ਰਸ਼ੀਦ ਕਿਦਵਈ

ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਸਵਾਲ 'ਤੇ ਕਾਂਗਰਸ ਜਿਸ ਤਰ੍ਹਾਂ ਸ਼ਸ਼ੋਪੰਜ ਦੀ ਸ਼ਿਕਾਰ ਹੋਈ, ਉਹ ਕੋਈ ਨਵੀਂ ਗੱਲ ਨਹੀਂ ਕਿਉਂਕਿ ਉਹ ਇਕ ਅਰਸੇ ਤੋਂ ਦੁਚਿੱਤੀ ਦੀ ਸ਼ਿਕਾਰ ਹੈ। ਉਸ ਦੀ ਸਭ ਤੋਂ ਵੱਡੀ ਦੁਚਿੱਤੀ ਪਾਰਟੀ ਦੇ ਪ੍ਰਧਾਨ ਨੂੰ ਲੈ ਕੇ ਹੈ। ਰਾਹੁਲ ਗਾਂਧੀ ਦੇ ਜਾਨਸ਼ੀਨ ਸਬੰਧੀ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਦੇ ਨਾਲ ਖ਼ੁਦ ਰਾਹੁਲ ਨੇ ਹਾਲੇ ਤਕ ਕੋਈ ਪਸੰਦ ਜ਼ਾਹਰ ਨਹੀਂ ਕੀਤੀ ਹੈ। ਇਸ ਕਾਰਨ ਇਸ ਮਸਲੇ 'ਤੇ ਬੇਯਕੀਨੀ ਹੋਰ ਵੱਧ ਗਈ ਹੈ। ਦੇਖਣਾ ਹੈ ਕਿ ਇਹ ਦੁਚਿੱਤੀ 10 ਅਗਸਤ ਨੂੰ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਦੂਰ ਹੋ ਸਕਦੀ ਹੈ ਜਾਂ ਨਹੀਂ? ਜਦ ਪਾਰਟੀ ਰਾਜੀਵ ਗਾਂਧੀ ਦਾ 75ਵਾਂ ਜਨਮ ਦਿਨ ਜ਼ੋਰ-ਸ਼ੋਰ ਨਾਲ ਮਨਾਉਣ ਦੀ ਤਿਆਰੀ ਕਰ ਰਹੀ ਹੈ ਉਦੋਂ ਸ਼ਸ਼ੋਪੰਜ ਦੀ ਸਥਿਤੀ ਉਸ ਲਈ ਚੰਗੀ ਨਹੀਂ। ਕੁਝ ਨੇਤਾਵਾਂ ਨੂੰ ਉਮੀਦ ਹੈ ਕਿ ਹੋਂਦ ਦੇ ਸੰਕਟ ਨਾਲ ਜੂਝਦੀ ਪਾਰਟੀ ਰਾਜੀਵ ਗਾਂਧੀ ਦੀ ਵਿਰਾਸਤ ਦੇ ਦਮ 'ਤੇ ਵਾਪਸੀ ਕਰ ਸਕਦੀ ਹੈ। ਫ਼ਿਲਹਾਲ ਪਾਰਟੀ ਅੱਗੇ ਸਭ ਤੋਂ ਵੱਡੀ ਚੁਣੌਤੀ ਰਾਹੁਲ ਗਾਂਧੀ ਦਾ ਜਾਨਸ਼ੀਨ ਚੁਣਨ ਦੀ ਹੈ। ਇਸ ਨੂੰ ਲੈ ਕੇ ਕਾਂਗਰਸ ਵਿਚ ਦੋ ਮਤ ਹਨ। ਇਕ ਧੜਾ ਸਚਿਨ ਪਾਇਲਟ ਜਾਂ ਜਯੋਤਿਰਾਦਿਤਿਆ ਸਿੰਧੀਆ ਵਰਗੇ ਨੌਜਵਾਨ ਨੇਤਾ ਨੂੰ ਪ੍ਰਧਾਨ ਅਤੇ ਮਿਲਿੰਦ ਦੇਵੜਾ ਨੂੰ ਖ਼ਜ਼ਾਨਚੀ ਬਣਾਉਣ 'ਤੇ ਜ਼ੋਰ ਦੇ ਰਿਹਾ। ਓਥੇ ਹੀ ਦੂਜਾ ਧੜਾ ਮੁਕੁਲ ਵਾਸਨਿਕ, ਸੁਸ਼ੀਲ ਕੁਮਾਰ ਸ਼ਿੰਦੇ ਜਾਂ ਮਲਿਕਾਰੁਜਨ ਖੜਗੇ ਨੂੰ ਅੰਤਰਿਮ ਅਤੇ ਪਾਇਲਟ, ਸਿੰਧੀਆ ਅਤੇ ਦੇਵੜਾ ਨੂੰ ਉਪ ਪ੍ਰਧਾਨ ਬਣਾਉਣ ਦੇ ਪੱਖ ਵਿਚ ਹੈ। ਪਾਰਟੀ ਭਵਿੱਖ ਵਿਚ ਰਾਹੁਲ ਗਾਂਧੀ ਦੀ ਭੂਮਿਕਾ ਬਾਰੇ ਵੀ ਸ਼ਸ਼ੋਪੰਜ ਵਿਚ ਹੀ ਹੈ। ਪਹਿਲਾਂ ਇਹ ਸੋਚਿਆ ਗਿਆ ਕਿ ਰਾਹੁਲ ਬਿਨਾਂ ਕਿਸੇ ਅਹੁਦੇ ਦੇ ਵਿਚਾਰਕ ਧੁਰੀ ਦੀ ਭੂਮਿਕਾ ਵਿਚ ਰਹਿਣਗੇ ਪਰ ਉਹ ਅਤੇ ਉਨ੍ਹਾਂ ਦੀ ਟੀਮ ਅਹੁਦੇਦਾਰਾਂ ਦੀ ਨਿਯੁਕਤੀ, ਸੰਸਦੀ ਰਣਨੀਤੀ ਅਤੇ ਸਾਰੇ ਮੁੱਦਿਆਂ 'ਤੇ ਅਹਿਮ ਭੂਮਿਕਾ ਨਿਭਾਉਣਾ ਚਾਹੁੰਦੀ ਹੈ। ਹਾਲ ਹੀ ਵਿਚ ਰਾਹੁਲ ਨੇ ਕਰਨਾਟਕ ਸੰਕਟ ਲਈ ਵੀ ਕਿਸੇ ਅੰਦਰਲੇ ਵਿਅਕਤੀ ਨੂੰ ਹੀ ਦੋਸ਼ੀ ਦੱਸ ਕੇ ਸਭ ਨੂੰ ਸੁੰਨ ਕਰ ਦਿੱਤਾ ਸੀ। ਰਾਸ਼ਟਰਪਤੀ ਟਰੰਪ ਦੇ ਬਿਆਨ 'ਤੇ ਵੀ ਉਨ੍ਹਾਂ ਦਾ ਵਤੀਰਾ ਸ਼ਸ਼ੀ ਥਰੂਰ ਜਿਹੇ ਆਗੂਆਂ ਦੇ ਪਰਿਪੱਕ ਪ੍ਰਤੀਕਰਮ ਦੇ ਉਲਟ ਰਿਹਾ। ਇਹੋ ਸਥਿਤੀ ਕਸ਼ਮੀਰ ਮਾਮਲੇ ਵਿਚ ਵੀ ਦਿਖਾਈ ਦਿੱਤੀ। ਫ਼ਿਲਹਾਲ ਅਜਿਹੇ ਕੋਈ ਸੰਕੇਤ ਨਹੀਂ ਮਿਲ ਰਹੇ ਕਿ ਪਾਰਟੀ ਦੀ ਦਸ਼ਾ-ਦਿਸ਼ਾ ਸੁਧਾਰਨ ਲਈ ਰਾਹੁਲ ਕੋਈ ਦੇਸ਼-ਵਿਆਪੀ ਕੋਸ਼ਿਸ਼ ਕਰਨ ਜਾ ਰਹੇ ਹੋਣ।

ਕਾਂਗਰਸੀ ਹਲਕਿਆਂ ਤੋਂ ਮਿਲੇ ਸੰਕੇਤਾਂ ਮੁਤਾਬਕ ਪ੍ਰਿਅੰਕਾ ਨੂੰ 2024 ਦੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਤੌਰ 'ਤੇ ਪੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਤਿੰਨ ਵਿਅਕਤੀਆਂ 'ਤੇ ਨਿਰਭਰ ਕਰੇਗਾ। ਇਕ ਰਾਹੁਲ, ਦੂਜੇ ਉਨ੍ਹਾਂ ਦੇ ਜਾਨਸ਼ੀਨ ਅਤੇ ਤੀਜੀ ਖ਼ੁਦ ਪ੍ਰਿਅੰਕਾ। ਸੰਨ 2022 ਦੀਆਂ ਉੱਤਰ ਪ੍ਰਦੇਸ਼ ਚੋਣਾਂ ਪ੍ਰਿਅੰਕਾ ਗਾਂਧੀ ਲਈ ਸਖ਼ਤ ਇਮਤਿਹਾਨ ਹੋਣਗੀਆਂ। ਉਸ ਨੇ ਸੋਨਭੱਦਰ ਮਾਮਲੇ ਵਿਚ ਕੁਝ ਦਮ ਜ਼ਰੂਰ ਦਿਖਾਇਆ ਪਰ ਉਨਾਵ ਮਾਮਲੇ ਵਿਚ ਉਹ ਸਿਰਫ਼ ਟਵਿੱਟਰ ਤਕ ਹੀ ਸੀਮਤ ਰਹਿ ਗਈ। ਉੱਤਰ ਪ੍ਰਦੇਸ਼ ਵਿਚ ਮਿਸ਼ਨ 2022 ਲਈ ਪ੍ਰਿਅੰਕਾ ਨੂੰ ਰੋਜ਼ਾਨਾ ਲਗਪਗ 16 ਘੰਟੇ ਸਖ਼ਤ ਮਿਹਨਤ ਕਰਨੀ ਹੋਵੇਗੀ। ਉਸ ਨੂੰ ਸਿੱਧਰਮਈਆ, ਓਮਾਨ ਚਾਂਡੀ ਅਤੇ ਰਮੇਸ਼ ਚੇਨੀਥਲਾ ਵਰਗੇ ਖੇਤਰੀ ਨੇਤਾਵਾਂ ਦੀ ਤਰ੍ਹਾਂ ਉੱਭਰਨਾ ਹੋਵੇਗਾ। ਇਸ ਵਾਸਤੇ ਦਿੱਲੀ ਦੀ ਸਕੂਨ ਭਰੀ ਅਤੇ ਚਮਕ-ਦਮਕ ਵਾਲੀ ਜੀਵਨਸ਼ੈਲੀ ਦਾ ਮੋਹ ਤਿਆਗਣਾ ਪਵੇਗਾ।

ਰਾਹੁਲ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਦਾ ਰੋਜ਼ਮੱਰ੍ਹਾ ਦਾ ਕੰਮਕਾਜ ਚੁਣੌਤੀ ਬਣ ਗਿਆ ਹੈ। ਜਿੱਥੇ ਸੋਨੀਆ ਗਾਂਧੀ ਨੇ ਖ਼ੁਦ ਨੂੰ ਸੰਸਦੀ ਮਾਮਲਿਆਂ ਤਕ ਸੀਮਤ ਕਰ ਲਿਆ ਹੈ, ਉੱਥੇ ਹੀ ਪ੍ਰਿਅੰਕਾ ਦੀ ਜ਼ਿੰਮੇਵਾਰੀ ਵੱਧ ਗਈ ਹੈ। ਉਸ ਨੂੰ ਬਾਗੀਆਂ ਨਾਲ ਨਜਿੱਠਣ ਅਤੇ ਅਹਿਮ ਨਿਯੁਕਤੀਆਂ ਵਿਚ ਮਦਦ ਦੇ ਨਾਲ ਹੀ ਅਗਲੇਰੇ ਮੁਹਾਜ਼ ਤੋਂ ਅਗਵਾਈ ਕਰਨੀ ਪੈ ਰਹੀ ਹੈ। ਇਕ ਦਿਨ ਉਹ ਮੁੰਬਈ ਵਿਚ ਬਗਾਵਤ ਨੂੰ ਸਫਲ ਤਰੀਕੇ ਨਾਲ ਸ਼ਾਂਤ ਕਰ ਕੇ ਦਿੱਲੀ ਪਰਤੀ ਹੀ ਸੀ ਕਿ ਪਤਾ ਲੱਗਾ ਕਿ ਅਮੇਠੀ ਦੇ ਰਾਜਾ ਰਹੇ ਸੰਜੇ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਪਾਰਟੀ ਛੱਡ ਦਿੱਤੀ ਹੈ। ਆਪਣੀ ਬੋਲਣ ਦੀ ਕਲਾ ਅਤੇ ਅਦਾਕਾਰੀ ਦੇ ਹੁਨਰ ਲਈ ਮਸ਼ਹੂਰ ਪਾਰਟੀ ਦੀ ਸੂਬਾਈ ਯੂਨਿਟ ਦਾ ਇਕ ਮੁਖੀ ਵੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਦੇ ਘਰੇ ਦੇਖਿਆ ਗਿਆ। ਜੇ ਅਗਲੇ ਸਾਲ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਚੋਣ ਚਿਹਰਾ ਬਣਦੇ ਹਨ ਤਾਂ ਇਸ ਪਿੱਛੇ ਪ੍ਰਿਅੰਕਾ ਗਾਂਧੀ ਹੀ ਹੋਵੇਗੀ।

ਪ੍ਰਿਅੰਕਾ ਭਾਵੇਂ ਹੀ ਪ੍ਰਧਾਨਗੀ ਦੀ ਦਾਅਵੇਦਾਰ ਨਾ ਹੋਵੇ ਪਰ ਸੰਗਠਨ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵਰਗੇ ਲੋਕ ਉਸ ਦਾ ਸਾਥ ਨਹੀਂ ਛੱਡਣਗੇ। ਇਹ ਕੋਈ ਰਾਜ਼ ਨਹੀਂ ਹੈ ਕਿ ਛੱਤੀਸਗੜ੍ਹ, ਅਰੁਣਾਚਲ ਦੀਆਂ ਸੂਬਾਈ ਯੂਨਿਟਾਂ ਦੇ ਮੁਖੀ, ਯੂਥ ਕਾਂਗਰਸ ਦੇ ਅੰਤਰਿਮ ਪ੍ਰਧਾਨ ਅਤੇ ਮਹਾਰਾਸ਼ਟਰ ਅਤੇ ਹਰਿਆਣਾ ਲਈ ਚੋਣ ਟੀਮ ਨੂੰ ਚੁਣਨ ਵਰਗੀਆਂ ਨਿਯੁਕਤੀਆਂ ਗਾਂਧੀ ਪਰਿਵਾਰ ਦੀ ਮੌਨ ਸਹਿਮਤੀ ਨਾਲ ਹੀ ਹੋਈਆਂ ਹਨ। ਕਾਂਗਰਸ ਨੂੰ ਨੇੜਿਓਂ ਜਾਣਨ ਵਾਲਾ ਕੋਈ ਵੀ ਸ਼ਖ਼ਸ ਦੱਸ ਸਕਦਾ ਹੈ ਕਿ ਕਿਸੇ ਵੀ ਨਿਯੁਕਤੀ ਨੂੰ ਗਾਂਧੀ ਪਰਿਵਾਰ ਤੋਂ ਸਹਿਮਤੀ ਲੈ ਕੇ ਹੀ ਯਕੀਨੀ ਬਣਾਇਆ ਜਾ ਸਕਦਾ ਹੈ। ਜਿੱਥੇ ਰਾਹੁਲ ਗਾਂਧੀ ਹਾਲੇ ਵੀ ਲੋਕ ਸਭਾ ਚੋਣ ਵਿਚ ਭਾਰੀ ਹਾਰ ਦੀ ਜ਼ਿੰਮੇਵਾਰੀ ਤੈਅ ਕਰਨ 'ਤੇ ਅੜੇ ਹੋਏ ਹਨ, ਉੱਥੇ ਹੀ ਪ੍ਰਿਅੰਕਾ ਅਤੇ ਸੋਨੀਆ ਗਾਂਧੀ ਇਸ ਮੁੱਦੇ ਨੂੰ ਉਦੋਂ ਤਕ ਟਾਲ ਕੇ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੀਆਂ ਚਾਹਵਾਨ ਦਿਖਾਈ ਦਿੰਦੀਆਂ ਹੈ ਜਦ ਤਕ ਕਾਂਗਰਸ ਫਿਰ ਤੋਂ ਕੁਝ ਚੋਣ ਸਫਲਤਾਵਾਂ ਦਾ ਸਵਾਦ ਨਾ ਚੱਖ ਲਵੇ। ਇਸ ਮਾਮਲੇ ਵਿਚ ਵੀ ਉਮੀਦਾਂ ਪੂਰੀ ਤਰ੍ਹਾਂ ਪ੍ਰਿਅੰਕਾ 'ਤੇ ਹੀ ਟਿਕੀਆਂ ਹਨ ਕਿ ਸਿਰਫ਼ ਉਹੀ ਰਾਹੁਲ ਗਾਂਧੀ ਨੂੰ ਉਨ੍ਹਾਂ ਦਾ ਰੁਖ਼ ਨਰਮ ਕਰਨ ਲਈ ਮਨਾ ਸਕਦੀ ਹੈ।

ਆਪਣੇ ਪੱਧਰ 'ਤੇ ਗਾਂਧੀ ਪਰਿਵਾਰ ਪਾਰਟੀ ਸੰਗਠਨ ਨਾਲ ਪੂਰੀ ਤਾਲ ਮਿਲਾਈ ਰੱਖਣ ਲੱਗਾ ਹੈ। ਅਦਾਲਤੀ ਲੜਾਈਆਂ ਲਈ ਉਸ ਨੂੰ ਪਾਰਟੀ ਨੇਤਾਵਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਇਨ੍ਹਾਂ 'ਚੋਂ ਦੋ ਮਾਮਲੇ ਤਾਂ ਰਾਹੁਲ ਗਾਂਧੀ ਨਾਲ ਹੀ ਜੁੜੇ ਹੋਏ ਹਨ। ਵੈਸੇ ਇੰਦਰਾ ਗਾਂਧੀ ਦੇ ਦੌਰ ਵਿਚ 1969 ਅਤੇ 1977 ਵਿਚ ਕਾਂਗਰਸ ਵਿਚ ਜਿਹੋ ਜਿਹੀ ਪਾਟੋਧਾੜ ਦੇਖਣ ਨੂੰ ਮਿਲੀ ਸੀ, ਉਸ ਦੀ ਤੁਲਨਾ ਵਿਚ 2014 ਅਤੇ 2019 ਵਿਚ ਹਾਰ ਦੇ ਬਾਵਜੂਦ ਕਾਂਗਰਸ ਵਿਚ ਕਿਸੇ ਤਰ੍ਹਾਂ ਦੀ ਵੱਡੀ ਬਗਾਵਤ ਨਹੀਂ ਹੋਈ ਜਾਂ ਵੱਡੇ ਪੈਮਾਨੇ 'ਤੇ ਨੇਤਾਵਾਂ ਨੇ ਪਾਰਟੀ ਨਹੀਂ ਛੱਡੀ ਹੈ। ਫਿਰ ਵੀ ਲਗਪਗ 15 ਸਾਬਕਾ ਮੁੱਖ ਮੰਤਰੀਆਂ, ਦਰਜਨਾਂ ਸਾਬਕਾ ਕੇਂਦਰੀ ਮੰਤਰੀਆਂ ਅਤੇ ਪਾਰਟੀ ਦੇ ਸਾਬਕਾ ਜਨਰਲ ਸਕੱਤਰਾਂ ਦੇ ਰੂਪ ਵਿਚ ਵੰਸ਼ਵਾਦੀ ਨੇਤਾਵਾਂ ਦੀ ਖੇਪ ਨਵੇਂ ਕਾਬਲ ਲੋਕਾਂ ਨੂੰ ਲੁਭਾਉਣ ਦੇ ਲਿਹਾਜ਼ ਨਾਲ ਕੁਝ ਖ਼ਾਸ ਨਹੀਂ ਕਰ ਸਕੀ ਹੈ। ਜਦ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਚੁਣਨ ਦੀ ਵਾਰੀ ਆਈ ਤਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਤੁਲਨਾ ਵਿਚ ਪ੍ਰਿਅੰਕਾ ਦਾ ਦਖ਼ਲ ਜ਼ਿਆਦਾ ਰਿਹਾ। ਇਸ ਕਾਰਨ ਇਹ ਬਹਿਸ ਜ਼ੋਰ ਫੜਨ ਲੱਗੀ ਹੈ ਕਿ 'ਪ੍ਰਿਅੰਕਾ ਰਾਹੁਲ ਤੋਂ ਬਿਹਤਰ ਹੈ।' ਇਸ ਗੱਲ ਦਾ ਕਿਸੇ ਨੂੰ ਇਲਮ ਨਹੀਂ ਕਿ ਰਾਹੁਲ ਗਾਂਧੀ ਕਾਂਗਰਸ ਵਿਚ ਪ੍ਰਿਅੰਕਾ ਦਾ ਕੱਦ ਉੱਚਾ ਹੋਣ ਬਾਰੇ ਕੀ ਸੋਚ ਰੱਖਦੇ ਹਨ। ਕੀ ਉਨ੍ਹਾਂ ਦੀ ਸਹਿਮਤੀ ਨਾਲ ਹੀ ਪ੍ਰਿਅੰਕਾ ਦੀ ਪਾਰਟੀ ਵਿਚ ਪੁੱਛ-ਪ੍ਰਤੀਤ ਵੱਧ ਰਹੀ ਹੈ? ਜੇ ਹਾਂ ਤਾਂ ਯਕੀਨਨ ਕਾਂਗਰਸ ਦੀ ਕਾਰਗੁਜ਼ਾਰੀ ਵੀ ਸੁਧਰੇਗੀ।

ਵੈਸੇ ਜੇ ਅਗਲਾ ਪ੍ਰਧਾਨ ਪਾਰਟੀ ਲਈ ਸਮਰਪਿਤ ਨਾ ਹੋ ਕੇ ਸਿਰਫ਼ ਗਾਂਧੀ ਪਰਿਵਾਰ ਦੀ ਕਠਪੁਤਲੀ ਹੋਵੇਗਾ ਤਾਂ ਕਾਂਗਰਸ ਲਈ ਸ਼ਾਇਦ ਇਸ ਤੋਂ ਬੁਰਾ ਕੁਝ ਹੋਰ ਨਾ ਹੋਵੇ। ਜਦ 1997 ਵਿਚ ਬਿਨਾਂ ਕਿਸੇ ਅਹੁਦੇ ਦੇ ਸੋਨੀਆ ਗਾਂਧੀ ਪਾਰਟੀ ਵਿਚ ਸ਼ਾਮਲ ਹੋਈ ਸੀ ਤਾਂ ਪ੍ਰਧਾਨ ਰਹੇ ਸੀਤਾਰਾਮ ਕੇਸਰੀ ਦੀ ਕੋਈ ਹੈਸੀਅਤ ਹੀ ਨਹੀਂ ਰਹਿ ਗਈ ਸੀ। ਅਕਸਰ ਆਸਕਰ ਫਰਨਾਂਡੀਜ਼ ਅਤੇ ਵੀ. ਜਾਰਜ ਕੇਸਰੀ ਦੇ ਨਿਵਾਸ 'ਤੇ ਨਿਯੁਕਤੀਆਂ 'ਤੇ ਉਨ੍ਹਾਂ ਦੇ ਦਸਤਖ਼ਤ ਕਰਵਾਉਣ ਜਾਂਦੇ ਸਨ। ਕੇਸਰੀ ਇਸ ਤੋਂ ਬੇਹੱਦ ਦੁਖੀ ਰਹਿੰਦੇ ਸਨ ਕਿ ਉਨ੍ਹਾਂ ਨੂੰ ਬਸ ਦਸਤਖ਼ਤ ਕਰਨ ਤਕ ਹੀ ਸੀਮਤ ਕਰ ਦਿੱਤਾ ਗਿਆ ਹੈ। ਕੀ ਕਾਂਗਰਸ ਦਾ ਮੌਜੂਦਾ ਸੰਕਟ ਗਾਂਧੀ ਪਰਿਵਾਰ ਦੀ ਵਿਰਾਸਤ ਦੀ ਸਮਾਪਤੀ 'ਤੇ ਮੋਹਰ ਲਗਾਵੇਗਾ ਜਾਂ ਨਵੀਂ ਸ਼ੁਰੂਆਤ ਦਾ ਜ਼ਰੀਆ ਬਣੇਗਾ?

ਫਿਲਮਕਾਰ ਮਹੇਸ਼ ਭੱਟ ਕਹਿੰਦੇ ਹਨ ਕਿ ਹਰ ਅੰਤ ਦੀ ਰਾਹ ਵਿਚ ਵੀ ਇਕ ਅੰਤ ਹੁੰਦਾ ਹੈ। ਕਾਂਗਰਸ ਪਾਰਟੀ ਉਸ ਅੰਤ ਦੇ ਪੜਾਅ 'ਤੇ ਪੁੱਜ ਗਈ ਹੈ ਪਰ ਹਰੇਕ ਅੰਤ ਵਿਚ ਨਵੀਂ ਸ਼ੁਰੂਆਤ ਵੀ ਹੁੰਦੀ ਹੈ। ਕੀ ਕਾਂਗਰਸ ਆਪਣੇ ਪੁਰਾਣੇ ਸਰੂਪ ਤੋਂ ਬਾਹਰ ਨਿਕਲ ਕੇ ਖ਼ੁਦ ਵਿਚ ਨਵੇਂ ਸੁਧਾਰ ਕਰ ਸਕਦੀ ਹੈ। ਨਿੱਜੀ ਤੌਰ 'ਤੇ ਕਾਂਗਰਸੀ ਉਨ੍ਹਾਂ ਨਾਲ ਜ਼ਰੂਰ ਸਹਿਮਤ ਹੋਣੇ ਚਾਹੀਦੇ ਹਨ।

-(ਲੇਖਕ '24 ਅਕਬਰ ਰੋਡ' ਅਤੇ ਸੋਨੀਆ-ਏ ਬਾਇਓਗ੍ਰਾਫ਼ੀ' ਪੁਸਤਕਾਂ ਦਾ ਰਚੇਤਾ ਅਤੇ ਕਾਲਮਨਵੀਸ ਹੈ)।

Posted By: Sukhdev Singh