-ਸਿਮਰਜੀਤ ਸਿੰਮੀ

ਲਵਪ੍ਰੀਤ ਅਤੇ ਬੇਅੰਤ ਕੌਰ ਬਾਜਵਾ ਦੇ ਮਾਮਲੇ ਨੇ ਸੰਵੇਦਨਸ਼ੀਲ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਲਵਪ੍ਰੀਤ ਵੱਲੋਂ ਆਪਣੀ ਕੈਨੇਡਾ ਵਸਦੀ ਪਤਨੀ ਬੇਅੰਤ ਦੇ ਕਥਿਤ ਧੋਖੇ ਤੋਂ ਦੁਖੀ ਹੋ ਕੇ ਖ਼ੁਦੁਕੁਸ਼ੀ ਕਰਨ ਦੀ ਖ਼ਬਰ ਕਾਰਨ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਦੀ ਆਤਮਾ ਬਹੁਤ ਦੁਖੀ ਹੋਈ ਹੈ। ਵੱਡਾ ਸਵਾਲ ਇਹ ਹੈ ਕਿ ਕੀ ਖ਼ੁਦਕੁਸ਼ੀ ਕਰਨਾ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਹੱਲ ਹੈ? ਜਦ ਕਿਸੇ ਵੀ ਵਿਅਕਤੀ ’ਤੇ ਕੋਈ ਮੁਸ਼ਕਲ ਆ ਜਾਵੇ ਤਾਂ ਕੀ ਉਸ ਦਾ ਇਹੀ ਹੱਲ ਹੈ? ਨਹੀਂ ਲਵਪ੍ਰੀਤ, ਅਜਿਹਾ ਬਿਲਕੁਲ ਨਹੀਂ ਹੈ। ਕਾਸ਼! ਤੂੰ ਜ਼ਿੰਦਗੀ ਦੇ ਹੋਰ ਪਹਿਲੂਆਂ ਬਾਰੇ ਵੀ ਸੋਚਿਆ ਹੁੰਦਾ। ਤੇਰੇ ਮਾਂ-ਬਾਪ, ਤੇਰੇ ਹੋਰ ਅਜ਼ੀਜ਼ਾਂ ’ਤੇ ਕੀ ਬੀਤਦੀ ਹੋਵੇਗੀ। ਤੇਰੀ ਮਾਂ ਨੂੰ ਹੁਣ ਕੌਣ ਧਰਵਾਸ ਦੇਵੇਗਾ ਜਿਸ ਵਿਚਾਰੀ ਨੇ ਤੈਨੂੰ ਇਕ-ਇਕ ਦਿਨ ਵੇਖ ਕੇ ਲੰਘਾਇਆ ਹੋਣਾ ਹੈ। ਤੇਰਾ ਬਾਪ ਕਿੰਨਾ ਖ਼ੁਸ਼ ਹੁੰਦਾ ਹੋਣਾ ਕਿ ਹੁਣ ਮੇਰਾ ਪੁੱਤਰ ਮੇਰੇ ਮੋਢਿਆਂ ਦੇ ਬਰਾਬਰ ਹੋਣ ਲੱਗਾ ਹੈ। ਉਹ ਸੋਚਦਾ ਹੋਵੇਗਾ ਕਿ ਬੁਢਾਪੇ ਵਿਚ ਲਵਪ੍ਰੀਤ ਉਨ੍ਹਾਂ ਦੀ ਡੰਗੋਰੀ ਬਣੇਗਾ। ਤੇਰੀ ਭੈਣ ਤੇਰੇ ਬਾਰੇ ਸੋਚ-ਸੋਚ ਕੇ ਦੂਣ ਸਵਾਈ ਹੁੰਦੀ ਹੋਣੀ ਹੈ ਕਿ ‘ਪੇਕੇ ਮਾਵਾਂ ਨਾਲ ਹੀ ਨਹੀਂ, ਭਰਾਵਾਂ ਨਾਲ ਵੀ ਹੁੰਦੇ ਨੇ।

ਮੇਰੀ ਉਮਰਾਂ ਦੀ ਸਾਂਝ ਮੇਰੇ ਪੇਕੇ, ਮੇਰਾ ਭਰਾ ਹੁਣ ਜਵਾਨ ਹੋ ਚੱਲਿਆ।’’ ਪਰ ਤੂੰ ਸਿਰਫ਼ ਇੱਕੋ ਪਾਸੇ ਸੋਚ ਕੇ ਅਜਿਹਾ ਬੁਜ਼ਦਿਲਾਂ ਵਾਲਾ ਕਦਮ ਚੁੱਕਿਆ ਜਿਸ ਨੇ ਤੈਨੂੰ ਚਾਹੁਣ ਵਾਲਿਆਂ ਦਾ ਦਿਲ ਹੀ ਤੋੜ ਦਿੱਤਾ। ਮੁਸੀਬਤਾਂ ਕਿਸ ਦੀ ਜ਼ਿੰਦਗੀ ਵਿਚ ਨਹੀਂ ਆਉਂਦੀਆਂ? ਇਨ੍ਹਾਂ ਦਾ ਆਉਣਾ ਵੀ ਜ਼ਰੂਰੀ ਹੈ ਕਿਉਂਕਿ ਠੋਕਰਾਂ ਇਨਸਾਨ ਨੂੰ ਹੋਰ ਵੀ ਤਕੜਾ ਕਰਦੀਆਂ ਹਨ। ਇਨ੍ਹਾਂ ਨਾਲ ਸਾਨੂੰ ਜ਼ਿੰਦਗੀ ਜਿਊਣ ਦਾ ਹੋਰ ਪਕੇਰਾ ਢੰਗ ਆਉਂਦਾ ਹੈ। ਮੁਸੀਬਤਾਂ ਤਾਂ ‘ਪਾਰਟ ਆਫ ਲਾਈਫ’ ਹਨ, ਉਨ੍ਹਾਂ ਨੂੰ ਹੱਲ ਕਰਨਾ ‘ਆਰਟ ਆਫ ਲਾਈਫ’ ਹੈ। ਦੁੱਧ ਤੋਂ ਦਹੀਂ ਬਣਨ ਲਈ ਠਹਿਰਾਅ ਜ਼ਰੂਰੀ ਹੈ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਸਾਲ ਜਿਉਂ ਕੇ ਗਏ ਪਰ ਕਿਵੇਂ ਜਿਉਂ ਕੇ ਗਏ, ਇਹ ਬਹੁਤ ਮਾਅਨੇ ਰੱਖਦਾ ਹੈ।

ਸਭ ਦੀ ਰਿਟਰਨ ਟਿਕਟ ਕਨਫਰਮ ਹੈ। ਜਾਣਾ ਤਾਂ ਸਭ ਨੇ ਇਕ ਨਾ ਇਕ ਦਿਨ ਹੈ ਹੀ ਪਰ ਇਸ ਤਰ੍ਹਾਂ ਜਾਣਾ ਬਹੁਤ ਹੀ ਦੁਖਦਾਈ ਹੈ। ਖ਼ੁਦਕੁਸ਼ੀ ਦੇ ਮਾਮਲੇ ਵਿਚ ਜ਼ਿਆਦਾਤਰ ਲੋਕ ਆਪੋ-ਆਪਣੀਆਂ ਕਿਆਸ-ਅਰਾਈਆਂ ਲਗਾਉਂਦੇ ਹਨ। ਤੁਹਾਡੇ ਕਰੀਬੀ ਅਨੇਕਾਂ ਲੋਕਾਂ ਲਈ ਇਸ ਅਣਕਿਆਸੇ ਦੁੱਖ ਨੂੰ ਸਹਾਰਨਾ ਬਹੁਤ ਮੁਸ਼ਕਲ ਹੁੰਦਾ ਹੈ। ‘ਕਰੀਏ ਗੱਲ ਤਾਂ ਨਿਕਲੇ ਹੱਲ’ ਵਾਲੀ ਸੁਚੱਜੀ ਸੋਚਣੀ ਅਪਣਾਉਣੀ ਜ਼ਰੂਰੀ ਹੈ। ਜਦੋਂ ਅਸੀਂ ਕਿਸੇ ਪਰੇਸ਼ਾਨੀ ਵਿਚ ਹੁੰਦੇ ਹਾਂ ਤਾਂ ਕਈ ਲੋਕ ਸਿਰਫ਼ ਪਰੇਸ਼ਾਨੀ ਬਾਰੇ ਸੋਚ-ਸੋਚ ਕੇ ਆਪਣਾ ਅਮਨ-ਚੈਨ ਖ਼ਤਮ ਕਰ ਕੇ ਇਸ ਤਰ੍ਹਾਂ ਦੇ ਸਵੈ-ਮਾਰੂ ਕਦਮ ਚੁੱਕ ਲੈਂਦੇ ਹਨ ਪਰ ਉਹ ਇਹ ਨਹੀਂ ਸੋਚਦੇ ਕਿ ਦੂਸਰਾ ਵਿਅਕਤੀ ਜਿਸ ’ਤੇ ਪਰੇਸ਼ਾਨੀ ਦਾ ਬੋਝ ਨਹੀਂ ਹੁੰਦਾ, ਉਹ ਤੁਹਾਡੇ ਮਸਲੇ ਦਾ ਕੋਈ ਨਾ ਕੋਈ ਵਧੀਆ ਹੱਲ ਦੱਸ ਸਕਦਾ ਹੈ। ਵੈਸੇ ਵੀ, ਹਰ ਸਮੱਸਿਆ ਆਪਣੇ ਨਾਲ ਹੱਲ ਲੈ ਕੇ ਵੀ ਆਉਂਦੀ ਹੈ। ਇਸ ਤਰ੍ਹਾਂ ਅੱਧਵਾਟੇ ਚੜ੍ਹਦੀ ਉਮਰੇ ਮਰਨਾ, ਕਈ ਹੋਰ ਲੋਕਾਂ ਨੂੰ ਜਿਊਂਦੇ-ਜੀਅ ਮਾਰ ਜਾਂਦਾ ਹੈ। ਜ਼ਿੰਦਗੀ ਜਿਊਣਾ ਸਾਡੀ ਸੋਚ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੀ ਨਿੱਕੀ ਜਿਹੀ ਬਿਮਾਰੀ ਨੂੰ ਕੈਂਸਰ ਸਮਝ ਕੇ ਮਰ ਜਾਣਾ ਹੈ ਜਾਂ ਕੈਂਸਰ ਵਰਗੀ ਬਿਮਾਰੀ ਨੂੰ ਇਲਾਜਯੋਗ ਸਮਝ ਕੇ ਜ਼ਿੰਦਗੀ ਨੂੰ ਕਹਿਣਾ ਕਿ ਆਜਾ-ਆਜਾ ਤੇਰੇ ਨਾਲ ਮੱਥਾ ਲਾਉਣਾ ਹੈ। ਪ੍ਰਸਿੱਧ ਲੇਖਿਕਾ ਦਲੀਪ ਕੌਰ ਟਿਵਾਣਾ ਦੇ ਵਿਚਾਰ ਅਨੁਸਾਰ ਜਿਹੜੀ ਗੱਲ ਤੁਹਾਨੂੰ ਬੇਆਰਾਮ ਕਰਦੀ ਹੈ, ਉਸ ਪਾਸਿਓਂ ਮਨ ਦੀ ਖਿੜਕੀ ਬੰਦ ਕਰ ਲਵੋ।

ਸਾਨੂੰ ਪਰੇਸ਼ਾਨ ਉਹੀ ਕਰ ਸਕਦਾ ਹੈ ਜਿਸ ਨੂੰ ਅਸੀਂ ਪਰੇਸ਼ਾਨ ਕਰਨ ਦਿੰਦੇ ਹਾਂ। ਨਹੀਂ ਤਾਂ ਦੁਨੀਆ ਵਿਚ ਕਰੋੜਾਂ ਲੋਕ ਵਸਦੇ ਨੇ, ਕਿਸੇ ਨਾਲ ਸਾਡਾ ਕਿੰਨਾ ਕੁ ਵਾਸਤਾ ਹੈ? ਜੋ ਪਰੇਸ਼ਾਨ ਕਰਦਾ ਹੈ, ਉਸ ਨੂੰ ਮਨ ’ਚੋਂ ਕੱਢ ਕੇ ਕਰੋੜਾਂ ’ਚ ਰਲਾ ਦਿਉ ਤੇ ਆਪ ਸੌਖੇ ਹੋ ਜਾਓ। ਮਨ ਨੂੰ ਇਸ ਜੋਗਾ ਕਰਨ ਲਈ ਪਾਠ-ਪੂਜਾ, ਧਿਆਨ, ਸਾਹਿਤ ਜਾਂ ਕਲਾ ਬਹੁਤ ਮਦਦਗਾਰ ਹੁੰਦੇ ਹਨ। ਸੱਚੀਂ ਸਾਨੂੰ ਆਪਣਾ ਕੋਈ ਨਾ ਕੋਈ ਸ਼ੌਕ ਜ਼ਰੂਰ ਰੱਖਣਾ ਚਾਹੀਦਾ ਹੈ ਜਿਸ ਨਾਲ ਜ਼ਿੰਦਗੀ ਪ੍ਰਤੀ ਨਜ਼ਰੀਆ ਹੀ ਬਦਲ ਜਾਂਦੈ। ਲਵਪ੍ਰੀਤ, ਤੇਰੀ ਇਸ ਹਰਕਤ ਨਾਲ ਕਈ ਹੋਰ ਮਾਪੇ ਵੀ ਡਰ ਗਏ ਹੋਣਗੇ ਕਿ ਕਿਧਰੇ ਉਨ੍ਹਾਂ ਦੇ ਧੀਆਂ-ਪੁੱਤਰ ਅਜਿਹਾ ਨਾ ਕਰ ਲੈਣ। ਕੋਈ ਵੀ ਮੁਸੀਬਤ ਸਦੀਵੀ ਨਹੀਂ ਹੁੰਦੀ। ਸਮਾਂ ਸਾਰੇ ਜ਼ਖ਼ਮ ਭਰ ਦਿੰਦਾ ਹੈ। ਕਈ ਵਾਰ ਅਸੀਂ ਬਾਅਦ ਵਿਚ ਸੋਚਦੇ ਹਾਂ ਕਿ ਜਿਸ ਬਾਰੇ ਸੋਚ-ਸੋਚ ਕੇ ਅਸੀਂ ਸਿਹਤ ਖ਼ਰਾਬ ਕਰ ਲਈ, ਉਹ ਇੰਨੀ ਵੀ ਵੱਡੀ ਗੱਲ ਨਹੀਂ ਸੀ। ਕਹਿੰਦੇ ਆ ਕਿ “ਇਹ ਵਕਤ ਵੀ ਗੁਜ਼ਰ ਜਾਏਗਾ। ਜੇ ਪਹਿਲਾ ਸੁੱਖ ਵਾਲਾ ਸਮਾਂ ਨਹੀਂ ਰਿਹਾ ਤਾਂ ਦੁੱਖ ਵਾਲਾ ਕਿਵੇਂ ਸਦੀਵੀ ਰਹਿ ਸਕਦਾ ਹੈ।’’ ਹੁਣ ਲੋਕਾਂ ਨੇ ਰਾਤੋ-ਰਾਤ ਆਪਣੇ ਖ਼ਾਬ ਪੂਰੇ ਕਰਨ ਬਾਰੇ ਸੋਚ ਕੇ ਆਪਣੇ-ਆਪ ਨੂੰ ਐਨਾ ਦੁਖੀ ਕਰ ਲਿਆ ਹੈ ਕਿ ਦਵਾਈਆਂ ਦੇ ਸਹਾਰੇ ਜ਼ਿੰਦਗੀ ਲੰਘਾ ਰਹੇ ਹਨ। ਕਈ ਤਾਂ ਜ਼ਿੰਦਗੀ ਪ੍ਰਤੀ ਇੰਨੇ ਨਾਂਹ-ਪੱਖੀ ਹੋ ਜਾਂਦੇ ਹਨ ਕਿ ਘਰ-ਪਰਿਵਾਰ ਹੀ ਛੱਡ ਕੇ ਚਲੇ ਜਾਂਦੇ ਹਨ। ਕੀ ਉਨ੍ਹਾਂ ਨੇ ਕਦੇ ਸੋਚਿਆ ਹੁੰਦਾ ਹੈ ਕਿ ਪਿੱਛੋਂ ਉਨ੍ਹਾਂ ਦੇ ਕੁਟੰਬ ’ਤੇ ਕੀ ਬੀਤਦੀ ਹੋਵੇਗੀ? ਨਿੱਜ ਤੋਂ ਬਾਹਰ ਆਉਣਾ ਸਿੱਖੋ। ਆਪਣੇ ਨਾਲ ਦਿਆਂ ਬਾਰੇ ਵੀ ਸੋਚੋ। ‘ਚਿੰਤਾ ਚਿਤਾ ਸਮਾਨ ਹੈ’ ਬਸ ਟਿੱਪੀ ਦਾ ਹੀ ਅੰਤਰ ਹੈ। ਜ਼ਿੰਦਗੀ ਵਿਚ ਆਉਂਦੇ ਉਤਰਾਅ-ਚੜ੍ਹਾਵਾਂ ਨੂੰ ਜਿਗਰੇ ਨਾਲ ਕਬੂਲ ਕਰੋ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ “ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ।।’’ ਨੂੰ ਅਪਨਾਉਣ ਦਾ ਯਤਨ ਕਰੋ। ਮੁਸੀਬਤ ਵੇਲੇ ਧੀਰਜ ਰੱਖੋ, ਖੁੱਲ੍ਹ ਕੇ ਜ਼ਿੰਦਗੀ ਜੀਓ ਅਤੇ ਸੋਹਣੇ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾਓ ਤਾਂ ਕਿ ਤੁਹਾਡੇ ਮਾਪੇ ਤੁਹਾਡੇ ’ਤੇ ਮਾਣ ਮਹਿਸੂਸ ਕਰਨ।

ਇਸ ਤਰ੍ਹਾਂ ਨਾ ਉਲਝੋ ਕਿ ਕਹਿਣਾ ਪਵੇ, ‘‘ਸਭ ਕੁਛ ਹੋਤਾ ਇਸ ਤਰੱਕੀ ਕੇ ਜ਼ਮਾਨੇ ਮੇਂ, ਜਾਨੇ ਕਿਉਂ ਆਦਮੀ ਇਨਸਾਨ ਨਹੀਂ ਬਨਤਾ।’’ ਸਾਡੀ ਸੋਚਣ ਸ਼ਕਤੀ ਹੀ ਸਾਨੂੰ ਪਸ਼ੂਆਂ ਨਾਲੋਂ ਵੱਖਰਾ ਬਣਾਉਂਦੀ ਹੈ। ਆਪਣੀ ਇਸ ਵਿਲੱਖਣਤਾ ਨੂੰ ਭੰਗ ਦੇ ਭਾੜੇ ਨਾ ਗੁਆਓ। ਅੰਤ ’ਚ ਮੈਂ ਇਹੀ ਕਹਾਂਗੀ ਕਿ ਆਪਣੇ ਮਨ ਨੂੰ ਚੰਗੇ ਪਾਸੇ ਲਗਾਉਣ ਲਈ ਸਾਹਿਤ ਅਤੇ ਪਰਮਾਤਮਾ ਨਾਲ ਵੱਧ ਤੋਂ ਵੱਧ ਜੁੜੋ। ਵਾਹਿਗੁਰੂ ਅੱਗੇ ਅਰਦਾਸ ਕਰੋ ਕਿਉਂਕਿ ਅਰਦਾਸ ਵਿਚ ਅਸੀਮ ਤਾਕਤ ਹੁੰਦੀ ਹੈ, ਇਹ ਤੁਹਾਡੇ ਮਨੋਬਲ ਨੂੰ ਉੱਚਾ ਚੁੱਕਦੀ ਹੈ। ਆਪਣੇ ਆਲੇ-ਦੁਆਲੇ, ਆਪਣੇ ਨਾਲੋਂ ਨੀਵੇਂ ਲੋਕਾਂ ਨੂੰ ਵੇਖ ਕੇ ਸ਼ੁਕਰ ਕਰਨਾ ਸਿੱਖੋ। ਚੰਗੇ ਗੁਣਾਂ ਦੇ ਧਾਰਨੀ ਬਣ ਕੇ ਚੁੰਬਕੀ ਸ਼ਖ਼ਸੀਅਤ ਬਣਨ ਦਾ ਯਤਨ ਕਰੋ, ਨਿੱਜ ’ਤੇ ਵਿਸ਼ਵਾਸ ਕਰ ਕੇ ਮਿਹਨਤ ਬਲਬੂਤੇ ਆਪਣੇ ਪੈਰਾਂ ’ਤੇ ਖੜ੍ਹੇ ਹੋਵੋ ਕਿਉਂਕਿ ਦੂਜਿਆਂ ਦੇ ਮੋਢਿਆਂ ’ਤੇ ਤਾਂ ਅਰਥੀਆਂ ਹੀ ਉੱਠਦੀਆਂ ਨੇ। ਇਸ ਸ਼ਿਅਰ ਨੂੰ ਹਮੇਸ਼ਾ ਚੇਤਿਆਂ ਵਿਚ ਵਸਾ ਕੇ ਚੱਲੋਗੇ ਤਾਂ ਨਾਂਹ-ਪੱਖੀ ਸੋਚਣੀ ਦਾ ਸ਼ਿਕਾਰ ਨਹੀਂ ਬਣੋਗੇ : ‘ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ, ਮੁਰਦਾ ਦਿਲ ਖਾਕ ਜੀਆ ਕਰਤੇ ਹੈਂ।’

-ਮੋਬਾਈਲ : 94176-71091

Posted By: Jatinder Singh