ਪੰਜਾਬ ਵਿਜੀਲੈਂਸ ਬਿਊਰੋ ਦੇ ਏਆਈਜੀ ਆਸ਼ੀਸ਼ ਕਪੂਰ ਖ਼ਿਲਾਫ਼ ਇਕ ਔਰਤ ਦੀ ਸ਼ਿਕਾਇਤ 'ਤੇ ਹਿਰਾਸਤੀ ਜਬਰ-ਜਨਾਹ ਅਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਇਆ ਹੈ। ਪੰਜਾਬ 'ਚ ਹੁਣ ਤਕ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ 'ਤੇ ਦਰਜ ਕੇਸਾਂ 'ਚੋਂ ਇਹ ਵਿਲੱਖਣ ਮਾਮਲਾ ਹੈ। ਸਹੀ ਮਾਅਨਿਆਂ ਵਿਚ ਇਹ ਮਾਮਲਾ ਖਾਕੀ 'ਤੇ ਵੱਡਾ ਦਾਗ਼ ਹੈ। ਕਾਨੂੰਨ ਨੂੰ ਛਿੱਕੇ ਟੰਗਣ ਵਾਲੇ ਇਸ ਮਾਮਲੇ ਵਿਚ ਹਰਿਆਣਾ ਵਾਸੀ ਮਹਿਲਾ ਨੇ ਪੁਲਿਸ ਅਫ਼ਸਰ ਕਪੂਰ 'ਤੇ ਸੰਗੀਨ ਇਲਜ਼ਾਮ ਲਾਏ ਹਨ। ਪੀੜਤਾ ਪੰਜਾਬ ਦੀ ਇਕ ਜੇਲ੍ਹ ਵਿਚ ਬੰਦ ਸੀ ਜਿੱਥੇ ਆਸ਼ੀਸ਼ ਕਪੂਰ ਜੇਲ੍ਹ ਸੁਪਰਡੈਂਟ ਸੀ। ਕਪੂਰ 'ਤੇ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜੇਲ੍ਹ 'ਚ ਉਸ ਨੇ ਉਸ ਨਾਲ ਵਧੀਕੀਆਂ ਕੀਤੀਆਂ। ਪਹਿਲਾਂ ਵੀ ਪਟਿਆਲਾ ਜੇਲ੍ਹ ਨਾਲ ਸਬੰਧਤ ਅਜਿਹਾ ਹੀ ਇਕ ਮਾਮਲਾ ਚਰਚਾ 'ਚ ਰਹਿ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਪਟਿਆਲਾ ਵਾਲੇ ਮਾਮਲੇ ਦੀ ਤਰਜ 'ਤੇ ਹੀ ਇਸ ਕੇਸ ਦੀ ਜਾਂਚ ਹੋਈ ਹੈ। ਹਾਲਾਂਕਿ ਸਟੇਟ ਸਪੈਸ਼ਲ ਆਪਰੇਸ਼ਨ ਯੂਨਿਟ ਮੋਹਾਲੀ ਤਹਿਤ ਪਹਿਲਾਂ ਹੀ ਇਹ ਕੇਸ ਦਰਜ ਸੀ। ਜਾਂਚ ਮਗਰੋਂ ਹੁਣ ਉਕਤ ਅਧਿਕਾਰੀ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਕ ਜਬਰੀ ਸੇਵਾ ਮੁਕਤ ਕੀਤੇ ਗਏ ਪੁਲਿਸ ਅਧਿਕਾਰੀ 'ਤੇ ਵੀ ਨਾਲ ਕੰਮ ਕਰਦੀਆਂ ਮੁਲਾਜ਼ਮਾਂ ਨੇ ਸੰਗੀਨ ਇਲਜ਼ਾਮ ਲਗਾਏ ਸਨ। ਇਸ ਅਧਿਕਾਰੀ ਦਾ ਵਿਵਾਦਾਂ ਨਾਲ ਡੂੰਘਾ ਰਿਸ਼ਤਾ ਰਿਹਾ ਸੀ। ਪੁਲਿਸ 'ਤੇ ਨਸ਼ਾ ਸਮੱਗਲਰਾਂ ਨੂੰ ਸ਼ਹਿ ਦੇਣ ਅਤੇ ਰਿਸ਼ਵਤਖੋਰੀ ਦੇ ਦੋਸ਼ ਤਾਂ ਲੱਗਦੇ ਹੀ ਰਹਿੰਦੇ ਹਨ ਪਰ ਇਕ ਪੁਲਿਸ ਅਫ਼ਸਰ 'ਤੇ ਲੱਗੇ ਇਨ੍ਹਾਂ ਦੋਸ਼ਾਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਮੰਨਿਆ ਜਾਂਦਾ ਹੈ ਕਿ ਪੁਲਿਸ ਨੂੰ ਕਾਨੂੰਨ ਲਾਗੂ ਕਰਦਿਆਂ ਖ਼ੁਦ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇ ਇਕ ਏਆਈਜੀ ਪੱਧਰ ਦੇ ਅਫ਼ਸਰ ਦਾ ਨਾਂ ਅਜਿਹੇ ਮਾਮਲੇ 'ਚ ਆਉਂਦਾ ਹੈ ਤਾਂ ਇਹ ਪੂਰੇ ਵਿਭਾਗ ਲਈ ਬਹੁਤ ਸ਼ਰਮਨਾਕ ਗੱਲ ਹੈ। ਲਗਾਤਾਰ ਪੁਲਿਸ ਦੇ ਖ਼ਰਾਬ ਹੁੰਦੇ ਅਕਸ ਕਾਰਨ ਹੀ ਲੋਕ ਉਸ 'ਤੇ ਹੱਥ ਚੁੱਕਣ ਤੋਂ ਵੀ ਨਹੀਂ ਡਰਦੇ। ਪਿਛਲੇ ਦਿਨੀਂ ਅੰਮ੍ਰਿਤਸਰ ਦੇ ਅੱਡਾ ਚੋਗਾਵਾਂ ਵਿਖੇ ਤਰਨਤਾਰਨ ਜ਼ਿਲ੍ਹੇ ਤੋਂ ਆਈ ਪੁਲਿਸ ਦੀ ਰੇਡ ਪਾਰਟੀ ਨੂੰ ਪਿੰਡ ਦੇ ਕੁਝ ਲੋਕਾਂ ਨੇ ਬੰਦੀ ਬਣਾ ਲਿਆ ਸੀ ਅਤੇ ਸਬ-ਇੰਸਪੈਕਟਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਦੋਸ਼ੀਆਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਚਲਾ ਦਿੱਤੀ ਸੀ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਕੋਲ ਹਥਿਆਰ ਹੋਣ ਦੇ ਬਾਵਜੂਦ ਸਬ-ਇੰਸਪੈਕਟਰ ਨੂੰ ਉਸ ਦੇ ਸਾਥੀਆਂ ਨੇ ਨਹੀਂ ਸੀ ਛੁਡਾਇਆ। ਸਬ-ਇੰਸਪੈਕਟਰ 'ਤੇ ਰਿਸ਼ਵਤ ਮੰਗਣ ਦੇ ਸੰਗੀਨ ਦੋਸ਼ ਲੱਗੇ। ਆਪਣੇ ਸਾਥੀ ਨੂੰ ਨਾ ਬਚਾਉਣ ਵਾਲੇ ਪੁਲਿਸ ਮੁਲਾਜ਼ਮਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ ਵਿਭਾਗੀ ਕਾਰਵਾਈ ਕੀਤੀ ਗਈ ਸੀ। ਇਸ ਕੇਸ 'ਚ ਤਾਂ ਮੁਲਾਜ਼ਮਾਂ 'ਤੇ ਕਾਰਵਾਈ ਹੋ ਗਈ ਪਰ ਹੁਣ ਲੋੜ ਹੈ ਏਆਈਜੀ ਆਸ਼ੀਸ਼ ਕਪੂਰ 'ਤੇ ਲੱਗੇ ਦੋਸ਼ਾਂ ਦੀ ਨਿਰਪੱਖ ਜਾਂਚ ਦੀ। ਪੀੜਤਾ ਦਾ ਕਹਿਣਾ ਹੈ ਕਿ ਇਸ ਕੇਸ 'ਚ ਹੋਰ ਲੋਕ ਵੀ ਸ਼ਾਮਲ ਹਨ। ਪੁਲਿਸ ਉਨ੍ਹਾਂ 'ਤੇ ਵੀ ਕਾਰਵਾਈ ਕਰੇ। ਲੋਕਾਂ ਨੂੰ ਕਾਨੂੰਨ ਦੇ ਧਾਗੇ ਨਾਲ ਸਮਾਜਿਕ ਮਰਿਆਦਾ 'ਚ ਬੰਨ੍ਹ ਕੇ ਰੱਖਣਾ ਪੁਲਿਸ ਦਾ ਕੰਮ ਹੁੰਦਾ ਹੈ। ਜੇ ਕਿਸੇ ਵਿਅਕਤੀ 'ਤੇ ਕੋਈ ਜ਼ੁਲਮ ਹੁੰਦਾ ਹੈ ਤਾਂ ਉਸ ਦਾ ਸਹਾਰਾ ਪੁਲਿਸ ਤੇ ਅਦਾਲਤਾਂ ਹੀ ਹਨ। ਪੁਲਿਸ ਦਾ ਕੰਮ ਲੋਕਾਂ ਦੀ ਸੁਰੱਖਿਆ ਕਰਨਾ ਹੈ ਨਾ ਕਿ ਮਜ਼ਲੂਮ ਔਰਤ ਦੀ ਮਜਬੂਰੀ ਦਾ ਫ਼ਾਇਦਾ ਚੁੱਕਣਾ। ਜੇ ਏਆਈਜੀ ਇਸ ਮਾਮਲੇ 'ਚ ਦੋਸ਼ੀ ਹੈ ਤਾਂ ਸਰਕਾਰ ਉਸ ਨੂੰ ਸਜ਼ਾ ਦਿਵਾਏ ਤਾਂ ਜੋ ਭਵਿੱਖ 'ਚ ਦੁਬਾਰਾ ਕੋਈ ਇਸ ਤਰ੍ਹਾਂ ਦਾ ਅਪਰਾਧ ਕਰਨ ਦੀ ਹਿੰਮਤ ਨਾ ਕਰੇ।

Posted By: Susheel Khanna