ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਅਵਸਰ 'ਤੇ ਕਰਤਾਰਪੁਰ ਲਾਂਘੇ ਨੂੰ ਰਸਮੀ ਤੌਰ 'ਤੇ ਖੋਲ੍ਹੇ ਜਾਣ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਲਗਾਤਾਰ ਰੁਖ਼ ਬਦਲਣ ਕਾਰਨ ਉਸ ਦੇ ਮਨ ਵਿਚ ਭਰਿਆ ਜ਼ਹਿਰ ਉਜਾਗਰ ਹੋਣ ਲੱਗਾ ਹੈ। ਪਾਕਿਸਤਾਨ ਕਰਤਾਰਪੁਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਆਉਣ ਵਾਲੇ ਪਹਿਲੇ ਜੱਥੇ ਤੋਂ ਵੀ ਫੀਸ ਵਸੂਲਣ ਬਾਰੇ ਕਦੇ ਹਾਂ-ਕਦੇ ਨਾਂਹ ਕਰ ਰਿਹਾ ਹੈ। ਪਾਸਪੋਰਟ ਦੀ ਲਾਜ਼ਮੀਅਤ ਬਾਰੇ ਵੀ ਸ਼ਸ਼ੋਪੰਜ ਹੈ। ਇਸ ਪਵਿੱਤਰ ਮੌਕੇ ਸਬੰਧੀ ਉਸ ਨੇ ਇਕ ਵੀਡੀਓ ਜਾਰੀ ਕੀਤੀ ਜਿਸ ਵਿਚ ਤਿੰਨ ਵੱਖਵਾਦੀ ਨੇਤਾ ਨਜ਼ਰ ਆ ਰਹੇ ਹਨ। ਆਖ਼ਰ ਅਜਿਹਾ ਵੀਡੀਓ ਜਾਰੀ ਕਰਨ ਦਾ ਮਕਸਦ ਕੀ ਹੋ ਸਕਦਾ ਹੈ? ਇਹ ਸਮਝਣਾ ਆਸਾਨ ਹੈ। ਇਸ ਵੀਡੀਓ ਵਿਚ ਪਾਬੰਦੀਸ਼ੁਦਾ ਖ਼ਾਲਿਸਤਾਨੀ ਸਮਰਥਕ ਸਮੂਹ 'ਸਿੱਖਸ ਫਾਰ ਜਸਟਿਸ' ਦਾ ਪੋਸਟਰ ਵੀ ਹੈ। ਇਹ ਸੰਗਠਨ ਪੰਜਾਬ ਨੂੰ ਭਾਰਤ ਤੋਂ ਵੱਖ ਕਰਵਾਉਣ ਦੇ ਨਾਂ 'ਤੇ 'ਰੈਫਰੈਂਡਮ-2020' ਲਈ ਮੁਹਿੰਮ ਚਲਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਲਕੁਲ ਸਾਫ਼ ਕਿਹਾ ਹੈ ਕਿ ਪਾਕਿਸਤਾਨੀ ਵੀਡੀਓ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੇ ਪਿੱਛੇ ਲੁਕੇ ਗੁਪਤ ਏਜੰਡੇ ਦੇ ਪਾਜ ਉਧੇੜਦਾ ਹੈ। ਸਾਨੂੰ ਚੌਕਸ ਰਹਿਣਾ ਪਵੇਗਾ। ਇਸ ਮਹਾਨ ਮੌਕੇ ਦਾ ਇਤਿਹਾਸਕ ਇਸਤੇਮਾਲ ਹੋ ਸਕਦਾ ਸੀ ਪਰ ਜਦ ਸੋਚ ਹੀ ਮਾੜੀ ਹੋਵੇ ਤਾਂ ਕਿਸੇ ਚੰਗੀ ਗੱਲ ਦੀ ਉਮੀਦ ਕਰਨੀ ਫਜ਼ੂਲ ਹੋਵੇਗੀ। ਕਰਤਾਰਪੁਰ ਲਾਂਘਾ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਸਥਿਤ ਡੇਰਾ ਬਾਬਾ ਨਾਨਕ ਸਾਹਿਬ ਨੂੰ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜੇਗਾ। ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਧਾਰਮਿਕ ਮਹੱਤਵ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਉੱਥੇ ਗੁਰੂ ਨਾਨਕ ਦੇਵ ਜੀ ਨੇ ਜੀਵਨ ਤੇ ਅੰਤਿਮ 18 ਵਰ੍ਹੇ ਗੁਜ਼ਾਰੇ ਸਨ ਅਤੇ ਉਹ ਉੱਥੇ ਹੀ ਜੋਤੀ ਜੋਤ ਸਮਾ ਗਏ ਸਨ। ਹਾਲੇ ਤਕ ਉੱਥੇ ਪੁੱਜਣ ਲਈ ਲਾਹੌਰ ਅਤੇ ਉਸ ਮਗਰੋਂ 140-145 ਕਿਲੋਮੀਟਰ ਦੀ ਯਾਤਰਾ ਕਰਨੀ ਪੈਂਦੀ ਸੀ। ਗੁਰਦਾਸਪੁਰ ਸਰਹੱਦ 'ਤੇ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਤੋਂ ਸਿੱਧਾ ਰਸਤਾ ਬਣ ਜਾਣ ਮਗਰੋਂ ਸ਼ਰਧਾਲੂ ਪੈਦਲ ਵੀ ਜਾ ਸਕਦੇ ਹਨ। ਸਰਹੱਦ ਤੋਂ ਇਹ ਸਿਰਫ਼ 4 ਕਿਲੋਮੀਟਰ ਦੂਰ ਹੈ। ਸਭ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਨੇ ਆਪਣੇ ਕਾਰਜਕਾਲ ਦੌਰਾਨ ਤਤਕਾਲੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨਾਲ ਇਸ ਲਾਂਘੇ ਦੇ ਨਿਰਮਾਣ ਸਬੰਧੀ ਗੱਲਬਾਤ ਕੀਤੀ ਸੀ। ਫਿਰ ਡਾ. ਮਨਮੋਹਨ ਸਿੰਘ ਨੇ ਵੀ ਨਵਾਜ਼ ਸ਼ਰੀਫ ਨਾਲ ਗੱਲ ਕੀਤੀ। ਬਾਅਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਵਾਜ਼ ਸ਼ਰੀਫ ਨੂੰ ਬੇਨਤੀ ਕੀਤੀ ਪਰ ਕੋਈ ਫ਼ੈਸਲਾ ਨਾ ਹੋ ਸਕਿਆ। ਪਰ ਇਮਰਾਨ ਖ਼ਾਨ ਨੇ ਜਿਸ ਤਰ੍ਹਾਂ ਸੱਤਾ ਸੰਭਾਲਣ ਮਗਰੋਂ ਖ਼ੁਦ ਅਤੇ ਪਾਕਿ ਫ਼ੌਜ ਨੇ ਇਸ ਨੂੰ ਖੋਲ੍ਹਣ ਵਿਚ ਦਿਲਚਸਪੀ ਦਿਖਾਈ ਉਹ ਹੈਰਾਨਕੁੰਨ ਸੀ। ਅਚਾਨਕ ਲਏ ਇਸ ਫ਼ੈਸਲੇ ਪਿੱਛੇ ਯਕੀਨਨ ਪਾਕਿ ਦੀ ਸ਼ਾਤਿਰ ਰਣਨੀਤੀ ਹੈ।

-ਅਵਧੇਸ਼ ਕੁਮਾਰ।

Posted By: Sukhdev Singh