ਹੈਦਰਾਬਾਦ 'ਚ ਮਹਿਲਾ ਵੈਟਰਨਰੀ ਡਾਕਟਰ ਦੀ ਮੌਤ ਤੋਂ ਬਾਅਦ ਭੜਕੇ ਲੋਕ ਹਾਲੇ ਸੜਕਾਂ 'ਤੇ ਹੀ ਸਨ ਕਿ ਐਤਵਾਰ ਨੂੰ ਰਾਜਸਥਾਨ 'ਚ ਇਕ ਟਰੱਕ ਡਰਾਈਵਰ ਨੇ 6 ਸਾਲਾ ਬੱਚੀ ਨੂੰ ਜਬਰ-ਜਨਾਹ ਤੋਂ ਬਾਅਦ ਕਤਲ ਕਰ ਦਿੱਤਾ। ਦੇਸ਼ 'ਚ ਫਿਰ ਇਕ ਵਾਰ ਉਹੀ ਮਾਹੌਲ ਹੈ ਜੋ ਨਿਰਭੈਆ ਕਾਂਡ ਤੋਂ ਬਾਅਦ ਸੀ। ਜਬਰ-ਜਨਾਹ ਕਰ ਕੇ ਕਤਲ ਕਰ ਦੇਣ ਦੀਆਂ ਘਿਨਾਉਣੀਆਂ ਵਾਰਦਾਤਾਂ ਨੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੈਦਰਾਬਾਦ 'ਚ ਲਗਾਤਾਰ ਦੋ ਵਾਰਦਾਤਾਂ ਹੋਈਆਂ।

ਪਹਿਲੀ 'ਚ ਹੈਦਰਾਬਾਦ ਦੇ ਬਾਹਰਵਾਰ 26 ਸਾਲਾ ਵੈਟਰਨਰੀ ਡਾਕਟਰ ਪ੍ਰਿਅੰਕਾ ਰੈਡੀ ਨਾਲ ਪਹਿਲਾਂ ਜਬਰ-ਜਨਾਹ ਕੀਤਾ ਗਿਆ ਅਤੇ ਫਿਰ ਉਸ ਦਾ ਕਤਲ ਕਰ ਕੇ ਲਾਸ਼ ਸਾੜ ਦਿੱਤੀ ਗਈ। ਦੂਜੀ ਘਟਨਾ ਵਿਚ ਵਾਰੰਗਲ ਸ਼ਹਿਰੀ ਜ਼ਿਲ੍ਹੇ ਵਿਚ ਇਕ 'ਦੋਸਤ' ਨੇ 19 ਸਾਲਾ ਕੁੜੀ ਨਾਲ ਪਹਿਲਾਂ ਜਬਰ-ਜਨਾਹ ਕੀਤਾ, ਫਿਰ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਟਿਕਾਣੇ ਲਾਉਣ ਲਈ ਆਪਣੀ ਕਾਰ ਦੀ ਡਿੱਕੀ ਵਿਚ ਰੱਖ ਲਈ। ਐਤਵਾਰ ਨੂੰ ਵਾਪਰੀ ਤੀਸਰੀ ਘਟਨਾ 'ਚ ਰਾਜਸਥਾਨ ਦੇ ਟੋਂਕ ਇਲਾਕੇ 'ਚ ਡਰਾਈਵਰ 6 ਸਾਲਾ ਬੱਚੀ ਨੂੰ ਨਾਲ ਲੈ ਗਿਆ ਅਤੇ ਕਈ ਘੰਟੇ ਟਰੱਕ ਵਿਚ ਘੁਮਾਉਂਦਾ ਰਿਹਾ। ਉਸ ਨੇ ਬੱਚੀ ਨਾਲ ਮੂੰਹ ਕਾਲਾ ਕੀਤਾ ਅਤੇ ਕਤਲ ਕਰ ਕੇ ਲਾਸ਼ ਝਾੜੀਆਂ 'ਚ ਸੁੱਟ ਦਿੱਤੀ।

ਪੁਲਿਸ ਨੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਦੇਸ਼ ਗੁੱਸੇ 'ਚ ਹੈ ਅਤੇ ਸੋਮਵਾਰ ਨੂੰ ਮਹਿਲਾ ਡਾਕਟਰ ਦੀ ਮੌਤ 'ਤੇ ਸੰਸਦ 'ਚ ਚਰਚਾ ਵੀ ਹੋਈ। ਇਕ ਸੰਸਦ ਮੈਂਬਰ ਨੇ ਕਿਹਾ ਕਿ ਇਹ ਪਲੀਤ ਮਾਨਸਿਕਤਾ ਦਾ ਮਾਮਲਾ ਹੈ। ਇਕ ਨੇ ਇਸ ਨੂੰ ਸਿੱਖਿਆ ਪ੍ਰਣਾਲੀ ਦੀ ਅਸਫਲਤਾ ਕਰਾਰ ਦਿੱਤਾ। ਹੋਰ ਕਈਆਂ ਨੇ ਵੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ। ਸਮਾਜਵਾਦੀ ਪਾਰਟੀ ਦੀ ਮੈਂਬਰ ਜਯਾ ਬੱਚਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਜਨਤਾ 'ਚ ਲਿਜਾਣਾ ਚਾਹੀਦਾ ਹੈ ਅਤੇ ਭੀੜ ਵੱਲੋਂ ਉਨ੍ਹਾਂ ਨੂੰ ਮਾਰ ਦੇਣਾ ਚਾਹੀਦਾ ਹੈ। ਹਰ ਕੋਈ ਗੁੱਸੇ 'ਚ ਹੈ। ਵੈਟਰਨਰੀ ਡਾਕਟਰ ਮਾਮਲੇ 'ਚ ਤਾਂ ਇਕ ਦੋਸ਼ੀ ਦੀ ਗੁੱਸੇ ਵਿਚ ਲੋਹਾ-ਲਾਖੀ ਹੋਈ ਮਾਂ ਨੇ ਇੱਥੋਂ ਤਕ ਕਿਹਾ ਹੈ ਕਿ ਉਸ ਦੇ ਪੁੱਤਰ ਨੂੰ ਜਿਊਂਦਿਆਂ ਸਾੜ ਦਿਓ। ਓਧਰ ਨਿਰਭੈਆ ਦੀ ਮਾਂ ਨੇ ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਜਬਰ-ਜਨਾਹ ਮਗਰੋਂ ਉਸ ਦੇ ਕਤਲ ਬਾਰੇ ਕਿਹਾ ਹੈ ਕਿ ਜਿਸ ਤਰ੍ਹਾਂ ਇਨਸਾਫ਼ ਪ੍ਰਾਪਤ ਕਰਨ 'ਚ ਸਾਨੂੰ 7 ਸਾਲ ਲੱਗ ਗਏ, ਇਸ ਕੇਸ 'ਚ ਅਜਿਹਾ ਨਾ ਹੋਵੇ। ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦਿੱਤੀ ਜਾਵੇ।

ਨਿਰਭੈਆ ਨਾਲ ਸਮੂਹਿਕ ਜਬਰ-ਜਨਾਹ ਦੇ ਦੋਸ਼ੀਆਂ ਦੀ ਰਹਿਮ ਦੀ ਅਪੀਲ ਵੀ ਖ਼ਾਰਜ ਹੋਣੀ ਚਾਹੀਦੀ ਹੈ। ਨਿਰਭੈਆ ਦੇ ਮਾਮਲੇ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਕਾਨੂੰਨ ਪ੍ਰਕਿਰਿਆ ਦੀ ਰਫ਼ਤਾਰ ਕਿੰਨੀ ਮੱਠੀ ਹੈ। ਕੀ ਨਿਆਂ 'ਚ ਇਸ ਤਰ੍ਹਾਂ ਦੀ ਦੇਰੀ ਨਾਲ ਅਜਿਹੇ ਅਪਰਾਧੀਆਂ ਨੂੰ ਸ਼ਹਿ ਨਹੀਂ ਮਿਲਦੀ? ਦੁਨੀਆ ਦੇ ਕਈ ਮੁਲਕਾਂ 'ਚ ਜਬਰ-ਜਨਾਹ ਦੇ ਮਾਮਲੇ ਬਹੁਤ ਘੱਟ ਹਨ ਕਿਉਂਕਿ ਉੱਥੇ ਅਜਿਹੀਆਂ ਵਾਰਦਾਤਾਂ 'ਚ ਫੌਰਨ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਕਈ ਮੁਲਕਾਂ 'ਚ ਤਾਂ ਦੋਸ਼ੀਆਂ ਨੂੰ ਚੌਕਾਂ 'ਚ ਲੋਕਾਂ ਸਾਹਮਣੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।

ਭਾਰਤ 'ਚ ਜੇ ਜਬਰ-ਜਨਾਹ ਵਰਗੇ ਅਪਰਾਧਾਂ 'ਤੇ ਰੋਕ ਲਗਾਉਣੀ ਹੈ ਤਾਂ ਅਜਿਹੇ ਮਾਮਲਿਆਂ 'ਚ ਫਾਸਟ ਟ੍ਰੈਕ ਅਦਾਲਤਾਂ 'ਚ ਛੇਤੀ ਤੋਂ ਛੇਤੀ ਟਰਾਇਲ, ਸਜ਼ਾ ਤੇ ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ। ਸਰਕਾਰ ਤੋਂ ਲੋਕ ਉਮੀਦ ਰੱਖ ਰਹੇ ਹਨ ਕਿ ਇਸ ਮਾਮਲੇ 'ਚ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ ਤਾਂ ਜੋ ਜਬਰ-ਜਨਾਹ ਦੀ ਸੋਚ ਰੱਖਣ ਵਾਲਿਆਂ 'ਚ ਕਾਨੂੰਨ ਦੀ ਦਹਿਸ਼ਤ ਪੈਦਾ ਹੋ ਜਾਵੇ। ਫਿਰ ਕੋਈ ਨਿਰਭੈਆ ਜਾਂ ਪ੍ਰਿਅੰਕਾ ਕਿਸੇ ਗੰਦੀ ਸੋਚ ਵਾਲੇ ਦਰਿੰਦੇ ਦਾ ਸ਼ਿਕਾਰ ਨਹੀਂ ਬਣੇਗੀ।

Posted By: Jagjit Singh