ ਸਾਡੀ ਜ਼ਿੰਦਗੀ ਵਿਚ ਕਿੰਨਾ ਕੁਝ ਬਦਲ ਗਿਆ, ਜ਼ਿੰਦਗੀ ਦੇ ਮਾਪਦੰਡ ਬਦਲ ਗਏ, ਰਿਸ਼ਤਿਆਂ ਦੇ ਮੁਹਾਂਦਰੇ ਬਦਲ ਗਏ। ਫਿਰ ਤਿਉਹਾਰਾਂ ਨੂੰ ਮਨਾਉਣ ਦੇ ਢੰਗ ਕਿਉਂ ਨਹੀਂ ਬਦਲੇ? ਕਿਉਂ ਅਸੀਂ ਅਜੇ ਤਕ ਰਾਵਣ ਨੂੰ ਸਾੜਨਾ ਨਹੀਂ ਛੱਡਿਆ? ਕੀ ਅਸੀਂ ਦੁਸਹਿਰੇ ਵਾਲੇ ਦਿਨ ਇਹ ਖੋਜਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰਾਵਣ ਕੌਣ ਸੀ? ਉਸ 'ਚ ਕੀ ਗੁਣ ਸਨ? ਉਸ ਨੂੰ ਕਿੰਨਾ ਗਿਆਨ ਸੀ? ਉਸ ਨੇ ਕੀ ਗ਼ਲਤੀ ਕੀਤੀ ਕਿ ਉਸ ਨੂੰ ਇਸ ਤਰ੍ਹਾਂ ਦੀ ਮੌਤ ਨਸੀਬ ਹੋਈ। ਅਸੀਂ ਇਹੋ ਜਿਹੀਆਂ ਗ਼ਲਤੀਆਂ ਤੋਂ ਕਿਵੇਂ ਦੂਰ ਰਹੀਏ?

ਅੱਜ ਅਣਗਿਣਤ ਕੁੜੀਆਂ ਮਰਦਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। ਦਰਿੰਦੇ ਔਰਤਾਂ 'ਤੇ ਤੇਜ਼ਾਬ ਸੁੱਟਦੇ ਹਨ ਅਤੇ ਉਨ੍ਹਾਂ ਦੀ ਬੇਪਤੀ ਕਰਦੇ ਨੇ। ਕੀ ਬਦੀ ਨੂੰ ਰੋਕ ਸਕੇ ਅਸੀਂ? ਸਾਡੇ ਸਾਰਿਆਂ ਦੇ ਹੱਥਾਂ 'ਚ ਹਰ ਵੇਲੇ ਮਹਿੰਗੇ ਸੈੱਲਫੋਨ ਹੁੰਦੇ ਹਨ। ਅਸੀਂ ਕਿਤੇ ਵੀ ਜਾਂਦੇ ਹਾਂ ਤਾਂ ਉੱਥੇ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਹਾਂ। ਕੋਈ ਪ੍ਰੋਗਰਾਮ ਵੇਖਣ ਜਾਂਦੇ ਹਾਂ ਤਾਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਹਾਂ। ਆਲੇ-ਦੁਆਲੇ ਦੇ ਬੰਦੇ ਵੀ ਪਰੇਸ਼ਾਨ ਹੁੰਦੇ ਹਨ। ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਵੀ ਫੋਨ ਨਾਲ ਜੁੜੇ ਰਹਿੰਦੇ ਹਾਂ। ਉਨ੍ਹਾਂ ਨਾਲ ਚੰਗੀ ਤਰ੍ਹਾਂ ਕੋਈ ਵਾਰਤਾਲਾਪ ਨਹੀਂ ਹੋ ਪਾਉਂਦਾ। ਜੇ ਮੇਲਾ ਵੇਖਣ ਗਏ ਤਾਂ ਵੀਡੀਓ ਬਣਾਉਂਦੇ ਰਹੇ ਜਾਂ ਫੋਟੋਆਂ ਖਿੱਚਦੇ ਰਹੇ। ਇਸ 'ਚੋਂ ਅਸੀਂ ਕੀ ਖੱਟਿਆ? ਜਦੋਂ ਅਸੀਂ ਫੋਨ 'ਤੇ ਹੁੰਦੇ ਹਾਂ ਤਾਂ ਸਾਡਾ ਧਿਆਨ ਵੰਡਿਆ ਹੁੰਦਾ ਹੈ। ਕੁਝ ਲੋਕਾਂ ਦੀ ਸੜਕ ਪਾਰ ਕਰਦਿਆਂ ਵੀ ਨਜ਼ਰ ਫੋਨ ਦੀ ਸਕਰੀਨ 'ਤੇ ਹੁੰਦੀ ਹੈ ਅਤੇ ਇਸ ਕਾਰਨ ਬਹੁਤ ਜਾਨਾਂ ਵੀ ਜਾ ਚੁੱਕੀਆਂ ਹਨ। ਦੀਵਾਲੀ ਦਾ ਤਿਉਹਾਰ ਲੋਕਾਂ ਦੇ ਮਨਾਂ ਵਿਚ ਬਹੁਤ ਹੁੱਲਾਸ ਭਰਦਾ ਹੈ। ਹਰ ਪਾਸੇ ਦੁਕਾਨਾਂ ਮਠਿਆਈਆਂ ਨਾਲ ਭਰ ਜਾਂਦੀਆਂ ਹਨ ਪਰ ਅੱਜ ਦੇ ਇਸ ਸਮੇਂ ਵਿਚ ਜਦੋਂ ਡਾਇਬਟੀ ਵਰਗੇ ਰੋਗ ਸਾਡੇ ਸਮਾਜ ਵਿਚ ਆ ਵੜੇ ਹਨ ਸਾਨੂੰ ਮਠਿਆਈਆਂ ਦੀ ਵਰਤੋਂ ਕਰਨੀ ਕਿੰਨੀ ਕੁ ਲਾਹੇਵੰਦ ਹੈ? ਅੱਜ ਸਾਨੂੰ ਇਹ ਵੀ ਨਹੀਂ ਪਤਾ ਕਿ ਜਿਹੜੀਆਂ ਮਠਿਆਈਆਂ ਅਸੀਂ ਦੁੱਧ ਦੀਆਂ ਬਣੀਆਂ ਸਮਝ ਕੇ ਖਾ ਰਹੇ ਹਾਂ, ਉਹ ਦੁੱਧ ਕਿਹੋ ਜਿਹਾ ਸੀ?

ਸੋਸ਼ਲ ਮੀਡੀਆ ਜਿਸ ਨੂੰ ਸਮਾਜ ਨੂੰ ਸੁਧਾਰਨ ਦਾ ਕੰਮ ਕਰਨਾ ਚਾਹੀਦਾ ਹੈ, ਉੱਤੇ ਪਟਾਕਿਆਂ ਦੀ ਰੱਜ ਕੇ ਮਸ਼ਹੂਰੀ ਕੀਤੀ ਜਾਂਦੀ ਹੈ। ਹਰ ਦੁਕਾਨ ਚਾਹੇ ਉਹ ਗਰੌਸਰੀ ਦੀ ਹ,ੈ ਚਾਹੇ ਕੱਪੜਿਆਂ ਦੀ; ਉੱਥੇ ਪਟਾਕੇ ਵਿਕਣ ਲੱਗਦੇ ਹਨ। ਸਾਡੀ ਸੋਚ ਨੂੰ ਮੰਡੀ ਨੇ ਪੂਰੀ ਤਰ੍ਹਾਂ ਕਾਬੂ ਕਰ ਲਿਆ ਹੈ। ਅਸੀਂ ਪਟਾਕੇ ਚਲਾ ਕੇ ਖ਼ੁਸ਼ ਹੁੰਦੇ ਹਾਂ। ਅਸੀਂ ਆਪਣੇ ਪੈਸਿਆਂ ਨੂੰ ਅੱਗ ਲਾ ਕੇ ਖ਼ੁਸ਼ ਹੁੰਦੇ ਹਾਂ। ਅਸੀਂ ਆਪਣੇ ਆਲੇ-ਦੁਆਲੇ ਪ੍ਰਦੂਸ਼ਣ ਫੈਲਾ ਕੇ ਖ਼ੁਸ਼ ਹੁੰਦੇ ਹਾਂ। ਕਿੰਨੇ ਹਾਦਸੇ ਹੋਏ ਪਰ ਅਸੀਂ ਉਨ੍ਹਾਂ ਤੋਂ ਕੁਝ ਨਹੀਂ ਸਿੱਖਿਆ। ਸਾਡੇ ਕੈਨੇਡਾ ਵਿਚ ਇਨ੍ਹਾਂ ਪਟਾਕਿਆਂ ਨਾਲ ਲੋਕਾਂ ਦੀ ਹੱਡ-ਭੰਨਵੀਂ ਮਿਹਨਤ ਨਾਲ ਖ਼ਰੀਦੇ ਮਿਲੀਅਨ ਡਾਲਰਾਂ ਦੇ ਘਰ ਤਕ ਸੜ ਕੇ ਸੁਆਹ ਹੋ ਗਏ ਪਰ ਅਸੀਂ ਫਿਰ ਵੀ ਨਹੀਂ ਸਮਝੇ। ਇੰਡੀਆ ਵਿਚ ਤਾਂ ਦੀਵਾਲੀ ਤੋਂ ਬਾਅਦ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਕੀ ਅਸੀਂ ਕਦੇ ਸੋਚਿਆ ਕਿ ਇਸ ਪ੍ਰਦੂਸ਼ਣ ਨਾਲ ਦਮੇ ਦੀ ਬਿਮਾਰੀ ਵਾਲੇ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ? ਸਾਡੇ ਪਟਾਕਿਆਂ ਦੇ ਸ਼ੋਰ ਵਿਚ ਕਈ ਬਿਮਾਰ ਜਾਂ ਬਜ਼ੁਰਗ ਸੌਂ ਨਹੀਂ ਸਕਦੇ ਹੋਣਗੇ, ਉਨ੍ਹਾਂ ਦੇ ਹਾਲ ਬਾਰੇ ਅਸੀਂ ਕਦੇ ਸੋਚਿਆ ਹੀ ਨਹੀਂ।

ਫਿਰ ਕਿਹੜੀ ਨੇਕੀ ਅਤੇ ਕਿਹੜੀ ਬਦੀ? ਬੰਦੀ ਛੋੜ ਦਿਵਸ ਮਨਾਉਂਦੇ ਹਾਂ ਪਰ ਕੀ ਅਸੀਂ ਕਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੇਕੀ ਦੀ ਕਥਾ, ਕਿਵੇਂ ਉਨ੍ਹਾਂ ਨੇ ਆਪਣੇ ਚੋਲੇ ਨੂੰ ਬਵੰਜਾ ਕਲੀਆਂ ਲੁਆ ਕੇ ਬਵੰਜਾ ਰਾਜੇ ਜੇਲ੍ਹ ਤੋਂ ਰਿਹਾਅ ਕਰਵਾਏ ਸਨ-ਆਪਣੇ ਪਰਿਵਾਰ ਵਿਚ ਬੈਠ ਕੇ ਸਾਂਝੀ ਕਰਦੇ ਹਾਂ? ਕਦੇ ਆਪਣੇ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਗੁਰੂ ਸਾਹਿਬ ਦੇ ਦਿਖਾਏ ਰਸਤੇ 'ਤੇ ਚੱਲਣ? ਜਾਂ ਕੇਵਲ ਅਸੀਂ ਮਠਿਆਈਆਂ ਵੰਡੀਆਂ, ਕੁਝ ਅਜਿਹੀਆਂ ਵਸਤਾਂ ਦਾ ਸੇਵਨ ਕੀਤਾ ਜੋ ਮਨ ਅਤੇ ਤਨ ਦੋਹਾਂ ਲਈ ਚੰਗੀਆਂ ਨਹੀਂ ਹੁੰਦੀਆਂ, ਪਟਾਕੇ ਚਲਾਏ ਤੇ ਮੰਨ ਗਿਆ ਬੰਦੀ ਛੋੜ ਦਿਵਸ! ਨੇਕੀ ਕੀ ਅਤੇ ਬਦੀ ਕਿਹੜੀ? ਸਾਨੂੰ ਨੇਕੀ ਅਤੇ ਬਦੀ ਦੇ ਫ਼ਰਕ ਨੂੰ ਪਛਾਣਨ ਦੀ ਲੋੜ ਹੈ। ਅਸੀਂ ਧਾਰਮਿਕ ਅਸਥਾਨਾਂ 'ਤੇ ਜਾ ਕੇ ਮਣਾਂ-ਮੂੰਹੀਂ ਮਠਿਆਈ ਜਾਂ ਹੋਰ ਰਸਦ ਚੜ੍ਹਾਉਂਦੇ ਹਾਂ, ਸਰ੍ਹੋਂ ਦੇ ਤੇਲ ਦੇ ਦੀਵੇ ਬਾਲਦੇ ਹਾਂ ਪਰ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇੰਨੀ ਮਠਿਆਈ ਦਾ ਗੁਰਦੁਆਰੇ ਵਾਲੇ ਕੀ ਕਰਦੇ ਹਨ? ਸੁਣਨ ਵਿਚ ਆਇਆ ਹੈ ਕਿ ਕਈ ਅਸਥਾਨਾਂ ਨੂੰ ਇਹ ਗਾਰਬੇਜ ਕਰਨੀ ਪੈਂਦੀ ਹੈ, ਹੋਰ ਉਹ ਕਰਨ ਵੀ ਕੀ? ਇਹ ਕਿਹੜੀ ਨੇਕੀ ਹੈ? ਸਰ੍ਹੋਂ ਦਾ ਤੇਲ? ਕਹਿੰਦੇ ਇਸ ਨੂੰ ਦਾਨ ਕਰਨ ਨਾਲ ਸ਼ਨੀ ਖ਼ੁਸ਼ ਹੁੰਦਾ ਹੈ ਪਰ ਇਹ ਇੰਜ ਡੋਲ੍ਹਣ ਦੀ ਬਜਾਏ ਕਿਸੇ ਲੋੜਵੰਦ ਨੂੰ ਵੀ ਦਿੱਤਾ ਜਾ ਸਕਦਾ ਹੈ। ਜੇ ਤੁਸੀਂ ਕਦੇ ਨੋਟ ਕੀਤਾ ਹੋਵੇ ਕਿ ਫ਼ਰਸ਼ 'ਤੇ ਜਿਸ ਜਗ੍ਹਾ ਦੀਵੇ ਬਾਲ਼ਦੇ ਹਾਂ, ਉੱਥੇ ਮੋਮ ਅਤੇ ਤੇਲ ਫ਼ਰਸ਼ ਨੂੰ ਖ਼ਰਾਬ ਕਰ ਦਿੰਦੇ ਹਨ ਜੋ ਕਿ ਬੜੀ ਮੁਸ਼ਕਲ ਨਾਲ ਸਾਫ਼ ਹੁੰਦਾ ਹੋਵੇਗਾ ਅਤੇ ਇੰਨਾ ਧੂੰਆਂ ਹੁੰਦਾ ਹੈ ਕਿ ਅੱਖਾਂ 'ਚੋਂ ਪਾਣੀ ਵਗ ਤੁਰਦੈ, ਸਾਹ ਬੰਦ ਹੋਣ ਲੱਗਦੈ। ਹਾਂ ਜੀ! ਇਹ ਸਾਡੀਆਂ ਪਰੰਪਰਾਵਾਂ ਹਨ ਪਰ ਸਾਨੂੰ ਇਨ੍ਹਾਂ ਦੇ ਅਰਥ ਸਮਝਣੇ ਪੈਣਗੇ। ਗੁਰੂ ਨਾਨਕ ਸਾਹਿਬ ਨੇ ਆਰਤੀ ਦੀ ਪ੍ਰਥਾ ਨੂੰ ਵੇਖ ਕੇ ਆਰਤੀ ਉਚਾਰਨ ਕੀਤੀ ਅਤੇ ਕਿਹਾ ਕਿ ਇਕ ਥਾਲੀ ਵਿਚ ਕੁਝ ਦੀਵੇ ਬਾਲ ਕੇ ਉਸ ਇੰਨੇ ਵੱਡੇ ਪਰਮਾਤਮਾ ਦੀ ਆਰਤੀ ਕਿਵੇਂ ਕੀਤੀ ਜਾ ਸਕਦੀ ਹੈ ਜਦੋਂ ਕਿ ਸਾਰਾ ਬ੍ਰਹਿਮੰਡ ਹੀ ਉਸ ਦੀ ਆਰਤੀ ਵਿਚ ਲੀਨ ਹੈ? ਸਾਨੂੰ ਵੀ ਇਨ੍ਹਾਂ ਸਾਰੀਆਂ ਪ੍ਰਥਾਵਾਂ ਦੇ ਅਰਥ ਸਮਝ ਕੇ ਤਿਉਹਾਰਾਂ ਨੂੰ ਜਾਗਰੂਕ ਅਤੇ ਜ਼ਿੰਮੇਵਾਰ ਹੋ ਕੇ ਮਨਾਉਣਾ ਹੋਵੇਗਾ।

ਜਿਹੜਾ ਧਨ ਅਸੀਂ ਅਜਾਈਂ ਗੁਆ ਦਿੰਦੇ ਹਾਂ, ਉਸ ਨਾਲ ਅਸੀਂ ਆਪਣੇ ਤੋਂ ਘੱਟ ਸਮਰੱਥਾ ਵਾਲੇ ਲੋਕਾਂ ਲਈ ਕੁਝ ਕਰ ਸਕਦੇ ਹਾਂ। ਕਹਾਵਤ ਹੈ ਕਿ 'ਦੀਵਾ ਬਲ਼ੇ ਹਨੇਰਾ ਜਾਏ' ਅਸੀਂ ਰੌਸ਼ਨੀ ਦਿਲਾਂ ਵਿਚ ਜਗਾਉਣੀ ਹੈ, ਖ਼ੁਸ਼ੀ ਵੰਡਣੀ ਹੈ ਤਾਂ ਕਿ ਮਨੁੱਖਤਾ ਜਿਊਂਦੀ ਰਹਿ ਸਕੇ। ਦੀਵਾ ਪ੍ਰਤੀਕ ਹੈ ਗਿਆਨ ਦਾ। ਆਓ! ਸੰਵੇਦਨਸ਼ੀਲ ਬਣੀਏ। ਆਪਣੇ ਅੰਦਰ ਦੇ ਦੀਵੇ ਜਗਾਈਏ ਤੇ ਦੀਵਾਲੀਆਂ ਮਨਾਈਏ। ਭਵਿੱਖ ਵਿਚ ਜਦੋਂ ਵੀ ਤਿਉਹਾਰ ਮਨਾਈਏ ਤਾਂ ਸੂਝਬੂਝ ਨਾਲ ਇਸ ਤਰ੍ਹਾਂ ਮਨਾਈਏ ਕਿ ਸਮਾਜ ਦਾ ਭਲਾ ਹੋ ਜਾਵੇ। ਦੁਨੀਆ ਵਿਚ ਪਿਆਰ ਵਧੇ। ਇਕੱਠ ਤਾਂ ਉਂਜ ਹੀ ਬਥੇਰੇ ਹੋ ਜਾਂਦੇ ਹਨ ਪਰ ਆਪਣੇ ਤਿਉਹਾਰਾਂ ਨੂੰ ਜਾਗਰੂਕ ਹੋ ਕੇ ਮਨਾਉਣ ਦੀ ਜ਼ਰੂਰਤ ਹੈ। ਦੀਵੇ ਨਾਲ ਦੀਵਾ ਜਗਦਾ ਏ! ਰੌਸ਼ਨੀ ਲਈ ਤਾਂ ਇਕ ਦੀਪ ਹੀ ਕਾਫ਼ੀ ਹੈ। ਅਸੀਂ ਇਸ ਨੂੰ ਜਗਾਉਣ ਦੀ ਪਹਿਲ ਕਰੀਏ ਅਤੇ ਫਿਰ ਮਾਣ ਨਾਲ ਇਕ-ਦੂਜੇ ਨੂੰ ਮੁਬਾਰਕਬਾਦ ਦੇਈਏ। ਮੰਡੀ ਨੇ ਤਿਉਹਾਰਾਂ ਦੀ ਅਸਲੀ ਰੂਹ ਖ਼ਤਮ ਕਰ ਕੇ ਰੱਖ ਦਿੱਤੀ ਹੈ। ਆਓ! ਇਸ ਨੂੰ ਪੁਨਰ-ਜੀਵਿਤ ਕਰੀਏ ਅਤੇ ਤਿਉਹਾਰ ਮਨਾਏ ਜਾਣ ਦੇ ਪਿੱਛੇ ਦੇ ਮਕਸਦ ਨੂੰ ਸਮਝੀਏ।

-ਸੰਪਰਕ : +1 (416) 605-3784

Posted By: Jagjit Singh