ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਰੂਪ ’ਚ ਜੋਅ ਬਾਇਡਨ ਨੇ ਸਹੁੰ ਚੁੱਕਣ ਤੋਂ ਬਾਅਦ ਇਮੀਗ੍ਰੇਸ਼ਨ ਬਿੱਲ ਸੰਸਦ ਨੂੰ ਭੇਜ ਕੇ ਜਿਹੜਾ ਆਗਾਜ਼ ਕੀਤਾ ਹੈ, ਉਸ ਦੀ ਸ਼ਲਾਘਾ ਹੋਣੀ ਹੀ ਸੀ ਕਿਉਂਕਿ ਸੱਤਾ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਪਰਵਾਸੀਆਂ ਨਾਲ ਜਿਹੜਾ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨ ਵੱਲ ਕਦਮ ਵਧਾ ਦਿੱਤਾ ਹੈ।

ਬਾਇਡਨ ਦੇ ਇਸ ਕਦਮ ਨਾਲ ਅਮਰੀਕਾ ’ਚ ਰਹਿ ਰਹੇ ਲੱਖਾਂ ਪਰਵਾਸੀਆਂ ਲਈ ਨਾਗਰਿਕਤਾ ਦਾ ਰਾਹ ਖੁੱਲ੍ਹ ਜਾਵੇਗਾ। ਇਨ੍ਹਾਂ ’ਚ ਪੰਜ ਲੱਖ ਭਾਰਤੀ ਵੀ ਸ਼ਾਮਲ ਹਨ। ਇਸ ਬਿੱਲ ’ਚ ਗਰੀਨ ਕਾਰਡ ਲਈ ਹਰ ਦੇਸ਼ ਲਈ ਨਿਰਧਾਰਤ ਕੋਟੇ ਦੀ ਵਿਵਸਥਾ ਨੂੰ ਖ਼ਤਮ ਕਰਨ ਦੀ ਤਜਵੀਜ਼ ਵੀ ਹੈ। ਸਾਲਾਂ ਤੋਂ ਗਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਅਮਰੀਕਾ ’ਚ ਸਥਾਈ ਰੂਪ ’ਚ ਵਸਣ ਅਤੇ ਕੰਮ ਕਰਨ ਦਾ ਅਧਿਕਾਰ ਮਿਲ ਜਾਵੇਗਾ।

ਆਪਣੇ ਸ਼ਾਸਨ ਦੇ ਪਹਿਲੇ ਹੀ ਦਿਨ ਅਜਿਹੇ ਫ਼ੈਸਲੇ ਨਾਲ ਉਨ੍ਹਾਂ ਨੇ ਦੁਨੀਆ ਅਤੇ ਅਮਰੀਕੀਆਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਪੱਖਪਾਤ ਤੇ ਵੈਰ-ਵਿਰੋਧ ਦੇ ਖ਼ਿਲਾਫ਼ ਹਨ ਅਤੇ ਭਾਈਚਾਰੇ, ਏਕਤਾ ਨਾਲ ਸਮੁੱਚੇ ਰੂਪ ਵਿਚ ਅਮਰੀਕਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ। ਬੇਸ਼ੱਕ ਉਨ੍ਹਾਂ ਤੋਂ ਇਸ ਦੀ ਉਮੀਦ ਵੀ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਸਾਹਮਣੇ ਜਿੰਨੀਆਂ ਗੰਭੀਰ ਚੁਣੌਤੀਆਂ ਘਰੇਲੂ ਮੋਰਚੇ ’ਤੇ ਹਨ, ਓਨੀਆਂ ਹੀ ਕੌਮਾਂਤਰੀ ਮੋਰਚੇ ’ਤੇ ਵੀ ਹਨ। ਉਨ੍ਹਾਂ ਨੇ ਇਕ ਪਾਸੇ ਜਿੱਥੇ ਬੁਰੀ ਤਰ੍ਹਾਂ ਵੰਡੇ ਹੋਏ ਅਮਰੀਕੀ ਸਮਾਜ ਨੂੰ ਇਕਜੁੱਟ ਕਰਨਾ ਹੈ, ਉੱਥੇ ਹੀ ਅਮਰੀਕਾ ਦੀ ਕੌਮਾਂਤਰੀ ਸਾਖ਼ ਨੂੰ ਬਹਾਲ ਵੀ ਕਰਨਾ ਹੈ। ਇਹ ਦੋਵੇਂ ਕੰਮ ਸੌਖੇ ਨਹੀਂ। ਭਾਵੇਂ ਟਰੰਪ ਹਾਰ ਗਏ ਹੋਣ ਪਰ ਉਨ੍ਹਾਂ ਦੀ ਸੋਚ ਨੂੰ ਸਹੀ ਮੰਨਣ ਵਾਲਿਆਂ ਦੀ ਘਾਟ ਨਹੀਂ।

ਭਵਿੱਖ ’ਚ ਇਸ ’ਤੇ ਨਜ਼ਰਾਂ ਰਹਿਣਗੀਆਂ ਕਿ ਬਾਇਡਨ ਅਮਰੀਕੀ ਸਮਾਜ ’ਚ ਪਏ ਖੱਪੇ ਨੂੰ ਭਰਨ ਲਈ ਕੀ ਕਦਮ ਚੁੱਕਦੇ ਹਨ? ਇਸ ’ਤੇ ਵੀ ਨਜ਼ਰ ਰਹੇਗੀ ਕਿ ਉਹ ਕੌਮਾਂਤਰੀ ਮਾਮਲਿਆਂ ਲਈ ਕੀ ਕਦਮ ਚੁੱਕਦੇ ਹਨ ਅਤੇ ਉਨ੍ਹਾਂ ਦੀ ਪਹਿਲ ਨਾਲ ਵਿਸ਼ਵ ਵਿਵਸਥਾ ਕੀ ਆਕਾਰ ਲੈਂਦੀ ਹੈ? ਉਨ੍ਹਾਂ ਨੇ ਆਪਣੇ ਪਹਿਲੇ ਹੁਕਮਾਂ ਵਿਚ ਪੌਣ-ਪਾਣੀ ਤਬਦੀਲੀ ’ਤੇ ਟਰੰਪ ਨਾਲੋਂ ਵੱਖਰਾ ਰਵੱਈਆ ਅਪਣਾ ਲਿਆ ਹੈ ਅਤੇ ਵਿਸ਼ਵ ਸਿਹਤ ਸੰਗਠਨ ਸਮੇਤ ਹੋਰ ਕੌਮਾਂਤਰੀ ਸੰਸਥਾਵਾਂ ਤੋਂ ਅਮਰੀਕਾ ਦੀ ਵੱਖਰੀ ਸੁਰ ਨੂੰ ਖ਼ਤਮ ਕਰ ਦਿੱਤਾ ਹੈ ਪਰ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਹ ਸੰਯੁਕਤ ਰਾਸ਼ਟਰ ’ਚ ਸੁਧਾਰ ਕਰ ਕੇ ਉਸ ਨੂੰ ਅਸਰਦਾਰ ਬਣਾਉਣ ਦੀ ਕੋਈ ਠੋਸ ਪਹਿਲ ਕਰ ਸਕਣਗੇ ਜਾਂ ਨਹੀਂ?

ਇਹ ਵੀ ਦੇਖਣਾ ਹੋਵੇਗਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਦੀ ਦਾਅਵੇਦਾਰੀ ਦਾ ਉਹ ਕਿਸ ਹੱਦ ਤਕ ਸਮਰਥਨ ਕਰਦੇ ਹਨ। ਬਿਨਾਂ ਸ਼ੱਕ ਇਹ ਤਾਂ ਪੱਕਾ ਹੈ ਕਿ ਬਾਇਡਨ ਦੇ ਦੌਰ ’ਚ ਅਮਰੀਕਾ ਤੇ ਭਾਰਤ ਦੇ ਸਬੰਧ ਹੋਰ ਬਿਹਤਰ ਹੋਣਗੇ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਅੱਜ ਭਾਰਤ ਨੂੰ ਜਿੰਨੀ ਲੋੜ ਅਮਰੀਕਾ ਦੀ ਹੈ, ਓਨੀ ਹੀ ਉਸ ਨੂੰ ਭਾਰਤ ਦੀ ਵੀ ਹੈ। ਇਹ ਸਪਸ਼ਟ ਨਹੀਂ ਕਿ ਰੂਸ ਤੋਂ ਮਿਜ਼ਾਈਲ ਸਿਸਟਮ ਦੀ ਖ਼ਰੀਦ ਵਰਗੇ ਮਸਲਿਆਂ ’ਤੇ ਬਾਇਡਨ ਪ੍ਰਸ਼ਾਸਨ ਕੀ ਰੁਖ਼ ਅਖ਼ਤਿਆਰ ਕਰਦਾ ਹੈ? ਅਫ਼ਗਾਨਿਸਤਾਨ ਤੇ ਪਾਕਿਸਤਾਨ ਦੇ ਮਾਮਲੇ ’ਚ ਵੀ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਦੀਆਂ ਨੀਤੀਆਂ ’ਤੇ ਭਾਰਤ ਦੀਆਂ ਨਜ਼ਰਾਂ ਰਹਿਣਗੀਆਂ।

ਅਜਿਹੀਆਂ ਹੀ ਨਿਗਾਹਾਂ ਪੱਛਮੀ ਏਸ਼ੀਆ ’ਚ ਅਮਰੀਕਾ ਦੀ ਭੂਮਿਕਾ ਨੂੰ ਲੈ ਕੇ ਵੀ ਰਹਿਣਗੀਆਂ। ਭਾਰਤ ਦੇ ਨਾਲ-ਨਾਲ ਦੁਨੀਆ ਦੀਆਂ ਨਜ਼ਰਾਂ ਇਸ ’ਤੇ ਖ਼ਾਸ ਤੌਰ ’ਤੇ ਰਹਿਣਗੀਆਂ ਕਿ ਬਾਇਡਨ ਚੀਨ ਨੂੰ ਨੱਥ ਪਾਉਣ ਲਈ ਕੀ ਕਰਦੇ ਹਨ? ਚੰਗੇਰੀ ਦੁਨੀਆ ਲਈ ਜ਼ਰੂਰੀ ਹੈ ਕਿ ਅਮਰੀਕਾ ਜਮਹੂਰੀ ਸ਼ਕਤੀਆਂ ਨੂੰ ਮਦਦ ਦਿੰਦਾ ਰਹੇ।

Posted By: Jagjit Singh