ਜਮਾਂਦਾਰ ਨੰਦ ਸਿੰਘ ਭਾਰਤ ਦਾ ਇੱਕੋ ਇਕ ਅਜਿਹਾ ਵੀਰ ਸਪੂਤ ਹੈ ਜਿਸ ਨੂੰ ਬਿ੍ਰਟਿਸ਼ ਕਾਲ ਵਿਚ ਦਿੱਤਾ ਜਾਣ ਵਾਲਾ ਸਰਵਉੱਚ ਬਹਾਦਰੀ ਅਵਾਰਡ ਵਿਕਟੋਰੀਆ ਕਰਾਸ ਅਤੇ ਆਜ਼ਾਦ ਭਾਰਤ ਵਿਚ ਦਿੱਤਾ ਜਾਣ ਵਾਲਾ ਦੂਸਰਾ ਸਭ ਤੋਂ ਵੱਡਾ ਬਹਾਦਰੀ ਅਵਾਰਡ ਮਹਾਂਵੀਰ ਚੱਕਰ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ। ਨੰਦ ਸਿੰਘ ਨੇ ਬਹਾਦਰੀ ਦੀਆਂ ਅਜਿਹੀਆਂ ਮਿਸਾਲਾਂ ਪੈਦਾ ਕੀਤੀਆਂ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ। ਉਸ ਦਾ ਜਨਮ 24 ਸਤੰਬਰ 1914 ਨੂੰ ਬਠਿੰਡਾ ਜਿਲ੍ਹੇ (ਹੁਣ ਮਾਨਸਾ) ਦੇ ਪਿੰਡ ਬਹਾਦਰਪੁਰ ਵਿਚ ਪਿਤਾ ਭਾਗ ਸਿੰਘ ਦੇ ਘਰ ਹੋਇਆ ਸੀ।

25 ਮਾਰਚ 1933 ਨੂੰ ਸਿਰਫ਼ 19 ਸਾਲ ਦੀ ਉਮਰ ਵਿਚ ਉਹ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਵਿਚ ਭਰਤੀ ਹੋ ਗਿਆ। ਦੂਸਰੇ ਸੰਸਾਰ ਯੁੱਧ ਵੇਲੇ ਉਸ ਦੀ ਬਟਾਲੀਅਨ ਬਰਮਾ ਵਿਚ ਤਾਇਨਾਤ ਸੀ। ਜਾਪਾਨ ਦੀ ਫ਼ੌਜ ਫਿਲਪੀਨਜ਼, ਕੋਰੀਆ, ਤਾਇਵਾਨ, ਹਾਂਗਕਾਂਗ, ਵੀਅਤਨਾਮ, ਕੰਬੋਡੀਆ, ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ ਅਤੇ ਥਾਈਲੈਂਡ ਨੂੰ ਰੌਂਦਦੀ ਹੋਈ ਬਿ੍ਰਟਿਸ਼ ਭਾਰਤ ਦੀਆਂ ਬਰੂਹਾਂ ’ਤੇ ਬਰਮਾ ਵਿਚ ਆਣ ਖਲੋਤੀ ਸੀ। ਉਸ ਨੇ ਭਾਰਤੀ ਟਾਪੂਆਂ ਅੰਡੇਮਾਨ ਨਿਕੋਬਾਰ ’ਤੇ ਕਬਜ਼ਾ ਜਮਾ ਲਿਆ ਸੀ ਤੇ ਕਲਕੱਤਾ ਬੰਦਰਗਾਹ ’ਤੇ ਹਵਾਈ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ।

ਵਰਨਣ ਯੋਗ ਹੈ ਕਿ ਉਪਰੋਕਤ ਦੇਸ਼ ਬਸਤੀਵਾਦੀ ਦੇਸ਼ਾਂ (ਅਮਰੀਕਾ, ਹਾਲੈਂਡ, ਫਰਾਂਸ ਅਤੇ ਇੰਗਲੈਂਡ) ਦੇ ਅਧੀਨ ਸਨ, ਜਿਨ੍ਹਾਂ ਦੀ ਫੌਜ ਜਾਪਾਨ ਦੀ ਤਾਬ ਨਾ ਝੱਲ ਸਕੀ ਤੇ ਨਿਗੂਣੇ ਜਿਹੇ ਮੁਕਾਬਲੇ ਤੋਂ ਬਾਅਦ ਹੀ ਹਥਿਆਰ ਸੁੱਟ ਦਿੱਤੇ ਸਨ। ਜਾਪਾਨੀ ਫ਼ੌਜ ਨੇ ਅਰਾਕਾਨ ਸ਼ਹਿਰ (ਬਰਮਾ) ਦੇ ਨਜ਼ਦੀਕ ਰਣਨੀਤਕ ਪੱਖੋਂ ਅਤਿਅੰਤ ਮਹੱਤਵਪੂਰਣ ਜਗ੍ਹਾ ਇੰਡੀਆ ਹਿੱਲ ’ਤੇ ਕਬਜ਼ਾ ਕਰ ਲਿਆ ਸੀ ਜੋ ਕਾਫ਼ੀ ਉੱਚਾਈ ’ਤੇ ਬੇਹੱਦ ਤਿੱਖੀ ਚੜ੍ਹਾਈ ਵਾਲੀ ਸੀ।

ਇਹ ਇਲਾਕਾ ਅਣਵੰਡੇ ਭਾਰਤ ਦੇ ਬੰਗਾਲ ਸੂਬੇ (ਹੁਣ ਬੰਗਲਾ ਦੇਸ਼) ਦੇ ਚਿਟਾਗਾਂਗ ਸ਼ਹਿਰ ਦੇ ਨਜ਼ਦੀਕ ਸੀ, ਜਿੱਥੋਂ ਜਾਪਾਨੀ ਫ਼ੌਜ ਕਿਸੇ ਵੇਲੇ ਵੀ ਭਾਰਤ ਵਿਚ ਪ੍ਰਵੇਸ਼ ਕਰ ਸਕਦੀ ਸੀ। 12 ਮਾਰਚ, 1994 ਨੂੰ ਨੰਦ ਸਿੰਘ (ਜੋ ਉਸ ਵੇਲੇ ਨਾਇਕ ਸੀ) ਅਤੇ ਉਸ ਦੀ ਪਲਟੂਨ (ਗਿਣਤੀ ਕਰੀਬ 35 ਜਵਾਨ) ਨੂੰ ਇਹ ਪੁਜ਼ੀਸ਼ਨ ਵਾਪਸ ਲੈਣ ਦਾ ਹੁਕਮ ਹੋਇਆ। ਜਦੋਂ ਪਲਟੂਨ ਜਾਪਾਨੀ ਮੋਰਚਿਆਂ ਦੇ ਨਜ਼ਦੀਕ ਪਹੁੰਚੀ ਤਾਂ ਭਾਰੀ ਮਸ਼ੀਨ ਗੰਨਾਂ ਅਤੇ ਮਾਰਟਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ, ਜਿਸ ਕਾਰਨ ਜ਼ਿਆਦਾਤਰ ਜਵਾਨ ਜਾਂ ਤਾਂ ਮਾਰੇ ਗਏ ਜਾਂ ਜ਼ਖਮੀ ਹੋ ਗਏ। ਨੰਦ ਸਿੰਘ ਨੇ ਹੌਸਲਾ ਨਾ ਹਾਰਿਆ ਤੇ ਭਿਆਨਕ ਯੁੱਧ ਕਰ ਕੇ ਪਹਿਲਾ ਮੋਰਚਾ ਆਪਣੇ ਕਬਜ਼ੇ ਵਿਚ ਲੈ ਲਿਆ। ਉਸ ਦੀ ਸੱਜੀ ਲੱਤ ਵਿਚ ਗੋਲੀ ਲੱਗ ਗਈ ਤੇ ਕੁਝ ਹੀ ਦੂਰੀ ’ਤੇ ਫਟੇ ਜਾਪਾਨੀ ਗਰਨੇਡ ਕਾਰਨ ਉਸ ਦਾ ਚਿਹਰਾ ਅਤੇ ਮੋਢੇ ਵੀ ਜ਼ਖ਼ਮੀ ਹੋ ਗਏ। ਇਸ ਜੰਗ ਵਿਚ ਛੇ ਵਾਰ ਜ਼ਖ਼ਮੀ ਹੋਣ ਦੇ ਬਾਵਜੂਦ ਉਹ ਪੁਰਤਾਨ ਸਿੱਖਾਂ ਵਰਗੀ ਬਹਾਦਰੀ ਨਾਲ ਆਪਣੇ ਬਚੇ ਖੁਚੇ ਸਾਥੀਆਂ ਸਮੇਤ ਮਾਰ ਕਾਟ ਮਚਾਉਂਦੇ ਹੋਏ ਜਾਪਾਨੀਆਂ ਦੇ ਖ਼ੂਨ ਨਾਲ ਹੋਲੀ ਖੇਡਦਾ ਰਿਹਾ। ਆਖ਼ਰ ਅੱਧੇ ਦਿਨ ਦੀ ਲੜਾਈ ਤੋਂ ਬਾਅਦ ਉਸ ਨੇ ਇੰਡੀਆ ਹਿੱਲ ’ਤੇ ਕਬਜ਼ਾ ਜਮਾ ਲਿਆ। ਸਿੱਖ ਰੈਜਮੈਂਟ ਵੱਲੋਂ ਕੀਤੀ ਗਈ ਇਸ ਖੂੰਖਾਰ ਲੜਾਈ ਕਾਰਨ ਜਾਪਾਨੀ ਦਿਲ ਛੱਡ ਗਏ ਤੇ ਮੈਦਾਨ ਛੱਡ ਕੇ ਭੱਜ ਗਏ। ਉਨ੍ਹਾਂ ਦਾ ਭਾਰਤ ’ਤੇ ਕਬਜ਼ਾ ਕਰਨ ਦਾ ਮਨਸੂਬਾ ਵਿੱਚੇ ਰਹਿ ਗਿਆ। 6 ਜੂਨ 1944 ਨੂੰ ਜਾਰੀ ਕੀਤੇ ਗਏ ਵਿਕਟੋਰੀਆ ਕਰਾਸ ਦੇ ਸਰਟੀਫਿਕੇਟ ਵਿਚ ਦਰਜ ਹੈ ਕਿ ਨੰਦ ਸਿੰਘ ਨੇ ਆਪਣੇ ਹੱਥੀਂ 7 ਜਾਪਾਨੀਆਂ ਨੂੰ ਯਮਪੁਰੀ ਪਹੁੰਚਾਇਆ ਸੀ। 15 ਅਗਸਤ, 1947 ਨੂੰ ਭਾਰਤ ਨੂੰ ਆਜ਼ਾਦੀ ਮਿਲਦੇ ਸਾਰ ਪਾਕਿਸਤਾਨੀ ਫ਼ੌਜ ਨੇ ਕਬਾਇਲੀ ਪਠਾਣਾਂ ਨਾਲ ਮਿਲ ਕੇ ਕਸ਼ਮੀਰ ’ਤੇ ਹਮਲਾ ਕਰ ਦਿੱਤਾ ਸੀ ਤੇ ਵੱਡੇ ਇਲਾਕੇ ’ਤੇ ਕਬਜ਼ਾ ਕਰ ਲਿਆ ਸੀ। ਉਸ ਵੇਲੇ ਤਕ ਨੰਦ ਸਿੰਘ ਜਮਾਂਦਾਰ ਰੈਂਕ ਵਿਚ ਤਰੱਕੀਯਾਬ ਹੋ ਚੁੱਕਾ ਸੀ। 10 ਦਸੰਬਰ 1947 ਨੂੰ ਉੜੀ ਦੇ ਸਥਾਨ ’ਤੇ ਪਹਿਲੀ ਸਿੱਖ ਰੈਜਮੈਂਟ ਦੁਸ਼ਮਣਾਂ ਦੇ ਹਮਲੇ ਹੇਠ ਆ ਗਈ। ਉਸ ਦੇ 10 ਜਵਾਨ ਸ਼ਹੀਦ ਹੋ ਗਏ ਤੇ 15 ਹੋਰ ਜ਼ਖਮੀ ਹੋ ਗਏ। ਨੰਦ ਸਿੰਘ ਦੀ ਡੀ ਕੰਪਨੀ ਨੂੰ ਦੁਸ਼ਮਣਾਂ ਨੂੰ ਨਸ਼ਟ ਕਰ ਕੇ ਜ਼ਖਮੀ ਜਵਾਨਾਂ ਨੂੰ ਬਚਾਉਣ ਲਈ ਹਮਲਾ ਕਰਨ ਦਾ ਹੁਕਮ ਪ੍ਰਾਪਤ ਹੋਇਆ। ਉਹ ਇਕਦਮ ਦੁਸ਼ਮਣਾਂ ’ਤੇ ਟੱੁਟ ਪਿਆ ਪਰ ਦੁਸ਼ਮਣ ਦੀ ਗੋਲਾਬਾਰੀ ਕਾਰਨ ਜ਼ਖ਼ਮੀ ਹੋ ਗਿਆ।

ਜ਼ਖ਼ਮੀ ਹੋਣ ਦੇ ਬਾਵਜੂਦ ਉਸ ਨੂੰ ਸੂਰਮਿਆਂ ਵਾਂਗ ਲੜਦਾ ਹੋਇਆ ਵੇਖ ਕੇ ਬਾਕੀ ਜਵਾਨਾਂ ਵਿਚ ਵੀ ਜੋਸ਼ ਭਰ ਗਿਆ ਤੇ ਉਨ੍ਹਾਂ ਨੇ ਦੁਸ਼ਮਣ ਨੂੰ ਮੋਰਚਿਆਂ ਤੋਂ ਖਦੇੜ ਦਿੱਤਾ ਪਰ ਜਦੋਂ ਨੰਦ ਸਿੰਘ ਇਕ ਬੰਕਰ ’ਤੇ ਖੜ੍ਹਾ ਹੋ ਕੇ ਮੈਦਾਨੇ ਜੰਗ ਦਾ ਮੁਆਇਨਾ ਕਰ ਰਿਹਾ ਸੀ ਤਾਂ ਨਜ਼ਦੀਕ ਹੀ ਘਾਤ ਲਗਾ ਕੇ ਬੈਠੇ ਦੁਸ਼ਮਣਾਂ ਨੇ ਛਾਤੀ ਵਿਚ ਮਸ਼ੀਨ ਗੰਨ ਦਾ ਬਰਸਟ ਮਾਰ ਕੇ ਉਸ ਨੂੰ ਸ਼ਹੀਦ ਕਰ ਦਿੱਤਾ।

ਭਾਰੀ ਗੋਲਾਬਾਰੀ ਕਾਰਨ ਬਾਕੀ ਭਾਰਤੀ ਜਵਾਨਾਂ ਨੂੰ ਥੋੜ੍ਹਾ ਪਿੱਛੇ ਹਟਣਾ ਪਿਆ ਤਾਂ ਪਾਕਿਸਤਾਨੀ ਫ਼ੌਜੀ ਨੰਦ ਸਿੰਘ ਦੀ ਵਰਦੀ ’ਤੇ ਲੱਗੇ ਵਿਕਟੋਰੀਆ ਕਰਾਸ ਦੇ ਰਿਬਨ ਪਛਾਣ ਕੇ ਉਸ ਦੀ ਲਾਸ਼ ਨੂੰ ਚੁੱਕ ਕੇ ਮੁਜ਼ੱਫਰਾਬਾਦ ਲੈ ਗਏ। ਉਸ ਦੀ ਮਿ੍ਰਤਕ ਦੇਹ ਨੂੰ ਟਰੱਕ ’ਤੇ ਲੱਦ ਕੇ ਸਾਰੇ ਸ਼ਹਿਰ ਵਿਚ ਘੁੰਮਾਇਆ ਗਿਆ ਤੇ ਲਾਊਡ ਸਪੀਕਰਾਂ ਤੋਂ ਐਲਾਨ ਕੀਤਾ ਗਿਆ ਕਿ ਵਿਕਟੋਰੀਆ ਕਰਾਸ ਜੇਤੂ ਸਾਰੇ ਭਾਰਤੀ ਫ਼ੌਜੀਆਂ ਦਾ ਇਹ ਹੀ ਹਸ਼ਰ ਕੀਤਾ ਜਾਵੇਗਾ। ਇਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਬਰਬਰਤਾ ਦਾ ਮੁਜ਼ਾਹਰਾ ਕਰਦੇ ਹੋਏ ਉਸ ਦੀ ਲਾਸ਼ ਨੂੰ ਵਾਪਸ ਕਰਨ ਦੀ ਬਜਾਏ ਖੁਰਦ ਬੁਰਦ ਕਰ ਦਿੱਤਾ।

ਨੰਦ ਸਿੰਘ ਦੀ ਇਸ ਬਹਾਦਰੀ ਕਾਰਨ ਉਸ ਨੂੰ 12 ਦਸੰਬਰ 1947 ਨੂੰ ਮਹਾਂਵੀਰ ਚੱਕਰ ਪ੍ਰਦਾਨ ਕੀਤਾ ਗਿਆ। ਉਸ ਨੂੰ ਜਾਰੀ ਕੀਤੇ ਗਏ ਸਰਟੀਫਿਕੇਟ ਵਿਚ ਦਰਜ ਹੈ ਕਿ ਉਸ ਨੇ ਹੱਥੋ ਹੱਥ ਲੜਾਈ ਵਿਚ 5 ਦੁਸ਼ਮਣਾਂ ਨੂੰ ਖ਼ਤਮ ਕੀਤਾ ਜਿਸ ਕਾਰਨ ਦਰਜਨਾਂ ਜ਼ਖ਼ਮੀ ਭਾਰਤੀ ਜਵਾਨਾਂ ਦੀਆਂ ਜਾਨਾਂ ਬਚ ਸਕੀਆਂ। ਉਸ ਦੀ ਯਾਦ ਵਿਚ ਬਠਿੰਡੇ ਸ਼ਹਿਰ ਵਿਚ ਇਕ ਚੌਕ ਬਣਿਆ ਹੋਇਆ ਹੈ ਜਿੱਥੇ ਉਸ ਦੀ ਮੂਰਤੀ ਲੱਗੀ ਹੋਈ ਹੈ। ਉਸ ਦੀ ਬਹਾਦਰੀ ਤੋਂ ਅਣਜਾਣ ਲੋਕ ਉਸ ਚੌਕ ਨੂੰ ਜਮਾਂਦਾਰ ਨੰਦ ਸਿੰਘ ਚੌਕ ਕਹਿਣ ਦੀ ਬਜਾਏ ਫ਼ੌਜੀ ਚੌਕ ਹੀ ਪੁਕਾਰਦੇ ਹਨ।

- ਬਲਰਾਜ ਸਿੰਘ ਸਿੱਧੂ

Posted By: Harjinder Sodhi