-ਵਿਵੇਕ ਕੌਲ

ਗੱਲ 2011 ਦੀ ਹੈ। ਅਭਿਜੀਤ ਬੈਨਰਜੀ ਮੁੰਬਈ ਆਏ ਹੋਏ ਸਨ ਅਤੇ ਮੈਂ ਉਨ੍ਹਾਂ ਦੀ ਇੰਟਰਵਿਊ ਕਰਨੀ ਸੀ। ਇੰਟਰਵਿਊ ਦੌਰਾਨ ਉਨ੍ਹਾਂ ਨੇ ਮੋਰਾਕੋ ਨਾਲ ਜੁੜਿਆ ਇਕ ਦਿਲਚਸਪ ਪ੍ਰਸੰਗ ਬਿਆਨ ਕੀਤਾ। ਆਪਣੇ ਮੋਰਾਕੋ ਦੌਰੇ ਦੌਰਾਨ ਬੈਨਰਜੀ ਜਦ ਇਕ ਗ਼ਰੀਬ ਆਦਮੀ ਨੂੰ ਮਿਲੇ ਤਾਂ ਉਨ੍ਹਾਂ ਨੇ ਉਸ ਤੋਂ ਪੁੱਛਿਆ ਕਿ ਜੇ ਤੁਹਾਨੂੰ ਥੋੜ੍ਹੇ ਹੋਰ ਪੈਸੇ ਮਿਲਣ ਤਾਂ ਤੁਸੀਂ ਉਨ੍ਹਾਂ ਪੈਸਿਆਂ ਦਾ ਕੀ ਕਰੋਗੇ? ਉਸ ਆਦਮੀ ਨੇ ਕਿਹਾ ਕਿ ਉਹ ਉਨ੍ਹਾਂ ਪੈਸਿਆਂ ਨਾਲ ਭੋਜਨ ਖ਼ਰੀਦੇਗਾ। ਇਸ 'ਤੇ ਬੈਨਰਜੀ ਨੇ ਉਸ ਨੂੰ ਪੁੱਛਿਆ ਕਿ ਜੇ ਹੋਰ ਵੀ ਪੈਸਾ ਮਿਲੇ ਤਾਂ ਉਹ ਉਨ੍ਹਾਂ ਪੈਸਿਆਂ ਦਾ ਕੀ ਕਰੇਗਾ? ਆਦਮੀ ਨੇ ਫਿਰ ਜਵਾਬ ਦਿੱਤਾ ਕਿ ਉਹ ਹੋਰ ਭੋਜਨ ਖ਼ਰੀਦੇਗਾ। ਬੈਨਰਜੀ ਨੂੰ ਇਹ ਸੁਣ ਕੇ ਕਾਫ਼ੀ ਅਜੀਬ ਲੱਗਾ ਪਰ ਜਦ ਉਸ ਵਿਅਕਤੀ ਦੇ ਘਰ ਪੁੱਜੇ ਤਾਂ ਹੱਕੇ-ਬੱਕੇ ਰਹਿ ਗਏ। ਉਸ ਆਦਮੀ ਦੇ ਘਰ ਵਿਚ ਟੀਵੀ ਅਤੇ ਡੀਵੀਡੀ ਪਲੇਅਰ ਵੀ ਸੀ। ਇਹ ਦੇਖਣ ਮਗਰੋਂ ਬੈਨਰਜੀ ਨੇ ਉਸ ਨੂੰ ਕਿਹਾ ਕਿ ਜੇ ਤੁਹਾਡੇ ਕੋਲ ਖਾਣੇ ਲਈ ਢੁੱਕਵਾਂ ਆਹਾਰ ਨਹੀਂ ਤਾਂ ਫਿਰ ਟੀਵੀ ਕਿੱਦਾਂ ਹੈ? ਇਸ 'ਤੇ ਉਸ ਨੇ ਜਵਾਬ ਦਿੱਤਾ ਕਿ ਜ਼ਿੰਦਗੀ ਵਿਚ ਟੀਵੀ ਹੋਣਾ ਭੋਜਨ ਤੋਂ ਵੱਧ ਜ਼ਰੂਰੀ ਹੈ। ਬੈਨਰਜੀ ਲਈ ਇਹ ਕਾਫ਼ੀ ਹੈਰਾਨ ਕਰਨ ਵਾਲੀ ਗੱਲ ਸੀ। ਇਸ ਤਜਰਬੇ ਨਾਲ ਦੋ-ਚਾਰ ਹੋਣ ਮਗਰੋਂ ਉਨ੍ਹਾਂ ਆਪਣੀ ਐਸਥਰ ਡੁਫਲੋ ਨਾਲ ਵਿਸ਼ਵ ਦੇ ਕਈ ਦੇਸ਼ਾਂ ਵਿਚ ਭੋਜਨ ਦੇ ਅਧਿਕਾਰ 'ਤੇ ਕਈ ਤਜਰਬੇ ਕੀਤੇ। ਇਸ ਦੇ ਇਲਾਵਾ ਉਨ੍ਹਾਂ ਨੇ ਬਾਲ ਸਿੱਖਿਆ ਸੁਧਾਰ ਦੀ ਦਿਸ਼ਾ ਵਿਚ ਵੀ ਕਾਫ਼ੀ ਕੰਮ ਕੀਤਾ। ਉਨ੍ਹਾਂ ਨੂੰ ਇਨ੍ਹਾਂ ਖੇਤਰਾਂ ਵਿਚ ਕੰਮ ਲਈ ਹੀ ਮਾਈਕਲ ਕ੍ਰੈਮਰ ਨਾਲ ਅਰਥ-ਸ਼ਾਸਤਰ ਵਿਚ ਇਸ ਸਾਲ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਕਾਬਿਲੇਗ਼ੌਰ ਹੈ ਕਿ ਨੋਬਲ ਪੁਰਸਕਾਰ ਸਵੀਡਨ ਦੇ ਵਿਸ਼ਵ ਪ੍ਰਸਿੱਧ ਵਿਗਿਆਨੀ ਅਲਫਰੈਡ ਨੋਬਲ ਦੀ ਯਾਦ ਵਿਚ ਸਵੀਡਿਸ਼ ਐਂਡ ਨਾਰਵੇਜੀਅਨ ਇੰਸਟੀਚਿਊਟਸ ਦੁਆਰਾ ਵੱਖ-ਵੱਖ ਵਰਗਾਂ ਵਿਚ ਹਰ ਸਾਲ ਦਿੱਤੇ ਜਾਂਦੇ ਹਨ। ਸੰਨ 2019 ਵਿਚ ਅਭੀ ਅਹਿਮਦ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ। ਪੀਟਰ ਹੰਡੋਕੇ ਨੂੰ ਸਾਹਿਤ, ਜਿਮ ਪੀਬਲਜ਼, ਮਾਈਕਲ ਮੇਅਰ ਤੇ ਦਿਦੀਅਰ ਕਿਊਲੋਜ਼ ਨੂੰ ਫਜ਼ਿਕਸ ਵਿਚ ਨੋਬਲ ਪੁਰਸਕਾਰ ਦੇ ਕੇ ਨਿਵਾਜ਼ਿਆ ਗਿਆ ਹੈ। ਹੋਰ ਵੀ ਕਈ ਖੇਤਰਾਂ ਦੇ ਵੱਖ-ਵੱਖ ਮਾਹਿਰਾਂ ਨੂੰ ਨੋਬਲ ਪੁਰਸਕਾਰ ਦਿੱਤੇ ਗਏ ਹਨ।

ਵੈਸੇ ਜ਼ਿਆਦਾਤਰ ਅਰਥ-ਸ਼ਾਸਤਰੀ ਆਪਣੇ ਕੰਮ ਲਈ ਤਜਰਬਾ ਆਧਾਰਤ ਦ੍ਰਿਸ਼ਟੀਕੋਣ ਦੀ ਪਾਲਣਾ ਨਹੀਂ ਕਰ ਪਾਉਂਦੇ ਕਿਉਂਕਿ ਅਸਲ ਜੀਵਨ ਵਿਚ ਪ੍ਰਯੋਗ ਕਰਨਾ ਕਾਫ਼ੀ ਮੁਸ਼ਕਲ ਹੁੰਦਾ ਹੈ ਪਰ ਅਭਿਜੀਤ ਬੈਨਰਜੀ ਅਤੇ ਡੁਫਲੋ ਨਾਲ ਅਜਿਹਾ ਨਹੀਂ ਹੈ। ਅਰਥ-ਸ਼ਾਸਤਰ ਵਿਚ ਉਨ੍ਹਾਂ ਦੀਆਂ ਖੋਜਾਂ ਪ੍ਰਯੋਗਿਕ ਦ੍ਰਿਸ਼ਟੀਕੋਣ 'ਤੇ ਆਧਾਰਤ ਹਨ। ਮੋਰਾਕੋ ਵਾਲੀ ਮਿਸਾਲ ਦੇ ਆਧਾਰ 'ਤੇ ਚੀਨ ਵਿਚ ਇਕ ਤਜਰਬਾ ਕੀਤਾ ਗਿਆ। ਇਸ ਤਜਰਬੇ ਦੀ ਚਰਚਾ ਬੈਨਰਜੀ ਨੇ ਉਕਤ ਇੰਟਰਵਿਊ ਵਿਚ ਕੀਤੀ ਸੀ। ਇਸ ਮਗਰੋਂ ਸੰਨ 2014 ਵਿਚ ਮੁੰਬਈ ਵਿਚ ਹੋਏ ਇਕ ਲਿਟਰੇਚਰ ਫੈਸਟੀਵਲ ਵਿਚ ਵੀ ਉਨ੍ਹਾਂ ਇਸ ਬਾਰੇ ਕਾਫ਼ੀ ਵਿਸਥਾਰ ਨਾਲ ਦੱਸਿਆ। ਸੰਯੋਗ ਨਾਲ ਮੈਂ ਉੱਥੇ ਮੌਜੂਦ ਸੀ। ਬੈਨਰਜੀ ਨੇ ਦੱਸਿਆ ਕਿ ਅਸੀਂ ਚੀਨ ਵਿਚ ਕੁਝ ਲੋਕਾਂ ਨੂੰ ਸਸਤੇ ਚੌਲ ਖ਼ਰੀਦਣ ਲਈ ਵਾਊਚਰ ਦਿੱਤੇ। ਸਾਡਾ ਅਨੁਮਾਨ ਸੀ ਕਿ ਇਸ ਨਾਲ ਪੋਸ਼ਣ ਵਿਚ ਸੁਧਾਰ ਹੋਵੇਗਾ। ਕਿਉਂਕਿ ਇਹ ਇਕ ਪ੍ਰਯੋਗ ਦੇ ਰੂਪ ਵਿਚ ਕੀਤਾ ਗਿਆ ਸੀ, ਇਸ ਲਈ ਕੁਝ ਲੋਕਾਂ ਨੂੰ ਵਾਊਚਰ ਦਿੱਤੇ ਗਏ ਸਨ ਅਤੇ ਕੁਝ ਨੂੰ ਨਹੀਂ। ਇਸ ਪ੍ਰਯੋਗ ਦਾ ਨਤੀਜਾ ਉਮੀਦ ਤੋਂ ਬਹੁਤ ਅਲੱਗ ਨਿਕਲਿਆ। ਉਮੀਦ ਇਹ ਕੀਤੀ ਜਾ ਰਹੀ ਸੀ ਕਿ ਲੋਕਾਂ ਦਾ ਪੋਸ਼ਣ ਸੁਧਰੇਗਾ ਪਰ ਅਜਿਹਾ ਹੋਇਆ ਨਹੀਂ। ਬੈਨਰਜੀ ਨੇ ਦੱਸਿਆ, ਵਾਊਚਰ ਵਾਲੇ ਲੋਕ ਪੋਸ਼ਣ ਵਿਚ ਬਦਤਰ ਨਿਕਲੇ। ਦਰਅਸਲ, ਉਨ੍ਹਾਂ ਨੂੰ ਲੱਗਾ ਕਿ ਹੁਣ ਉਨ੍ਹਾਂ ਕੋਲ ਵਾਊਚਰ ਹੈ ਇਸ ਲਈ ਉਹ ਪਹਿਲਾਂ ਤੋਂ ਵੱਧ ਅਮੀਰ ਹਨ ਅਤੇ ਹੁਣ ਉਨ੍ਹਾਂ ਨੂੰ ਚੌਲ ਖ਼ਰੀਦਣ ਦੀ ਜ਼ਰੂਰਤ ਨਹੀਂ ਹੈ। ਉਹ ਪੋਰਕ, ਝੀਂਗਾ ਆਦਿ ਖਾ ਸਕਦੇ ਹਨ। ਉਨ੍ਹਾਂ ਨੇ ਪੋਰਕ ਅਤੇ ਝੀਂਗਾ ਖ਼ਰੀਦਿਆ ਅਤੇ ਸਿੱਟੇ ਵਜੋਂ ਉਨ੍ਹਾਂ ਦੀ ਸ਼ੁੱਧ ਕੈਲੋਰੀ ਗ੍ਰਹਿਣ ਵਿਚ ਕਮੀ ਹੋ ਗਈ। ਭਾਵੇਂ ਹੀ ਇਹ ਗੱਲ ਸੁਣਨ ਵਿਚ ਥੋੜ੍ਹੀ ਅਜੀਬ ਲੱਗੇ ਪਰ ਬੈਨਰਜੀ ਇਸ ਨੂੰ ਪੂਰੀ ਤਰ੍ਹਾਂ ਤਰਕਸੰਗਤ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲੋਕ ਆਨੰਦ ਦੀ ਉਡੀਕ ਕਰ ਰਹੇ ਸਨ। ਆਨੰਦ ਨਾ ਕੇਵਲ ਸਾਡੇ ਜਿਊਣ ਲਈ ਬਲਕਿ ਸਾਡੀ ਕਿਸਮਤ ਨੂੰ ਵੀ ਕਾਬੂ ਹੇਠ ਰੱਖਣ ਦੇ ਸਬੰਧ ਵਿਚ ਵੀ ਬਹੁਤ ਮਹੱਤਵਪੂਰਨ ਹਨ। ਜੇ ਕਿਸੇ ਨੂੰ ਲੱਗਦਾ ਹੈ ਕਿ ਉਸ ਨੂੰ ਬਾਕੀ ਜ਼ਿੰਦਗੀ ਦੱਬੂ ਬਣ ਕੇ ਗੁਜ਼ਾਰਨੀ ਹੋਵੇਗੀ ਤਾਂ ਇਸ ਦਾ ਮਤਲਬ ਹੈ ਕਿ ਉਸ ਦਾ ਜਿਊਣਾ ਬਹੁਤ ਮੁਸ਼ਕਲ ਹੋ ਗਿਆ ਹੈ। ਬੈਨਰਜੀ ਮੁਤਾਬਕ ਚੀਨ ਦੇ ਉਹ ਲੋਕ ਆਪਣੇ ਪੋਸ਼ਣ ਵਿਚ ਸੁਧਾਰ ਕਰ ਸਕਦੇ ਸਨ ਜਾਂ ਅਗਲੇ ਦਸ ਦਿਨਾਂ ਲਈ ਥੋੜ੍ਹਾ ਬਿਹਤਰ ਖਾ ਸਕਦੇ ਸਨ ਪਰ ਆਨੰਦ ਜਾਂ ਵਿਸਮਾਦ ਇਕ ਅਜਿਹੀ ਚੀਜ਼ ਹੈ ਜਿਸ ਬਾਰੇ ਅਸੀਂ ਭੁੱਲ ਜਾਂਦੇ ਹਾਂ। ਸਾਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੇ ਭੋਜਨ ਦੇ ਅਧਿਕਾਰ ਨੂੰ ਇਸੇ ਵਿਚਾਰ ਨਾਲ ਲਾਗੂ ਕੀਤਾ ਹੈ ਕਿ ਜੇ ਗ਼ਰੀਬ ਲੋਕਾਂ ਨੂੰ ਰਿਆਇਤੀ ਭੋਜਨ ਦਿੱਤਾ ਜਾਵੇਗਾ ਤਾਂ ਉਨ੍ਹਾਂ ਦੇ ਪੋਸ਼ਣ ਵਿਚ ਸੁਧਾਰ ਹੋਵੇਗਾ। ਜਦ ਖੁਰਾਕੀ ਸੁਰੱਖਿਆ ਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਤਿਆਰ ਕਰਨ ਵਾਲੇ ਜੀਵਨ ਦੇ ਆਨੰਦ ਬਾਰੇ ਨਹੀਂ ਸੋਚਦੇ। ਉਹ ਇਹ ਮੰਨ ਕੇ ਚੱਲਦੇ ਹਨ ਕਿ ਜੇ ਭੋਜਨ ਕਿਫਾਇਤੀ ਦਰਾਂ 'ਤੇ ਉਪਲਬਧ ਕਰਵਾ ਦਿੱਤਾ ਜਾਵੇਗਾ ਤਾਂ ਲੋਕ ਸੁਭਾਵਿਕ ਤੌਰ 'ਤੇ ਪੋਸ਼ਣ ਬਾਰੇ ਹੀ ਸੋਚਣਗੇ ਪਰ ਅਜਿਹਾ ਨਹੀਂ ਹੈ। ਇਹ ਇਕ ਬਹੁਤ ਹੀ ਸਰਲ ਪਰ ਡੂੰਘੀ ਗੱਲ ਹੈ ਜੋ ਕਿਸੇ ਤਜਰਬੇ ਨਾਲ ਹੀ ਬਾਹਰ ਆ ਸਕਦੀ ਸੀ। ਇਹ ਪ੍ਰਯੋਗ ਬੈਨਰਜੀ ਅਤੇ ਡੁਫਲੋ ਨੇ ਕੀਤਾ। ਅਜਿਹੇ ਹੀ ਤਜਰਬੇ ਉਨ੍ਹਾਂ ਨੇ ਵਿੱਦਿਅਕ ਸੁਧਾਰ ਦੇ ਖੇਤਰ ਵਿਚ ਵੀ ਕੀਤੇ ਅਤੇ ਇਹ ਦੇਖਿਆ ਕਿ ਭਾਰਤ ਦੇ ਸਰਕਾਰੀ ਸਕੂਲਾਂ ਵਿਚ ਵਿੱਦਿਅਕ ਸੁਧਾਰ ਦੀ ਕਾਫ਼ੀ ਜ਼ਰੂਰਤ ਹੈ। ਉੱਚੀਆਂ ਜਮਾਤਾਂ ਦੇ ਵਿਦਿਆਰਥੀ ਵੀ ਠੀਕ ਤਰ੍ਹਾਂ ਨਾਲ ਪੜ੍ਹ-ਲਿਖ ਨਹੀਂ ਸਕਦੇ ਹਨ। ਉਨ੍ਹਾਂ ਨੂੰ ਬੁਨਿਆਦੀ ਗਣਿਤ ਦੇ ਸਵਾਲ ਹੱਲ ਕਰਨ ਵਿਚ ਦਿੱਕਤ ਹੁੰਦੀ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਸਰਕਾਰੀ ਅਧਿਆਪਕਾਂ ਨਾਲ ਇਕ ਤਜਰਬਾ ਕੀਤਾ। ਬੈਨਰਜੀ ਜੋੜੇ ਨੇ ਅਧਿਆਪਕਾਂ ਨੂੰ ਕਿਹਾ ਕਿ ਛੇ ਹਫ਼ਤਿਆਂ ਤਕ ਉਹ ਸਿਰਫ਼ ਸਕੂਲੀ ਵਿਦਿਆਰਥੀਆਂ ਦੇ ਬੁਨਿਆਦੀ ਕੌਸ਼ਲ 'ਤੇ ਧਿਆਨ ਦੇਣਗੇ। ਜੇ ਉਹ ਪੜ੍ਹ ਨਹੀਂ ਸਕਦੇ ਤਾਂ ਉਨ੍ਹਾਂ ਨੂੰ ਪੜ੍ਹਨਾ ਸਿਖਾਓ। ਜੇ ਉਹ ਗਣਿਤ ਵਿਚ ਮਾਹਰ ਨਹੀਂ ਤਾਂ ਉਨ੍ਹਾਂ ਨੂੰ ਗਣਿਤ ਸਿਖਾਓ। ਇਨ੍ਹਾਂ ਅਧਿਆਪਕਾਂ ਨੂੰ ਥੋੜ੍ਹਾ ਵਜ਼ੀਫਾ ਅਤੇ ਨਾਲ ਹੀ ਕੁਝ ਦਿਨਾਂ ਦੀ ਸਿਖਲਾਈ ਵੀ ਦਿੱਤੀ ਗਈ। ਛੇ ਹਫ਼ਤਿਆਂ ਦੇ ਇਸ ਤਜਰਬੇ ਤੋਂ ਇਹ ਪਤਾ ਲੱਗਾ ਕਿ ਜੇ ਇਕ ਅਲੱਗ ਤਰੀਕੇ ਨਾਲ ਪੜ੍ਹਾਇਆ ਜਾਵੇ ਤਾਂ ਬੱਚਿਆਂ ਦਾ ਭਵਿੱਖ ਬਦਲਿਆ ਜਾ ਸਕਦਾ ਹੈ। ਇਸ ਬਾਰੇ ਬੈਨਰਜੀ ਨੇ ਸਮਝਾਇਆ ਕਿ ਅਧਿਆਪਕਾਂ ਨੂੰ ਇਕ ਅਜਿਹਾ ਕੰਮ ਕਰਨ ਲਈ ਕਿਹਾ ਗਿਆ ਸੀ ਜੋ ਅਸਲ ਵਿਚ ਉਨ੍ਹਾਂ ਨੂੰ ਸਮਝ ਆਉਂਦਾ ਹੈ। ਉਨ੍ਹਾਂ ਨੂੰ ਬੱਚਿਆਂ ਨੂੰ ਉਹ ਸਿਖਾਉਣ ਲਈ ਕਿਹਾ ਗਿਆ ਜੋ ਬੱਚੇ ਨਹੀਂ ਜਾਣਦੇ ਸਨ। ਆਮ ਤੌਰ 'ਤੇ ਅਧਿਆਪਕਾਂ ਨੂੰ ਪਾਠਕ੍ਰਮ ਪੜ੍ਹਾਉਣ ਲਈ ਕਿਹਾ ਜਾਂਦਾ ਹੈ। ਵਿੱਦਿਆ ਦਾ ਅਧਿਕਾਰ ਐਕਟ ਤਹਿਤ ਹਰ ਸਾਲ ਅਧਿਆਪਕਾਂ ਨੂੰ ਪਾਠਕ੍ਰਮ ਪੂਰਾ ਕਰਨਾ ਪੈਂਦਾ ਹੈ। ਬੱਚੇ ਕੁਝ ਸਮਝ ਰਹੇ ਹਨ ਜਾਂ ਨਹੀਂ, ਇਸ ਦੀ ਉਨ੍ਹਾਂ ਨੂੰ ਚਿੰਤਾ ਨਹੀਂ ਹੁੰਦੀ। ਜ਼ਰਾ ਚੌਥੀ ਸ਼੍ਰੇਣੀ ਵਿਚ ਪੜ੍ਹਨ ਵਾਲੇ ਉਨ੍ਹਾਂ ਬੱਚਿਆਂ ਬਾਰੇ ਸੋਚੋ ਜੋ ਪੜ੍ਹ ਨਹੀਂ ਸਕਦੇ ਪਰ ਉਹ ਸਮਾਜਿਕ ਅਧਿਐਨ ਅਤੇ ਹੋਰ ਸਭ ਚੀਜ਼ਾਂ ਸਿੱਖ ਰਹੇ ਹੁੰਦੇ ਹਨ। ਉਹ ਕਿਸੇ ਵਿਦੇਸ਼ੀ ਭਾਸ਼ਾ ਵਿਚ ਕੁਝ ਫਿਲਮਾਂ ਵੀ ਦੇਖਦੇ ਹਨ। ਬੈਨਰਜੀ ਅਨੁਸਾਰ ਦਰਅਸਲ, ਉਹ ਕੁਝ ਨਹੀਂ ਸਿੱਖ ਰਹੇ ਹੁੰਦੇ ਹਨ ਅਤੇ ਇਸੇ ਲਈ ਡਰਾਪ ਆਊਟ ਦਰ ਵੱਧ ਹੈ। ਵਿੱਦਿਆ ਦੀ ਸਮੱਸਿਆ ਦਾ ਇਕ ਸਰਲ ਹੱਲ ਹੈ। ਬੈਨਰਜੀ ਦਾ ਕਹਿਣਾ ਹੈ, ਪਹਿਲੇ ਚਾਰ ਸਾਲਾਂ ਵਿਚ ਸਾਨੂੰ ਬੁਨਿਆਦੀ ਕੌਸ਼ਲ ਸਿਖਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਦੇਸ਼ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਕੰਮ ਬਾਅਦ ਵਿਚ ਵੀ ਹੋ ਸਕਦਾ ਹੈ। ਬੈਨਰਜੀ ਮੁਤਾਬਕ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਪੂਰਨ ਚੰਗੇ ਦਾ ਦੁਸ਼ਮਣ ਦਾ ਹੈ। ਅਸੀਂ ਇਕ ਅਜਿਹੀ ਵਿੱਦਿਅਕ ਪ੍ਰਣਾਲੀ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਇਕਦਮ ਸਹੀ ਹੋਵੇ ਅਤੇ ਹਰ ਬੱਚਾ ਇਸ ਦੇ ਅੰਤ ਵਿਚ ਗਿਆਨ ਦੇ ਨਾਲ ਸਾਹਮਣੇ ਆਵੇ। ਇਸ ਕੋਸ਼ਿਸ਼ ਕਾਰਨ ਉਹ ਕੁਝ ਨਹੀਂ ਸਿੱਖ ਪਾਉਂਦੇ। ਅਜਿਹੇ ਤਜਰਬਿਆਂ ਨਾਲ ਕਾਫ਼ੀ ਲੋਕਾਂ ਦਾ ਫ਼ਾਇਦਾ ਹੋਇਆ ਹੈ। ਨੋਬਲ ਪੁਰਸਕਾਰ ਸਬੰਧੀ ਪ੍ਰੈੱਸ ਰਿਲੀਜ਼ ਵਿਚ ਕਿਹਾ ਵੀ ਗਿਆ ਹੈ ਕਿ ਮਹਿਜ਼ ਇਕ ਅਧਿਐਨ ਦੇ ਪ੍ਰਤੱਖ ਨਤੀਜੇ ਦੇ ਰੂਪ ਵਿਚ ਪੰਜਾਹ ਲੱਖ ਤੋਂ ਵੱਧ ਭਾਰਤੀ ਬੱਚਿਆਂ ਨੂੰ ਸਕੂਲਾਂ ਵਿਚ ਟਿਊਸ਼ਨ ਦੇ ਪ੍ਰਭਾਵੀ ਪ੍ਰੋਗਰਾਮਾਂ ਤੋਂ ਲਾਭ ਹੋਇਆ ਹੈ। ਇਹ ਬਹੁਤ ਵੱਡੀ ਗੱਲ ਹੈ।

-(ਲੇਖਕ ਅਰਥ-ਸ਼ਾਸਤਰੀ ਅਤੇ 'ਈਜ਼ੀ ਮਨੀ ਟ੍ਰਾਇਲਾਜੀ' ਦਾ ਲੇਖਕ ਹੈ)।

Posted By: Jagjit Singh