ਮੁੱਢ ਕਦੀਮੋਂ 'ਖੇਤੀਬਾੜੀ' ਪੰਜਾਬੀਆਂ ਦਾ ਮੁੱਖ ਕਿੱਤਾ ਰਿਹਾ ਹੈ। ਇਹ ਸਮੇਂ-ਸਮੇਂ ਨਵੇਂ ਰੰਗ-ਰੂਪ ਅਖ਼ਤਿਆਰ ਕਰਦਾ ਆ ਰਿਹਾ ਹੈ। ਬਲਦਾਂ ਤੋਂ ਲੈ ਕੇ ਵੱਡੇ-ਵੱਡੇ ਵਿਦੇਸ਼ੀ ਟਰੈਕਟਰ ਧਰਤੀ ਦੀ ਹਿੱਕ ਚੀਰ ਕੇ ਸੋਨੇ ਵਰਗੀਆਂ ਫ਼ਸਲਾਂ ਪੈਦਾ ਕਰਦੇ ਰਹੇ ਹਨ। ਪਹਿਲਾਂ ਭਾਵੇਂ ਪੈਦਾਵਾਰ ਸੀਮਤ ਸੀ ਪਰ ਦਾਣੇ ਪੂਰਨ ਪਵਿੱਤਰ ਸਨ। ਆਧੁਨਿਕਤਾ ਦੇ ਨਾਂ 'ਤੇ ਪੰਜਾਬ ਅਤੇ ਪੰਜਾਬੀਆਂ ਨਾਲ ਜੋ ਘਿਨਾਉਣੀ ਖੇਡ ਖੇਡੀ ਗਈ, ਉਸ ਨੂੰ ਪੂਰਨ ਰੂਪ ਵਿਚ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ ਪਰ ਇਹ ਜ਼ਰੂਰੀ ਵੀ ਹੈ ਕਿ ਇਸ ਨੂੰ ਜਿੰਨਾ ਜਲਦੀ ਹੋ ਸਕੇ, ਸਮਝ ਕੇ ਹੋਰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਗੱਲ ਸ਼ੁਰੂ ਕਰਦੇ ਹਾਂ 60ਵੇਂ ਦਹਾਕੇ ਵਿਚ ਆਏ ਹਰੇ ਨਿਕਲਾਬ ਤੋਂ, ਜਦੋਂ ਦੇਸ਼ ਦੀ ਆਬਾਦੀ ਦਾ ਢਿੱਡ ਭਰਨ ਲਈ ਅਮਰੀਕਾ ਅਤੇ ਹੋਰ ਮੁਲਕਾਂ ਤੋਂ ਅਨਾਜ ਦੀ ਖ਼ਰੀਦ ਮਹਿੰਗੇ ਭਾਅ ਕਰਨੀ ਪੈਂਦੀ ਸੀ। ਇਸ ਇਨਕਲਾਬ ਤਹਿਤ ਪੰਜਾਬ ਦੀ ਚੋਣ ਕਰ ਕੇ ਸਾਡੀ ਬਰਬਾਦੀ ਦਾ ਮੁੱਢ ਬੰਨ੍ਹਿਆ ਗਿਆ। ਪੰਜਾਬ ਦੇ ਵਾਤਾਵਰਨ ਦੇ ਬਿਲਕੁਲ ਉਲਟ ਝੋਨੇ ਵਰਗੀਆਂ ਫ਼ਸਲਾਂ ਦੀ ਲੁਆਈ ਹੋਈ। ਪੂਰੇ ਭਾਰਤ ਦੀ ਦੋ ਫ਼ੀਸਦੀ ਵਾਹੀਯੋਗ ਜ਼ਮੀਨ 'ਤੇ 25-30 ਫ਼ੀਸਦੀ ਰਸਾਇਣਾਂ ਦੀ ਵਰਤੋਂ ਹੋਈ। ਹਾਈਬ੍ਰਿਡ ਦੇ ਨਾਂ ਤੇ ਘਾਤਕ ਬੀਜ ਬੀਜੇ ਗਏ ਅਤੇ ਪੰਜਾਬ ਦੀ ਧਰਤੀ 'ਤੇ ਅਣਗਿਣਤ ਸੁਰਾਖ ਕਰ ਕੇ ਟਿਊਬਵੈੱਲਾਂ ਰਾਹੀਂ ਬੇਹਿਸਾਬਾ ਪਾਣੀ ਕੱਢ ਕੇ ਇਸ ਨੂੰ ਬੰਜਰ ਹੋਣ ਦੇ ਰਾਹ ਪਾਇਆ ਗਿਆ। ਉਸ ਵੇਲੇ ਸ਼ਾਇਦ ਇਹ ਸਭ ਨੂੰ ਤਰੱਕੀ ਵੱਲ ਵੱਧਦਾ ਵੱਡਾ ਕਦਮ ਹੀ ਜਾਪਿਆ ਹੋਵੇਗਾ ਕਿਉਂਕਿ ਇਸ ਸਭ ਨਾਲ ਕਿਸਾਨ ਦੀ ਆਮਦਨੀ ਵਧਣ ਦਾ ਸੁਪਨਾ ਵੀ ਵਿਖਾਇਆ ਗਿਆ ਸੀ ਅਤੇ ਮਾੜੇ ਪ੍ਰਭਾਵਾਂ ਨੂੰ ਬੁੱਕਲ ਵਿਚ ਲਕੋ ਲਿਆ ਗਿਆ ਸੀ। ਉਸੇ ਤਰ੍ਹਾਂ ਜਿਵੇਂ ਅਕਸਰ ਜ਼ਿਆਦਾ ਕੌੜੀ ਦਵਾਈ ਖੰਡ ਦੇ ਲੇਪ ਵਿਚ ਦਿੱਤੀ ਜਾਂਦੀ ਹੈ। ਹਾਲਾਤ ਸਭ ਦੇ ਸਾਹਮਣੇ ਹਨ। ਜ਼ਮੀਨ ਹੇਠਲੇ ਅੰਮ੍ਰਿਤ ਵਰਗੇ ਪਾਣੀ 'ਚ ਆਰਸੈਨਿਕ ਘੁਲ਼ ਗਈ ਹੈ ਤੇ ਇਹ ਕੈਂਸਰ, ਦਿਲ, ਗੁਰਦਿਆਂ ਦੇ ਰੋਗੀਆਂ ਤੇ ਬੇਔਲਾਦ ਜੋੜਿਆਂ ਦੀ ਰਾਜਧਾਨੀ ਬਣ ਗਿਆ ਹੈ। ਸਾਡੀ ਖ਼ੁਰਾਕ ਵਿਚ ਜ਼ਹਿਰੀਲੇ ਤੱਤ ਖ਼ਤਰਨਾਕ ਪੱਧਰ ਤਕ ਸ਼ਾਮਲ ਹੋ ਚੁੱਕੇ ਹਨ। ਅਸੀਂ ਆਪਣੀਆਂ ਰਵਾਇਤੀ ਫ਼ਸਲਾਂ ਨੂੰ ਵਿਸਾਰ ਦਿੱਤਾ ਹੈ। ਇਕ ਹੋਰ ਪੱਖ ਜਿਸ ਨੂੰ ਕਿਸੇ ਵੀ ਕੀਮਤ 'ਤੇ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਪੰਜਾਬੀਆਂ ਦੀ ਲੁੱਟ ਲਈ ਰਾਜਨੀਤਿਕ ਸਾਂਝ ਨਾਲ ਕਈ ਕਾਰਪੋਰੇਟ ਘਰਾਣਿਆਂ ਨੇ ਪੰਜਾਬ ਵਿਚ ਪੈਰ ਜਮਾਏ। ਪਹਿਲਾਂ ਖੇਤੀ ਲਈ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਲੁੱਟਿਆ ਤੇ ਅੱਜ ਵੱਡੇ-ਵੱਡੇ ਹਸਪਤਾਲ ਇਹੀ ਕੰਮ ਕਰ ਰਹੇ ਹਨ। ਪੰਜਾਬ ਦਾ ਕਿਸਾਨ ਅੱਜ ਆਰਥਿਕ ਤੇ ਮਾਨਸਿਕ ਪੱਖੋਂ ਇੰਨਾ ਟੁੱਟ ਚੁੱਕਾ ਹੈ ਕਿ ਉਹ ਖ਼ੁਦਕੁਸ਼ੀਆਂ ਦੇ ਰਾਹ ਪੈ ਚੁੱਕਾ ਹੈ। ਕਿਸਾਨੀ ਨੂੰ ਬਚਾਉਣ ਲਈ ਕਿਰਸੀ ਹੋਣ ਦੀ ਵੀ ਲੋੜ ਹੈ। ਭਾਵੇਂ ਪੰਜਾਬ ਦੀ ਕਿਸਾਨੀ ਲਈ ਸਮਾਂ ਕਾਫ਼ੀ ਨਾਜ਼ੁਕ ਹੈ ਪਰ ਲੋੜ ਹੈ ਕਿ ਇਤਿਹਾਸ 'ਤੇ ਨਜ਼ਰ ਮਾਰ ਕੇ ਉਸ ਤੋਂ ਸਬਕ ਸਿੱਖਿਆ ਜਾਵੇ।

-ਅਮਨਦੀਪ ਸਿੰਘ, ਗੁਰੂਸਰ ਸੁਧਾਰ।

ਸੰਪਰਕ : 99146-13231

Posted By: Jagjit Singh