ਅੱਜ ਦੇ ਮਨੁੱਖ ਕੋਲ ਆਪਣਾ ਚੰਗਾ-ਬੁਰਾ ਸੋਚਣ ਲਈ ਵਕਤ ਹੀ ਨਹੀਂ ਹੈ। ਦੌੜ-ਭੱਜ ਨਾਲ ਭਰੇ ਜੀਵਨ ਵਿਚ ਤਣਾਅ ਤੇ ਮਾਨਸਿਕ ਬੋਝ ਕਾਰਨ ਨਵੀਆਂ-ਨਵੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਜਨਮ ਲੈ ਰਹੀਆਂ ਹਨ ਜਿਨ੍ਹਾਂ ਤੋਂ ਬਚਣ ਲਈ ਮਨੁੱਖ ਨੂੰ ਆਪਣੇ ਲਈ ਸਮਾਂ ਕੱਢਣਾ ਪਵੇਗਾ। ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਸਭ ਤੋਂ ਵਧੀਆ ਇਲਾਜ ਯੋਗ ਰਾਹੀਂ ਸੰਭਵ ਹੈ। ਯੋਗ ਦਾ ਅਰਥ ਹੈ ਜੁੜਨਾ ਜਾਂ ਬੰਨ੍ਹਣਾ। ਯੋਗ ਸਰੀਰ ਤੇ ਮਨ ਦੀਆਂ ਸਾਰੀਆਂ ਤਾਕਤਾਂ, ਭਾਵਨਾਵਾਂ ਤੇ ਇੱਛਾ ਸ਼ਕਤੀ ਨੂੰ ਇਕ ਕੜੀ ਵਿਚ ਜੋੜਨ ਦੀ ਸਮਰੱਥਾ ਰੱਖਦਾ ਹੈ। ਯੋਗ ਮਨੁੱਖੀ ਜੀਵਨ ’ਚ ਠਹਿਰਾਅ ਤੇ ਠਰੰ੍ਹਮਾ ਲਿਆ ਕੇ ਵਿਅਕਤੀ ਦੇ ਨਜ਼ਰੀਏ ’ਚ ਬਦਲਾਅ ਲਿਆਉਂਦਾ ਹੈ। ਯੋਗ ਇਕ ਤਰੀਕਾ ਹੈ ਜਿਸ ਰਾਹੀਂ ਵਿਅਕਤੀ ਆਪਣੇ ਅੰਦਰ ਛੁਪੀਆਂ ਹੋਈਆਂ ਤਾਕਤਾਂ ’ਤੇ ਕੰਟਰੋਲ ਕਰਨਾ ਸਿੱਖਦਾ ਹੈ। ਯੋਗ ਮਨੁੱਖ ਦੀਆਂ ਹਰ ਤਰ੍ਹਾਂ ਦੀਆਂ ਚਿੰਤਾਵਾਂ, ਪਰੇਸ਼ਾਨੀਆਂ ਅਤੇ ਘਬਰਾਹਟਾਂ ਨੂੰ ਦੂਰ ਕਰਨ ਦਾ ਇਕ ਸਾਧਨ ਹੈ। ਇਸ ਰਾਹੀਂ ਵਿਅਕਤੀ ਦੀ ਭਟਕਣ ਖ਼ਤਮ ਹੋ ਜਾਂਦੀ ਹੈ ਤੇ ਉਹ ਪਰਮ ਅਵਸਥਾ ਵਿਚ ਪਹੁੰਚ ਜਾਂਦਾ ਹੈ। ਯੋਗ ਦਾ ਉਦੇਸ਼ ਆਪਣੇ ਮਨ ’ਤੇ ਕੰਟਰੋਲ ਕਰਨਾ ਹੈ। ਜਦੋਂ ਵਿਅਕਤੀ ਚੰਗੇ-ਮਾੜੇ, ਅਸਲੀ-ਨਕਲੀ ਅਤੇ ਸੱਚੇ-ਝੂਠੇ ਨੂੰ ਆਪਣੀ ਸੂਝਬੂਝ ਨਾਲ ਪਛਾਣਨ ਤੇ ਦੋਵਾਂ ਵਿਚਲਾ ਫ਼ਰਕ ਜਾਣਨ ਦੇ ਸਮਰੱਥ ਹੋ ਜਾਂਦਾ ਹੈ ਤਾਂ ਉਹ ਆਪਣੇ-ਆਪ ’ਤੇ ਕਾਬੂ ਰੱਖਣਾ ਸਿੱਖ ਜਾਂਦਾ ਹੈ। ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਅਧਿਆਤਮਕ ਸਿਹਤ ਨੂੰ ਠੀਕ ਰੱਖ ਕੇ ਵਿਅਕਤੀ ਦਾ ਸਰਬਪੱਖੀ ਵਿਕਾਸ ਕਰਨਾ ਹੀ ਯੋਗ ਦਾ ਮੁੱਖ ਟੀਚਾ ਹੈ। ਭਾਰਤ ਪੂਰੇ ਵਿਸ਼ਵ ’ਚ ਯੋਗ ਗੁਰੂ ਵਜੋਂ ਜਾਣਿਆ ਜਾਂਦਾ ਹੈ। ਭਾਰਤੀ ਸੱਭਿਆਚਾਰ ਵਿਚ ਪਿਛਲੇ ਲੰਬੇ ਸਮੇਂ ਤੋਂ ਹੀ ਯੋਗ ਸਾਡੀ ਜੀਵਨ-ਸ਼ੈਲੀ ਦਾ ਹਿੱਸਾ ਬਣਿਆ ਹੋਇਆ ਹੈ। ਯੋਗ ਦੀ ਸ਼ੁਰੂਆਤ ਵੈਦਿਕ ਕਾਲ ਵਿਚ ਹੋਈ ਸੀ। ਰਿਗਵੇਦ ਵਿਚ ਵੀ ਯੋਗਿਕ ਕਿਰਿਆਵਾਂ ਦਾ ਵਰਣਨ ਮਿਲਦਾ ਹੈ। ਉਸ ਸਮੇਂ ਰਿਸ਼ੀ-ਮੁਨੀ ਯੋਗ ਕਿਰਿਆਵਾਂ ਕਰ ਕੇ ਆਪਣੀਆਂ ਇੰਦਰੀਆਂ ’ਤੇ ਕਾਬੂ ਰੱਖਦੇ ਸਨ ਅਤੇ ਬਿਮਾਰੀਆਂ ਤੋਂ ਮੁਕਤ ਰਹਿੰਦੇ ਸਨ। ਯੋਗ ਦੀ ਇਸ ਮਹਾਨਤਾ ਨੂੰ ਦੇਖਦਿਆਂ ਹੋਇਆਂ ਭਾਰਤ ਸਰਕਾਰ ਦੇ ਯਤਨਾਂ ਸਦਕਾ ਸੰਯੁਕਤ ਰਾਸ਼ਟਰ ਮਹਾ-ਸਭਾ ਵੱਲੋਂ 2014 ਵਿਚ ਯੋਗ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਦਿੱਤੀ ਗਈ ਸੀ। ਇਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ ’ਤੇ 21 ਜੂਨ 2015 ਨੂੰ ਪਹਿਲੀ ਵਾਰ ਯੋਗ ਦਿਵਸ ਮਨਾਇਆ ਗਿਆ ਸੀ। ਉਸ ਤੋਂ ਬਾਅਦ ਹਰ ਸਾਲ 21 ਜੂਨ ਨੂੰ ਕੌਮਾਂਤਰੀ ਪੱਧਰ ’ਤੇ ਵੱਡੇ ਆਯੋਜਨ ਕਰ ਕੇ ਇਹ ਦਿਨ ਮਨਾਇਆ ਜਾ ਰਿਹਾ ਹੈ। ਹਰ ਸਾਲ ਕੌਮਾਂਤਰੀ ਯੋਗ ਦਿਵਸ ਮੌਕੇ ਇਕ ਵਿਸ਼ੇਸ਼ ਥੀਮ ਰੱਖਿਆ ਜਾਂਦਾ ਹੈ। ਅੱਠਵੇਂ ਯੋਗ ਦਿਵਸ ਦਾ ਥੀਮ ਹੈ ‘ਮਨੁੱਖਤਾ ਲਈ ਯੋਗ’। ਆਯੂਸ਼ ਮੰਤਰਾਲਾ ਭਾਰਤ ਸਰਕਾਰ ਵੱਲੋਂ ਯੋਗ ਦਿਵਸ ਮੌਕੇ 21 ਜੂਨ ਨੂੰ ਇਸ ਵਾਰ ਦਾ ਮੁੱਖ ਸਮਾਗਮ ਕਰਨਾਟਕ ਦੇ ਸ਼ਹਿਰ ਮੈਸੂਰ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ।

-ਹਰਜੀਤ ਸਿੰਘ ਜੋਗਾ।

-ਮੋਬਾਈਲ : 94178-30981

Posted By: Jagjit Singh