-ਦੀਪਕ ਜਲੰਧਰੀ

ਅੱਜਕੱਲ੍ਹ ਸਾਡੇ ਦੇਸ਼ ਦੇ ਸਾਰੇ ਸੂਬੇ ਮੁਲਕ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਵਿਚ ਆਪੋ-ਆਪਣੇ ਯੋਗਦਾਨ ਦੇ ਇਤਿਹਾਸ ਦੇ ਪੰਨੇ ਮੁੜ ਫਰੋਲਣ ਲੱਗ ਪਏ ਹਨ। ਸ਼ਾਇਦ ਇਸ ਲਈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਨ 2022 ਵਿਚ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ਇਹ ਵਾਰ-ਵਾਰ ਕਿਹਾ ਹੈ ਕਿ ਆਜ਼ਾਦੀ ਦੀ ਲੜਾਈ ਵਿਚ ਕਿਹੜੇ ਸੂਬੇ ਨੇ ਕਿੰਨਾ ਹਿੱਸਾ ਪਾਇਆ ਹੈ, ਉਹ ਇਤਿਹਾਸ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ। ਕਿਸੇ ਦੇਸ਼ ਦੇ ਭਵਿੱਖ ਦੀ ਰਚਨਾ ਉਸ ਦੇ ਅਤੀਤ ਤੋਂ ਹੀ ਹੁੰਦੀ ਹੈ। ਅੱਜ ਦੀ ਪੀੜ੍ਹੀ ਇਕ ਵਾਰ ਫਿਰ ਆਜ਼ਾਦੀ ਦੀ ਲੜਾਈ ਵਾਸਤੇ ਜੂਝੇ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰੇਗੀ। ਜਦੋਂ ਦੇਸ਼ ਦੀ ਆਜ਼ਾਦੀ ਦੀ ਪੰਜਾਹਵੀਂ ਵਰ੍ਹੇਗੰਢ ਸੀ, ਉਦੋਂ ਦੇਸ਼ ਨੂੰ ਪਹਿਲਾ ਪੰਜਾਬੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਰੂਪ ਵਿਚ ਮਿਲਿਆ ਸੀ।

ਉਸ ਵੇਲੇ ਲੋਕਾਂ ਨੇ ਜੰਗ-ਏ-ਆਜ਼ਾਦੀ ਵਿਚ ਕੁਰਬਾਨੀਆਂ ਦੇਣ ਵਾਲਿਆਂ ਦਾ ਇਤਿਹਾਸ ਗਹੁ ਨਾਲ ਪੜ੍ਹਿਆ ਸੀ। ਪੰਜਾਬ ਦਾ ਆਜ਼ਾਦੀ ਦੇ ਸੰਘਰਸ਼ ਵਿਚ ਕੀ ਸਥਾਨ ਸੀ? ਉਸ ਬਾਰੇ ਸੰਖੇਪ ਵਿਚ ਕੁਝ ਕਹਿਣਾ ਚਾਹੁੰਦਾ ਹਾਂ ਤਾਂ ਜੋ ਇਸ 'ਤੇ ਸਾਰੇ ਸੂਝਵਾਨ ਲੋਕ ਗੰਭੀਰਤਾ ਨਾਲ ਵਿਚਾਰ ਕਰ ਸਕਣ।

ਪੰਜਾਬ ਰੀਤਾਂ, ਰਸਮਾਂ, ਰੁੱਤਾਂ ਅਤੇ ਰਿਵਾਜ਼ਾਂ ਦੀ ਧਰਤੀ ਹੈ। ਆਪਣੀ ਮਹਿਮਾਨ-ਨਿਵਾਜ਼ੀ ਲਈ ਪੰਜਾਬ ਦੁਨੀਆ ਭਰ ਵਿਚ ਪ੍ਰਸਿੱਧ ਹੈ। ਮੇਲੇ-ਠੇਲੇ, ਦਿਨ-ਤਿਉਹਾਰ ਅਤੇ ਗਿੱਧਾ-ਭੰਗੜਾ ਇੱਥੋਂ ਦੀ ਖ਼ੁਸ਼ੀ ਅਤੇ ਜ਼ਿੰਦਾਦਿਲੀ ਦੀ ਆਪਣੀ ਮਿਸਾਲ ਆਪ ਹਨ। ਲਹਿੰਦੇ ਪੰਜਾਬ ਦੇ ਇਕ ਪ੍ਰਸਿੱਧ ਸ਼ਾਇਰ ਮੰਜ਼ੂਰ 'ਝੱਲਾ' ਨੇ ਇਕ ਵਾਰ ਕਿਹਾ ਸੀ -

ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ,

ਉਸੇ ਤਰ੍ਹਾਂ ਦੇਸ਼ਾਂ 'ਚੋਂ ਦੇਸ਼ ਪੰਜਾਬ ਨੀ ਸਈਓ।

ਸੁਤੰਤਰਤਾ ਸੰਗਰਾਮ 'ਚ ਸਭ ਤੋਂ ਵੱਧ ਕੀਮਤ ਪੰਜਾਬ ਨੇ ਚੁਕਾਈ। ਅਣਗਿਣਤ ਪੰਜਾਬੀ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ। ਟੱਬਰਾਂ ਦੇ ਟੱਬਰ ਉੱਜੜ ਗਏ ਸਨ। ਕਾਰੋਬਾਰ ਤਬਾਹ ਹੋ ਗਏ ਸਨ। ਮਕਾਨ ਸੜ-ਬਲ ਗਏ ਸਨ। ਅੰਮ੍ਰਿਤਾ ਪ੍ਰੀਤਮ ਨੇ ਇਸੇ ਦਰਦ ਨੂੰ ਆਪਣੀ ਕਵਿਤਾ ਵਿਚ ਬਿਆਨ ਕੀਤਾ ਹੈ :

''ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ।

ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ£''

ਪੰਜਾਬ ਗੁਰੂਆਂ, ਪੀਰਾਂ-ਫਕੀਰਾਂ, ਸੂਫ਼ੀਆਂ ਸੰਤਾਂ ਤੇ ਸੂਰਵੀਰਾਂ ਦੀ ਧਰਤੀ ਹੈ।

ਆਜ਼ਾਦੀ ਦੀ ਲੜਾਈ ਵਿਚ ਕੁਰਬਾਨੀਆਂ ਦੇਣ ਵਿਚ ਵੀ ਪੰਜਾਬ ਕਿਸੇ ਤੋਂ ਘੱਟ ਨਹੀਂ ਰਿਹਾ। ਆਜ਼ਾਦੀ ਦੀ ਲੜਾਈ ਦੇ ਉਜਲੇ ਇਤਿਹਾਸ ਨੂੰ ਦੇਖੀਏ ਤਾਂ ਅੰਗਰੇਜ਼ੀ ਹਕੂਮਤ ਦੁਆਰਾ ਫਾਂਸੀ 'ਤੇ ਲਟਕਾਏ ਗਏ 121 ਸ਼ਹੀਦਾਂ 'ਚੋਂ 93 ਪੰਜਾਬ ਦੇ ਹੀ ਸਨ। ਇਸੇ ਤਰ੍ਹਾਂ ਜਿਨ੍ਹਾਂ 2646 ਲੋਕਾਂ ਨੂੰ ਉਮਰ ਕੈਦ ਅਤੇ ਕਾਲੇ-ਪਾਣੀ ਦੀ ਸਜ਼ਾ ਦਿੱਤੀ ਗਈ ਉਨ੍ਹਾਂ 'ਚੋਂ 2147 ਪੰਜਾਬੀ ਸਨ। ਪੇਸ਼ਾਵਰ ਦੇ ਬਾਜ਼ਾ ਕਿੱਸਾ-ਖ਼ਵਾਨੀ ਵਿਚ ਨਿਰਦੋਸ਼ ਪਠਾਣਾਂ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਸੈਂਕੜੇ ਪਠਾਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇੱਥੇ ਹੀ ਬਸ ਨਹੀਂ, 13 ਅਪ੍ਰੈਲ 1919 ਦੀ ਵਿਸਾਖੀ ਦੇ ਦਿਹਾੜੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਚ ਜੁੜ-ਬੈਠੇ ਪੰਜਾਬੀਆਂ 'ਤੇ ਜਨਰਲ ਡਾਇਰ ਨੇ ਅੰਨ੍ਹੇਵਾਹ ਗੋਲੀਆਂ ਚਲਵਾ ਕੇ ਲਾਸ਼ਾਂ ਦੇ ਢੇਰ ਲਾ ਦਿੱਤੇ ਸਨ। ਮਲੇਰਕੋਟਲੇ ਦਾ ਸਾਕਾ ਵੀ ਸਾਡੇ ਇਤਿਹਾਸ ਵਿਚ ਇਕ ਕਾਲੇ ਪੰਨੇ ਵਾਂਗੂ ਦਰਜ ਹੈ ਜਦੋਂ ਸਤਿਗੁਰੂ ਬਾਬਾ ਰਾਮ ਸਿੰਘ ਦੇ ਪੈਰੋਕਾਰ ਕੂਕਿਆਂ ਨੂੰ ਇਕ-ਇਕ ਕਰ ਕੇ ਤੋਪ ਨਾਲ ਉਡਾ ਦਿੱਤਾ ਗਿਆ। ਇਨ੍ਹਾਂ ਅਮਰ ਸ਼ਹੀਦਾਂ ਦੀ ਗਿਣਤੀ 67 ਦੱਸੀ ਜਾਂਦੀ ਹੈ।

ਕਾਮਾਗਾਟਾਮਾਰੂ ਦੇ ਗਦਰੀ-ਬਾਬੇ, ਪਰਜਾ-ਮੰਡਲ ਅਤੇ ਆਕਾਲੀ ਅੰਦੋਲਨਾਂ ਵਿਚ 700 ਤੋਂ ਜ਼ਿਆਦਾ ਪੰਜਾਬੀਆਂ ਨੇ ਸ਼ਹਾਦਤ ਦਿੱਤੀ। ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਇਹ ਸੱਦਾ ਦਿੱਤਾ ਸੀ ''ਤੁਸੀਂ ਮੈਨੂੰ ਖ਼ੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ।'' ਇਹ ਸੁਣ ਕੇ ਸਿੰਗਾਪੁਰ ਰਹਿੰਦੇ ਪੰਜਾਬੀਆਂ ਨੇ ਸਿਰ-ਧੜ ਦੀ ਬਾਜ਼ੀ ਲਾ ਦਿੱਤੀ। ਮੁਟਿਆਰਾਂ ਵੀ ਪਿੱਛੇ ਨਹੀਂ ਰਹੀਆਂ ਜਿਨ੍ਹਾਂ ਵਿਚ ਲਕਸ਼ਮੀ ਸਹਿਗਲ ਰਾਣੀ ਝਾਂਸੀ ਬ੍ਰਿਗੇਡ ਦੀ ਮੁਖੀਆ ਸੀ। ਆਈਐੱਨਏ ਦੇ ਤਿੰਨੇ ਵੱਡੇ ਜਰਨੈਲ ਜਨਰਲ ਮੋਹਣ ਸਿੰਘ, ਜਨਰਲ ਸ਼ਾਹ ਨਵਾਜ਼ ਖਾਂ ਅਤੇ ਜਨਰਲ ਪ੍ਰੇਮ ਕੁਮਾਰ ਸਹਿਗਲ ਵੀ ਪੰਜਾਬ ਦੇ ਸਪੂਤ ਸਨ ਜਿਨ੍ਹਾਂ 'ਤੇ ਬਰਤਾਨੀਆ ਦੀ ਹਕੂਮਤ ਦੇ ਖ਼ਿਲਾਫ਼ ਜੰਗ ਲੜਨ ਦਾ ਮੁਕੱਦਮਾ ਚੱਲਿਆ। ਉਦੋਂ ਪੰਜਾਬ ਵਿਚ ਇਕ ਨਾਅਰਾ ਗੂੰਜਦਾ ਸੀ : ''ਲਾਲ ਕਿਲੇ ਤੋਂ ਆਈ ਆਵਾਜ਼ ਸਹਿਗਲ, ਢਿੱਲੋ, ਸ਼ਾਹਨਵਾਜ਼।'' ਸੰਨ 1946 ਦੀ ਦੀਵਾਲੀ ਪੰਜਾਬ ਨੇ ਰੋਸ ਵਜੋਂ ਨਹੀਂ ਸੀ ਮਨਾਈ। ਕਿਸੇ ਵੀ ਘਰ ਦੇ ਬਾਹਰ ਦੀਵਾ ਨਹੀਂ ਜਗਿਆ ਸੀ। ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦਾ, ਆਜ਼ਾਦੀ ਵਾਸਤੇ ਕੀਤੀਆਂ ਗਈਆਂ ਕੁਰਬਾਨੀਆਂ ਦਾ ਇਤਿਹਾਸ ਨਵੀਂ ਪੀੜ੍ਹੀ ਦੇ ਪੜ੍ਹਨ-ਪੜ੍ਹਾਉਣ ਦੇ ਯੋਗ ਹੈ।

Posted By: Rajnish Kaur