ਹਰਸ਼ ਵੀ. ਪੰਤ

ਤਮਾਮ ਉਥਲ-ਪੁਥਲ ਅਤੇ ਲੰਬੀ ਕਸ਼ਮਕਸ਼ ਤੋਂ ਬਾਅਦ ਆਖ਼ਰਕਾਰ ਜੋਅ ਬਾਇਡਨ ਵ੍ਹਾਈਟ ਹਾਊਸ ਦੇ ਨਵੇਂ ਮੇਜ਼ਬਾਨ ਬਣ ਗਏ ਹਨ। ਹਾਲਾਂਕਿ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ’ਤੇ ਉਨ੍ਹਾਂ ਦੀ ਰਾਹ ਕਿਸੇ ਵੀ ਲਿਹਾਜ਼ ਨਾਲ ਆਸਾਨ ਨਹੀ ਰਹਿਣ ਵਾਲੀ। ਇਸ ਦਾ ਕਾਰਨ ਇਹੀ ਹੈ ਕਿ ਉਨ੍ਹਾਂ ਤੋਂ ਪਹਿਲਾਂ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ ਉਨ੍ਹਾਂ ਲਈ ਨਾ ਸਿਰਫ਼ ਘਰੇਲੂ ਪੱਧਰ ’ਤੇ, ਬਲਕਿ ਕੌਮਾਂਤਰੀ ਮੁਹਾਜ਼ ’ਤੇ ਚੁਣੌਤੀਆਂ ਦੇ ਅੰਬਾਰ ਨਾਲ ਜੁੜੀ ਵਿਰਾਸਤ ਛੱਡ ਕੇ ਜਾ ਰਹੇ ਹਨ।

ਅਸਲ ਵਿਚ ਬਾਇਡਨ ਨੂੰ ਇਕ ਅਤਿਅੰਤ ਪਾਟੋਧਾੜ ਵਾਲੇ ਮੁਲਕ ਦੀ ਅਗਵਾਈ ਕਰਨੀ ਪੈ ਰਹੀ ਹੈ। ਇਸ ਪਾਟੋਧਾੜ ਦੇ ਖੱਪੇ ਕਿੰਨੇ ਡੂੰਘੇ ਹੋ ਗਏ ਹਨ, ਉਸ ਦੇ ਸੰਕੇਤ ਛੇ ਜਨਵਰੀ ਨੂੰ ਉਦੋਂ ਸਪਸ਼ਟ ਦਿਸ ਗਏ ਸਨ ਜਦ ਇਕ ਅਣਕਿਆਸੇ ਘਟਨਾਚੱਕਰ ਤਹਿਤ ਟਰੰਪ ਸਮਰਥਕਾਂ ਨੇ ਅਮਰੀਕੀ ਸੰਸਦ ਕੈਪੀਟਲ ਹਿੱਲ ’ਤੇ ਧਾਵਾ ਬੋਲ ਕੇ ਅਮਰੀਕਾ ਦੀ ਜਗ-ਹਸਾਈ ਕਰਵਾਈ ਸੀ।

ਇਹ ਵਾਕਈ ਅਮਰੀਕਾ ਨੂੰ ਇੰਨਾ ਅਸਹਿਜ ਕਰਨ ਵਾਲਾ ਸੀ ਕਿ ਚੀਨ ਵਰਗੇ ਤਾਨਾਸ਼ਾਹ ਦੇਸ਼ ਅਮਰੀਕਾ ਨੂੰ ਲੋਕਤੰਤਰ ਦੇ ਮਸਲੇ ’ਤੇ ਸ਼ੀਸ਼ਾ ਦਿਖਾਉਣ ਲੱਗੇ ਤਾਂ ਰੂਸ ਉਸ ਨੂੰ ਲੋਕਤੰਤਰ ਦਾ ਊੜਾ-ਐੜਾ ਸਿਖਾਉਣ ਵਿਚ ਰੁੱਝ ਗਿਆ ਅਤੇ ਤੀਜੀ ਦੁਨੀਆ ਦੇ ਤਮਾਮ ਉਹ ਦੇਸ਼ ਵੀ ਅਮਰੀਕਾ ਨੂੰ ਟਿੱਚਰਾਂ ਕਰਨ ਤੋਂ ਪਿੱਛੇ ਨਹੀਂ ਰਹੇ ਜਿੱਥੇ ਲੋਕਤੰਤਰ ਦੀ ਸਥਾਪਨਾ ਦੀ ਆੜ ਹੇਠ ਅਮਰੀਕਾ ਨੇ ਹਮੇਸ਼ਾ ਆਪਣੇ ਹਿੱਤਾਂ ਨੂੰ ਹੀ ਮੂਹਰੇ ਰੱਖਣ ਦਾ ਕੰਮ ਕੀਤਾ ਹੈ।

ਸਪਸ਼ਟ ਹੈ ਕਿ 20 ਜਨਵਰੀ ਨੂੰ ਰਾਸ਼ਟਰਪਤੀ ਦੇ ਰੂਪ ਵਿਚ ਅਹੁਦਾ ਸੰਭਾਲਣ ਦੇ ਨਾਲ ਹੀ ਬਾਇਡਨ ਦੀ ਪਹਿਲੀ ਤਰਜੀਹ ਘਰੇਲੂ ਮੁਹਾਜ਼ ’ਤੇ ਪਏ ਇਨ੍ਹਾਂ ਖੱਪਿਆਂ ਨੂੰ ਪੂਰਨ ਦੀ ਹੋਵੇਗੀ। ਹਾਲਾਂਕਿ ਇਨ੍ਹਾਂ ਖੱਪਿਆਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਟਰੰਪ ਦੇ ਦੌਰ ਵਿਚ ਬਸ ਇਹ ਹੋਰ ਡੂੰਘੀਆਂ ਹੀ ਹੋਈਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਟਰੰਪ ਨੇ ਅਮਰੀਕੀ ਲੋਕ ਫ਼ਤਵੇ ਨੂੰ ਇੱਜ਼ਤ-ਮਾਣ ਨਾਲ ਸਵੀਕਾਰ ਨਹੀਂ ਕੀਤਾ। ਨਵੰਬਰ ਵਿਚ ਨਤੀਜੇ ਆਉਣ ਤੋਂ ਬਾਅਦ ਹੀ ਉਹ ਲਗਾਤਾਰ ਉਨ੍ਹਾਂ ’ਤੇ ਉਂਗਲ ਚੁੱਕਦੇ ਰਹੇ ਹਨ।

ਇੱਥੋਂ ਤਕ ਕਿ ਹੁਣ ਵੀ ਉਨ੍ਹਾਂ ਦੇ ਇਕ ਵੱਡੇ ਸਮਰਥਕ ਵਰਗ ਨੂੰ ਇਹੀ ਲੱਗਦਾ ਹੈ ਕਿ ਚੋਣਾਂ ਵਿਚ ਡੋਨਾਲਡ ਟਰੰਪ ਨਾਲ ਧਾਂਦਲੀ ਹੋਈ ਹੈ। ਨਤੀਜਿਆਂ ਨੂੰ ਲੈ ਕੇ ਉਨ੍ਹਾਂ ਵਿਚ ਬਹੁਤ ਗੁੱਸਾ ਹੈ। ਇਸੇ ਰੋਹ ਦਾ ਹਿੰਸਕ ਪ੍ਰਗਟਾਵਾ ਉਨ੍ਹਾਂ ਨੇ ਅਮਰੀਕੀ ਸੰਸਦ ਵਿਚ ਹੁੱਲੜਬਾਜ਼ੀ ਕਰ ਕੇ ਵੀ ਕੀਤਾ। ਯਕੀਨਨ ਟਰੰਪ ਚਾਹੁੰਦੇ ਤਾਂ ਅਜਿਹੇ ਅਣ-ਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕਦਾ ਸੀ। ਹਾਲਾਂਕਿ ਵਿਰੋਧੀ ਖੇਮਾ ਵੀ ਇਸ ਦੇ ਲਈ ਘੱਟ ਕਸੂਰਵਾਰ ਨਹੀਂ।

ਅਜਿਹਾ ਇਸ ਲਈ ਕਿਉਂਕਿ ਜਦ ਟਰੰਪ ਰਾਸ਼ਟਰਪਤੀ ਚੁਣੇ ਗਏ ਤਾਂ ਉਨ੍ਹਾਂ ਦੀ ਵਿਰੋਧੀ ਹਿਲੇਰੀ ਕਲਿੰਟਨ ਅਤੇ ਉਨ੍ਹਾਂ ਦੇ ਸਮਰਥਕ ਵਾਰ-ਵਾਰ ਇਹ ਦੋਸ਼ ਲਗਾਉਂਦੇ ਰਹੇ ਕਿ ਉਹ ਰੂਸ ਦੀ ਦਖ਼ਲਅੰਦਾਜ਼ੀ ਨਾਲ ਜਿੱਤੇ ਹਨ।

ਇਨ੍ਹਾਂ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਹੋਈ ਪਰ ਸਬੂਤਾਂ ਦੇ ਆਧਾਰ ’ਤੇ ਇਹ ਦੋਸ਼ ਕਿਤੇ ਨਹੀਂ ਟਿਕੇ। ਅਜਿਹੇ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਅਮਰੀਕੀ ਰਾਜਨੀਤੀ ਅਤੇ ਸਮਾਜ ਵਿਚ ਅਜਿਹੀ ਅਸੰਤੁਸ਼ਟੀ ਨਵੀਂ ਨਹੀਂ ਹੈ ਅਤੇ ਟਰੰਪ ਦੇ ਦੌਰ ਵਿਚ ਉਸ ਨੂੰ ਬਸ ਹੋਰ ਹਮਲਾਵਰ ਤਰੀਕੇ ਨਾਲ ਪ੍ਰਗਟਾਉਣ ਦਾ ਹੀ ਮੌਕਾ ਮਿਲਿਆ।

ਬਾਇਡਨ ਨੂੰ ਸਭ ਤੋਂ ਪਹਿਲਾਂ ਅਮਰੀਕੀ ਸਮਾਜ ਵਿਚ ਵੱਧ ਰਹੀ ਇਸ ਅਸੰਤੁਸ਼ਟੀ ਅਤੇ ਧਰੁਵੀਕਰਨ ’ਤੇ ਵਿਰਾਮ ਲਗਾਉਣਾ ਹੋਵੇਗਾ। ਹਾਲਾਂਕਿ ਨਤੀਜਿਆਂ ਤੋਂ ਬਾਅਦ ਤੋਂ ਹੀ ਉਹ ‘ਹੀਲਿੰਗ’ ਅਰਥਾਤ ਹਮਦਰਦੀ ਜ਼ਾਹਰ ਕਰਨ ਅਤੇ ਮਰਹਮ ਲਗਾਉਣ ਦੀ ਗੱਲ ਕਰ ਰਹੇ ਹਨ। ਅਜਿਹੇ ਵਿਚ ਇਹੀ ਦੇਖਣਾ ਹੋਵੇਗਾ ਕਿ ਇਸ ਵਿਚ ਉਹ ਕਿੰਨੇ ਸਫਲ ਹੋ ਪਾਉਂਦੇ ਹਨ।

ਹੀਲਿੰਗ ਦੀ ਪ੍ਰਕਿਰਿਆ ਵਿਚ ਦੋ ਮੋਰਚਿਆਂ ’ਤੇ ਕੰਮ ਕਰਨਾ ਉਨ੍ਹਾਂ ਲਈ ਬੇਹੱਦ ਜ਼ਰੂਰੀ ਹੋਵੇਗਾ। ਇਕ ਤਾਂ ਕੋਰੋਨਾ ਵਿਰੁੱਧ ਆਪਣੇ ਮੁਹਿੰਮ ਨੂੰ ਫ਼ੈਸਲਾਕੁੰਨ ਰਫ਼ਤਾਰ ਦੇਣੀ ਹੋਵੇਗੀ ਅਤੇ ਦੂਜਾ, ਅਮਰੀਕੀ ਅਰਥਚਾਰੇ ਵਿਚ ਆਈਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਜੀਅਤੋੜ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਉਨ੍ਹਾਂ ਨੂੰ ਯਾਦ ਰਹੇ ਕਿ ਕੋਰੋਨਾ ਵਿਰੁੱਧ ਟਰੰਪ ਦੇ ਢਿੱਲੇ-ਮੱਠੇ ਰਵੱਈਏ ਨੂੰ ਹੀ ਉਨ੍ਹਾਂ ਦੀ ਹਾਰ ਦੇ ਕਾਰਨਾਂ ਵਿਚੋਂ ਇਕ ਮੰਨਿਆ ਗਿਆ।

ਅਜਿਹੇ ਵਿਚ ਇਸ ਮਹਾਮਾਰੀ ਵਿਰੁੱਧ ਉਨ੍ਹਾਂ ਤੋਂ ਅਮਰੀਕੀ ਜਨਤਾ ਦੀਆਂ ਉਮੀਦਾਂ ਵਧਣਾ ਸੁਭਾਵਿਕ ਹੀ ਹੈ ਜਿੱਥੇ ਕੋਵਿਡ-19 ਦਾ ਕੋਹਰਾਮ ਅਜੇ ਵੀ ਜਾਰੀ ਹੈ। ਓਥੇ ਹੀ ਪਹਿਲਾਂ ਤੋਂ ਹੀ ਸੁਸਤ ਪਏ ਅਮਰੀਕੀ ਅਰਥਚਾਰੇ ’ਤੇ ਕੋਰੋਨਾ ਦੇ ਵਾਰ ਕਾਰਨ ਹਾਲਾਤ ਹੋਰ ਵਿਗੜੇ ਹਨ। ਇਸ ਲਈ ਆਰਥਿਕ ਮੋਰਚਿਆਂ ਨੂੰ ਦਰੁਸਤ ਕਰਨਾ ਵੀ ਉਨ੍ਹਾਂ ਲਈ ਇਕ ਸਖ਼ਤ ਚੁਣੌਤੀ ਸਿੱਧ ਹੋਣ ਵਾਲੀ ਹੈ।

ਅਮਰੀਕੀ ਸੱਤਾ ਅਦਾਰੇ ਤੋਂ ਭਾਵੇਂ ਹੀ ਟਰੰਪ ਦੀ ਵਿਦਾਈ ਹੋ ਰਹੀ ਹੋਵੇ ਪਰ ਟਰੰਪਵਾਦ ਤੋਂ ਛੁਟਕਾਰਾ ਪਾਉਣਾ ਬਾਇਡਨ ਲਈ ਆਸਾਨ ਨਹੀਂ ਹੋਵੇਗਾ। ਅਸਲ ਵਿਚ ਟਰੰਪ ਨੇ ਕਈ ਅਜਿਹੇ ਮੋਰਚਿਆਂ ’ਤੇ ਅਣ-ਕਿਆਸੇ ਕਦਮ ਚੁੱਕੇ ਜਿਨ੍ਹਾਂ ’ਤੇ ਰਵਾਇਤੀ ਅਮਰੀਕੀ ਤੌਰ-ਤਰੀਕੇ ਨਾਲ ਅੱਗੇ ਵਧਣਾ ਮੁਸ਼ਕਲ ਸੀ।

ਇਹੀ ਟਰੰਪਵਾਦ ਹੈ। ਜਿਵੇਂ ਬੀਤੇ ਕਈ ਦਹਾਕਿਆਂ ਤੋਂ ਚੀਨ ਦੇ ਅੱਗੇ ਖ਼ੁਦ ਨੂੰ ਲਾਚਾਰ ਮਹਿਸੂਸ ਕਰਦਾ ਅਮਰੀਕਾ ਬੀਜਿੰਗ ਨਾਲ ਮੁਕਾਬਲੇ ਜਾਂ ਉਸ ਨਾਲ ਸਖ਼ਤ ਸੌਦੇਬਾਜ਼ੀ ਦੀ ਕੋਈ ਰਾਹ ਲੱਭਣ ਵਿਚ ਔਖ ਮਹਿਸੂਸ ਕਰ ਰਿਹਾ ਸੀ ਪਰ ਟਰੰਪ ਨੇ ਇਕ ਝਟਕੇ ਵਿਚ ਅਮਰੀਕਾ ਦੀ ਚੀਨ ਨੀਤੀ ਬਦਲ ਦਿੱਤੀ, ਭਾਵੇਂ ਹੀ ਉਸ ਦੇ ਜੋ ਵੀ ਨਤੀਜੇ ਨਿਕਲੇ ਹੋਣ।

ਅਜਿਹੇ ਵਿਚ ਵਿਆਪਕ ਤੌਰ ’ਤੇ ਭਾਵੇਂ ਹੀ ਇਹ ਮੰਨਿਆ ਜਾ ਰਿਹਾ ਹੋਵੇ ਕਿ ਬਾਇਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਚੀਨ ਨਾਲ ਅਮਰੀਕਾ ਦੀ ਸਰਗਰਮੀ ਭਾਈਵਾਲੀ ਵਧੇਗੀ ਪਰ ਦੁਵੱਲੇ ਸਬੰਧਾਂ ਵਿਚ ਪੁਰਾਣੇ ਦੌਰ ਦੀ ਵਾਪਸੀ ਅਸੰਭਵ ਹੋਵੇਗੀ। ਚੀਨ ਪ੍ਰਤੀ ਅਮਰੀਕੀ ਜਨਤਾ ਵਿਚ ਵੱਧ ਰਹੀ ਅਸੰਤੁਸ਼ਟੀ ਵੀ ਬਾਇਡਨ ਦੇ ਮਨ ਵਿਚ ਬੀਜਿੰਗ ਪ੍ਰਤੀ ਕਿਸੇ ਸੰਭਾਵੀ ਨਰਮ ਖੂੰਜੇ ਦੀ ਰਾਹ ਰੋਕੇਗਾ।

ਇੰਨਾ ਹੀ ਨਹੀਂ, ਵਿਸ਼ਵ ਸਿਹਤ ਸੰਗਠਨ ਵਰਗੀਆਂ ਜਿਨਾਂ ਕੌਮਾਂਤਰੀ ਸੰਸਥਾਵਾਂ ਨਾਲ ਟਰੰਪ ਨੇ ਅਮਰੀਕਾ ਦੀਆਂ ਕੜੀਆਂ ਤੋੜੀਆਂ, ਉਨ੍ਹਾਂ ਨੂੰ ਬਾਇਡਨ ਵਾਪਸ ਜੋੜਨਗੇ ਪਰ ਆਪਣੇ ਤੌਰ-ਤਰੀਕੇ ਨਾਲ। ਇਸ ਵਿਚ ਉਨ੍ਹਾਂ ਦੇ ਤੇਵਰ ਭਾਵੇਂ ਹੀ ਟਰੰਪ ਤੋਂ ਜੁਦਾ ਹੋਣਗੇ ਪਰ ਮਨਸ਼ਾ ਟਰੰਪ ਤੋਂ ਵੱਖਰੀ ਨਹੀਂ ਹੋਵੇਗੀ ਕਿਉਂਕਿ ਨਵੀਂ ਵਿਵਸਥਾ ਵਿਚ ਉਹ ਅਮਰੀਕਾ ਦੇ ਅਨੁਕੂਲ ਸਮੀਕਰਨ ਹੀ ਬਿਠਾਉਣਾ ਚਾਹੁੰਣਗੇ। ਅਰਥਾਤ ਇਨ੍ਹਾਂ ਸੰਸਥਾਵਾਂ ਵਿਚ ਅਮਰੀਕਾ ਦੀ ਵਾਪਸੀ ਹੋਵੇਗੀ ਪਰ ਸਖ਼ਤ ਸੌਦੇਬਾਜ਼ੀ ਦੇ ਨਾਲ।

ਇਸੇ ਤਰ੍ਹਾਂ ਪੱਛਮੀ ਏਸ਼ਿਆਈ ਮੁਹਾਂਦਰੇ ’ਤੇ ਵੀ ਬਾਇਡਨ ਲਈ ਤਬਦੀਲੀ ਦੀ ਬਹੁਤੀ ਗੁੰਜਾਇਸ਼ ਨਹੀਂ ਹੋਵੇਗੀ। ਅਜੇ ਤਕ ਬਾਇਡਨ ਨੇ ਇਹੀ ਸੰਕੇਤ ਦਿੱਤੇ ਹਨ ਕਿ ਉਹ ਅਮਰੀਕਾ ਦੇ ਪੁਰਾਣੇ ਸਹਿਯੋਗੀਆਂ ਦੇ ਨਾਲ ਨੇੜਿਓਂ ਕੰਮ ਕਰਨ ਦੇ ਚਾਹਵਾਨ ਹਨ। ਹਾਲਾਂਕਿ ਟਰੰਪ ਦੇ ਦੌਰ ਵਿਚ ਵਾਸ਼ਿੰਗਟਨ ਪ੍ਰਤੀ ਸਹਿਯੋਗੀਆਂ ਵਿਚ ਵਧੇ ਆਤਮ-ਵਿਸ਼ਵਾਸ ਕਾਰਨ ਉਨ੍ਹਾਂ ਨੂੰ ਇਸ ਦਿਸ਼ਾ ਵਿਚ ਵਾਧੂ ਯਤਨ ਕਰਨੇ ਹੋਣਗੇ।

ਅਜਿਹਾ ਇਸ ਲਈ ਕਿਉਂਕਿ ਬਾਇਡਨ ਦੇ ਤਮਾਮ ਭਰੋਸਿਆਂ ਭਰੇ ਸੰਕੇਤਾਂ ਦੇ ਬਾਵਜੂਦ ਯੂਰਪੀ ਮੁਲਕਾਂ ਨੇ ਉਨ੍ਹਾਂ ਦੀ ਅਣਦੇਖੀ ਕਰ ਕੇ ਹਾਲ ਹੀ ਵਿਚ ਚੀਨ ਨਾਲ ਸਮਝੌਤਿਆਂ ’ਤੇ ਅੰਤਿਮ ਮੋਹਰ ਲਾ ਹੀ ਦਿੱਤੀ। ਜਿੱਥੇ ਤਕ ਭਾਰਤ ਦਾ ਸਵਾਲ ਹੈ ਤਾਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਗਰਮਜੋਸ਼ੀ ਅਤੇ ਨਿਰੰਤਰਤਾ ਦਾ ਵਹਾਅ ਕਾਇਮ ਰਹਿਣ ਦੀ ਹੀ ਸੰਭਾਵਨਾ ਹੈ।

ਇਸ ਦੇ ਕਈ ਕਾਰਨ ਹਨ। ਇਕ ਤਾਂ ਪਿਛਲੇ ਦੋ ਦਹਾਕਿਆਂ ਵਿਚ ਜੇਕਰ ਕਿਸੇ ਵੱਡੇ ਮੁਲਕ ਨਾਲ ਅਮਰੀਕਾ ਦੇ ਰਿਸ਼ਤਿਆਂ ਵਿਚ ਸਿਰਫ਼ ਸੁਧਾਰ ਹੀ ਹੋਇਆ ਹੈ ਤਾਂ ਉਹ ਮੁਲਕ ਹੈ ਭਾਰਤ। ਨਾਲ ਹੀ ਬਾਇਡਨ ਪ੍ਰਸ਼ਾਸਨ ਵਿਚ ਕਈ ਮੁੱਖ ਅਹੁਦਿਆਂ ’ਤੇ ਅਜਿਹੇ ਲੋਕਾਂ ਨੂੰ ਜਗ੍ਹਾ ਦਿੱਤੀ ਗਈ ਹੈ ਜਿਨ੍ਹਾਂ ਦੀ ਨਾ ਸਿਰਫ਼ ਭਾਰਤ ਨਾਲ ਕਾਫ਼ੀ ਨੇੜਤਾ ਰਹੀ ਹੈ ਬਲਕਿ ਉਨ੍ਹਾਂ ਨੇ ਕਈ ਮਹੱਤਵਪੂਰਨ ਮਸਲਿਆਂ ’ਤੇ ਨਵੀਂ ਦਿੱਲੀ ਦੇ ਨਾਲ ਮਿਲ ਕੇ ਕੰਮ ਵੀ ਕੀਤਾ ਹੈ। ਹਾਲਾਂਕਿ ਹੁਣ ਵੀ ਕੁਝ ਮਸਲਿਆਂ ’ਤੇ ਦੋਵਾਂ ਮੁਲਕਾਂ ਵਿਚਾਲੇ ਅੜਿੱਕੇ ਬਰਕਰਾਰ ਹਨ ਪਰ ਹਮਲਾਵਰ ਹੁੰਦੇ ਚੀਨ ਅਤੇ ਇਕ-ਦੂਜੇ ਦੀ ਪਰਸਪਰ ਜ਼ਰੂਰਤ ਨੂੰ ਦੇਖਦੇ ਹੋਏ ਉਨ੍ਹਾਂ ਦਾ ਕੋਈ ਨਾ ਕੋਈ ਹੱਲ ਕੱਢਣਾ ਔਖਾ ਨਹੀਂ ਹੋਵੇਗਾ।

ਫਿਰ ਵੀ ਦੋਵਾਂ ਮੁਲਕਾਂ ਦੀ ਲੀਡਰਸ਼ਿਪ ਨੂੰ ਆਪਸੀ ਭਰੋਸਾ ਵਧਾਉਂਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਬਾਇਡਨ ਤੋਂ ਅਮਰੀਕਾ ਵਿਚ ਵਸਦੇ ਪਰਵਾਸੀ ਭਾਰਤੀਆਂ ਨੂੰ ਵੀ ਬਹੁਤ ਉਮੀਦਾਂ ਹਨ। ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਜੋਅ ਬਾਇਡਨ ਅਮਰੀਕਾ ਦੇ ਨਾਲ-ਨਾਲ ਵਿਸ਼ਵ ਲਈ ਵੀ ਚੰਗਾ ਰਾਹ ਦਸੇਰਾ ਸਿੱਧ ਹੋਣਗੇ।

-(ਆਬਜ਼ਰਵਰ ਰਿਸਰਚ ਫਾਊਂਡੇਸ਼ਨ ’ਚ ਰਣਨੀਤਕ ਅਧਿਐਨ ਪ੍ਰੋਗਰਾਮ ਦਾ ਨਿਰਦੇਸ਼ਕ) -response@jagran.com

Posted By: Jagjit Singh