-ਦਿੱਵਿਆ ਕੁਮਾਰ ਸੋਤੀ

ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਦੇ ਤਾਇਵਾਨ ਦੌਰੇ ਨੂੰ ਲੈ ਕੇ ਚੀਨ ਨੇ ਪੂਰਬੀ ਏਸ਼ੀਆ ਵਿਚ ਜਿਸ ਤਰ੍ਹਾਂ ਫ਼ੌਜੀ ਤਣਾਅ ਨੂੰ ਜਨਮ ਦੇ ਦਿੱਤਾ ਹੈ, ਉਹ ਇਹੀ ਦਰਸਾਉਂਦਾ ਹੈ ਕਿ ਉਸ ਨੂੰ ਅਜਿਹਾ ਕਰਨ ਲਈ ਕਿਸੇ ਬਹਾਨੇ ਦੀ ਤਲਾਸ਼ ਸੀ। ਵੈਸੇ ਤਾਂ ਚੀਨ ਦਾ ਸਰਕਾਰੀ ਮੀਡੀਆ ਪਹਿਲਾਂ ਤੋਂ ਹੀ ਧਮਕੀ ਦੇ ਰਿਹਾ ਸੀ ਕਿ ਜੇਕਰ ਨੈਂਸੀ ਨੇ ਤਾਇਵਾਨ ਆਉਣ ਦਾ ਯਤਨ ਕੀਤਾ ਤਾਂ ਚੀਨ ਉਸ ਦੇ ਜਹਾਜ਼ ਨੂੰ ਨਿਸ਼ਾਨਾ ਬਣਾਵੇਗਾ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਫੋਨ ’ਤੇ ਅੱਗ ਨਾਲ ਨਾ ਖੇਡਣ ਦੀ ਚਿਤਾਵਨੀ ਵੀ ਦੇ ਦਿੱਤੀ ਸੀ ਪਰ ਨੈਂਸੀ ਪੇਲੋਸੀ ਅਮਰੀਕੀ ਅਤੇ ਤਾਇਵਾਨੀ ਹਵਾਈ ਫ਼ੌਜ ਦੇ ਸੁਰੱਖਿਆ ਘੇਰੇ ਵਿਚ ਤਾਇਪੇ ਪੁੱਜੀ। ਇਸ ਦੌਰਾਨ ਚੀਨੀ ਫ਼ੌਜ ਨੇ ਨਾ ਤਾਂ ਕੋਈ ਮਿਜ਼ਾਈਲ ਦਾਗੀ ਅਤੇ ਨਾ ਹੀ ਨੈਂਸੀ ਦੇ ਹਵਾਈ ਕਾਫ਼ਲੇ ਦੇ ਲਾਗੇ ਫਟਕਣ ਦੀ ਵੀ ਕੋਸ਼ਿਸ਼ ਕੀਤੀ। ਨੈਂਸੀ ਦੇ ਤਾਇਪੇ ਜਾਣ ਤੋਂ ਪਹਿਲਾਂ ਚੀਨੀ ਫ਼ੌਜ ਨੇ ਤਾਇਵਾਨ ਦੇ ਚਾਰੇ ਪਾਸੇ ਜੰਗੀ ਮਸ਼ਕਾਂ ਦਾ ਐਲਾਨ ਵੀ ਕੀਤਾ ਪਰ ਉਨ੍ਹਾਂ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਨੈਂਸੀ ਆਪਣਾ ਦੌਰਾ ਪੂਰਾ ਕਰ ਚੁੱਕੀ ਸੀ। ਇਸ ਤੋਂ ਬਾਅਦ ਚੀਨੀ ਫ਼ੌਜ ਨੇ ਕਈ ਮਿਜ਼ਾਈਲਾਂ ਇਸ ਤਰ੍ਹਾਂ ਦਾਗੀਆਂ ਕਿ ਉਹ ਤਾਇਵਾਨ ਦੇ ਹਵਾਈ ਖੇਤਰ ਤੋਂ ਹੋ ਕੇ ਜਾਪਾਨ ਦੇ ਇਕਨੋਮਿਕ ਜ਼ੋਨ ਵਿਚ ਜਾ ਕੇ ਡਿੱਗੀਆਂ। ਧਿਆਨ ਰਹੇ ਕਿ ਤਾਇਵਾਨ ’ਤੇ ਦਾਅਵਾ ਕਰਨ ਦੇ ਨਾਲ ਹੀ ਚੀਨ ਜਾਪਾਨ ਦੇ ਵੀ ਕਈ ਟਾਪੂਆਂ ਨੂੰ ਆਪਣਾ ਦੱਸਦਾ ਹੈ। ਨੈਂਸੀ ਪੇਲੋਸੀ ਨੇ ਚੀਨ ਦੀਆਂ ਧਮਕੀਆਂ ਦੇ ਬਾਵਜੂਦ ਤਾਇਵਾਨ ਜਾ ਕੇ ਚੀਨੀ ਦਾਦਾਗਿਰੀ ਦੀਆਂ ਹੱਦਾਂ ਸਪਸ਼ਟ ਕਰਨ ਦੇ ਨਾਲ ਹੀ ਇਹ ਵੀ ਸਿੱਧ ਕੀਤਾ ਕਿ ਸ਼ੀ ਜਿਨਪਿੰਗ ਵੱਲੋਂ ਖ਼ੁਦ ਨੂੰ ਦੂਜੇ ਮਾਓ ਜ਼ੇ ਤੁੰਗ ਦੇ ਰੂਪ ਵਿਚ ਸਥਾਪਤ ਕਰਨ ਦਾ ਯਤਨ ਇੰਨਾ ਆਸਾਨ ਨਹੀਂ ਹੈ। ਜੇਕਰ ਅਮਰੀਕਾ ਚੀਨੀ ਧਮਕੀਆਂ ਕਾਰਨ ਨੈਂਸੀ ਦਾ ਦੌਰਾ ਰੱਦ ਕਰਦਾ ਤਾਂ ਚੀਨ ਕੱਲ੍ਹ ਨੂੰ ਅਜਿਹੀਆਂ ਹੀ ਧਮਕੀਆਂ ਭਾਰਤੀ ਨੇਤਾਵਾਂ ਨੂੰ ਅਰੁਣਾਚਲ ਪ੍ਰਦੇਸ਼ ਵਰਗੇ ਇਲਾਕਿਆਂ ਦੇ ਦੌਰੇ ਨੂੰ ਲੈ ਕੇ ਦੇ ਸਕਦਾ ਸੀ। ਨੈਂਸੀ ਦੇ ਦੌਰੇ ਤੋਂ ਬਾਅਦ ਚੀਨ ਜਿਸ ਤਰ੍ਹਾਂ ਤਾਇਵਾਨ ਸਟ੍ਰੇਟ ਅਤੇ ਦੱਖਣੀ ਚੀਨ ਸਾਗਰ ਵਿਚ ਤਣਾਅ ਵਧਾ ਰਿਹਾ ਹੈ, ਉਸ ਵਿਚ ਕੁਝ ਵੀ ਨਵਾਂ ਨਹੀਂ ਹੈ। ਚੀਨ ਦੀ ਦਾਦਾਗਿਰੀ ਕਾਰਨ ਤਾਇਵਾਨ ਇਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ 1954-55, 1958, 1995-96 ਵਿਚ ਵੀ ਕਰ ਚੁੱਕਾ ਹੈ।

ਸੰਨ 1954-55 ਅਤੇ 1958 ਵਿਚ ਤਾਂ ਚੀਨੀ ਫ਼ੌਜ ਨੇ ਤਾਇਵਾਨ ਦੇ ਕਈ ਟਾਪੂਆਂ ’ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਵੀ ਕੀਤੀ ਸੀ। ਦੂਜੇ ਸੰਕਟ ਦੇ ਸਮੇਂ ਜਦ ਅਮਰੀਕੀ ਰਾਸ਼ਟਰਪਤੀ ਆਈਜਨਹਾਵਰ ਨੇ ਤਾਇਪੇ ਦਾ ਦੌਰਾ ਕੀਤਾ ਸੀ ਤਾਂ ਚੀਨੀ ਫ਼ੌਜ ਨੇ ਤਾਇਵਾਨ ਦੇ ਕਿਨਮੇਨ ਟਾਪੂ ’ਤੇ ਇਕ ਲੱਖ ਤੋਂ ਵੱਧ ਗੋਲੇ ਵਰ੍ਹਾਏ ਸਨ।

ਉਦੋਂ ਤਾਇਵਾਨ ਦੇ ਨਾਲ ਹਵਾਈ ਝੜਪਾਂ ਵਿਚ ਚੀਨੀ ਹਵਾਈ ਫ਼ੌਜ ਨੂੰ 51 ਜੰਗੀ ਜਹਾਜ਼ ਗੁਆਉਣੇ ਪਏ ਸਨ। ਪਹਿਲਾਂ ਦੇ ਦੋਨੋਂ ਹੀ ਸੰਕਟਾਂ ਦੌਰਾਨ ਅਮਰੀਕੀ ਫ਼ੌਜ ਨੇ ਚੀਨ ਵਿਰੁੱਧ ਪਰਮਾਣੂ ਹਥਿਆਰਾਂ ਦੇ ਇਸਤੇਮਾਲ ਦੀ ਸਿਫ਼ਾਰਸ਼ ਕਰ ਦਿੱਤੀ ਸੀ। ਇਸ ਕਾਰਨ ਮਾਓ ਨੂੰ ਆਪਣੇ ਕਦਮ ਵਾਪਸ ਖਿੱਚਣੇ ਪਏ ਸਨ। ਸੰਨ 1995-96 ਦੌਰਾਨ ਤਾਇਵਾਨ ਨੂੰ ਲੈ ਕੇ ਚੀਨ ਨੇ ਇਸੇ ਤਰ੍ਹਾਂ ਦਾ ਹੰਗਾਮਾ ਖੜ੍ਹਾ ਕੀਤਾ ਸੀ ਕਿਉਂਕਿ ਤਾਇਵਾਨ ਦੇ ਰਾਸ਼ਟਰਪਤੀ ਨੂੰ ਇਕ ਅਮਰੀਕੀ ਯੂਨੀਵਰਸਿਟੀ ਵਿਚ ਭਾਸ਼ਣ ਦੇਣ ਲਈ ਵੀਜ਼ਾ ਦੇ ਦਿੱਤਾ ਗਿਆ ਸੀ।

ਉਦੋਂ ਵੀ ਚੀਨ ਨੇ ਮਿਜ਼ਾਈਲਾਂ ਦਾਗ ਕੇ ਖ਼ੂਬ ਫ਼ੌਜੀ ਤਣਾਅ ਵਧਾਇਆ ਸੀ ਜਿਸ ਦੇ ਜਵਾਬ ਵਿਚ ਅਮਰੀਕਾ ਨੇ ਆਪਣੇ ਸੱਤਵੇਂ ਸਮੁੰਦਰੀ ਬੇੜੇ ਨੂੰ ਤਾਇਵਾਨ ਸਟ੍ਰੇਟ ਵਿਚ ਭੇਜ ਦਿੱਤਾ ਸੀ। ਬਾਅਦ ਵਿਚ ਪਤਾ ਲੱਗਾ ਸੀ ਕਿ ਚੀਨ ਦੁਆਰਾ ਦਾਗੀਆਂ ਗਈਆਂ ਮਿਜ਼ਾਈਲਾਂ ਬਿਨਾਂ ਕਿਸੇ ਵਿਸਫੋਟਕ ਦੇ ਸਨ। ਇਸ ਵਾਰ ਵੀ ਇਸੇ ਸਭ ਕੁਝ ਨੂੰ ਦੁਹਰਾਇਆ ਜਾ ਰਿਹਾ ਪ੍ਰਤੀਤ ਹੁੰਦਾ ਹੈ। ਤਾਇਵਾਨ ਚੀਨ ਦੇ ਉਸ ਭੂਗੋਲਿਕ ਸਰਾਪ ਦਾ ਹਿੱਸਾ ਹੈ ਜੋ ਉਸ ਨੂੰ ਇਕ ਸਮੁੰਦਰੀ ਸ਼ਕਤੀ ਦੇ ਰੂਪ ਵਿਚ ਪੈਰ ਨਹੀਂ ਪਸਾਰਨ ਦਿੰਦਾ। ਤਮਾਮ ਭੂਗੋਲਿਕ ਵਿਸਥਾਰ ਦੇ ਬਾਵਜੂਦ ਚੀਨ ਦੇ ਪੂਰਬ ਵਿਚ ਹੀ ਸਮੁੰਦਰ ਹੈ ਅਤੇ ਤਟ ਤੋਂ ਕੁਝ ਦੂਰੀ ’ਤੇ ਹੀ ਤਾਇਵਾਨ ਹੈ ਜਿਸ ਨੂੰ ਅਮਰੀਕਾ ਸਥਾਈ ਜਹਾਜ਼ ਵਾਹਕ ਬੇੜੇ ਦੀ ਤਰ੍ਹਾਂ ਇਸਤੇਮਾਲ ਕਰ ਰਿਹਾ ਹੈ। ਤਾਇਵਾਨ ਦੇ ਅੱਗੇ ਜਾਪਾਨ ਹੈ ਜਿੱਥੇ ਅਮਰੀਕੀ ਫ਼ੌਜ ਤਾਇਨਾਤ ਹੈ ਅਤੇ ਜੋ ਆਪਣੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੀ ਹੱਤਿਆ ਦੇ ਸਦਮੇ ’ਚੋਂ ਬਾਹਰ ਨਿਕਲ ਰਿਹਾ ਹੈ।

ਚੀਨ ਦੀਆਂ ਹਮਲਾਵਰ ਨੀਤੀਆਂ ਕਾਰਨ ਜਾਪਾਨ ਵਿਚ ਰਾਸ਼ਟਰਵਾਦੀ ਵਿਚਾਰਧਾਰਾ ਦਾ ਉਦੈ ਹੋ ਰਿਹਾ ਹੈ ਜੋ ਦੇਸ਼ ਦੇ ਸ਼ਸਤਰੀਕਰਨ ਦੇ ਪੱਖ ਵਿਚ ਹੈ। ਇਹ ਭਾਰਤ ਦੇ ਹਿੱਤ ਵਿਚ ਹੀ ਹੈ ਕਿਉਂਕਿ ਚੀਨ ਕਿੰਨੀ ਵੀ ਵੱਡੀ ਸਮੁੰਦਰੀ ਫ਼ੌਜ ਬਣਾਏ, ਉਹ ਇਸ ਚੱਕਰਵਿਊ ਵਿਚ ਫਸੀ ਰਹੇਗੀ।

ਅਜੇ ਤਕ ਚੀਨ ਦਾ ਦਾਗਿਆ ਹੋਇਆ ਇਕ ਗੋਲਾ ਵੀ ਤਾਇਵਾਨ ਦੀ ਭੂਮੀ ’ਤੇ ਨਹੀਂ ਡਿੱਗਿਆ ਹੈ ਪਰ ਅਮਰੀਕਾ ਨੇ ਇਸ ਸਮੁੰਦਰੀ ਇਲਾਕੇ ਵਿਚ ਵਿਆਪਕ ਸਮੁੰਦਰੀ ਫ਼ੌਜ ਦੀ ਸ਼ਕਤੀ ਦਾ ਮੁਜ਼ਾਹਰਾ ਕਰਨ ਦਾ ਐਲਾਨ ਕਰ ਦਿੱਤਾ ਹੈ। ਅਜਿਹੇ ਵਿਚ ਖ਼ਤਰਾ ਇਹ ਹੈ ਕਿ ਸ਼ੀ ਜਿਨਪਿੰਗ ਜਾਂ ਤਾਂ ਆਪਣੀ ਇੱਜ਼ਤ ਬਚਾਉਣ ਲਈ ਤਾਇਵਾਨ ਦੇ ਕੁਝ ਛੋਟੇ ਟਾਪੂਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ ਜਾਂ ਫਿਰ ਭਾਰਤੀ ਮੁਹਾਜ਼ ’ਤੇ ਧਿਆਨ ਕੇਂਦ੍ਰਿਤ ਕਰਨਗੇ। ਧਿਆਨ ਰਹੇ ਕਿ ਜੂਨ ਤੋਂ ਹੀ ਚੀਨੀ ਜੰਗੀ ਜਹਾਜ਼ ਲੱਦਾਖ ਵਿਚ ਹਕੀਕੀ ਕੰਟਰੋਲ ਲਾਈਨ ਦੇ ਬਹੁਤ ਨੇੜੇ ਉਡਾਣ ਭਰ ਰਹੇ ਹਨ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਨੂੰ ਇਸ ਖੇਤਰ ਵਿਚ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਦੂਜੀ ਬਟਾਲੀਅਨ ਨੂੰ ਵੀ ਤਾਇਨਾਤ ਕਰਨਾ ਪੈ ਰਿਹਾ ਹੈ। ਤਾਇਵਾਨ ਵਿਰੁੱਧ ਕੁਝ ਨਾ ਕਰ ਸਕਣ ਦੀ ਸਥਿਤੀ ਵਿਚ ਭਾਰਤੀ ਮੋਰਚੇ ’ਤੇ ਕਿਸੇ ਚੀਨੀ ਸ਼ਰਾਰਤ ਦੇ ਖ਼ਦਸ਼ੇ ਨੂੰ ਇਸ ਲਈ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਚੀਨ ਦੇ ਲੋਕ ਇੰਟਰਨੈੱਟ ਮੀਡੀਆ ’ਤੇ ਆਪਣੀ ਫ਼ੌਜ ਦਾ ਮਜ਼ਾਕ ਉਡਾ

ਰਹੇ ਹਨ। ਇਸ ਕਾਰਨ ਚੀਨ ਦੀ ਸਰਕਾਰ ਉੱਤੇ ਦਬਾਅ ਵਧਦਾ ਜਾ ਰਿਹਾ ਹੈ।

ਇਸ ਸਭ ਦੌਰਾਨ ਨਵੀਂ ਦਿੱਲੀ ਵਿਚ ਚੀਨੀ ਦੂਤਘਰ ਬੇਹੱਦ ਸਰਗਰਮ ਹੈ। ਉਹ ਤਾਇਵਾਨ ਨੂੰ ਲੈ ਕੇ ਬਿਆਨ ’ਤੇ ਬਿਆਨ ਜਾਰੀ ਕਰ ਰਿਹਾ ਹੈ ਅਤੇ ਭਾਰਤ ਨੂੰ ਯਾਦ ਦਿਵਾ ਰਿਹਾ ਹੈ ਕਿ ਕਿਸ ਤਰ੍ਹਾਂ ਉਹ ਸ਼ੁਰੂ ਤੋਂ ਹੀ ‘ਵਨ ਚਾਈਨਾ’ ਨੀਤੀ ਪ੍ਰਤੀ ਵਚਨਬੱਧ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ‘ਵਨ ਚਾਈਨਾ’ ਨੀਤੀ ਦਾ ਅਰਥ ਚੀਨ ਵਿਚ ਇਕ-ਪਾਰਟੀ ਕਮਿਊਨਿਸਟ ਵਿਵਸਥਾ ਦਾ ਸਮਰਥਨ ਕਰਨਾ ਨਹੀਂ ਹੈ। ਇਕ ਸਮੇਂ ਤਾਇਵਾਨ ਦੇ ਲੋਕ ਚੀਨ ਦਾ ਹੀ ਹਿੱਸਾ ਸਨ। ਉਨ੍ਹਾਂ ਨੂੰ ਮਾਓ ਨੇ ਬੰਦੂਕ ਦੇ ਦਮ ’ਤੇ ਦੇਸ਼ ਵਿਚੋਂ ਕੱਢ ਦਿੱਤਾ ਸੀ ਕਿਉਂਕਿ ਉਹ ਲੋਕਤੰਤਰ ਵਿਚ ਯਕੀਨ ਰੱਖਦੇ ਸਨ। ਦੂਜੀ ਅਹਿਮ ਗੱਲ ਇਹ ਹੈ ਕਿ ਜਦ ਨਹਿਰੂ ਸਰਕਾਰ ਨੇ ‘ਵਨ ਚਾਈਨਾ’ ਨੀਤੀ ਦਾ ਸਮਰਥਨ ਕੀਤਾ ਸੀ, ਉਦੋਂ ਤੋਂ ਲੈ ਕੇ ਅੱਜ ਤਕ ਭਾਰਤ ਦੇ ਤਮਾਮ ਭੂ-ਭਾਗ ’ਤੇ ਚੀਨੀ ਦਾਅਵੇ ਅਤੇ ਕਬਜ਼ੇ ਵਧਦੇ ਹੀ ਜਾ ਰਹੇ ਹਨ। ਅਜਿਹਾ ਹੀ ਦੱਖਣੀ ਚੀਨ ਸਾਗਰ ਦੇ ਮੁਲਕਾਂ ਅਤੇ ਜਾਪਾਨ ਦੇ ਨਾਲ ਵੀ ਹੋ ਰਿਹਾ ਹੈ। ਕੀ ਚੀਨ ਜਿਸ-ਜਿਸ ਇਲਾਕੇ ’ਤੇ ਦਾਅਵਾ ਕਰਦਾ ਰਹੇਗਾ, ਉਸ ਨੂੰ ‘ਵਨ ਚਾਈਨਾ’ ਨੀਤੀ ਤਹਿਤ ਉਸ ਦਾ ਹਿੱਸਾ ਮੰਨ ਲਿਆ ਜਾਵੇਗਾ?

ਸਵਾਲ ਇਹ ਵੀ ਹੈ ਕਿ ਕੀ ਚੀਨ ਨੇ ‘ਵਨ ਚਾਈਨਾ’ ਦੀ ਨੀਤੀ ਵਿਚ ਭਰੋਸਾ ਜ਼ਾਹਿਰ ਕੀਤਾ ਹੈ? ਉਹ ਕਸ਼ਮੀਰ ਦੇ ਮਾਮਲੇ ਵਿਚ ਨਾ ਸਿਰਫ਼ ਪਾਕਿਸਤਾਨ ਦੇ ਨਾਲ ਹੈ, ਬਲਕਿ ਉਸ ਦਾ ਇਕ ਹਿੱਸਾ ਉਸ ਤੋਂ ਹਾਸਲ ਵੀ ਕਰ ਚੁੱਕਾ ਹੈ। ਦੋਵੇਂ ਭਾਰਤੀ ਜ਼ਮੀਨ ’ਤੇ ਆਰਥਿਕ ਗਲਿਆਰਾ ਵੀ ਬਣਾ ਰਹੇ ਹਨ। ਭਾਰਤ ਇਹ ਵੀ ਨਹੀਂ ਭੁੱਲ ਸਕਦਾ ਕਿ ਪਾਕਿਸਤਾਨ ਦੇ ਕਈ ਅੱਤਵਾਦੀ ਸਰਗਨਿਆਂ ’ਤੇ ਕੌਮਾਂਤਰੀ ਪਾਬੰਦੀ ਲਗਾਉਣ ਵਿਚ ਚੀਨ ਕਿਸ ਤਰ੍ਹਾਂ ਰੋੜੇ ਅਟਕਾਉਂਦਾ ਰਿਹਾ ਹੈ।

ਚੀਨ ਭਾਰਤ ਲਈ ਚੰਦਰਾ ਗੁਆਂਢੀ ਹੈ। ਉਹ ਉਸ ਦੇ ਦੁਸ਼ਮਣ ਪਾਕਿਸਤਾਨ ਦੀ ਪੂਰੀ ਤਰ੍ਹਾਂ ਪਿੱਠ ਠੋਕਦਾ ਰਹਿੰਦਾ ਹੈ। ਕਦੇ ਭਾਰਤ ਨੇ ਚੀਨ ’ਤੇ ਭਰੋਸਾ ਕਰਦੇ ਹੋਏ ‘ਹਿੰਦ-ਚੀਨੀ ਭਾਈ-ਭਾਈ’ ਦਾ ਨਾਅਰਾ ਦਿੱਤਾ ਸੀ ਪਰ ਚੀਨ ਨੇ ਭਾਰਤ ਦੀ ਪਿੱਠ ਵਿਚ ਛੁਰਾ ਮਾਰਦੇ ਹੋਏ ਸੰਨ 1962 ਵਿਚ ਉਸ ਵਿਰੁੱਧ ਜੰਗ ਵਿੱਢ ਦਿੱਤੀ ਸੀ।

ਉਦੋਂ ਤੋਂ ਹੀ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਦੇ ਵੀ ਸੁਖਾਵੇਂ ਨਹੀਂ ਰਹੇ। ਗਲਵਾਨ ਵਾਦੀ ਵਿਚ ਹੋਈ ਖ਼ੂਨੀ ਝੜਪ ਤੇ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਉੱਤੇ ਚੀਨ ਦੇ ਸਖ਼ਤ ਰੁਖ਼ ਨੇ ਬਲਦੀ ’ਤੇ ਘਿਉ ਪਾਉਣ ਦਾ ਕੰਮ ਕੀਤਾ ਹੈ। ਅਸਲੀਅਤ ਇਹ ਹੈ ਕਿ ਮੌਜੂਦਾ ਦੌਰ ਵਿਚ ਭਾਰਤ-ਚੀਨ ਸਬੰਧ ਬਹੁਤ ਬੁਰੇ ਦੌਰ ’ਚੋਂ ਲੰਘ ਰਹੇ ਹਨ। ਮੌਜੂਦਾ ਹਾਲਾਤ ਵਿਚ ਭਾਰਤ ਤੇ ਚੀਨ ਵਿਚਾਲੇ ਭਰੋਸੇ ਦੀ ਬਹਾਲੀ ਬੇਹੱਦ ਮੁਸ਼ਕਲ ਜਾਪ ਰਹੀ ਹੈ। ਅਜਿਹੇ ਵਿਚ ਇਸ ਦਾ ਕੋਈ ਮਤਲਬ ਨਹੀਂ ਕਿ ਭਾਰਤ ‘ਵਨ ਚਾਈਨਾ’ ਨੀਤੀ ਨੂੰ ਲੈ ਕੇ ਵਚਨਬੱਧਤਾ ਜ਼ਾਹਿਰ ਕਰੇ।

-(ਲੇਖਕ ਕੌਂਸਲ ਆਫ ਸਟ੍ਰੈਟਜਿਕ ਅਫੇਅਰਜ਼ ਨਾਲ ਸਬੰਧਤ ਰੱਖਿਆ ਮਾਮਲਿਆਂ ਦਾ ਟਿੱਪਣੀਕਾਰ ਹੈ)।

Posted By: Shubham Kumar