ਸਰਦੀਆਂ ਅਤੇ ਧੁੰਦ ਵਿਚ ਡਰਾਇਵਰੀ ਕਰਦੇ ਸਮੇਂ ਚੌਕੰਨੇ ਰਹਿਣਾ ਬੇਹੱਦ ਜ਼ਰੂਰੀ ਹੈ। ਸੜਕੀ ਹਾਦਸੇ ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਇਨ੍ਹਾਂ ਕਾਰਨ ਨਿੱਤ ਅਨੇਕਾਂ ਬੇਸ਼ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ।

ਹਾਦਸਿਆਂ ਪਿੱਛੇ ਸਿੱਧੇ ਤੌਰ ’ਤੇ ਲੋਕਾਂ ਦੀ ਟਰੈਫਿਕ ਨਿਯਮਾਂ ਸਬੰਧੀ ਵਰਤੀ ਜਾਂਦੀ ਅਣਗਹਿਲੀ ਅਤੇ ਪ੍ਰਸ਼ਾਸਨ ਵੱਲੋਂ ਦਿੱਤੀ ਜਾਂਦੀ ਢਿੱਲ ਜ਼ਿੰਮੇਵਾਰ ਹੈ। ਪੰਜਾਬ ਵਿਚ ਲੋਕਾਂ ਨੂੰ ਦੋਪਹੀਆ ਵਾਹਨ ਬਿਨਾਂ ਹੈਲਮਟ ਦੇ ਚਲਾਉਂਦੇ ਆਮ ਵੇਖਿਆ ਜਾਂਦਾ ਹੈ ਅਤੇ ਸੂਬੇ ਵਿਚ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਵੀ ਹੈਲਮਟ ਦਾ ਚਾਲਾਨ ਨਾਮਾਤਰ ਹੀ ਹੁੰਦਾ ਹੈ। ਇਹ ਵੀ ਕੋਈ ਅਤਿਕਥਨੀ ਨਹੀਂ ਕਿ ਸੜਕਾਂ ’ਤੇ ਵਾਹਨਾਂ ਨੂੰ ਚਲਾ ਰਹੇ ਜ਼ਿਆਦਾਤਰ ਲੋਕ ਆਵਾਜਾਈ ਦੇ ਨਿਯਮਾਂ ਤੋਂ ਅਨਜਾਣ ਹੁੰਦੇ ਹਨ। ਪਿੰਡਾਂ-ਸ਼ਹਿਰਾਂ ’ਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਵਾਹਨ ਚਲਾਉਂਦੇ ਆਮ ਨਜ਼ਰੀਂ ਪੈ ਜਾਂਦੇ ਹਨ।

ਸੜਕ ਹਾਦਸਿਆਂ ਤੋਂ ਬਚਾਅ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿਚ ਬਣਾਈ ਰੱਖਣ ਲਈ ਟਰੈਫਿਕ ਨਿਯਮ ਬਣਾਏ ਗਏ ਹਨ। ਇਹ ਨਿਯਮ ਸੜਕ ’ਤੇ ਚੱਲਣ ਵਾਲੇ ਹਰ ਵਿਅਕਤੀ ਦੁਆਰਾ ਪਾਲਣਾ ਕਰਨ ਲਈ ਹੁੰਦੇ ਹਨ। ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਧੁੰਦ ਕਾਰਨ ਉਂਜ ਵੀ ਘੱਟ ਹੀ ਦਿਖਾਈ ਦਿੰਦਾ ਹੈ।

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਵੇ ਤਾਂ ਜੋ ਸੁਰੱਖਿਅਤ ਸਫ਼ਰ ਕੀਤਾ ਜਾ ਸਕੇ। ਜ਼ਰੂਰਤ ਅਨੁਸਾਰ ਹੀ ਨਿੱਜੀ ਵਾਹਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੇਕਰ ਸੰਭਵ ਹੋਵੇ ਤਾਂ ਸਫ਼ਰ ਲਈ ਪਬਲਿਕ ਟਰਾਂਸਪੋਰਟ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਕਦੇ ਵੀ ਤੇਜ਼ ਰਫ਼ਤਾਰ ਵਾਹਨ ਨਾ ਚਲਾਓ। ਨਸ਼ਾ ਆਦਿ ਕਰ ਕੇ ਕੋਈ ਮੋਟਰ-ਗੱਡੀ ਨਹੀਂ ਚਲਾਉਣੀ ਚਾਹੀਦੀ। ਯਾਤਾਯਾਤ ਦੇ ਨਿਯਮਾਂ ਦੀ ਪਾਲਣਾ ਦੇ ਨਾਲ-ਨਾਲ ਹੋਰਨ ਦੀ ਢੁੱਕਵੀਂ ਵਰਤੋਂ, ਗੱਡੀਆਂ ਵਿਚ ਸੀਟ ਬੈਲਟਾਂ ਦੀ ਵਰਤੋਂ, ਚੌਕਾਂ ’ਚ ਲੱਗੀਆਂ ਬੱਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪੈਦਲ ਚੱਲਦੇ ਸਮੇਂ ਜ਼ੈਬਰਾ ਕਰਾਸਿੰਗ ਉੱਪਰੋਂ ਹੀ ਮੁੱਖ ਸੜਕਾਂ ਨੂੰ ਪਾਰ ਕਰਨਾ ਚਾਹੀਦਾ ਹੈ।

ਕਿਸੇ ਹੋਰ ਥਾਂ ਤੋਂ ਸੜਕ ਪਾਰ ਕਰਨਾ ਦੁਰਘਟਨਾ ਨੂੰ ਸਿੱਧਾ ਸੱਦਾ ਸਾਬਤ ਹੋ ਸਕਦਾ ਹੈ। ਧੁੰਦ ਅਤੇ ਸਰਦੀਆਂ ਦੌਰਾਨ ਸੜਕਾਂ ’ਤੇ ਚਾਹ ਆਦਿ ਦਾ ਲੰਗਰ ਲਾਉਣਾ ਆਮ ਗੱਲ ਹੈ ਪਰ ਇੱਥੇ ਜ਼ਰੂਰੀ ਹੈ ਕਿ ਮੁੱਖ ਸੜਕ ਤੋਂ ਥੋੜ੍ਹਾ ਪਿੱਛੇ ਹਟ ਕੇ ਲੰਗਰ ਲਾਇਆ ਜਾਵੇ ਅਤੇ ਲੋਕਾਂ ਨੂੰ ਰੋਕਣ ਲਈ ਜੋ ਮਿੱਟੀ ਦੇ ਉੱਚੇ-ਉੱਚੇ ਬੰਨ੍ਹ ਜਿਹੇ ਬਣਾਏ ਜਾਂਦੇ ਹਨ, ਉਨ੍ਹਾਂ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਕੋਈ ਸੜਕ ਦੁਰਘਟਨਾ ਨਾ ਵਾਪਰੇ। ਸਿਹਤ ਪ੍ਰਤੀ ਸੁਚੇਤ ਹੋਣਾ ਚੰਗੀ ਗੱਲ ਹੈ ਪਰ ਸੜਕਾਂ ’ਤੇ ਸੈਰ ਕਰਨਾ ਕਦੇ ਵੀ ਸਹੀ ਨਹੀਂ ਕਿਹਾ ਜਾ ਸਕਦਾ। ਖੁੱਲ੍ਹੇ ਮੈਦਾਨ ਜਾਂ ਪਾਰਕ ਆਦਿ ਵਿਚ ਸੈਰ ਕੀਤੀ ਜਾ ਸਕਦੀ ਹੈ। ਸਮਾਜ ਵਿਚ ਸਵੈ-ਅਨੁਸ਼ਾਸਨ ਅਤੇ ਜ਼ਿੰਮੇਵਾਰ ਨਾਗਰਿਕਾਂ ਦੀ ਭਾਰੀ ਘਾਟ ਰੜਕਦੀ ਹੈ ਅਤੇ ਸੜਕੀ ਨਿਯਮਾਂ ਸਬੰਧੀ ਅਣਗਹਿਲੀ ਲੋਕਾਂ ਦੇ ਸੁਭਾਅ ਦਾ ਹਿੱਸਾ ਬਣ ਗਈ ਹੈ।

ਜਿੱਥੇ ਸਖ਼ਤੀ ਹੁੰਦੀ ਹੈ, ਉੱਥੇ ਲੋਕ ਤੀਰ ਵਾਂਗ ਸਿੱਧੇ ਹੋ ਜਾਂਦੇ ਹਨ। ਇਹ ਬੜੀ ਅਜੀਬੋ-ਗਰੀਬ ਗੱਲ ਹੈ ਕਿ ਪੰਜਾਬ ਵਿਚ ਤਾਂ ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਪਰ ਜਦੋਂ ਉਹ ਚੰਡੀਗੜ੍ਹ ਵਿਚ ਜਾਂਦੇ ਹਨ ਤਾਂ ਉੱਥੇ ਪ੍ਰਸ਼ਾਸਕੀ ਸਖ਼ਤੀ ਕਾਰਨ ਨਿਯਮਾਂ ਦੀ ਪਾਲਣਾ ਕਰਨ ਲੱਗ ਜਾਂਦੇ ਹਨ। ਟਰੈਫਿਕ ਨਿਯਮਾਂ ਦੀ ਪਾਲਣਾ ਦੂਜਿਆਂ ਦੇ ਨਾਲ-ਨਾਲ ਸਾਡੀ ਆਪਣੀ ਜਾਨ ਦੀ ਸੁਰੱਖਿਆ ਲਈ ਜ਼ਰੂਰੀ ਹੈ। ਸੜਕੀ ਨਿਯਮਾਂ ਨੂੰ ਅਣਗੋਲਿਆਂ ਕਰਨ ’ਤੇ ਆਪਣੀ ਜਾਨ ਦੇ ਨਾਲ-ਨਾਲ ਦੂਜੇ ਵਿਅਕਤੀਆਂ ਲਈ ਵੀ ਅਸੀਂ ਖ਼ਤਰਾ ਬਣ ਜਾਂਦੇ ਹਾਂ। ਆਦਰਸ਼ ਨਾਗਰਿਕ ਲਈ ਜ਼ਰੂਰੀ ਹੈ ਕਿ ਉਹ ਸੜਕੀ ਨਿਯਮਾਂ ਪ੍ਰਤੀ ਸੁਚੇਤ ਰਹੇ ਅਤੇ ਉਨ੍ਹਾਂ ਪਾਲਣਾ ਯਕੀਨੀ ਬਣਾਵੇ।

ਧੁੰਦ ਵਿਚ ਡਰਾਈਵਿੰਗ ਕਰਦਿਆਂ ਵਾਹਨ ਤੋਂ ਵਾਹਨ ਦਾ ਫ਼ਾਸਲਾ ਜ਼ਰੂਰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਓਵਰਟੇਕ ਕਰਨ ਲੱਗਿਆਂ ਅੱਗੇ-ਪਿੱਛੇ ਧਿਆਨ ਜ਼ਰੂਰ ਰੱਖਿਆ ਜਾਵੇ। ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ। ਧੁੰਦ ਵਿਚ ਵਹੀਕਲ ਚਲਾਉਣ ਲੱਗਿਆਂ ਪੂਰਾ ਧਿਆਨ ਅੱਗੇ ਰੱਖੋ। ਧੁੰਦ ’ਚ ਕਦੇ ਵੀ ਸੜਕ ਵਿਚਾਲੇ ਵਹੀਕਲ ਨਾ ਰੋਕੋ। ਜਦੋਂ ਉਹ ਰੋਕਣਾ ਹੋਵੇ ਤਾਂ ਇੰਡੀਕੇਟਰ ਜ਼ਰੂਰ ਦਿਓ।

ਧੁੰਦ ਦੌਰਾਨ ਮੋਟਰ-ਗੱਡੀ ਦੀਆਂ ਲਾਈਟਾਂ ਜ਼ਰੂਰ ਬਾਲ ਕੇ ਰੱਖੋ। ਵਾਹਨਾਂ ’ਤੇ ਰਿਫਲੈਕਟਰ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਧੁੰਦ ਅਤੇ ਰਾਤ ਸਮੇਂ ਸੜਕ ’ਤੇ ਚੱਲਦੇ ਵਾਹਨਾਂ ਦਾ ਪਤਾ ਲੱਗ ਸਕੇ। ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਾਨ ਬੇਸ਼ਕੀਮਤੀ ਹੈ। ਅਣਗਹਿਲੀ ਵਰਤ ਕੇ ਜਾਨ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ। ਸਰਕਾਰ ਨੂੰ ਸੜਕਾਂ ਦੀ ਹਾਲਤ ਵੀ ਠੀਕ ਕਰਨੀ ਚਾਹੀਦੀ ਹੈ ਤਾਂ ਜੋ ਹਾਦਸੇ ਨਾ ਵਾਪਰਨ ਤੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।

-ਗੋਬਿੰਦਰ ਸਿੰਘ ਬਰੜਵਾਲ (ਧੂਰੀ)।

Posted By: Jagjit Singh