ਕਲਪਨਾ ਚਾਵਲਾ ਦਾ ਜਨਮ 1 ਜੁਲਾਈ 1961 ਨੂੰ ਮਾਤਾ ਸੰਯੋਗਤਾ ਚਾਵਲਾ ਦੀ ਕੁੱਖੋਂ ਪਿਤਾ ਬਨਾਰਸੀ ਲਾਲ ਚਾਵਲਾ ਦੇ ਘਰ ਕਰਨਾਲ ਵਿਖੇ ਹੋਇਆ ਸੀ। ਇਨ੍ਹਾਂ ਦਾ ਪਿਛੋਕੜ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ (ਜੋ ਹੁਣ ਪਾਕਿਸਤਾਨ ਵਿਚ ਹੈ) ਦੇ 'ਕੀਲੇ' ਨਾਂ ਦੇ ਪਿੰਡ ਨਾਲ ਸੀ। ਕਲਪਨਾ ਚਾਵਲਾ ਦੇ ਦਾਦਾ ਜੀ ਦਾ ਨਾਂ ਲੱਭਾ ਮੱਲ ਚਾਵਲਾ ਅਤੇ ਦਾਦੀ ਦਾ ਨਾਂ ਕਰਤਾਰ ਕੌਰ ਸੀ। ਇਹ ਪਰਿਵਾਰ 1947 ਦੀ ਵੰਡ ਸਮੇਂ ਪਾਕਿਸਤਾਨ ਤੋਂ ਉੱਜੜ ਕੇ ਕਰਨਾਲ ਆਇਆ ਸੀ। ਕਲਪਨਾ ਚਾਵਲਾ ਦੀਆਂ ਦੋ ਵੱਡੀਆਂ ਭੈਣਾਂ ਸੁਨੀਤਾ ਤੇ ਦੀਪਾ ਹਨ ਅਤੇ ਭਰਾ ਦਾ ਨਾਂ ਸੰਜੇ ਹੈ। ਕਲਪਨਾ ਚਾਵਲਾ ਸਭ ਤੋਂ ਛੋਟੀ ਸੀ। ਕਲਪਨਾ ਨੂੰ 1966 ਵਿਚ 5 ਸਾਲ ਦੀ ਉਮਰ ਵਿਚ ਟੈਗੋਰ ਬਾਲ ਨਿਕੇਤਨ ਸਕੂਲ ਵਿਚ ਪੜ੍ਹਨ ਲਾ ਦਿੱਤਾ ਗਿਆ। ਉਸ ਨੇ 1976 ਵਿਚ ਮੈਟ੍ਰਿਕ ਪਾਸ ਕੀਤੀ। ਫਿਰ ਉਸ ਨੇ ਕਰਨਾਲ ਦੇ ਡੀਏਵੀ ਕਾਲਜ ਵਿਚ ਨਾਨ ਮੈਡੀਕਲ ਦੀ ਪ੍ਰੀ-ਇੰਜੀਨੀਅਰਿੰਗ ਵਿਚ ਦਾਖ਼ਲਾ ਲਿਆ। ਉਸ ਤੋਂ ਬਾਅਦ 1977 ਵਿਚ ਦਿਆਲ ਸਿੰਘ ਕਾਲਜ ਕਰਨਾਲ ਵਿਚ ਦਾਖ਼ਲਾ ਲਿਆ ਅਤੇ 1978 ਵਿਚ ਉੱਥੋਂ ਪ੍ਰੀ-ਇੰਜੀਨੀਅਰਿੰਗ ਦੀ ਕਲਾਸ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿਚ ਰਹਿ ਕੇ ਪਾਸ ਕੀਤੀ। ਉਸ ਤੋਂ ਬਾਅਦ ਕਲਪਨਾ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਐਰੋਨੌਟਿਕਸ ਇੰਜੀਨੀਅਰਿੰਗ ਵਿਭਾਗ ਵਿਚ ਦਾਖ਼ਲਾ ਲੈ ਲਿਆ ਅਤੇ 1982 ਵਿਚ ਐਰੋਨੌਟਿਕਸ ਇੰਜੀਨੀਅਰਿੰਗ ਦੀ ਡਿਗਰੀ ਪਾਸ ਕਰ ਗਈ। ਫਿਰ ਉਸ ਨੇ ਟੈਸਟ ਪਾਸ ਕਰ ਕੇ ਯੂਨੀਵਰਸਿਟੀ ਆਫ ਟੈਕਸਾਸ, ਅਰਲਿੰਗਟਨ, ਐਰੋਨੌਟਿਕਸ ਵਿਭਾਗ ਦੀ ਮਾਸਟਰ ਦੀ ਡਿਗਰੀ ਲਈ ਦਾਖ਼ਲਾ ਲਿਆ ਅਤੇ 1984 'ਚ ਇਹ ਡਿਗਰੀ ਪਾਸ ਕਰ ਲਈ। ਕਲਪਨਾ ਚਾਵਲਾ ਨੇ 1988 ਵਿਚ ਬੌਲਡਰ ਦੀ ਯੂਨੀਵਰਸਿਟੀ ਆਫ ਕੈਲੋਰਾਡੋ ਵਿਚ ਪੀਐੱਚਡੀ ਕੀਤੀ। ਉਹ ਕੈਲੀਫੋਰਨੀਆ ਦੇ ਸੈਨ ਜੋਸ ਸ਼ਹਿਰ ਵਿਚ ਪੈਂਦੇ ਨਾਸਾ ਦੇ ਖੋਜ ਸੈਂਟਰ 'ਚ ਨੌਕਰੀ ਕਰਨ ਲੱਗ ਪਈ। ਕਲਪਨਾ ਨੇ ਨਾਸਾ ਦੇ ਰਿਸਰਚ ਸੈਂਟਰ ਵਿਖੇ ਪਾਵਰ ਲਿਫਟ ਕੰਪਿਊਟੇਸ਼ਨ ਫਲਿਊਡ ਡਾਇਨਾਮੈਸ ਖੇਤਰਾਂ 'ਤੇ ਕੰਮ ਕੀਤਾ ਅਤੇ 1990 ਵਿਚ ਉਹ ਅਮਰੀਕਾ ਦੀ ਨਾਗਰਿਕ ਬਣ ਗਈ। ਕਲਪਨਾ ਚਾਵਲਾ 1993 ਵਿਚ ਨਾਸਾ ਖੋਜ ਸੈਂਟਰ ਛੱਡ ਕੇ ਕੈਲੀਫੋਰਨੀਆ ਰਾਜ ਦੇ ਲਾਸ ਅਲਟਾਂਸ ਸ਼ਹਿਰ 'ਚ ਵਿਗਿਆਨ ਨਾਲ ਸਬੰਧਤ ਕੰਪਨੀ ਓਵਰਸੈੱਟ ਮੈਥਡਜ਼ ਇੰਕ ਨਾਲ ਜੁੜ ਗਈ। ਉਹ ਉਸ ਕੰਪਨੀ ਦੀ ਮੀਤ ਪ੍ਰਧਾਨ ਬਣੀ ਤੇ ਖੋਜ ਵਿਗਿਆਨੀ ਵਜੋਂ ਨੌਕਰੀ ਕੀਤੀ। ਉਸ ਮਗਰੋਂ ਕਲਪਨਾ ਨੂੰ 1994 'ਚ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ। ਸੋਲ੍ਹਾਂ ਜਨਵਰੀ 2003 ਨੂੰ ਪੁਲਾੜ ਮਿਸ਼ਨ 'ਤੇ ਕਲਪਨਾ ਸਮੇਤ 7 ਪੁਲਾੜ ਯਾਤਰੀ ਗਏ। ਸੋਲ੍ਹਾਂ ਦਿਨ ਬਾਅਦ ਵਾਪਸੀ ਸਮੇਂ ਧਰਤੀ ਤੋਂ 16 ਕਿਲੋਮੀਟਰ ਦੀ ਉੱਚਾਈ 'ਤੇ ਪੁਲਾੜ ਗੱਡੀ ਕੋਲੰਬੀਆ ਟੁਕੜਿਆਂ 'ਚ ਖਿੰਡ ਗਈ। ਇਸ ਹਾਦਸੇ 'ਚ ਕਲਪਨਾ ਚਾਵਲਾ ਸਮੇਤ ਸਾਰੇ 7 ਵਿਗਿਆਨੀ ਮਾਰੇ ਗਏ।

-ਦਰਸ਼ਨ ਸਿੰਘ ਪ੍ਰੀਤੀਮਾਨ।

ਮੋਬਾਈਲ ਨੰ.: 98786-06963

Posted By: Jagjit Singh