-ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ

ਜੰਗੀ ਰਣਨੀਤੀ ਤੈਅ ਕਰਦੇ ਸਮੇਂ ਧਿਆਨ ਵਿਚ ਰੱਖਣ ਵਾਲੇ 10 ਮੁੱਢਲੇ ਪ੍ਰਮਾਣਿਤ ਨਿਯਮਾਂ 'ਚੋਂ ਇਕ ਪ੍ਰਿੰਸੀਪਲ ਆਫ ਵਾਰ 'ਸਰਪਰਾਈਜ਼' ਹੈ। ਜੰਗ ਦੀ ਯੋਜਨਾ ਘੜਦੇ ਸਮੇਂ ਇਸ ਸਿਧਾਂਤ ਨੂੰ ਇਸ ਵਾਸਤੇ ਤਰਜੀਹ ਦਿੱਤੀ ਜਾਂਦੀ ਹੈ ਤਾਂ ਕਿ ਦੁਸ਼ਮਣ ਨੂੰ ਪਤਾ ਵੀ ਨਾ ਲੱਗ ਸਕੇ ਕਿ ਉਸ 'ਤੇ ਕਦੋਂ, ਕਿਵੇਂ, ਕਿੱਥੋਂ, ਕਿੰਨੀ ਸੰਖਿਆ ਅਤੇ ਕਿਸੇ ਕਿਸਮ ਦੇ ਆਧੁਨਿਕ ਹਥਿਆਰਾਂ ਨਾਲ ਲੈਸ ਕੋਈ ਹੈਰਾਨੀਜਨਕ ਕਾਰਵਾਈ ਹੋ ਸਕਦੀ ਹੈ ਅਤੇ ਫਿਰ ਉਹ ਹੱਕਾ ਬੱਕਾ ਵੀ ਰਹਿ ਜਾਵੇ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪਹਿਲਾਂ ਤੋਂ ਤੈਅ ਪੂਰਬੀ ਲੱਦਾਖ ਦੇ ਦੌਰੇ ਨੂੰ ਰੱਦ ਕਰ ਕੇ 3 ਜੁਲਾਈ ਨੂੰ ਖ਼ੁਦ ਅਚਨਚੇਤ ਲੇਹ ਪਹੁੰਚ ਕੇ ਇਸ 'ਪ੍ਰਿੰਸੀਪਲ ਆਫ ਵਾਰ' ਦੀ ਪਾਲਣਾ ਕੀਤੀ ਹੈ।

ਲੇਹ ਨੇੜੇ ਨਿਮੂ ਵਿਖੇ ਅਜੇ ਪ੍ਰਧਾਨ ਮੰਤਰੀ ਆਪਣੇ ਨਿਵੇਕਲੇ ਅੰਦਾਜ਼ 'ਚ ਜਦੋਂ ਜੰਗੀ ਯੋਧਿਆਂ ਨੂੰ ਸੰਬੋਧਨ ਕਰ ਹੀ ਰਹੇ ਸਨ ਕਿ ਕੁਝ ਟੀਵੀ ਚੈਨਲਾਂ ਨੇ ਮੈਨੂੰ ਆ ਘੇਰਿਆ ਤੇ ਉਨ੍ਹਾਂ ਦਾ ਸਭ ਤੋਂ ਅਹਿਮ ਸਵਾਲ ਸੀ ਕਿ ਕਿਤੇ ਜੰਗ ਤਾਂ ਨਹੀਂ ਲੱਗੇਗੀ? ਇਸ ਸਵਾਲ ਦਾ ਉੱਤਰ ਇਸ ਲੇਖ 'ਚ ਛੁਪਿਆ ਹੋਇਆ ਜ਼ਰੂਰ ਮਿਲੇਗਾ ਪਰ ਇਹ ਤਾਂ ਸਪਸ਼ਟ ਹੈ ਕਿ ਜੰਗ ਸ਼ੁਰੂ ਕਰਨੀ ਤਾਂ ਆਸਾਨ ਹੈ ਪਰ ਇਸ ਦੇ ਅੰਤ ਦਾ ਪਤਾ ਨਹੀਂ ਹੁੰਦਾ। ਫਿਰ ਕੌਮੀ ਪੱਧਰ 'ਤੇ ਜੰਗੀ ਰਣਨੀਤੀ ਦਾ ਫ਼ੈਸਲਾ ਲੈਣ ਸਮੇਂ ਪ੍ਰਧਾਨ ਮੰਤਰੀ ਦੇ ਪੱਧਰ 'ਤੇ ਬੜੀ ਸੂਝ-ਬੂਝ ਨਾਲ ਦੇਸ਼ ਹਿੱਤ ਦਾ ਕੋਈ ਫ਼ੈਸਲਾ ਲੈਣਾ ਖਾਲਾ ਜੀ ਦਾ ਵਾੜਾ ਨਹੀਂ। ਸੰਨ 1971 ਦੀ ਭਾਰਤ-ਪਾਕਿ ਜੰਗ ਸਮੇਂ ਨਿਰਣਾ ਕਰਨ ਤੋਂ ਪਹਿਲਾਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਤਤਕਾਲੀ ਨਿਧੜਕ ਬੇਬਾਕ ਜਨਰਲ (ਬਾਅਦ 'ਚ ਫੀਲਡ ਮਾਰਸ਼ਲ) ਮਾਨਕਸ਼ਾਹ ਨਾਲ ਮਿਲ-ਜੁਲ ਕੇ ਰਣਨੀਤੀ ਬਣਾਈ ਸੀ। ਤਾਂ ਹੀ ਵਿਸ਼ਵ ਪੱਧਰੀ ਸਫਲਤਾ ਪ੍ਰਾਪਤ ਹੋ ਸਕੀ ਸੀ। ਖ਼ੈਰ! ਮਾਨਕਸ਼ਾਹ ਵਰਗਾ ਜਰਨੈਲ ਤਾਂ ਦੇਸ਼ ਨੂੰ ਭਾਗਾਂ ਨਾਲ ਹੀ ਨਸੀਬ ਹੋਵੇਗਾ। ਹੁਣ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਦੀ ਲੱਦਾਖ ਫੇਰੀ ਕਈ ਪੱਖੋਂ ਮਹੱਤਵਪੂਰਨ ਹੈ। ਪਹਿਲੀ ਗੱਲ ਤਾਂ ਇਹ ਕਿ ਉਨ੍ਹਾਂ ਨੂੰ 14 ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਜਿਨ੍ਹਾਂ ਨੇ ਚੀਨੀ ਹਮਰੁਤਬਾ ਮੇਜਰ ਜਨਰਲ ਨਿਊ ਲਿਨ ਨਾਲ ਤਿੰਨ ਮੀਟਿੰਗਾਂ ਕੀਤੀਆਂ ਪਹਿਲਾਂ 6 ਜੂਨ ਨੂੰ, ਫਿਰ 22 ਜੂਨ ਅਤੇ ਆਖ਼ਰੀ 30 ਜੂਨ ਨੂੰ। ਉਨ੍ਹਾਂ ਨੇ 10 ਤੋਂ 12 ਘੰਟੇ ਤਕ ਲੰਬੇ ਦੌਰ ਵਾਲੀਆਂ ਮੀਟਿੰਗਾਂ ਬਾਰੇ ਪ੍ਰਧਾਨ ਮੰਤਰੀ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੋਵੇਗੀ। ਸਵਾਲ ਪੈਦਾ ਹੁੰਦਾ ਹੈ ਕਿ ਕੀ ਚੀਨੀ ਸੈਨਿਕ ਸਰਹੱਦ ਪਾਰ ਕਰ ਕੇ ਕਿਤੇ ਪੈਗੋਰਾ ਸੋ ਝੀਲ ਦੇ ਫਿੰਗਰ 4 ਤੇ 8 ਦਰਮਿਆਨ ਜਾਂ ਕਿਸੇ ਹੋਰ ਇਲਾਕਿਆਂ 'ਚ ਡੇਰੇ ਤਾਂ ਨਹੀਂ ਜਮਾਈ ਬੈਠੇ? ਜੇ ਅਜਿਹਾ ਹੈ ਤਾਂ ਕੀ ਉਹ ਪਿੱਛੇ ਹਟਣਗੇ? ਜਾਂ ਫਿਰ ਕਿਸੇ ਮਿਲਟਰੀ ਕਾਰਵਾਈ ਦੀ ਜ਼ਰੂਰਤ ਹੋਵੇਗੀ।

ਪੀਐੱਮ ਨੇ ਜ਼ਮੀਨੀ ਪੱਧਰ 'ਤੇ ਆਪ੍ਰੇਸ਼ਨਲ ਤਿਆਰੀ ਦਾ ਜਾਇਜ਼ਾ ਲੈਣ ਉਪਰੰਤ 15 ਜੂਨ ਨੂੰ ਗਲਵਾਨ ਵਾਦੀ ਵਿਚ ਪੀਐੱਲਏ ਨਾਲ ਝੜਪ ਦੌਰਾਨ ਸ਼ਹੀਦ ਹੋਏ ਜਵਾਨਾਂ ਤੇ ਅਫ਼ਸਰਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਸੰਬੋਧਨ ਕਰਦਿਆਂ ਫ਼ੌਜੀਆਂ ਨੂੰ ਕਿਹਾ ਕਿ ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਚੀਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਵਿਸਥਾਰਵਾਦੀ ਯੁੱਗ ਦਾ ਅੰਤ ਹੋ ਚੁੱਕਾ ਹੈ। ਹੁਣ ਤਾਂ ਵਿਕਾਸਵਾਦ ਦਾ ਯੁੱਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਾਂਤੀ ਤੇ ਦੋਸਤੀ ਦੀ ਵਚਨਬੱਧਤਾ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ। ਜ਼ਿਕਰਯੋਗ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਚੀਨ ਦੇ ਕਰਤਾ-ਧਰਤਾ ਚਾਉ ਐਨ ਲਾਲੀ ਅਤੇ ਮਾਓ-ਜ਼ੇ-ਤੁੰਗ ਵਰਗੇ ਆਗੂਆਂ ਨਾਲ ਪੰਚਸ਼ੀਲ ਵਾਲਾ ਐਲਾਨਨਾਮਾ ਕੀਤਾ ਸੀ ਪਰ 1950 ਦੇ ਦਹਾਕੇ ਦੇ ਸ਼ੁਰੂ 'ਚ ਬੀਜਿੰਗ ਨੇ ਕਾਨੂੰਨੀ ਤੌਰ 'ਤੇ ਭਾਰਤ ਦੇ ਇਲਾਕੇ ਅਕਸਾਈ ਚਿੰਨ 'ਚੋਂ ਸੜਕ ਕੱਢ ਕੇ ਆਪਣੇ ਮੁਲਕ ਦੇ ਮੁਸਲਿਮ ਬਹੁਲਤਾ ਵਾਲੇ ਸੂਬੇ ਸ਼ਿਨਜਿਆਂਗ ਨੂੰ ਤਿੱਬਤ ਨਾਲ ਜੋੜ ਕੇ ਸਾਡੇ ਤਕਰੀਬਨ 38 ਹਜ਼ਾਰ ਵਰਗ ਕਿਲੋਮੀਟਰ ਵਾਲੇ ਕਸ਼ਮੀਰ ਦੇ ਉੱਤਰ-ਪੂਰਬੀ ਖੇਤਰ ਨੂੰ ਹੜੱਪ ਲਿਆ ਸੀ ਤੇ ਸਾਨੂੰ ਸੂਹ ਵੀ ਨਹੀਂ ਲੱਗਣ ਦਿੱਤੀ। ਜਦੋਂ ਚੀਨ ਨੇ ਸੰਨ 1959 'ਚ ਤਿੱਬਤ ਦੇ ਵਿਸ਼ਾਲ ਖਿੱਤੇ 'ਤੇ ਕਬਜ਼ਾ ਕਰ ਲਿਆ ਤਾਂ ਧਾਰਮਿਕ ਆਗੂ ਦਲਾਈਲਾਮਾ ਨੂੰ ਭਾਰਤ ਨੇ ਸ਼ਰਨ ਦਿੱਤੀ। ਇਸ ਕਾਰਨ ਸਰਹੱਦੀ ਵਿਵਾਦ ਸ਼ੁਰੂ ਹੋ ਗਿਆ। ਪਹਿਲਾਂ ਚੀਨ ਨੇ ਲੋਹਾਜੂ (ਅਰੁਣਾਚਲ ਪ੍ਰਦੇਸ਼) ਵਿਖੇ ਜੰਗੀ ਟ੍ਰੇਲਰ ਦਿਖਾਇਆ। ਸੰਨ 1962 ਦੀ ਜੰਗ ਤੋਂ ਬਾਅਦ ਜਦੋਂ 1967 'ਚ ਚੀਨ ਦੀ ਫ਼ੌਜ ਸਿੱਕਮ ਦੇ ਨਾਥੂਲਾ ਤੇ ਚੋਲਾ ਵੱਲ ਨੂੰ ਵਧੀ ਤਾਂ ਖ਼ੂਨੀ ਜੰਗ ਦੌਰਾਨ ਭਾਰਤੀ ਫ਼ੌਜ ਨੇ ਡਟ ਕੇ ਮੁਕਾਬਲਾ ਕੀਤਾ। ਸ਼ਹਾਦਤਾਂ ਵੀ ਦਿੱਤੀਆਂ ਅਤੇ ਵੈਰੀਆਂ ਦਾ ਵੀ ਬਹੁਤ ਨੁਕਸਾਨ ਹੋਇਆ, ਤਾਂ ਕਿਤੇ ਚੀਨ ਦੀ ਫ਼ੌਜ ਪਿੱਛੇ ਹਟੀ।

ਫਿਰ ਜਦੋਂ ਸੰਨ 1986 'ਚ ਭਾਰਤ ਨੇ ਅਰੁਣਾਚਲ ਨੂੰ ਸੂਬੇ ਦਾ ਦਰਜਾ ਦਿੱਤਾ ਤਾਂ ਸੁਮੰਦੋਰੋਗ ਘਾਟੀ 'ਚ ਸੰਨ 1987 'ਚ ਚੀਨ ਦੀ ਫ਼ੌਜ ਅੱਗੇ ਵਧੀ ਤਾਂ ਸੈਨਾ ਮੁਖੀ ਜਨਰਲ ਸੁੰਦਰਜੀ ਨੇ ਤੁਰੰਤ ਇਕ ਬ੍ਰਿਗੇਡ ਦੀ ਨਫਰੀ ਏਅਰ ਲਿਫਟ ਕੀਤੀ ਤਾਂ ਖ਼ਤਰਾ ਟਲ ਗਿਆ। ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਸਵੀਕਾਰਿਆ। ਪੀਐੱਲਏ ਦੀਆਂ ਅਕਸਰ ਤਵਾਂਗ ਇਲਾਕੇ ਦੇ ਪਿੰਡਾਂ ਤੇ ਫ਼ੌਜੀ ਚੌਕੀਆਂ ਨੂੰ ਘੇਰਨ ਵਾਲੀਆਂ ਹਰਕਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸੰਨ 2003 'ਚ ਅਰੁਣਾਚਲ ਦੇ ਇਕ ਸਥਾਨਕ ਵਿਧਾਇਕ ਨੋਕਨ ਤਾਸਾਰ ਨੇ ਇਨ੍ਹਾਂ ਵਾਰਦਾਤਾਂ ਨੂੰ ਕਬੂਲਿਆ। ਫਿਰ ਸੰਨ 2005 ਵਿਚ ਉਸੇ ਇਲਾਕੇ ਦੇ ਸੰਸਦ ਮੈਂਬਰ ਨੇ ਚੀਨ ਦੀਆਂ ਕੋਝੀਆਂ ਹਰਕਤਾਂ ਬਾਰੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਜਾਣਕਾਰੀ ਦਿੱਤੀ। ਖ਼ਬਰ ਇਹ ਹੈ ਕਿ ਅਰੁਣਾਚਲ ਪੂਰਬੀ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਡਾਪਰ ਗਾਵ ਨੇ 18 ਜੂਨ ਨੂੰ ਇਕ ਚੈਨਲ 'ਤੇ ਦਿੱਤੀ ਇੰਟਰਵਿਊ 'ਚ ਕਿਹਾ ਸੀ ਕਿ ਸੁਬਾਂਸਰ ਨਦੀ ਦੇ ਦੋਵੇਂ ਪਾਸੇ ਜੋ ਜ਼ਮੀਨ ਭਾਰਤੀ ਸਰਹੱਦ 'ਚ ਹੈ ਉਸ 'ਤੇ ਚੀਨ ਨੇ ਪੁਲ ਬਣਾਇਆ ਹੈ। ਸੰਨ 2005 'ਚ ਹੀ ਚੀਨ ਦੇ ਹੈਲੀਕਾਪਟਰ ਤੇ ਪੈਦਲ ਫ਼ੌਜ ਲੱਦਾਖ ਦੇ ਸੈਕਟਰ ਚੁਮਾਰ ਵਿਚ ਪ੍ਰਵੇਸ਼ ਕਰ ਕੇ ਪੱਥਰਾਂ ਉਪਰ ਲਾਲ ਰੰਗ ਨਾਲ ਡਰੈਗਨ ਬਣਾ ਗਏ।

ਸੰਨ 2013 ਵਿਚ ਪੀਐਲਏ ਤਕਰੀਬਨ ਇਕ ਪਲਟੂਨ ਵਾਲੀ ਨਫਰੀ ਵਾਲੇ ਲਾਮ-ਲਸ਼ਕਰ ਨਾਲ ਦੌਲਤਬੇਗ ਓਲਡੀ ਦੇ ਇਲਾਕੇ ਦਸ ਪਿਗ 'ਚ ਤਕਰੀਬਨ 19 ਕਿਲੋਮੀਟਰ ਸਾਡੇ ਇਲਾਕੇ 'ਚ ਵੜ ਗਈ। ਉਹ ਤਿੰਨ ਹਫ਼ਤਿਆਂ ਤਕ ਤੰਬੂ ਗੱਡ ਕੇ ਬੈਠੀ ਰਹੀ। ਫਿਰ ਸੰਨ 2014 'ਚ ਚੁਮਾਰ ਸੈਕਟਰ 'ਚ ਘੁਸਪੈਠ ਤੇ ਸੰਨ 2017 'ਚ ਡੋਕਲਾਮ ਬਾਰੇ ਕੌਣ ਨਹੀਂ ਜਾਣਦਾ। ਚੀਨ ਦੀਆਂ ਘਿਨਾਉਣੀਆਂ ਚਾਲਾਂ ਇਹ ਸਿੱਧ ਕਰਦੀਆਂ ਹਨ ਕਿ ਮਸਲਾ ਕੇਵਲ 226 ਕਿਲੋਮੀਟਰ ਵਾਲੀ ਲੱਦਾਖ ਦੀ ਐੱਲਓਸੀ ਦਾ ਹੀ ਨਹੀਂ ਸਗੋਂ ਸ਼ਕਸਮ ਘਾਟੀ ਦੇ ਤਕਰੀਬਨ 5120 ਵਰਗ ਕਿਲੋਮੀਟਰ ਵਾਲੇ ਇਲਾਕੇ ਦਾ ਵੀ ਹੈ ਜੋ ਪਾਕਿਸਤਾਨ ਨੇ ਐਵੇਂ ਹੀ ਚੀਨ ਨੂੰ ਸੌਂਪ ਦਿੱਤਾ ਸੀ। ਇੰਜ ਚੀਨ ਨੇ ਵਿਸਥਾਰਵਾਦੀ ਨੀਤੀ ਤਹਿਤ ਭਾਰਤ ਦਾ ਤਕਰੀਬਨ 43 ਹਜ਼ਾਰ ਵਰਗ ਕਿਲੋਮੀਟਰ ਵਾਲਾ ਇਲਾਕਾ ਕਬਜ਼ੇ ਹੇਠ ਲਿਆ ਹੋਇਆ ਹੈ। ਇਸੇ ਤਰੀਕੇ ਨਾਲ ਜਾਪਾਨ, ਤਾਇਵਨ, ਨੇਪਾਲ, ਭੂਟਾਨ ਤੇ ਕਈ ਹੋਰ ਮੁਲਕਾਂ ਦੇ ਇਲਾਕੇ ਵੀ ਹੜੱਪਣ ਦੀ ਤਾਕ 'ਚ ਹੈ। ਚੀਨ ਦਾ ਨਵਾਂ ਹਮਲਾਵਰ ਵਤੀਰਾ ਇਸ ਲਈ ਵੀ ਜ਼ਿਆਦਾ ਚਿੰਤਾਜਨਕ ਹੈ ਕਿਉਂਕਿ ਬੀਜਿੰਗ 'ਚ ਚੀਨੀ ਵਿਦੇਸ਼ ਮੰਤਰਾਲੇ ਨੇ ਹੁਣ ਇਹ ਨਵਾਂ ਦਾਅਵਾ ਪੇਸ਼ ਕੀਤਾ ਹੈ ਕਿ ਗਲਵਾਨ ਵਾਦੀ ਹਮੇਸ਼ਾ ਉਨ੍ਹਾਂ ਦੀ ਰਹੀ ਹੈ। ਇਹ ਦੋ ਕੁ ਦਰਜਨ ਝਗੜੇ ਵਾਲੇ ਇਲਾਕਿਆਂ 'ਚ ਸ਼ਾਮਲ ਨਹੀਂ ਹੈ। ਚੀਨ ਪਹਿਲਾਂ ਡੀਬੀਓ ਕਾਰਕੋਰਮ ਪਾਸ ਨੂੰ ਕਬਜ਼ੇ 'ਚ ਲੈ ਕੇ ਸ਼ਕਸਮ ਵਾਦੀ ਨੂੰ ਨਾਲ ਜੋੜਨਾ ਚਾਹੁੰਦਾ ਹੈ ਤਾਂ ਕਿ ਸਮਾਂ ਆਉਣ 'ਤੇ ਪਾਕਿ ਸਿਆਚਿਨ ਵੱਲ ਰੁਖ਼ ਕਰ ਸਕੇ। ਇਸ ਦੇ ਨਾਲ ਹੀ ਰਣਨੀਤਕ ਮਹੱਤਤਾ ਵਾਲੀ ਅਕਸਾਈ ਚਿਨ ਸੜਕ ਨੂੰ ਮਜ਼ਬੂਤੀ ਮਿਲੇਗੀ ਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਸੁਰੱਖਿਆ ਪੱਖੋਂ ਮਜ਼ਬੂਤ ਹੋਵੇਗਾ ਤੇ ਗਿਲਗਿਤ ਬਾਲਟਿਸਤਾਨ ਨੂੰ ਪਟੇ 'ਤੇ ਹਾਸਲ ਕਰ ਸਕੇਗਾ।

ਇਸ ਸਮੇਂ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਪੂਰਬੀ ਲੱਦਾਖ 'ਚ ਆਹਮੋ-ਸਾਹਮਣੇ ਡਟੀਆਂ ਹੋਈਆਂ ਹਨ। ਭਾਰਤ ਵੱਲੋਂ ਆਪਣੇ ਮੋਹਰਲੇ ਫ਼ੌਜੀ ਟਿਕਾਣਿਆਂ ਨੂੰ ਧੜਾਧੜ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਹੋਰ ਫ਼ੌਜ, ਟੈਂਕ, ਤੋਪਾਂ, ਜੰਗੀ ਜਹਾਜ਼ਾਂ ਤੇ ਮਿਜ਼ਾਈਲਾਂ ਆਦਿ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਚੀਨ ਨੇ ਹੁਣ ਆਪਣੇ ਕਬਜ਼ੇ ਹੇਠਲੀ 90 ਕਿਲੋਮੀਟਰ ਵਾਲੀ ਲੰਬੀ ਝੀਲ 'ਚ ਆਧੁਨਿਕ ਪਣਡੁੱਬੀਆਂ ਤੇ ਕਿਸ਼ਤੀਆਂ ਵੀ ਤਾਇਨਾਤ ਕਰ ਰੱਖੀਆਂ ਹਨ। ਸ਼ਯੋਕ ਤੇ ਗਲਵਾਨ ਦਰਿਆ ਦੇ ਵਾਈ ਜੰਕਸ਼ਨ ਦੇ ਪੈਟਰੋਕਿੰਗ ਪੁਆਇੰਟ 14 ਦੇ ਹੇਠਾਂ ਇਕ ਵੱਡਾ ਮਿਲਟਰੀ ਅੱਡਾ ਤਿਆਰ ਕੀਤਾ ਹੈ। ਮੋਦੀ ਨੇ ਚੀਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ ਕਿ ਜੇ ਉਹ ਆਪਣੇ ਨਾਪਾਕ ਇਰਾਦਿਆਂ ਤੋਂ ਬਾਜ਼ ਨਾ ਆਇਆ ਤਾਂ ਉਸ ਨੂੰ ਖਾਮਿਆਜ਼ਾ ਭੁਗਤਣਾ ਪਵੇਗਾ। ਚੀਨ ਉਸ ਸਮੇਂ ਤਕ ਰਵਾਇਤੀ ਜੰਗ ਭਾਰਤ ਨਾਲ ਨਹੀਂ ਲੜੇਗਾ ਜਦੋਂ ਤਕ ਕਿ ਉਹ ਨੇਪਾਲ, ਮਿਆਂਮਾਰ, ਬੰਗਲਾਦੇਸ਼, ਸ੍ਰੀਲੰਕਾ ਤੇ ਪਾਕਿਸਤਾਨ ਨੂੰ ਨਾਲ ਜੋੜ ਕੇ ਭਾਰਤ ਦੀ ਘੇਰਾਬੰਦੀ ਨਹੀਂ ਕਰ ਲੈਂਦਾ। ਹੁਣ ਭਾਰਤ ਨੇ ਆਪਣੀ ਫ਼ੌਜ ਨੂੰ ਜ਼ਰੂਰਤ ਅਨੁਸਾਰ ਹਥਿਆਰਾਂ ਦਾ ਇਸਤੇਮਾਲ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਇਸ ਲਈ ਚੰਗਿਆੜੀ ਭੜਕ ਵੀ ਸਕਦੀ ਹੈ। ਬੱਦਲ ਗਰਜਦੇ ਰਹਿਣਗੇ ਤੇ ਸਮੁੱਚੀ ਐੱਲਓਸੀ 'ਤੇ ਕਿਤੇ-ਕਿਤੇ ਕਿਣ-ਮਿਣ ਹੁੰਦੀ ਰਹੇਗੀ।

-ਸੰਪਰਕ : 0172-2740991

Posted By: Jagjit Singh