ਧਰਤੀ ਦੇ ਇਰਦ-ਗਿਰਦ ਗੈਸਾਂ ਦਾ ਘੇਰਾ ਹੈ ਜਿਸ ਨੂੰ ਅਸੀਂ ਵਾਯੂਮੰਡਲ ਕਹਿੰਦੇ ਹਾਂ। ਵਾਯੂਮੰਡਲ ਦੀਆਂ ਵੱਖੋ-ਵੱਖ ਪਰਤਾਂ ਹਨ। ਧਰਤੀ ਦੀ ਸਤ੍ਹਾ ਤੋਂ 0-16 ਕਿਲੋਮੀਟਰ (ਟਰੋਪੋਸਫੀਅਰ), 16-50 ਕਿਲੋਮੀਟਰ (ਸਟਰੈਟੋਸਫੀਅਰ), 50-100 ਕਿਲੋਮੀਟਰ (ਮੀਜੋਸਫੀਅਰ) ਅਤੇ 100 ਕਿਲੋਮੀਟਰ ਤੋਂ ਵੱਧ ਉੱਚਾਈ ਨੂੰ ਥਰਮੋਸਫੀਅਰ ਮੰਡਲ ਕਹਿੰਦੇ ਹਨ। ਵਾਯੂਮੰਡਲ ਦੇ ਸਟਰੈਟੋਸਫੀਅਰ ਮੰਡਲ 'ਚ ਓਜ਼ੋਨ ਪਰਤ ਮੌਜੂਦ ਹੈ। ਇਸ ਨੂੰ ਓਜ਼ੋਨ ਕੰਬਲ ਵੀ ਕਿਹਾ ਜਾਂਦਾ ਹੈ। ਧਰਤੀ ਤੋਂ 30 ਕਿਲੋਮੀਟਰ ਦੀ ਉੱਚਾਈ 'ਤੇ ਓਜ਼ੋਨ ਪਰਤ ਦੀ ਘਣਤਾ ਜ਼ਿਆਦਾ ਹੁੰਦੀ ਹੈ। ਇਹ ਓਜ਼ੋਨ ਪਰਤ ਸੂਰਜ ਤੋਂ ਆ ਰਹੀਆਂ ਹਾਨੀਕਾਰਕ ਪਰਾਵੈਂਗਣੀ ਵਿਕਿਰਨਾਂ ਨੂੰ ਸੋਖ ਲੈਂਦੀ ਹੈ। ਇਸ ਲਈ ਇਹ ਸਾਡੇ ਲਈ ਬਹੁਤ ਲਾਭਦਾਇਕ ਹੈ। ਪਰਾਵੈਂਗਣੀ ਵਿਕਿਰਨਾਂ ਕਾਰਨ ਚਮੜੀ ਦੇ ਕੈਂਸਰ ਅਤੇ ਮੋਤੀਏ ਦੀਆਂ ਬਿਮਾਰੀਆਂ ਵਿਚ ਵਾਧਾ ਹੁੰਦਾ ਹੈ। ਇਸ ਨਾਲ ਪੌਦਿਆਂ ਦੇ ਵਾਧੇ 'ਤੇ ਵੀ ਅਸਰ ਹੁੰਦਾ ਹੈ। ਓਜ਼ੋਨ ਪਰਤ ਧਰਤੀ ਦੀ ਬਚਾਅ ਢਾਲ ਮੰਨੀ ਜਾਂਦੀ ਹੈ। ਓਜ਼ੋਨ ਇਕ ਗੈਸ ਹੈ ਜੋ ਆਕਸੀਜਨ ਦਾ ਤੀਹਰਾ ਪਰਮਾਣੂ ਹੈ। ਇਹ 95 ਫ਼ੀਸਦੀ ਤੋਂ ਵੱਧ ਧਰਤੀ ਦੀ ਸਤ੍ਹਾ ਨੂੰ ਪਰਾਵੈਂਗਣੀ ਵਿਕਿਰਨਾਂ ਤੋਂ ਬਚਾਉਂਦੀ ਹੈ। ਸੰਨ 1974 'ਚ ਕੈਲੀਫੋਰਨੀਆ ਯੂਨੀਵਰਸਿਟੀ ਦੇ ਦੋ ਵਿਗਿਆਨੀਆਂ ਮੋਲਿਨਾ ਅਤੇ ਰੋਲੈਂਡ ਨੇ ਇਕ ਰਸਾਲੇ ਵਿਚ ਲੇਖ ਲਿਖਿਆ ਸੀ ਜਿਸ 'ਚ ਕਲੋਰੋ ਫਲੋਰੋ ਕਾਰਬਨ (ਸੀਐੱਫਸੀ) ਗੈਸਾਂ ਤੋਂ ਓਜ਼ੋਨ ਨੂੰ ਹੋ ਰਹੇ ਨੁਕਸਾਨ ਬਾਰੇ ਦੱਸਿਆ ਗਿਆ ਸੀ। ਉਸ ਸਮੇਂ ਕਲੋਰੋ ਫਲੋਰੋ ਕਾਰਬਨ (ਸੀਐੱਫਸੀ) ਨੂੰ ਐਰੋਸੋਲ ਸਪਰੇਅ ਅਤੇ ਫਰਿੱਜਾਂ ਵਿਚ ਕੂਲੈਟਸ ਵਜੋਂ ਵਰਤਿਆ ਜਾਂਦਾ ਸੀ। ਜਦੋਂ ਇਹ ਸਟਰੈਟੋਸਫੀਅਰ ਵਿਚ ਪੁੱਜਦਾ ਹੈ ਤਾਂ ਸੂਰਜ ਦੀਆਂ ਕਿਰਨਾਂ ਕਲੋਰੋ ਫਲੋਰੋ ਕਾਰਬਨ (ਸੀਐੱਫਸੀ) ਨੂੰ ਵੱਖ-ਵੱਖ ਕਰ ਦਿੰਦੀਆਂ ਹਨ। ਕਲੋਰੀਨ ਦਾ ਇਕ ਐਟਮ 100000 ਤੋਂ ਵੱਧ ਓਜ਼ੋਨ ਅਣੂਆਂ ਨੂੰ ਨਸ਼ਟ ਕਰ ਦਿੰਦਾ ਹੈ ਜਿਸ ਕਾਰਨ ਓਜ਼ੋਨ ਪਰਤ ਪਤਲੀ ਹੋ ਜਾਂਦੀ ਹੈ। ਸੰਨ 1985 ਵਿਚ ਓਜ਼ੋਨ ਪਰਤ ਵਿਚ ਇਕ ਛੇਕ ਲੱਭਿਆ ਤਾਂ ਸਾਰੇ ਦੇਸ਼ਾਂ ਦੇ ਵਿਗਿਆਨੀ ਇਸ ਪ੍ਰਤੀ ਚਿੰਤਤ ਹੋਏ। ਬਾਈ ਮਾਰਚ 1985 ਨੂੰ 28 ਦੇਸ਼ਾਂ ਨੇ ਵਿਆਨਾ ਵਿਖੇ ਕਨਵੈਨਸ਼ਨ ਵਿਚ ਭਾਗ ਲਿਆ ਅਤੇ ਓਜ਼ੋਨ ਨੂੰ ਨੁਕਸਾਨ ਕਰਨ ਵਾਲੇ ਪਦਾਰਥਾਂ ਨੂੰ ਘੱਟ ਕਰਨ ਲਈ ਦਸਤਖ਼ਤ ਕੀਤੇ। ਸੰਨ 1987 'ਚ ਮੌਜ਼ੂਅਲ ਪ੍ਰੋਟੋਕਾਲ ਦਾ ਖਰੜਾ ਤਿਆਰ ਕੀਤਾ। ਇਸ 'ਤੇ 43 ਦੇਸ਼ਾਂ ਦੇ ਪ੍ਰਤੀਨਿਧਾਂ ਨੇ ਦਸਤਖ਼ਤ ਕੀਤੇ ਅਤੇ ਓਜ਼ੋਨ ਨੂੰ ਨੁਕਸਾਨ ਕਰਨ ਵਾਲੇ ਪਦਾਰਥਾਂ ਨੂੰ 99% ਘੱਟ ਕਰਨ ਅਤੇ 1980 ਤੋਂ ਪਹਿਲਾਂ ਵਾਲੀ ਓਜ਼ੋਨ ਪਰਤ ਸਿਰਜਣ ਲਈ ਯਤਨ ਕਰਨ ਲਈ ਸਹਿਮਤੀ ਪ੍ਰਗਟਾਈ। ਸੰਨ 1994 'ਚ ਸੰਯੁਕਤ ਰਾਸ਼ਟਰ ਮਹਾ ਸਭਾ ਨੇ ਓਜ਼ੋਨ ਪਰਤ ਲਈ ਕੌਮਾਂਤਰੀ ਦਿਵਸ 16 ਸਤੰਬਰ ਨੂੰ ਮਨਾਉਣ ਦਾ ਐਲਾਨ ਕੀਤਾ। ਸਾਨੂੰ ਓਜ਼ੋਨ ਪਰਤ ਲਈ ਨੁਕਸਾਨਦਾਇਕ ਰਸਾਇਣਾਂ ਦੀ ਵਰਤੋ ਬੰਦ ਕਰ ਦੇਣੀ ਚਾਹੀਦੀ ਹੈ।

-ਡਾ. ਪਰਮਿੰਦਰ ਸਿੰਘ, ਕਮਾਲਪੁਰ।

ਮੋਬਾਈਲ ਨੰ. : 98722-49074

Posted By: Jagjit Singh