ਅਸਾਮ ਵਿਚ ਰਾਸ਼ਟਰੀ ਨਾਗਰਿਕਤਾ ਰਜਿਸਟਰ ਅਰਥਾਤ ਐੱਨਆਰਸੀ ਦੀ ਅੰਤਿਮ ਸੂਚੀ ਤੋਂ ਜਿਸ ਤਰ੍ਹਾਂ ਕੋਈ ਵੀ ਧਿਰ ਸੰਤੁਸ਼ਟ ਨਹੀਂ ਦਿਸ ਰਹੀ ਹੈ, ਉਸ ਦੇ ਮੱਦੇਨਜ਼ਰ ਇਸ ’ਤੇ ਹੈਰਾਨੀ ਨਹੀਂ ਕਿ ਭਾਜਪਾ ਇਸ ਸੂਚੀ ਦੀ ਨਵੇਂ ਸਿਰੇ ਤੋਂ ਵਿਚਾਰ ਕਰਨ ਦੀ ਮੰਗ ਦੇ ਨਾਲ ਸੁਪਰੀਮ ਕੋਰਟ ਜਾਣ ਦੀ ਗੱਲ ਕਹਿ ਰਹੀ ਹੈ। ਫ਼ਿਲਹਾਲ ਕਹਿਣਾ ਔਖਾ ਹੈ ਕਿ ਸੁਪਰੀਮ ਕੋਰਟ ਐੱਨਆਰਸੀ ਸਬੰਧੀ ਕੀ ਆਦੇਸ਼-ਨਿਰਦੇਸ਼ ਦਿੰਦਾ ਹੈ ਪਰ ਬਿਹਤਰ ਹੋਵੇਗਾ ਕਿ ਉਸ ਦੇ ਫ਼ੈਸਲੇ ਦਾ ਇੰਤਜ਼ਾਰ ਕਰਨ ਦੇ ਨਾਲ ਹੀ ਇਸ ਸਵਾਲ ਦਾ ਜਵਾਬ ਤਲਾਸ਼ਿਆ ਜਾਵੇ ਕਿ ਆਖ਼ਰ ਉਹ ਕਰੋੜਾਂ ਬੰਗਲਾਦੇਸ਼ੀ ਕਿੱਥੇ ਖਪ ਗਏ ਜੋ ਘੁਸਪੈਠ ਕਰ ਕੇ ਅਸਾਮ ਦੇ ਵੱਖ-ਵੱਖ ਇਲਾਕਿਆਂ ਵਿਚ ਆ ਵਸੇ ਸਨ? ਉਨ੍ਹਾਂ ਦੀ ਢੰਗ ਨਾਲ ਪਛਾਣ ਨਹੀਂ ਕੀਤੀ ਜਾ ਸਕੀ ਜਾਂ ਫਿਰ ਉਹ ਅਸਾਮ ਤੋਂ ਨਿਕਲ ਕੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਜਾ ਵਸੇ? ਸਾਫ਼ ਹੈ ਕਿ ਕਿਤੇ ਕੁਝ ਤਾਂ ਗੜਬੜ ਹੋਈ ਹੈ। ਇਹ ਠੀਕ ਨਹੀਂ ਕਿ ਹਜ਼ਾਰਾਂ ਕਰੋੜ ਰੁਪਏ ਖਪ ਜਾਣ ਤੋਂ ਬਾਅਦ ਜੋ ਨਤੀਜਾ ਸਾਹਮਣੇ ਆਇਆ, ਉਹ ਕਿਸੇ ਦੇ ਗਲੇ ਨਹੀਂ ਉਤਰ ਰਿਹਾ ਹੈ। ਇਹ ਸਹੀ ਹੈ ਕਿ ਐੱਨਆਰਸੀ ਦੀ ਅੰਤਿਮ ਸੂਚੀ ਦੇ ਆਧਾਰ ’ਤੇ ਹਾਲੇ ਕਿਸੇ ਨਤੀਜੇ ’ਤੇ ਨਹੀਂ ਪੁੱਜਿਆ ਜਾ ਸਕਦਾ ਕਿਉਂਕਿ ਜਿਨ੍ਹਾਂ ਦਾ ਨਾਂ ਇਸ ਸੂਚੀ ਵਿਚ ਨਹੀਂ ਹੈ, ਉਨ੍ਹਾਂ ਨੂੰ ਅਦਾਲਤ ਜਾਣ ਦਾ ਹੱਕ ਹੈ ਪਰ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਅੰਤਿਮ ਤੌਰ ’ਤੇ ਬਾਹਰੀ ਐਲਾਨੇ ਲੋਕਾਂ ਦਾ ਕੀ ਕੀਤਾ ਜਾਵੇਗਾ? ਇਸ ਵਿਚ ਸ਼ੱਕ ਹੈ ਕਿ ਉਨ੍ਹਾਂ ਨੂੰ ਬੰਗਲਾਦੇਸ਼ ਲੈਣ ਲਈ ਤਿਆਰ ਹੋਵੇਗਾ। ਉੱਥੋਂ ਦੀ ਸਰਕਾਰ ਇਹ ਕਹਿ ਸਕਦੀ ਹੈ ਕਿ ਜਿਨ੍ਹਾਂ ਨੂੰ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ, ਉਨ੍ਹਾਂ ਬਾਰੇ ਇਹ ਸਿੱਧ ਕੀਤਾ ਜਾਵੇ ਕਿ ਉਹ ਨਾਜਾਇਜ਼ ਤਰੀਕੇ ਨਾਲ ਭਾਰਤ ਵਿਚ ਵੜੇ ਸਨ। ਆਉਣ ਵਾਲੇ ਸਮੇਂ ਵਿਚ ਇਹ ਹੋ ਸਕਦਾ ਹੈ ਕਿ ਬੰਗਲਾਦੇਸ਼ ਦੀ ਆਰਥਿਕ ਹਾਲਤ ਵਿਚ ਸੁਧਾਰ ਕਾਰਨ ਤਮਾਮ ਬੰਗਲਾਦੇਸ਼ੀ ਆਪਣੇ ਵਤਨ ਪਰਤਣਾ ਪਸੰਦ ਕਰਨ ਪਰ ਇਸ ਦੇ ਬਾਵਜੂਦ ਭਾਰਤ ਨੂੰ ਤਾਂ ਇਸ ਸਵਾਲ ਦਾ ਜਵਾਬ ਲੱਭਣਾ ਹੀ ਹੋਵੇਗਾ ਕਿ ਜਿਨ੍ਹਾਂ ਨੂੰ ਅੰਤਿਮ ਤੌਰ ’ਤੇ ਭਾਰਤੀ ਨਾਗਰਿਕ ਨਹੀਂ ਮੰਨਿਆ ਜਾਵੇਗਾ, ਉਨ੍ਹਾਂ ਦੇ ਅਧਿਕਾਰਾਂ ਵਿਚ ਕੀ ਅਤੇ ਕਿਵੇਂ ਕਟੌਤੀ ਕੀਤੀ ਜਾਵੇਗੀ? ਜੋ ਵੀ ਹੋਵੇ, ਇਹ ਚੰਗਾ ਨਹੀਂ ਹੋਇਆ ਕਿ ਐੱਨਆਰਸੀ ਦੀ ਲੰਬੀ ਪ੍ਰਕਿਰਿਆ ਕਿਸੇ ਨਤੀਜੇ ’ਤੇ ਪਹੁੰਚਦੀ ਨਹੀਂ ਦਿਸ ਰਹੀ। ਪਤਾ ਨਹੀਂ ਇਸ ਦੀ ਤਹਿ ਤਕ ਜਾਇਆ ਜਾਵੇਗਾ ਜਾਂ ਨਹੀਂ ਕਿ ਇਸ ਪ੍ਰਕਿਰਿਆ ਵਿਚ ਕਿੱਥੇ ਕੀ ਖਾਮੀ ਰਹਿ ਗਈ ਪਰ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਅਸਾਮ ਦੇ ਹਾਲਾਤ ਸਰਹੱਦਾਂ ਦੀ ਚੌਕਸੀ ਵਿਚ ਲਾਪਰਵਾਹੀ ਦਾ ਨਤੀਜਾ ਹਨ। ਘੱਟੋ-ਘੱਟ ਹੁਣ ਤਾਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਕ ਵੀ ਵਿਦੇਸ਼ੀ ਸਾਡੀ ਸਰਹੱਦ ਵਿਚ ਦਾਖ਼ਲ ਨਾ ਹੋ ਸਕੇ। ਇਹ ਇਸ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਹਜ਼ਾਰਾਂ ਰੋਹਿੰਗੀਆ ਭਾਰਤ ਵਿਚ ਵੜ ਕੇ ਜੰਮੂ ਤਕ ਜਾ ਵਸੇ ਅਤੇ ਫਿਰ ਵੀ ਕਿਸੇ ਨੂੰ ਖ਼ਬਰ ਨਹÄ ਹੋਈ। ਬੇਸ਼ੱਕ ਉਨ੍ਹਾਂ ਤੌਰ-ਤਰੀਕਿਆਂ ਨੂੰ ਵੀ ਯਕੀਨੀ ਬਣਾਉਣ ਦੀ ਸਖ਼ਤ ਜ਼ਰੂਰਤ ਹੈ ਜਿਨ੍ਹਾਂ ਸਦਕਾ ਇਹ ਆਸਾਨੀ ਨਾਲ ਤੈਅ ਹੋ ਸਕੇ ਕਿ ਕੌਣ ਭਾਰਤੀ ਹੈ ਅਤੇ ਕੌਣ ਬਾਹਰੀ?

Posted By: Susheel Khanna