ਕਿਸੇ ਦੋਸ਼ੀ ਨੂੰ ਸਜ਼ਾ ਦੇਣਾ ਬਹੁਤ ਆਸਾਨ ਹੈ ਪਰ ਕਿਸੇ ਨੂੰ ਮਾਫ਼ ਕਰਨਾ ਬਹੁਤ ਮੁਸ਼ਕਲ ਕੰਮ ਹੈ। ਕਿਸੇ ਦੀ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰ ਕੇ ਉਸ ਦੇ ਗੁਣਾਂ ਨੂੰ ਪਛਾਣਨਾ ਇਕ ਵਧੀਆ ਇਨਸਾਨ ਦੀ ਨਿਸ਼ਾਨੀ ਹੈ। ਜੇਕਰ ਅਸੀਂ ਕਿਸੇ ਪ੍ਰਤੀ ਬਦਲੇ ਦੀ ਭਾਵਨਾ ਰੱਖਦੇ ਹਾਂ ਤਾਂ ਸਾਡੇ ਇਰਦ-ਗਿਰਦ ਰਹਿਣ ਵਾਲੇ ਲੋਕ ਵੀ ਅਜਿਹੀ ਹੀ ਮਾਨਸਿਕਤਾ ਰੱਖਣ ਲੱਗਣਗੇ ਪਰ ਇਸ ਨਾਲ ਸੰਵਰਦਾ ਘੱਟ ਹੀ ਹੈ। ਸਗੋਂ ਅਸੀਂ ਆਪਣੀ ਹੀ ਹਾਂ-ਪੱਖੀ ਊਰਜਾ ਨੂੰ ਨੁਕਸਾਨ ਪਹੁੰਚਾਉਂਦੇ ਹਾਂ।

ਕਿਸੇ ਨੂੰ ਮਾਫ਼ ਕਰਨਾ ਸਾਡੀ ਸ਼ਖ਼ਸੀਅਤ ਦੀ ਅਹਿਮ ਨਿਸ਼ਾਨੀ ਹੈ। ਮੈਨੂੰ ਲੱਗਦਾ ਹੈ ਕਿ ਜਿੰਨਾ ਸਮਾਂ ਅਸੀਂ ਕਿਸੇ ਕੋਲੋਂ ਬਦਲਾ ਲੈਣ ਦੇ ਢੰਗ-ਤਰੀਕਿਆਂ ਨੂੰ ਤਲਾਸ਼ਣ ਵਿਚ ਅਜਾਈਂ ਗੁਆਉਂਦੇ ਹਾਂ, ਜੇਕਰ ਉਹੀ ਸਮਾਂ ਅਸੀਂ ਆਪਣੀ ਸ਼ਖ਼ਸੀਅਤ ਨੂੰ ਹੋਰ ਨਿਖਾਰਨ ਵੱਲ ਲਗਾਈਏ ਤਾਂ ਚੰਗਾ ਹੋਵੇਗਾ।

ਤ੍ਰਾਸਦੀ ਇਹ ਹੈ ਕਿ ਅਸੀਂ ਬਹੁਤਾਤ ਸਮਾਂ ਇਕ-ਦੂਜੇ ਦਾ ਮਾੜਾ ਸੋਚਣ, ਰੰਜ਼ਿਸ਼ ਰੱਖਣ ਤੇ ਬਦਲੇ ਦੀ ਭਾਵਨਾ ਵਿਚ ਅਜਾਈਂ ਗੁਆਉਂਦੇ ਹਾਂ। ਮਾਫ਼ ਕਰਨ ’ਤੇ ਇਕ ਤਾਂ ਗ਼ਲਤੀ ਕਰਨ ਵਾਲੇ ਇਨਸਾਨ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਜਾਂਦਾ ਹੈ ਅਤੇ ਦੂਜਾ ਉਸ ਨੂੰ ਸੁਧਾਰ ਦਾ ਮੌਕਾ ਮਿਲ ਜਾਂਦਾ ਹੈ। ਇਸ ਦੁਨੀਆ ਵਿਚ ਹਰ ਵਿਅਕਤੀ ਗ਼ਲਤੀਆਂ ਕਰਦਾ ਹੈ।

ਭਾਵੇਂ ਹਰ ਇਨਸਾਨ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਗ਼ਲਤੀਆਂ ਕਰਦਾ ਹੈ ਪਰ ਬਹੁਤ ਘੱਟ ਇਨਸਾਨ ਅਜਿਹੇ ਹੁੰਦੇ ਹਨ ਜੋ ਉਨ੍ਹਾਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਆਪਣੀ ਜ਼ਿੰਦਗੀ ਨੂੰ ਸਕੂਨਮਈ ਬਣਾਉਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਕਿਸੇ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਹੋਣ ਉਪਰੰਤ ਮਾਫ਼ ਕਰ ਕੇ ਅੱਗੇ ਵਧਣ ਅਤੇ ਸੁਧਾਰ ਦਾ ਮੌਕਾ ਦੇਈਏ। ਉਸ ਨੂੰ ਮੌਕਾ ਹੀ ਨਾ ਦੇਈਏ ਬਲਕਿ ਉਸ ਦਾ ਪੂਰਾ ਸਾਥ ਵੀ ਦੇਈਏ ਤਾਂ ਕਿ ਉਹ ਕੀਤੀ ਹੋਈ ਭੁੱਲ ਤੋਂ ਚੰਗੀ ਤਰ੍ਹਾਂ ਸਬਕ ਸਿੱਖ ਸਕੇ।

ਇੱਥੇ ਇਹ ਵੀ ਧਿਆਨ ਰਹੇ ਕਿ ਗ਼ਲਤੀ ਦੀ ਸਜ਼ਾ ਜ਼ਰੂਰੀ ਨਹੀਂ, ਕੀਤੀ ਗਈ ਗ਼ਲਤੀ ਦਾ ਅਹਿਸਾਸ ਜ਼ਰੂਰੀ ਹੈ। ਕਈ ਵਾਰ ਅਸੀਂ ਸਜ਼ਾ ਅਤੇ ਗ਼ਲਤੀ ਦੇ ਅਹਿਸਾਸ, ਦੋਵਾਂ ਨੂੰ ਇੱਕੋ ਧਾਰਨਾ ਦੀ ਮਾਲਾ ਵਿਚ ਪਰੋ ਦਿੰਦੇ ਹਾਂ ਜੋ ਕਿ ਸਹੀ ਨਹੀਂ। ਕਈ ਵਾਰ ਅਜਿਹਾ ਹੁੰਦਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾ ਦਿੱਤਾ ਜਾਵੇ ਤਾਂ ਉਹ ਸੁਧਰ ਜਾਂਦਾ ਹੈ।

ਦੂਜੇ ਬੰਨੇ ਕਈ ਵਾਰ ਕਿਸੇ ਨੂੰ ਬਿਨਾਂ ਅਹਿਸਾਸ ਕਰਵਾਏ ਅਤੇ ਮੌਕਾ ਦਿੱਤੇ ਸਜ਼ਾ ਦੇਣ ਦੇ ਨਤੀਜੇ ਮਾੜੇ ਨਿਕਲਦੇ ਹਨ ਅਤੇ ਸਬੰਧਤ ਵਿਅਕਤੀ ਇਨਸਾਨ ਤੋਂ ਖੂੰਖਾਰ ਦਰਿੰਦੇ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕਾਂ ਨੂੰ ਗ਼ਲਤੀਆਂ ਦਾ ਅਹਿਸਾਸ ਕਰਵਾ ਕੇ ਉਨ੍ਹਾਂ ਨੂੰ ਮਾਫ਼ ਕੀਤਾ ਜਾਵੇ। ਜੇ ਕਿਸੇ ਕੁਰਾਹੇ ਪਏ ਵਿਅਕਤੀ ਨੂੰ ਪਿਆਰ ਨਾਲ ਸਹੀ ਰਾਹੇ ਪਾਇਆ ਜਾਵੇ ਤਾਂ ਉਸ ’ਚ ਸੁਧਾਰ ਦੀ ਕਾਫ਼ੀ ਸੰਭਾਵਨਾ ਹੁੰਦੀ ਹੈ। ਹੋਰਾਂ ਨੂੰ ਅਸੀਂ ਉਦੋਂ ਹੀ ਮਾਫ਼ ਕਰ ਸਕਾਂਗੇ ਜਦ ਅਸੀਂ ਖ਼ੁਦ ਨੂੰ ਉਨ੍ਹਾਂ ਦੀ ਜਗ੍ਹਾ ਰੱਖ ਕੇ ਦੇਖਾਂਗੇ। ਚੇਤੇ ਰੱਖੋ ਕਿ ਬਦਲਾ ਲੈਣ ਵਾਲੇ ਨਾਲੋਂ ਮਾਫ਼ ਕਰਨ ਵਾਲਾ ਕਿਤੇ ਜ਼ਿਆਦਾ ਮਹਾਨ ਹੁੰਦਾ ਹੈ।

-ਹਰਕੀਰਤ ਕੌਰ।

(97791-18066)

Posted By: Jagjit Singh