-ਗੁਰਪ੍ਰੀਤ ਸਿੰਘ ਜਖਵਾਲੀ

ਜ਼ਿੰਦਗੀ ਅਨਮੋਲ ਤੇ ਵਿਸ਼ਾਲ ਅਨੁਭਵਾਂ ਦਾ ਪਿਆਰਾ ਜਿਹਾ ਅਨੁਭਵ ਹੈ । ਰੱਬ ਦਾ ਸ਼ੁਕਰਾਨਾ ਹੈ ਜਿਸ ਨੇ ਸਾਨੂੰ ਜ਼ਿੰਦਗੀ ਦੀ ਅਨਮੋਲ ਦਾਤ ਬਖ਼ਸ਼ੀ। ਜਿੱਥੇ ਅਸੀਂ ਆਪਣੀ ਜ਼ਿੰਦਗੀ ਜਿਊਣ ਜਾਂ ਬਿਤਾਉਣ ਦੇ ਪਲਾਂ ਨੂੰ ਖ਼ੁਸ਼ੀ ਦਾ ਰੂਪ ਦਿੰਦੇ ਹਾਂ ਜਾਂ ਖ਼ੁਸ਼ ਰਹਿਣ ਦੇ ਪਲ ਲੱਭਦੇ ਰਹਿੰਦੇ ਹਾਂ, ਉੱਥੇ ਹੀ ਦੂਜੇ ਪਲ ਅਸੀਂ ‘ਦੁੱਖ’ ਸ਼ਬਦ ਤੋਂ ਡਰ ਵੀ ਜਾਂਦੇ ਹਾਂ। ਜਿਵੇਂ ਸਾਡੇ ਸਰੀਰ ਦਾ ਪਰਛਾਵਾਂ ਚਾਹ ਕੇ ਵੀ ਸਾਡਾ ਸਾਥ ਨਹੀਂ ਛੱਡ ਸਕਦਾ, ਉਸੇ ਤਰ੍ਹਾਂ ਹੀ ਦੁੱਖ ਤੇ ਸੁੱਖ ਆਪਸ ’ਚ ਦੋ ਭਰਾਵਾਂ ਵਾਂਗ ਸਾਡੀ ਜ਼ਿੰਦਗੀ ਦਾ ਮਿੱਠਾ ਕੌੜਾ ਸੱਚ ਬਣ ਕੇ ਸਾਡੇ ਨਾਲ ਵਿਚਰਦੇ ਰਹਿੰਦੇ ਹਨ।

ਇਨਸਾਨ ਤੇ ਇਨਸਾਨੀਅਤ ਉਹ ਦਵਾਈ ਹੈ, ਜੋ ਮੋਇਆਂ ਨੂੰ ਵੀ ਜਿਊਂਦਾ ਕਰਨ ਤਕ ਦਾ ਹੌਂਸਲਾ ਰੱਖਦੀ ਹੈ। ਇਹ ਉਦਾਸਿਆਂ ਨੂੰ ਹਸਾਉਣ ਦਾ ਕੰਮ ਕਰ ਸਕਦੀ ਹੈ, ਹਾਰਿਆਂ ਨੂੰ ਦੁਬਾਰਾ ਜਿਤਾਉਣ ਦਾ ਰੁਤਬਾ ਆਪਣੇ ਕੋਲ ਰੱਖਦੀ ਹੈ ਪਰ ਕੀ ਅਸੀਂ ਕਦੇ ਇਨ੍ਹਾਂ ਖ਼ੂਬੀਆ ਨੂੰ ਅਜ਼ਮਾਇਆ ਹੈ ਜਾਂ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਹੈ? ਜ਼ਿਆਦਾਤਰ ਦੁੱਖਾਂ ਦਾ ਕਾਰਨ ਸਾਡੀਆਂ ਵੱਧ ਰਹੀਆਂ ਲੋੜਾਂ ਹੀ ਹਨ, ਜੋ ਨਾ ਪੂਰੀਆਂ ਹੋਣ ’ਤੇ ਸਾਨੂੰ ਅਪਾਰ ਦੁੱਖ ਦਿੰਦੀਆਂ ਹਨ। ਸਾਡੇ ਵੱਲੋਂ ਵੇਖੇ ਜਾਣ ਵਾਲੇ ਵੱਡੇ- ਵੱਡੇ ਸੁਪਨੇ ਨਾ ਪੂਰੇ ਹੋਣ ਦੀ ਸੂਰਤ ’ਚ ਸਾਨੂੰ ਦੁੱਖ ਦਿੰਦੇ ਹਨ। ਅਸਲੀਅਤ ’ਚ ਅਸੀਂ ਜ਼ਿੰਦਗੀ ਜਿਊਂਦੇ ਹਾਂ, ਉਸ ਦਾ ਆਨੰਦ ਨਹੀਂ ਮਾਣਦੇ। ਅਸੀਂ ਅੱਜ ਨੂੰ ਭੁੱਲ ਕੇ ਕੱਲ੍ਹ ਵਿਚ ਜ਼ਿਆਦਾ ਯਕੀਨ ਰੱਖਦੇ ਹਾਂ।

ਜ਼ਿੰਦਗੀ ਕੱਲ੍ਹ ਲਈ ਨਹੀਂ ਬਣੀ,ਅੱਜ ਲਈ ਹੈ। ਇਸੇ ਲਈ ਜ਼ਿੰਦਗੀ ਨੂੰ ਬਹੁਤੇ ਲੋਕ ‘ਜ਼ਿੰਦਗੀ ਜ਼ਿੰਦਾਬਾਦ’ ਨਾਲ਼ ਸੰਬੋਧਨ ਕਰਦੇ ਹਨ ਤੇ ਕਈ ਉਦਾਸੇ ਮੁੱਖ ਲੈ ਕੇ ਜਿਊਂਦੇ ਹਨ। ਇਨਸਾਨ ਥੋੜ੍ਹੇ ਜਿਹੇ ਔਖੇ ਵੇਲੇ ਤੇ ਨਾ ਪੂਰੇ ਹੋਏ ਖੁਆਬਾਂ ਨੂੰ ਲੈ ਕੇ ਖ਼ੁਦਕੁਸ਼ੀ ਵਾਲਾ ਰਸਤਾ ਅਖਤਿਆਰ ਕਰ ਲੈਂਦਾ ਹੈ। ਮਰਨਾ ਤੇ ਆਪਣੇ ਆਪ ਨੂੰ ਮਾਰ ਲੈਣਾ ਦੋਵਾਂ ’ਚ ਬਹੁਤ ਫ਼ਰਕ ਹੈ।

ਕੋਈ ਗ਼ਰੀਬ ਜਾਂ ਭੁੱਖਾ ਬੰਦਾ ਖ਼ੁਦਕੁਸ਼ੀ ਕਰੇ ਤਾਂ ਸਮਝ ’ਚ ਆਉਂਦਾ ਹੈ ਪਰ ਜੇ ਸਭ ਪਾਸੇ ਤੋਂ ਠੀਕ- ਠਾਕ ਅਜਿਹਾ ਕਰੇ ਤਾਂ ਸਮਝੋਂ ਬਾਹਰ ਹੈ। ਆਪਣੇ ਆਪ ਨੂੰ ਮਾਰ ਲੈਣਾ ਇਨਸਾਨੀਅਤ ਨੂੰ ਹੀ ਸ਼ਰਮਸਾਰ ਕਰ ਦੇਣ ਦੇ ਬਰਾਬਰ ਹੈ ਚਾਹੇ ਉਹ ਕਿਸੇ ਵੀ ਸਥਿਤੀ ’ਚ ਹੋਵੇ ਪਰ ਖ਼ੁਦਕੁਸ਼ੀ ਕਿਸੇ ਵੀ ਮੁਸ਼ਕਿਲ ਦਾ ਹੱਲ ਨਹੀਂ ਹੈ। ਦੁੱਖਾਂ ਤੇ ਮੁਸੀਬਤਾਂ ਨਾਲ ਜ਼ਿੰਦਗੀ ਜਿਊਣਾ ਇਕ ਕਲਾ ਹੈ। ਜਿਸ ਇਨਸਾਨ ਨੂੰ ਦੁੱਖਾਂ ਤੇ ਮੁਸੀਬਤਾਂ ਸੰਗ ਜ਼ਿੰਦਗੀ ਜਿਊਣੀ ਆ ਗਈ, ਉਹ ਹੀ ਅਸਲ ਹੀਰੋ ਹੈ। ਜੋ ਆਪਣੇ ਜ਼ਿੰਦਗੀ ਦੇ ਕਿਰਦਾਰ ਨੂੰ ਹਰੇਕ ਸਥਿਤੀ ’ਚ ਨਿਭਾ ਗਿਆ, ਉਹ ਹੀ ‘ਜ਼ਿੰਦਗੀ ਜ਼ਿੰਦਾਬਾਦ’ ਦਾ ਹੱਕਦਾਰ ਹੈ।

ਤੁਸੀਂ ਜ਼ਿੰਦਗੀ ਉਹ ਨਾ ਵੇਖੋ ਜੋ ਹੋਰ ਜਿਊਂਦੇ ਹਨ। ਅਸੀਂ ਉਹ ਜ਼ਿੰਦਗੀ ਵੇਖੀਏ ਜੋ ਜਿਊਣ ਨਾਲ ਸਾਨੂੰ ਤੇ ਸਾਡੇ ਚਾਹੁਣ ਵਾਲਿਆਂ ਨੂੰ ਖ਼ੁਸ਼ੀ ਮਿਲੇ। ਆਪਣੇ ਆਪ ਨਾਲ ਵਾਅਦਾ ਕਰੀਏ ਕਿ ਜ਼ਿੰਦਗੀ ’ਚ ਹਰੇਕ ਦੁੱਖ ਮੁਸੀਬਤ ਦਾ ਹੱਸ ਕੇ ਸਾਹਮਣਾ ਕਰਾਂਗੇ ਤੇ ਕਦੇ ਵੀ ਖ਼ੁਦਕੁਸ਼ੀ ਕਰਨਾ ਤਾਂ ਦੂਰ ਇਸ ਦਾ ਕਦੇ ਵਿਚਾਰ ਵੀ ਆਪਣੇ ਮਨ ’ਚ ਨਹੀਂ ਲਿਆਵਾਂਗੇ ਕਿਉਂਕਿ ਜ਼ਿੰਦਗੀ ਅਨਮੋਲ ਹੈ, ਅਸੀਂ ਇਸ ਨੂੰ ਅਨਮੋਲ ਤਰੀਕਿਆਂ ਨਾਲ ਹੀ ਬਿਤਾਵਾਂਗੇ।

98550- 36444

Posted By: Jagjit Singh