-ਬਲਜਿੰਦਰ ਸਿੰਘ ਬਾਲੀ ਰੇਤਗੜ੍ਹ

ਮਨੁੱਖ ਦੀ ਮੁੱਢ ਤੋਂ ਹੀ ਇਹ ਫ਼ਿਤਰਤ ਰਹੀ ਹੈ ਕਿ ਇਹ ਆਪਣੀ ਖ਼ੁਸ਼ੀ ਲਈ ਦੂਸਰਿਆਂ ਦੇ ਮੌਲਿਕ ਅਧਿਕਾਰਾਂ ਨੂੰ ਦਾਅ 'ਤੇ ਲਾਉਣ ਤੋਂ ਗੁਰੇਜ਼ ਨਹੀਂ ਕਰਦਾ। ਬਸੰਤ ਦੀ ਰੁੱਤ ਕੁਦਰਤ ਦੇ ਮੁੜ ਵੰਨ -ਸੁਵੰਨੇ ਨਵੇਂ -ਨਵੇਂ ਰੰਗਾਂ 'ਚ ਮਹਿਕਣ -ਟਹਿਕਣ ਦੀ ਪਿਆਰੀ ਰੁੱਤ ਹੈ। ਇਸ ਦੌਰਾਨ ਕੁਦਰਤ ਆਪਣੇ ਜੋਬਨ ਨੂੰ ਮੁੜ ਤੋਂ ਸੱਜ-ਸੰਵਰ ਕੇ ਸ਼ਿੰਗਾਰਦੀ ਹੈ। ਤੇ ਧਰਤੀ ਨੂੰ ਨੂਰੋ-ਨੂਰ ਕਰਦੀ ਕਵਿਤਾਵਾਂ ਨੂੰ ਸਿਰਜਦੀ ਹੋਈ ਹਵਾਵਾਂ ਨੂੰ ਅਨਹਦ ਰਾਗਾਂ 'ਚ ਗਾਉਂਦੀ ਸਿਰਜਣਹਾਰ ਦੀ ਉਪਮਾ ਕਰਦੀ ਜਨ-ਜੀਵਨ ਨੂੰ ਮੋਹ ਲੈਂਦੀ ਹੈ। ਬਸੰਤ ਰੁੱਤੇ ਪਿੰਡਾਂ 'ਚ ਪਤੰਗਾਂ ਦੀਆਂ ਡੋਰਾਂ ਪਿਛਲੇ ਦਹਾਕਿਆਂ 'ਚ ਆਮ ਸਿਲਾਈ ਵਾਲੀਆਂ ਸੂਤੀ ਡੋਰਾਂ ਹੁੰਦੀਆਂ ਸਨ। ਰੱਦੀ ਅਖ਼ਬਾਰਾਂ ਦੇ ਵੱਡੇ ਪਤੰਗ, ਰੜਕੇ ਦੀਆਂ ਸੀਖਾਂ ਦੀਆਂ ਤੀਲਾਂ ਨਾਲ਼ ਪਤੰਗ ਬਣਾ ਕੇ ਲੰਮੀਆਂ ਪੂਛਾਂ ਲਾ ਕੇ ਉਡਾਉਂਦੇ, ਜਿਸ ਨਾਲ਼ ਉੱਡਦੇ ਹੋਏ ਅਣਭੋਲ਼ ਪੰਛੀਆਂ ਨੂੰ ਕੋਈ ਨੁਕਸਾਨ ਨਾ ਹੁੰਦਾ ਕਿਉਂਕਿ ਬਹੁਤ ਹੀ ਘੱਟ ਬੱਚੇ ਇਸ ਸ਼ੌਕ ਨੂੰ ਅਪਣਾਉਂਦੇ। ਡੋਰਾਂ ਕੱਚੀਆਂ ਧੁੱਪ ਤੇ ਪਾਣੀ ਦੀ ਸਿੱਲ ਨਾਲ਼ ਗਲ਼-ਟੁੱਟ ਜਾਂਦੀਆਂ। ਸ਼ਹਿਰਾਂ ਵਾਲੇ ਰੰਗ -ਬਰੰਗੇ ਪਤੰਗ ਤੇ ਬਣੀਆਂ ਬਣਾਈਆਂ ਡੋਰਾਂ ਜਾਂ ਆਪ ਕੱਚ ਤੇ ਸੁਰੇਸ ਨਾਲ਼ ਸੂਤ ਕੇ ਤਿਆਰ ਕਰ ਲੈਂਦੇ। ਇਹ ਡੋਰਾਂ ਵੀ ਪੰਛੀਆਂ ਤੇ ਵਾਹਨਾਂ 'ਤੇ ਜਾਂਦੇ ਰਾਹੀਆਂ ਲਈ ਤਕਲੀਫ਼ਦੇਹ ਸਾਬਿਤ ਹੁੰਦੀਆਂ। ਹੁਣ ਚੀਨੀ ਡੋਰਾਂ ਨੇ ਪੰਛੀਆਂ ਦੇ ਨਾਲ਼- ਨਾਲ਼ ਸੜਕਾਂ 'ਤੇ ਵਿਚਰਦੇ ਸਾਈਕਲ- ਸਕੂਟਰ ਜਿਹੇ ਬਿਨਾਂ ਛੱਤ ਤੋਂ ਤੇਜ਼ ਰਫ਼ਤਾਰ ਵਾਹਨਾਂ ਦੇ ਚਾਲਕਾਂ ਨੂੰ ਮੌਤ ਦੇ ਘਾਟ ਉੁਤਾਰਨਾ ਸ਼ੁਰੂ ਕਰ ਦਿੱਤਾ ਹੈ। ਇਹ ਡੋਰਾਂ ਜਿੱਥੇ ਪਤੰਗ ਉਡਾਉਣ ਵਾਲੇ ਹੱਥਾਂ ਨੂੰ ਜ਼ਖ਼ਮ ਦਿੰਦੀਆਂ, ਉੱਥੇ ਹੀ ਉੱਡਦੇ ਪੰਛੀਆਂ ਦੇ ਪੰਜਿਆਂ 'ਚ ਫਸ ਜਾਂਦੀਆਂ ਹਨ। ਕਿਸੇ ਬੇਗੁਨਾਹ ਨੂੰ ਬਿਨਾਂ ਕਿਸੇ ਕਾਰਨ ਮੌਤ ਜਿਹੀ ਸਜ਼ਾ ਦੇਣਾ ਤੇ ਅਪੰਗ ਕਰ ਦੇਣਾ ਇਹ ਕਿੱਥੋਂ ਤਕ ਜਾਇਜ਼ ਹੈ। ਸਾਡੇ ਸਮਾਜ ਦੇ ਸੂਝਵਾਨਾਂ, ਵਿਦਵਾਨਾਂ, ਸੰਸਥਾਵਾਂ ਤੇ ਵਿੱਦਿਅਕ ਅਦਾਰਿਆਂ ਨੂੰ ਅਜਿਹੀਆਂ ਕਾਤਲ ਡੋਰਾਂ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਅਧਿਆਪਕਾਂ ਵੱਲੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ ਉਲੀਕ ਕੇ ਅਜਿਹੇ ਰੁਝਾਨ ਨੂੰ ਠੱਲ ਪਾਉਣੀ ਚਾਹੀਦੀ ਹੈ। ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਵੀ ਇਸ ਸਬੰਧੀ ਵਧੀਆ ਭੂਮਿਕਾ ਨਿਭਾ ਸਕਦਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਜਿਹੇ ਦੁਕਾਨਦਾਰਾਂ 'ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੇ ਚਲਾਨ ਕੱਟੇ ਜਾਣੇ ਚਾਹੀਦੇ ਹਨ ਤਾਂ ਕਿ ਹੋਰ ਦੁਕਾਨਦਾਰ ਵੀ ਇਸ ਤੋਂ ਡਰਨ ਤੇ ਡੋਰਾਂ ਵੇਚਣ ਤੋਂ ਤੌਬਾ ਕਰਨ। ਸਭ ਇਕਜੁੱਟ ਹੋ ਕੇ ਚੀਨੀ ਡੋਰ ਤੇ ਕੈਮੀਕਲ, ਲੋਹ ਚੂਰਨ ਤੇ ਕੱਚ ਚੂਰਨ ਨਾਲ਼ ਤਿਆਰ ਕੀਤੀਆਂ ਡੋਰਾਂ ਦਾ ਖਾਤਮਾ ਕਰੀਏ। ਚਹਿਕਦੇ ਪੰਛੀਆਂ ਦੀ ਜਾਨ ਦਾ ਧਿਆਨ ਰੱਖਦਿਆਂ ਬਸੰਤ ਰੁੱਤ ਦੇ ਰੰਗਾਂ ਨੂੰ ਮਾਣਦਿਆਂ ਕੁਦਰਤ ਦਾ ਸ਼ੁਕਰਾਨਾ ਕਰੀਏ ਤੇ ਹੋਰਨਾਂ ਜੀਵਾਂ ਦੀ ਹਿਫ਼ਾਜ਼ਤ ਕਰੀਏ।।

ਮੋ : 94651-29168

Posted By: Jagjit Singh