ਅਧਿਆਪਕ ਦਿਵਸ ਦੇ ਮੁਕੱਦਸ ਮੌਕੇ ਜਦੋਂ ਮੇਰੀ ਅਜ਼ੀਜ਼ ਵਿਦਿਆਰਥਣ ਦਾ ਫੋਨ ’ਤੇ ਸੁਨੇਹਾ ਮਿਲਿਆ ਕਿ ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਹੈ ਖ਼ਾਸ ਤੌਰ ਤੇ ਸੱਚ ਬੋਲਣ ਦਾ ਹੀਆ। ਮੈਨੂੰ ਲੱਗਿਆ ਕਿ ਇਕ ਸੱਚ ਜੋ ਮੇਰੇ ਅੰਦਰ ਸਾਲਾਂ ਤੋਂ ਖਲਬਲੀ ਮਚਾ ਰਿਹਾ ਹੈ, ਉਹ ਵੀ ਬੇਖ਼ੌਫ਼ ਹੋ ਕੇ ਸਾਂਝਾ ਕਰ ਹੀ ਦੇਣਾ ਚਾਹੀਦਾ ਹੈ।

ਉਮਰ ਦੇ ਇਸ ਪੜਾਅ ’ਤੇ ਆਪਣੀ ਸੋਚ ’ਚ ਆਈ ਜ਼ਿਕਰਯੋਗ ਤਬਦੀਲੀ ਬਾਰੇ ਮੈਂ ਖ਼ੁਦ ਬਹੁਤ ਹੈਰਾਨ ਹਾਂ। ਜਾਗੀਰਦਾਰੀ ਢਾਂਚੇ ’ਚ ਪਲੀ ਹੀਰ, ਸੱਸੀ ਤੇ ਸੋਹਣੀ ਦੇ ਕਿੱਸੇ ਮੈਨੂੰ ਸਦਾ ਪ੍ਰਭਾਵਿਤ ਕਰਦੇ ਰਹੇ ਹਨ। ਮੈਂ ਜਦ ਵੀ ਕਲਾਸ ’ਚ ਇਨ੍ਹਾਂ ਦੀ ਗੱਲ ਕੀਤੀ ਤਾਂ ਮੈਂ ਇਨ੍ਹਾਂ ਦੇ ਹੱਕਾਂ ਦੀ ਪਹਿਰੇਦਾਰ ਬਣ ਕੇ ਹੀ ਨਿੱਤਰਦੀ ਰਹੀ ਹਾਂ। ਬੰਦਿਸ਼ਾਂ ਨੂੰ ਤੋੜਨ ਲਈ ਤਤਪਰ ਰਹਿੰਦੀਆਂ ਕੁੜੀਆਂ ਸਦਾ ਮੇਰੀ ਖਿੱਚ ਦਾ ਕੇਂਦਰ ਰਹੀਆਂ ਹਨ। ਸਦੀਆਂ ਤੋਂ ਮਰਦ ਦੇ ਜਬਰ ਨੂੰ ਸਹਿ ਰਹੀ ਔਰਤ ਦਾ ਜੇ ਖੁੱਲ੍ਹੇ ਆਕਾਸ਼ ’ਚ ਉਡਾਰੀਆਂ ਭਰਨ ਨੂੰ ਜੀਅ ਕਰੇ ਤਾਂ ਇਸ ’ਚ ਹਰਜ ਵੀ ਕੀ ਹੈ? ਔਰਤ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਬੇਵਫ਼ਾ, ਬਦਜ਼ਾਤ, ਜ਼ਾਲਮ ਮਰਦ ਹਮੇਸ਼ਾ ਮੇਰੀ ਨਫ਼ਰਤ ਦਾ ਪਾਤਰ ਰਹੇ ਹਨ। ਵੱਡੇ ਜਿਗਰੇ ਵਾਲੀਆਂ, ਹਾਸਿਆਂ ਦੇ ਪਿੱਛੇ ਡੂੰਘੇ ਦਰਦ ਲੁਕਾਈ ਫਿਰਦੀਆਂ ਵਿਚਾਰੀਆਂ ਕੁੜੀਆਂ ਦੀ ਮਾਸੂਮੀਅਤ, ਭਾਵੁਕਤਾ ਤੇ ਸੰਵੇਦਨਸ਼ੀਲਤਾ ਨਾਲ ਮੁੱਢ ਤੋਂ ਹੀ ਮੇਰੀ ਹਮਦਰਦੀ ਰਹੀ ਹੈ।

ਕੱਲ੍ਹ ਤਕ ਮੇਰੀ ਸੋਚ ਇਹੀ ਸੀ ਕਿ ਔਰਤ ਜਾਤ ’ਤੇ ਹੁੰਦਾ ਤਸ਼ੱਦਦ ਉਦੋਂ ਤਕ ਕਾਇਮ ਰਹੇਗਾ, ਜਦੋਂ ਤਕ ਇਹ ਲੋਟੂ ਨਿਜ਼ਾਮ ਕਾਇਮ ਹੈ। ਔਰਤ ਦੀ ਬੰਦ ਖਲਾਸੀ ਤਾਂ ਹੀ ਸੰਭਵ ਹੈ ਜੇ ਮਨੁੱਖ ਦੀ ਮਨੁੱਖ ਹੱਥੋਂ ਲੁੱਟ-ਖਸੁੱਟ ਬੰਦ ਹੋਵੇ, ਸਹੀ ਅਰਥਾਂ ’ਚ ਜਮਹੂਰੀਅਤ ਹੋਵੇ, ਜਿੱਥੇ ਔਰਤ ਨੂੰ ਵਸਤੂ ਦੀ ਥਾਂ ਇਨਸਾਨ ਸਮਝਿਆ ਜਾਵੇ। ਮੇਰੇ ’ਤੇ ਸਦਾ ਇਹ ਖ਼ਿਆਲ ਵੀ ਭਾਰੂ ਰਿਹਾ ਹੈ ਕਿ ਹਰ ਔਰਤ ਹੀ ਘਰ ਦੀ ਜੁਸਤਜੂ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ।

ਔਰਤ ਅੰਦਰ ਘਰ ਦਾ ਸੰਕਲਪ ਏਨਾ ਭਾਰੂ ਹੁੰਦਾ ਹੈ ਕਿ ਉਹ ਪ੍ਰਤੀਕੂਲ ਹਾਲਾਤ ’ਚ ਵੀ ਆਪਣੇ ਆਲ੍ਹਣੇ ਨੂੰ ਬਚਾਉਣ ਲਈ ਹਰ ਤਰੱਦਦ ਕਰਦੀ ਹੈ। ਉਹ ਭੋਗ ਵਿਲਾਸ ਦਾ ਸਾਧਨ ਮਾਤਰ ਸਮਝੀ ਜਾਣ ਤੋਂ ਬਾਅਦ ਵੀ ਭਾਵਨਾਤਮਿਕ ਸ਼ਕਤੀਆਂ ਨਾਲ ਮਾਲਾਮਾਲ ਹੈ। ਆਦਿ ਕਾਲ ਤੋਂ ਹੀ ਸਮਾਜ ਨੇ ਉਸ ਨੂੰ ਚੰਮ ਦੀ ਗੁੱਡੀ, ਇਕ ਵਸਤੂ ਜਾਂ ਨਿੱਜੀ ਜਾਇਦਾਦ ਸਮਝ ਕੇ ਜ਼ਲਾਲਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ ਹੈ। ਮੁੱਕਦੀ ਗੱਲ ਮੇਰਾ ਦਰਸ਼ਨ ਸਦਾ ਨਾਰੀ ਦੀ ਗੌਣ ਅਵਸਥਾ ’ਤੇ ਹੀ ਕੇਂਦਰਿਤ ਰਿਹਾ ਹੈ ਪਰ ਅਜੋਕੇ ਹਾਲਾਤ ਮੇਰੀ ਸੋਚ ਅਤੇ ਮੇਰੇ ਰੋਸ਼ਨ ਖ਼ਿਆਲਾਂ ਦਾ ਮੂੰਹ ਚਿੜਾ ਰਹੇ ਹਨ। ਨਾਰੀ ਆਜ਼ਾਦੀ ਦੇ ਅਰਥ ਅੱਜ ਪੁਨਰ ਪਰਿਭਾਸ਼ਿਤ ਕਰਨ ਦੀ ਲੋੜ ਹੈ। ਨਾਰੀਵਾਦੀ ਲਹਿਰਾਂ ਨੂੰ ਅੱਜ ਗਹਿਰਾਈ ਨਾਲ ਔਰਤਾਂ ਦੇ ਹੋ ਰਹੇ ਜਾਂ ਔਰਤਾਂ ਵੱਲੋਂ ਮਰਦਾਂ ’ਤੇ ਕੀਤੇ ਜਾ ਰਹੇ ਸ਼ੋਸ਼ਣ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਸਦੀਆਂ ਤੋਂ ਔਰਤ-ਮਰਦ ਬਰਾਬਰਤਾ ਲਈ ਕੀਤੇ ਜਾ ਰਹੇ ਸੰਘਰਸ਼ ’ਚ ਔਰਤਾਂ ਕਿਤੇ ਬਹੁਤ ਅੱਗੇ ਤਾਂ ਨਹੀਂ ਲੰਘ ਗਈਆਂ? ਜਾਗੀਰਦਾਰੀ ਦੌਰ ਦੀ ਘੁਟਣ ਕਿਤੇ ਵਿਸਫੋਟਕ ਰੂਪ ਤਾਂ ਨਹੀਂ ਧਾਰ ਰਹੀ? ਨਾਰੀ ਦੀ ਬਾਗ਼ੀਆਨਾ ਸੋਚ ਕਿਤੇ ਸਮਾਜ ਲਈ ਮੁਸ਼ਕਿਲਾਂ ਤਾਂ ਨਹੀਂ ਖੜ੍ਹੀਆਂ ਕਰ ਰਹੀ?

ਆਪਣੇ ਹੱਕ ਲਈ ਬਣੇ ਕਾਨੂੰਨਾਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦੀਆਂ ਕੁਝ ਔਰਤਾਂ ਦੇ ਕੇਸਾਂ ਦੀ ਪ੍ਰਮਾਣਿਕਤਾ ਤੋਂ ਤੁਸੀਂ ਵੀ ਮੁਨਕਰ ਨਹੀਂ ਹੋਵੋਗੇ। ਸਮਾਜਿਕ ਜ਼ਾਬਤੇ ’ਚ ਰਹਿ ਕੇ ਪ੍ਰਾਪਤ ਕੀਤੀ ਆਜ਼ਾਦੀ ਦੇ ਮੈਂ ਹਰਗਿਜ਼ ਖ਼ਿਲਾਫ਼ ਨਹੀਂ ਪਰ ਅੱਜ ਏਦਾਂ ਲੱਗ ਰਿਹਾ ਹੈ ਕਿ ਨਵੀਂ ਪਨੀਰੀ ਆਜ਼ਾਦੀ ਤੇ ਆਪ ਹੁਦਰੇਪਣ ਦੇ ਫ਼ਰਕ ਨੂੰ ਪੂਰੀ ਤਰ੍ਹਾਂ ਰਲਗੱਡ ਕਰੀ ਬੈਠੀ ਹੈ।

ਸੋਚਦੀ ਹਾਂ ਅੱਜ ਦਿਲ ਦਾ ਭਾਰ ਹੌਲਾ ਕਰ ਹੀ ਲਵਾਂ ਨਹੀਂ ਤਾਂ ਮੇਰੀ ਰੂਹ ’ਤੇ ਪਿਆ ਮਣਾਂ ਮੂੰਹੀ ਬੋਝ ਕਦੀ ਖ਼ਤਮ ਨਹੀਂ ਹੋਵੇਗਾ। ਸਮਾਜ ਦੇ ਬਦਲ ਰਹੇ ਹਾਲਾਤ ਨੂੰ ਅੱਜ ਡੂੰਘਾਈ ਨਾਲ ਪਰਖਣ ਦੀ ਲੋੜ ਹੈ। ਜ਼ਮੀਨੀ ਹਕੀਕਤ ਤੋਂ ਟੁੱਟੀਆਂ ਹਵਾ ’ਚ ਤਾਰੀਆਂ ਲਾਉਂਦੀਆਂ ਕੁਝ ਕੁ ਔਰਤਾਂ ਅੱਜ ਖ਼ੁਦ ਘਰਾਂ ਦੀ ਟੁੱਟ-ਭੱਜ ਦਾ ਕਾਰਨ ਬਣ ਰਹੀਆਂ ਹਨ। ਮਿ੍ਰਗ- ਤਿ੍ਰਸ਼ਨਾ ਦਾ ਸ਼ਿਕਾਰ ਇਹ ਔਰਤਾਂ ਆਪਣੇ ਜਿਸਮ ਨੂੰ ਪੌੜੀ ਬਣਾ ਕੇ ਸਰੀਰ ਨੂੰ ਸਾਧਨ ਸਮਝਣ ’ਚ ਜ਼ਰਾ ਵੀ ਝਿਜਕ ਮਹਿਸੂਸ ਨਹੀਂ ਕਰਦੀਆਂ।

ਮੇਰੇ ਆਲੇ-ਦੁਆਲੇ ਵਾਪਰੀਆਂ ਬਹੁਤ ਸਾਰੀਆਂ ਦੁਖਾਂਤਕ ਘਟਨਾਵਾਂ ਨੂੰ ਦੇਖਣ ਉਪਰੰਤ ਮੈਂ ਇਸ ਸਿੱਟੇ ’ਤੇ ਪੁੱਜੀ ਹਾਂ ਕਿ ਅੱਜ ਕੁਝ ਮਰਦ ਔਰਤ ਤੋਂ ਵੱਧ ਭੁਗਤ ਭੋਗੀ ਹਨ। ਇਹ ਵਰਤਾਰਾ ਆਲਮੀ ਪੱਧਰ ’ਤੇ ਵਾਪਰ ਰਿਹਾ ਹੈ।

ਮੈਂ ਮੰਨਦੀ ਹਾਂ ਕਿ ਸਦੀਆਂ ਤੋਂ ਔਰਤ ਦੀ ਆਵਾਜ਼ ਦਬਾਈ ਜਾ ਰਹੀ ਹੈ ਪਰ ਅੱਜ ਹਾਲਾਤ ਬਿਲਕੁਲ ਉਲਟ ਹਨ। ਅੱਜ ਮਰਦ ’ਤੇ ਕੋਈ ਦਬਾਅ ਨਹੀਂ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਫਿਰ ਵੀ ਉਹ ਆਪਣੀ ਆਵਾਜ਼ ਕੱਢਣ ਤੋਂ ਲਾਚਾਰ ਕਿਉਂ ਹੈ? ਕਈ ਥਾਈਂ ਮੈਂ ਦੇਖਿਆ ਕਿ ਪਤਨੀ ਦੇ ਵਿਆਹ ਬਾਹਰੇ ਸਬੰਧਾਂ ਨੂੰ ਜਾਣਨ ਤੋਂ ਬਾਅਦ ਵੀ ਵਿਚਾਰਾ ਪਤੀ ਬਦਨਾਮੀ ਦੇ ਡਰੋਂ ਆਪਣਾ ਸਾਰਾ ਦਰਦ ਅੰਦਰੋ-ਅੰਦਰੀ ਡੀਕ ਜਾਂਦਾ ਹੈ। ਮੈਂ ਦਾਅਵੇ ਨਾਲ ਕਹਿੰਦੀ ਹਾਂ ਕਿ ਕੁਝ ਹਾਲਤਾਂ ’ਚ ਮਰਦ ਦਾ ਵਜੂਦ ਖੰਡਿਤ ਹੁੰਦਾ ਜਾ ਰਿਹਾ ਹੈ। ਉਹ ਆਪਣੀ ਦੁਖਾਂਤਕ ਸਥਿਤੀ ਨੂੰ ਛੁਪਾ ਰਿਹਾ ਹੈ। ਕੀ ਅੱਜ ਮਰਦ ਔਰਤ ਨਾਲੋਂ ਵੱਧ ਬੇਵੱਸ ਨਹੀਂ? ਮਰਦ ਦੀ ਹਿੰਸਾ ਦਾ ਸ਼ਿਕਾਰ ਔਰਤ ਦੇ ਜਿਸਮ ’ਤੇ ਪਾਏ ਜ਼ਖ਼ਮ ਤਾਂ ਸਭ ਨੂੰ ਦਿਸਦੇ ਨੇ ਪਰ ਕੀ ਮਰਦ ਦੇ ਮਨ ’ਤੇ ਔਰਤ ਵੱਲੋਂ ਦਿੱਤੇ ਨਾਸੂਰ ਕਿਸੇ ਸਮਾਜ ਨੇ ਦੇਖਣ ਜਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਰਿਸ਼ਤਿਆਂ ਦੇ ਬਦਲਦੇ ਸਮੀਕਰਨਾਂ ਬਾਰੇ ਡੂੰਘੀ ਸਾਜ਼ਿਸ਼ੀ ਚੁੱਪ ਮੈਨੂੰ ਸਦਾ ਪਰੇਸ਼ਾਨ ਕਰਦੀ ਰਹਿੰਦੀ ਹੈ। ਇਹ ਗੱਲ ਕਹਿੰਦਿਆਂ ਸਾਡੀ ਜ਼ੁਬਾਨ ਨੂੰ ਤੰਦੂਆ ਕਿਉਂ ਪੈ ਜਾਂਦਾ ਹੈ ਕਿ ਜੇ ਕੁਝ ਮਰੀਆਂ ਜ਼ਮੀਰਾਂ ਵਾਲੇ ਮਰਦਾਂ ਲਈ ਔਰਤ ਜਿਸਮ ਤੋਂ ਵੱਧ ਕੁਝ ਨਹੀਂ ਤਾਂ ਕੁਝ ਭਟਕਣ ਦਾ ਸ਼ਿਕਾਰ ਔਰਤਾਂ ਲਈ ਵੀ ਮਰਦ ਪੈਸਾ ਕਮਾਉਣ ਵਾਲੀ ਮਸ਼ੀਨ ਤੋਂ ਵੱਧ ਕੁਝ ਨਹੀਂ। ਜਿਸਮਾਂ ਦੀ ਭੁੱਖ ਪੂਰੀ ਕਰਨ ਲਈ ਸਭ ਨੈਤਿਕ ਕਦਰਾਂ- ਕੀਮਤਾਂ ਭੁੱਲ ਕੇ ਆਪੋ-ਆਪਣੀ ਜ਼ਿੰਦਗੀ ਜੀਣ ਦੇ ਰਾਹ ’ਤੇ ਤੁਰਨ ਨੂੰ ਹੀ ਕਈ ਲੋਕ ਅਸਲੀ ਆਜ਼ਾਦੀ ਸਮਝੀ ਬੈਠੇ ਨੇ ਜਦਕਿ ਇਹ ਘੋਰ ਸਮਾਜਿਕ ਗਿਰਾਵਟ ਦਾ ਚਿੰਨ੍ਹ ਹੈ।

ਆਖ਼ਰ ਕਦ ਤਕ ਅਸੀਂ ਅਸਲ ਹਕੀਕਤ ਨੂੰ ਮੰਨਣ ਤੋਂ ਇਨਕਾਰੀ ਰਹਾਂਗੇ। ਮੇਰਾ ਦਿਲੋ- ਦਿਮਾਗ਼ ਅੱਜ ਵੀ ਇਹੀ ਸ਼ਾਅਦੀ ਭਰਦਾ ਹੈ ਕਿ ਹਯਾ ਔਰਤ ਦਾ ਗਹਿਣਾ ਹੈ ਤੇ ਸਾਡੀ ਇਹ ਫ਼ਿਤਰਤ ਸਦਾ ਕਾਇਮ ਰਹਿਣੀ ਚਾਹੀਦੀ ਹੈ। ਪੂੰਜੀਵਾਦ ਦੇ ਇਸ ਦੌਰ ’ਚ ਰਿਸ਼ਤੇ-ਨਾਤੇ, ਪਿਆਰ-ਮੁਹੱਬਤ ਪਤਾ ਨਹੀਂ ਕਿਉਂ ਓਪਰੀਆਂ ਜਿਹੀਆਂ ਗੱਲਾਂ ਹੀ ਲੱਗ ਰਹੀਆਂ ਹਨ। ਆਖ਼ਰੀ ਸਾਹ ਤਕ ਨਿਭਣ ਵਾਲੇ ਰੂਹਾਂ ਦੇ ਰਿਸ਼ਤੇ ਛਿਣ ਭੰਗਰੀ ਜਿਸਮਾਂ ਦੀ ਦਲਦਲ ’ਚ ਗਰਕ ਹੋਈ ਜਾ ਰਹੇ ਹਨ।

ਬਰਾਬਰੀ ਦੀ ਹੱਕੀ ਮੰਗ ਕਰਦੀਆਂ ਧੀਆਂ ਨੂੰ ਮੇਰੀ ਇਹ ਗੁਜ਼ਾਰਿਸ਼ ਹੈ ਕਿ ਅਸੀਂ ਤਾਨਾਸ਼ਾਹ ਰਵੱਈਆ ਅਖ਼ਤਿਆਰ ਨਹੀਂ ਕਰਨਾ ਜਿੱਥੇ ਮਰਦ ਨੂੰ ਕੁਚਲ ਹੀ ਦੇਣ ਦੀ ਸੋਚ ਪ੍ਰਧਾਨ ਹੋਵੇ। ਆਓ! ਆਤਮ ਚਿੰਤਨ ਦੀ ਇਸ ਘੜੀ ਨੈਤਿਕ ਕਦਰਾਂ-ਕੀਮਤਾਂ ਨੂੰ ਮੁੜ ਸੁਰਜੀਤ ਕਰ ਕੇ ਸੱਚੇ-ਸੁੱਚੇ ਰਿਸ਼ਤਿਆਂ ਨੂੰ ਸਾਂਭਣ ਦਾ ਯਤਨ ਕਰੀਏ ਤੇ ਸੋਹਣੇ-ਸੁਨੱਖੇ ਸਮਾਜ ਦੇ ਸਿਰਜਣਹਾਰ ਬਣੀਏ।

ਡਾ. ਨਵਜੋਤ

(ਪਿ੍ਰੰਸੀਪਲ, ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ)

ਮੋਬਾਈਲ ਨੰਬਰ 81468-28040

Posted By: Jagjit Singh