ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਮੰਗਲ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ। ਉਸ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਸੀ। ਅੱਠਵੀਂ ਤਕ ਦੀ ਪੜ੍ਹਾਈ ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ ਤੋਂ ਪ੍ਰਾਪਤ ਕਰਨ ਉਪਰੰਤ ਅਗਲੇਰੀ ਪੜ੍ਹਾਈ ਲਈ ਸੈਨ ਫਰਾਂਸਿਸਕੋ ਰਵਾਨਾ ਹੋ ਗਿਆ।

ਵਿਦੇਸ਼ ਵਿਚ ਹੀ ਕਰਤਾਰ ਸਿੰਘ ਸਰਾਭਾ ਦਾ ਮੇਲ ਬਾਬਾ ਸੋਹਣ ਸਿੰਘ ਭਕਨਾ ਨਾਲ ਹੋਇਆ। ਬਾਬਾ ਭਕਨਾ ਤੇ ਲਾਲਾ ਹਰਦਿਆਲ ਵਰਗੇ ਦੇਸ਼-ਭਕਤਾਂ ਦੇ ਸੰਪਰਕ ਵਿਚ ਸਰਾਭੇ ਅੰਦਰ ਦੇਸ਼-ਭਗਤੀ ਦਾ ਜਜ਼ਬਾ ਜਾਗ ਉੱਠਿਆ। ਮਹਿਜ਼ 15 ਸਾਲ ਦੀ ਉਮਰ ਵਿਚ ਸਰਾਭਾ ਗ਼ਦਰ ਪਾਰਟੀ ’ਚ ਸ਼ਾਮਲ ਹੋ ਗਿਆ। ਗ਼ਦਰ ਪਾਰਟੀ ਦੀਆਂ ਮੀਟਿੰਗਾਂ ਵਿਚ ਭਾਗ ਲੈਣਾ, ਉਸ ਦਾ ਪ੍ਰਚਾਰ-ਪ੍ਰਸਾਰ ਕਰਨਾ ਸਰਾਭੇ ਲਈ ਪ੍ਰਥਮ ਕੰਮ ਹੋ ਗਿਆ। ਗ਼ਦਰ ਅਖਬਾਰ ਲਈ ਕਵਿਤਾਵਾਂ ਲਿਖਣਾ ਅਤੇ ਦੇਸ਼-ਭਗਤਾਂ ਨੂੰ ਉਹ ਕ੍ਰਾਂਤੀਕਾਰੀ ਕਵਿਤਾਵਾਂ ਸੁਣਾਉਣਾ ਉਸ ਨੂੰ ਬਹੁਤ ਚੰਗਾ ਲੱਗਦਾ ਸੀ।

ਦੇਸ਼ ਵਿਚ ਬੈਠੇ ਆਪਣੇ ਲੋਕਾਂ ਦੀ ਆਜ਼ਾਦੀ ਲਈ ਉਹ ਦਿਨ-ਰਾਤ ਕਾਰਜਸ਼ੀਲ ਹੋ ਚੁੱਕਾ ਸੀ। ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਤੋਂ ਬਾਅਦ ਉਹ ਪਾਰਟੀ ਦਾ ਸਰਗਰਮ ਮੈਂਬਰ ਹੋ ਕੇ ਉੱਭਰਿਆ। ਸੰਨ 1914 ਵਿਚ ਉਹ ਭਾਰਤ ਪਰਤ ਆਇਆ। ਇੱਥੇ ਵੱਖ-ਵੱਖ ਦੇਸ਼ ਭਗਤਾਂ ਨਾਲ ਮਿਲ ਕੇ ਆਜ਼ਾਦੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਖ਼ਬਾਰਾਂ-ਪਰਚਿਆਂ ਰਾਹੀਂ ਉਸ ਨੇ ਅੰਗਰੇਜ਼ ਹਕੂਮਤ ਵਿਰੁੱਧ ਦਿਨ-ਰਾਤ ਪ੍ਰਚਾਰ ਆਰੰਭ ਕਰ ਦਿੱਤਾ। ਆਜ਼ਾਦੀ ਲਈ ਕ੍ਰਾਂਤੀਕਾਰੀ ਗਤੀਵਿਧੀਆਂ ਕਾਰਨ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ’ਚ ਫਾਂਸੀ ਦੇ ਦਿੱਤੀ ਗਈ।

ਜ਼ਿਕਰਯੋਗ ਹੈ ਕਿ 19 ਸਾਲਾਂ ਦੇ ਇਸ ਜੀਵਨ ਪੈਂਡੇ ਨੇ ਅਨੇਕਾਂ ਸਵਾਲ ਖੜ੍ਹੇ ਕੀਤੇ ਹਨ ਜੋ ਵੱਡੀ ਖੋਜ, ਵਿਚਾਰ ਤੇ ਵਿਸ਼ਲੇਸ਼ਣ ਦਾ ਵਿਸ਼ਾ ਹਨ। ਸ਼ਾਇਦ ਹੀ ਸੰਸਾਰ ’ਚ ਕਿਸੇ 15 ਸਾਲ ਦੇ ਨੌਜਵਾਨ ਵਿਚ ਅਜਿਹੀ ਦੂਰਅੰਦੇਸ਼ੀ, ਦੇਸ਼ ਭਗਤੀ ਦਾ ਜਜ਼ਬਾ ਅਤੇ ਤਪ-ਤਿਆਗ ਦੇਖਣ ਨੂੰ ਮਿਲਦਾ ਹੋਵੇ। ਭਗਤ ਸਿੰਘ ਨੇ ਸਰਾਭੇ ਨੂੰ ਆਪਣਾ ਗੁਰੂ ਮੰਨਿਆ ਤੇ ਹਮੇਸ਼ਾ ਉਸ ਦੀ ਤਸਵੀਰ ਆਪਣੀ ਜੇਬ ’ਚ ਰੱਖੀ। ਦੇਸ਼ ਦੀ ਜੰਗ-ਏ-ਆਜ਼ਾਦੀ ’ਚ ਸਰਾਭੇ ਦਾ ਨਾਂ ਧਰੂ ਤਾਰੇ ਵਾਂਗ ਚਮਕਦਾ ਹੈ।

ਦੂਜੇ ਪਾਸੇ ਅਜੋਕੇ ਪੰਜਾਬ ਦੀ ਜਵਾਨੀ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਸੰਦਰਭ ’ਚ ਸਰਦਾਰ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਸੂਰਬੀਰਾਂ ਦੇ ਜੀਵਨ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਬੁੱਧੀਜੀਵੀਆਂ ਨੂੰ ਇਸ ਕਾਰਜ ਵਿਚ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਹੈ ਤਾਂ ਜੋ ਅੱਜ ਦਾ ਨੌਜਵਾਨ ਅਜਿਹੇ ਸਮਰਪਿਤ, ਜਾਗਰੂਕ ਤੇ ਚੇਤੰਨ ਦੇਸ਼ ਭਗਤ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਨੂੰ ਸਾਰਥਕ ਤੇ ਸਲੀਕੇ ਵਾਲਾ ਬਣਾਉਣ ਵੱਲ ਪ੍ਰੇਰਿਤ ਹੋਵੇ।

-ਪੂਰਨ ਸਿੰਘ ‘ਡਕਾਲਾ’।

Posted By: Jagjit Singh