ਸਮਾਜ ਵਿਰੋਧੀ ਅਨਸਰਾਂ ਦੀ ਵਿੱਤੀ ਮਦਦ ਕਰਨਾ ਵੀ ਓਨਾ ਹੀ ਜੁਰਮ ਹੁੰਦਾ ਹੈ, ਜਿੰਨਾ ਕਿਸੇ ਅਪਰਾਧੀ ਜਾਂ ਅੱਤਵਾਦੀ ਤੇ ਗੈਂਗਸਟਰ ਵੱਲੋਂ ਕੀਤੇ ਅਪਰਾਧ ਦਾ ਹੁੰਦਾ ਹੈ। ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਦੀ ਕੋਟਕਪੂਰਾ ’ਚ ਹੋਈ ਹੱਤਿਆ ਦੇ ਛੇ ’ਚੋਂ ਇਕ ਮੁਲਜ਼ਮ ਦੇ ਖਾਤੇ ’ਚ ਪੈਸੇ ਟਰਾਂਸਫਰ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਨਾ ਸਿਰਫ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਦਿਆਰਥੀ ਹੈ ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ‘ਐੱਸਓਆਈ’ (ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ) ਦਾ ਸਰਗਰਮ ਕਾਰਕੁੰਨ ਵੀ ਹੈ। ਪੋਸਟ–ਗ੍ਰੈਜੂਏਸ਼ਨ ਕਰ ਰਿਹਾ ਇਹ ਵਿਦਿਆਰਥੀ ਕਿੰਨਾ ਕੁ ਕਸੂਰਵਾਰ ਹੈ, ਇਸ ਦਾ ਨਿਬੇੜਾ ਤਾਂ ਜਾਂਚ ਏਜੰਸੀਆਂ ਦੀ ਪਰਖ–ਪੜਤਾਲ ਤੇ ਅਦਾਲਤੀ ਕਾਰਵਾਈ ਰਾਹੀਂ ਹੋ ਹੀ ਜਾਵੇਗਾ ਪਰ ਅਪਰਾਧ ਜਗਤ ’ਚ ਕੁਝ ਵਿਦਿਆਰਥੀਆਂ ਦਾ ਦਾਖ਼ਲਾ ਬਹੁਤ ਖ਼ਤਰਨਾਕ ਰੁਝਾਨ ਹੈ। ਹਾਲੇ ਤਕ ਤਾਂ ਸਿਰਫ਼ ਗੈਂਗਸਟਰਾਂ ਦੇ ਹੀ ਸ਼ਾਮਲ ਹੋਣ ਦੀ ਗੱਲ ਸਾਹਮਣੇ ਆ ਰਹੀ ਸੀ। ਆਮ ਤੌਰ ’ਤੇ ਹੋਣਹਾਰ ਵਿਦਿਆਰਥੀ ਬੜੇ ਸ਼ੌਕ ਨਾਲ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਦਾਖ਼ਲੇ ਲੈਂਦੇ ਹਨ। ਉਨ੍ਹਾਂ ਨੂੰ ਕਬੱਡੀ, ਹਾਕੀ ਤੇ ਫੁੱਟਬਾਲ ਜਿਹੀਆਂ ਖੇਡਾਂ ਦਾ ਡਾਢਾ ਸ਼ੌਕ ਵੀ ਹੁੰਦਾ ਹੈ ਤੇ ਉਨ੍ਹਾਂ ਦੀ ਖੇਡ ਕਾਰਗੁਜ਼ਾਰੀ ਵਧੀਆ ਵੀ ਹੁੰਦੀ ਹੈ ਪਰ ਉਨ੍ਹਾਂ ’ਚੋਂ ਕੁਝ ਕੌਮੀ ਤੇ ਆਲਮੀ ਪੱਧਰ ਉੱਤੇ ਖੇਡਾਂ ’ਚ ਮੱਲਾਂ ਮਾਰਨ ਦੀ ਥਾਂ ਕਿਵੇਂ ਨਾ ਕਿਵੇਂ ਗੈਂਗਸਟਰਾਂ ਦੇ ਢਹੇ ਚੜ੍ਹ ਕੇ ਆਪਣਾ ਭਵਿੱਖ ਖ਼ਰਾਬ ਕਰ ਬੈਠਦੇ ਹਨ। ਪਿਛਲੇ ਕੁਝ ਸਮੇਂ ਦੌਰਾਨ ਅੰਦਰੂਨੀ ਲਾਗ–ਡਾਟ ਕਾਰਨ ਅਜਿਹੇ ਬਹੁਤ ਸਾਰੇ ਖਿਡਾਰੀਆਂ ਦੇ ਕਤਲ ਹੋ ਚੁੱਕੇ ਹਨ। ਸਮਾਜ ਵਿਰੋਧੀ ਤੱਤਾਂ ਦਾ ਖ਼ਾਤਮਾ ਸਮਾਜ ਦੇ ਅੰਦਰੋਂ ਮੁਕੰਮਲ ਹਮਾਇਤ ਮਿਲੇ ਬਗ਼ੈਰ ਮੁਮਕਿਨ ਨਹੀਂ ਹੈ ਪਰ ਜੇ ਦੇਸ਼ ਦਾ ਭਵਿੱਖ ਸਮਝਿਆ ਜਾਣ ਵਾਲਾ ਵਿਦਿਆਰਥੀ ਵਰਗ ਹੀ ਅਜਿਹੇ ਅਨਸਰਾਂ ਦਾ ਸਾਥ ਦੇਣ ਲੱਗ ਪਵੇਗਾ ਤਾਂ ਦੇਸ਼ ਦੇ ਭਵਿੱਖ ਨੂੰ ਅਸੀਂ ਸੁਰੱਖਿਅਤ ਕਿਵੇਂ ਬਣਾ ਸਕਾਂਗੇ? ਗੈਂਗਸਟਰਾਂ ਵੱਲੋਂ ਵਿਦਿਆਰਥੀਆਂ ਦੀ ਸਲੀਪਰ ਸੈੱਲ ਵਜੋਂ ਵਰਤੋਂ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਹੈ। ਪੰਜਾਬ ’ਚ ਗੈਂਗਸਟਰਾਂ ਤੇ ਅੱਤਵਾਦੀਆਂ ਦਾ ਨੈੱਟਵਰਕ ਤੋੜਨਾ ਉਂਝ ਵੀ ਪੁਲਿਸ ਲਈ ਵੰਗਾਰ ਹੈ। ਹੁਣ ਜਾਂਚ ਅਧਿਕਾਰੀਆਂ ਨੂੰ ਇਹ ਵੇਖਣਾ ਹੋਵੇਗਾ ਕਿ ਡੇਰਾ ਪ੍ਰੇਮੀ ਕਤਲ ਕਾਂਡ ਨਾਲ ਜੁੜੇ ਇਸ ਵਿਦਿਆਰਥੀ ਦਾ ਸਬੰਧ ਕਿਹੜੀ ਅੱਤਵਾਦੀ ਜਥੇਬੰਦੀ ਜਾਂ ਅਪਰਾਧਿਕ ਗਿਰੋਹ ਨਾਲ ਹੈ। ਜੇ ਉਸ ਦੇ ਖਾਤੇ ’ਚ ਦੁਬਈ, ਅਮਰੀਕਾ ਜਿਹੇ ਦੇਸ਼ਾਂ ਤੋਂ ਧਨ ਭੇਜਿਆ ਜਾ ਰਿਹਾ ਸੀ ਤਾਂ ਇਨ੍ਹਾਂ ਪੈਸਿਆਂ ਦੀ ਵਰਤੋਂ ਕਿੱਥੇ ਹੋ ਰਹੀ ਸੀ? ਉਸ ਦੇ ਸਬੰਧ ਜੇ ਕੈਨੇਡਾ ’ਚ ਬੈਠੇ ਅੱਤਵਾਦੀ ਲਖਬੀਰ ਸਿੰਘ ਤੇ ਗੈਂਗਸਟਰ ਗੋਲਡੀ ਬਰਾੜ ਨਾਲ ਹਨ ਤਾਂ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਦੋਵਾਂ ਦਾ ਨਾਂ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਇਲਾਵਾ ਹੋਰ ਵੀ ਕਈ ਮਾਮਲਿਆਂ ’ਚ ਸਾਹਮਣੇ ਆ ਚੁੱਕਿਆ ਹੈ। ਸੁਰੱਖਿਆ ਏਜੰਸੀਆਂ ਨੂੰ ਇਹ ਵੀ ਵੇਖਣਾ ਹੋਵੇਗਾ ਕਿ ਵਿਦੇਸ਼ ਤੋਂ ਕਿਹੋ ਜਿਹੀ ਸ਼ੱਕੀ ਫੰਡਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖ਼ੁਫ਼ੀਆ ਤੇ ਨਿਗਰਾਨੀ ਪ੍ਰਣਾਲੀ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਸਮੇਂ ਸਿਰ ਅੱਤਵਾਦੀ ਫੰਡਿੰਗ ਦੀ ਜਾਣਕਾਰੀ ਮਿਲ ਸਕੇ। ਅਜਿਹੇ ਨੌਜਵਾਨਾਂ ਅਤੇ ਵਿਦਿਆਰਥੀਆਂ ’ਤੇ ਖ਼ਾਸ ਨਜ਼ਰ ਰੱਖਣ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ ਕੁਝ ਵੱਖਵਾਦੀ ਆਗੂਆਂ ਵੱਲੋਂ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਨੂੰ ਭੜਕਾਊ ਬਿਆਨਾਂ ਰਾਹੀਂ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲਿਆਂ ਦੀ ਨਕੇਲ ਕੱਸਣੀ ਵੀ ਜ਼ਰੂਰੀ ਹੋਵੇਗੀ। ਸੂਬੇ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ।

Posted By: Jagjit Singh