ਸਮਾਂ, ਵਕਤ ਜਾਂ ਕਾਲ ਕੀ ਹੈ? ਇਸ ਦੀ ਪਰਿਭਾਸ਼ਾ ਕੀ ਹੈ? ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਵਿਗਿਆਨੀ ਸਟੀਫਨ ਹਾਕਿੰਸ ਨੇ ਇਸ ਬਾਰੇ ਅੰਗਰੇਜ਼ੀ ਭਾਸ਼ਾ ਵਿਚ ਇਕ ਕਿਤਾਬ ਲਿਖੀ ਹੈ ਜਿਸ ਦਾ ਨਾਮ ਹੈ ‘ਸਮੇਂ ਦਾ ਸੰਖੇਪ ਇਤਿਹਾਸ’। ਉਸ ਕਿਤਾਬ ਵਿਚ ਉਹ ਲਿਖਦਾ ਹੈ ਕਿ ਸਿ੍ਰਸ਼ਟੀ ਤੇ ਸਮਾਂ ਇਕੱਠੇ ਆਰੰਭ ਹੋਏ ਸਨ। ਜਦੋਂ ਬ੍ਰਹਿਮੰਡ ਦੀ ਉਤਪਤੀ ਹੋਈ ਯਾਨੀ ਕਿ ਬ੍ਰਹਿਮੰਡ ਅੰਧਕਾਰ ਦੀ ਦਸ਼ਾ ਤੋਂ ਦ੍ਰਿਸ਼ਮਈ ਦਸ਼ਾ ਵਿਚ ਆਉਣ ਲੱਗਿਆ ਤਾਂ ਨਾਲ ਹੀ ਸਮਾਂ ਵੀ ਪੈਦਾ ਹੋਇਆ। ਇਸ ਤਰ੍ਹਾਂ ਸਿ੍ਰਸ਼ਟੀ ਤੇ ਸਮਾਂ ਇਕੱਠੇ ਆਰੰਭ ਹੋਏ। ਸਮਾਂ ਤਦ ਤਕ ਰਹੇਗਾ ਜਦੋਂ ਤਕ ਇਹ ਸਿ੍ਰਸ਼ਟੀ ਰਹੇਗੀ। ਅਸਲ ਵਿਚ ਸਮਾਂ ਕਿਸੇ ਦਾ ਮਿੱਤ ਨਹੀਂ ਹੁੰਦਾ। ਕਿਸੇ ਦੇ ਵੀ ਕਹਿਣ ’ਤੇ ਇਹ ਰੁਕਦਾ ਨਹੀਂ। ਕਿਸੇ ਦੇ ਕਾਬੂ ਨਹੀਂ ਆਉਂਦਾ।

ਇਹ ਇਕ ਐਸਾ ਰਾਜਾ ਹੈ ਜਿਸ ਨੂੰ ਕਦੇ ਗ਼ੁਲਾਮ ਨਹੀਂ ਬਣਾਇਆ ਜਾ ਸਕਦਾ। ਜਦੋਂ ਦੀ ਦੁਨੀਆ ਹੋਂਦ ਵਿਚ ਆਈ ਹੈ, ਸਮਾਂ ਉਸ ਦਿਨ ਤੋਂ ਲਗਾਤਾਰ ਗਤੀਸ਼ੀਲ ਹੈ। ਹੁਣ ਤਕ ਦੇ ਕੁੱਲ ਲੋਕਾਈ ਤੇ ਬ੍ਰਹਿਮੰਡ ਦੇ ਇਤਿਹਾਸ ਦਾ ਇਹ ਇਕਲੌਤਾ ਗਵਾਹ ਹੈ ਜੋ ਅੱਜ ਵੀ ਸਾਡੇ ਵਿਚ ਮੌਜੂਦ ਹੈ ਅਤੇ ਭਵਿੱਖ ਵਿਚ ਵੀ ਰਹੇਗਾ। ਅਚਾਰੀਆ ਚਾਣਕਿਆ ਨੇ ਕਿਹਾ ਹੈ ਕਿ ਸਫਲਤਾ ਵਿਚ ਸਮੇਂ ਦਾ ਖ਼ਾਸ ਮਹੱਤਵ ਹੁੰਦਾ ਹੈ। ਜਿਸ ਨੇ ਸਮੇਂ ਦੀ ਅਹਿਮੀਅਤ ਨੂੰ ਜਾਣ ਲਿਆ, ਉਸ ਵਾਸਤੇ ਕੋਈ ਵੀ ਟੀਚਾ ਵੱਡਾ ਨਹੀਂ ਹੁੰਦਾ। ਇਹੀ ਨਹੀਂ, ਉਨ੍ਹਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਸਮਾਂ ਲੋਕਾਂ ਨੂੰ ਕੁਸ਼ਲ ਬਣਾ ਸਕਦਾ ਹੈ, ਸ਼ਕਤੀਸ਼ਾਲੀ ਬਣਾ ਸਕਦਾ ਹੈ, ਉਸੇ ਤਰ੍ਹਾਂ ਕਮਜ਼ੋਰ ਬਣਾ ਕੇ ਮਾਰ ਵੀ ਸਕਦਾ ਹੈ। ਕਾਲ ਕਿਸੇ ਦੇ ਵੀ ਹੱਥ ਵਿਚ ਨਹੀਂ ਹੈ।

ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਰਾਹੀਂ ਮੈਨੂੰ ਇਕ ਸੁਨੇਹਾ ਹਿੰਦੀ ਭਾਸ਼ਾ ਵਿਚ ਪ੍ਰਾਪਤ ਹੋਇਆ। ਮੈਨੂੰ ਉਹ ਸੁਨੇਹਾ ਬਹੁਤ ਚੰਗਾ ਲੱਗਾ। ਮੈਂ ਉਸ ਦਾ ਪੰਜਾਬੀ ਰੂਪਾਂਤਰ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਇਕ ਵਿਅਕਤੀ ਦਫ਼ਤਰ ਵਿਚ ਦੇਰ ਰਾਤ ਤਕ ਕੰਮ ਕਰ ਕੇ ਥੱਕਿਆ ਹੋਇਆ ਘਰ ਪਹੁੰਚਿਆ। ਜਿਵੇਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਪੰਜ ਕੁ ਸਾਲ ਦੀ ਉਮਰ ਦਾ ਪੁੱਤਰ ਸੌਣ ਦੀ ਬਜਾਏ ਉਸ ਦੀ ਉਡੀਕ ਕਰ ਰਿਹਾ ਸੀ। ਅੰਦਰ ਦਾਖਲ ਹੁੰਦੇ ਹੀ ਬੇਟੇ ਨੇ ਪੁੱਛਿਆ, “ਪਿਤਾ ਜੀ, ਕੀ ਮੈਂ ਤੁਹਾਨੂੰ ਇਕ ਸਵਾਲ ਪੁੱਛ ਸਕਦਾ ਹਾਂ?’’

‘‘ਹਾਂ, ਹਾਂ ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ?’’ ਪਿਤਾ ਨੇ ਕਿਹਾ। ‘‘ਪਿਤਾ ਜੀ ਤੁਸੀਂ ਇਕ ਘੰਟੇ ਵਿਚ ਕਿੰਨਾ ਕਮਾ ਲੈਂਦੇ ਹੋ?’’ ਬੇਟੇ ਨੇ ਸਵਾਲ ਕੀਤਾ। ‘‘ਤੇਰਾ ਇਸ ਨਾਲ ਕੀ ਲੈਣਾ-ਦੇਣਾ ਹੈ... ਤੂੰ ਅਜਿਹੇ ਬੇਕਾਰ ਸਵਾਲ ਕਿਉਂ ਪੁੱਛ ਰਿਹਾ ਏਂ?’’ ਪਿਤਾ ਨੇ ਗੁੱਸੇ ਵਿਚ ਉੱਤਰ ਦਿੱਤਾ। ‘‘ਮੈਂ ਬਸ ਜਾਣਨਾ ਚਾਹੁੰਦਾ ਹਾਂ...ਕਿਰਪਾ ਕਰ ਕੇ ਮੈਨੂੰ ਦੱਸੋ ਕਿ ਤੁਸੀਂ ਇਕ ਘੰਟੇ ਵਿਚ ਕਿੰਨੀ ਕਮਾਈ ਕਰਦੇ ਹੋ?’’ ਬੇਟੇ ਨੇ ਦੁਬਾਰਾ ਪੁੱਛਿਆ। ਪਿਤਾ ਨੇ ਉਸ ਵੱਲ ਗੁੱਸੇ ਨਾਲ ਦੇਖਿਆ ਤੇ ਕਿਹਾ, ‘‘ਸੌ ਰੁਪਏ।’’ ‘‘ਠੀਕ ਹੈ।’’ ਬੇਟੇ ਨੇ ਮਾਸੂਮੀਅਤ ਨਾਲ ਸਿਰ ਝੁਕਾ ਕੇ ਕਿਹਾ। ‘‘ਚੱਲ ਜਾ ਹੁਣ ਸੌਂ ਜਾ।’’ ਪਿਤਾ ਨੇ ਕਿਹਾ। ‘‘ਪਿਤਾ ਜੀ, ਕੀ ਤੁਸੀਂ ਮੈਨੂੰ ਪੰਜਾਹ ਰੁਪਏ ਉਧਾਰ ਦੇ ਸਕਦੇ ਹੋ?’’ ਬੇਟੇ ਨੇ ਪੁੱਛਿਆ। ‘‘ਇੱਕ ਤਾਂ ਤੂੰ ਇਹ ਬੇਵਕੂਫੀ ਵਾਲਾ ਸਵਾਲ ਪੁੱਛ ਰਿਹੈਂ ...ਦੂਸਰਾ ਤੇਰਾ ਇਰਾਦਾ ਹੋਣਾ ਹੈ ਕਿ ਮੇਰੇ ਤੋਂ ਪੈਸੇ ਲੈ ਕੇ ਕੋਈ ਬੇਕਾਰ ਖਿਡੌਣਾ ਜਾਂ ਹਾਸੋਹੀਣੀ ਚੀਜ਼ ਖ਼ਰੀਦ ਸਕੇਂ।

ਚੁੱਪਚਾਪ ਆਪਣੇ ਕਮਰੇ ਵਿਚ ਜਾ ਕੇ ਸੌਂ ਜਾ। ਵੈਸੇ ਤੂੰ ਕਿੰਨਾ ਸਵਾਰਥੀ ਏਂ। ਮੈਂ ਪੈਸਾ ਕਮਾਉਣ ਲਈ ਦਿਨ-ਰਾਤ ਮਿਹਨਤ ਕਰਦਾ ਹਾਂ ਤੇ ਤੂੰ ਇਸ ਨੂੰ ਬੇਕਾਰ ਚੀਜ਼ਾਂ ਵਿਚ ਬਰਬਾਦ ਕਰਨਾ ਚਾਹੁੰਦਾ ਏਂ।’’ ਪਿਤਾ ਗੁੱਸੇ ਵਿਚ ਬੋਲਿਆ। ਇਹ ਸੁਣ ਕੇ ਬੇਟਾ ਡਰ ਗਿਆ ਤੇ ਉਸ ਦੀਆਂ ਅੱਖਾਂ ’ਚ ਹੰਝੂ ਆ ਗਏ। ਉਹ ਆਪਣੇ ਕਮਰੇ ਵਿਚ ਚਲਾ ਗਿਆ। ਉਹ ਵਿਅਕਤੀ ਅਜੇ ਵੀ ਗੁੱਸੇ ਵਿਚ ਸੀ। ਸੋਚ ਰਿਹਾ ਸੀ ਕਿ ਉਸ ਦੇ ਪੁੱਤਰ ਵਿਚ ਅਜਿਹਾ ਕਰਨ ਦੀ ਹਿੰਮਤ ਕਿਵੇਂ ਹੋਈ। ਕੁਝ ਸਮੇਂ ਬਾਅਦ ਉਹ ਥੋੜ੍ਹਾ ਸ਼ਾਂਤ ਹੋਇਆ। ਉਹ ਸੋਚਣ ਲੱਗਾ ਕਿ ਸ਼ਾਇਦ ਉਸ ਦੇ ਪੁੱਤਰ ਨੇ ਸੱਚਮੁੱਚ ਕਿਸੇ ਜ਼ਰੂਰੀ ਕੰਮ ਲਈ ਪੈਸੇ ਮੰਗੇ ਹੋਣ। ਕੋਈ ਕਿਤਾਬ ਜਾਂ ਕੁਝ ਜ਼ਰੂਰੀ ਸਾਮਾਨ ਖ਼ਰੀਦਣਾ ਹੋਵੇ ਜਾਂ ਕੋਈ ਮਜਬੂਰੀ ਹੋਵੇ। ਅੱਜ ਤੋਂ ਪਹਿਲਾਂ ਉਸ ਨੇ ਕਦੇ ਇਸ ਤਰ੍ਹਾਂ ਪੈਸੇ ਨਹੀਂ ਮੰਗੇ ਸਨ। ਫਿਰ ਉਹ ਉੱਠ ਕੇ ਪੁੱਤਰ ਦੇ ਕਮਰੇ ਵਿਚ ਗਿਆ। ‘‘ਪੁੱਤਰਾ, ਸੌਂ ਗਿਐਂ ਤੂੰ?’’ ਉਸ ਨੇ ਕਮਰੇ ਦਾ ਬੱਲਬ ਜਗਾਉਂਦੇ ਹੋਏ ਪੁੱਛਿਆ। ‘‘ਨਹੀਂ ਪਿਤਾ ਜੀ, ਮੈਨੂੰ ਨੀਂਦ ਨਹੀਂ ਆ ਰਹੀ।’’ ਬੇਟੇ ਨੇ ਡੁਸਕਦੇ ਹੋਏ ਜਵਾਬ ਦਿੱਤਾ। ‘‘ਮੈਂ ਸੋਚ ਰਿਹਾ ਸੀ ਕਿ ਸ਼ਾਇਦ ਤੈਨੂੰ ਬੇਵਜ੍ਹਾ ਹੀ ਝਿੜਕ ਦਿੱਤਾ ਹੈ। ਅਸਲ ਵਿਚ ਮੈਂ ਦਿਨ ਭਰ ਦੇ ਕੰਮ ਤੋਂ ਬਹੁਤ ਥੱਕ ਗਿਆ ਸਾਂ। ਮੈਨੂੰ ਮਾਫ਼ ਕਰਨਾ। ਆਹ ਲੈ ਪੰਜਾਹ ਰੁਪਏ।’’ ਵਿਅਕਤੀ ਨੇ ਪੁੱਤਰ ਨੂੰ ਗਲ ਨਾਲ ਲਗਾਉਂਦਿਆਂ ਕਿਹਾ। ‘‘ਸ਼ੁਕਰੀਆ ਪਿਤਾ ਜੀ।’’ ਬੇਟੇ ਨੇ ਖ਼ੁਸ਼ੀ ਨਾਲ ਪੈਸੇ ਲੈਂਦਿਆਂ ਕਿਹਾ। ਫਿਰ ਉਹ ਤੇਜ਼ੀ ਨਾਲ ਉੱਠਿਆ ਤੇ ਆਪਣੀ ਅਲਮਾਰੀ ਵੱਲ ਚਲਾ ਗਿਆ। ਉੱਥੋਂ ਉਸ ਨੇ ਬਹੁਤ ਸਾਰੇ ਸਿੱਕੇ ਕੱਢੇ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਗਿਣਨਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਉਹ ਵਿਅਕਤੀ ਫਿਰ ਗੁੱਸੇ ਵਿਚ ਆ ਗਿਆ ਤੇ ਬੋਲਿਆ, ‘‘ਜਦੋਂ ਤੇਰੇ ਕੋਲ ਪਹਿਲਾਂ ਹੀ ਇੰਨੇ ਪੈਸੇ ਸਨ ਤਾਂ ਤੂੰ ਮੇਰੇ ਤੋਂ ਹੋਰ ਕਿਉਂ ਮੰਗੇ?’’

‘‘ਕਿਉਂਕਿ ਮੇਰੇ ਕੋਲ ਪੈਸੇ ਘੱਟ ਸਨ ਪਿਤਾ ਜੀ ਪਰ ਹੁਣ ਪੂਰੇ ਹੋ ਗਏ ਹਨ।’’ ਪੁੱਤਰ ਨੇ ਜਵਾਬ ਦਿੱਤਾ। ‘‘ਕੀ ਮਤਲਬ..? ਪੈਸੇ ਪੂਰੇ ਹੋ ਗਏ ਹਨ...ਤੂੰ ਕੋਈ ਖਿਡੌਣਾ ਲੈਣਾ ਹੈ?’’ ਵਿਅਕਤੀ ਦਾ ਗੁੱਸਾ ਅਜੇ ਵੀ ਘਟਿਆ ਨਹੀਂ ਸੀ। ‘‘ਪਿਤਾ ਜੀ, ਹੁਣ ਮੇਰੇ ਕੋਲ ਸੌ ਰੁਪਏ ਪੂਰੇ ਹੋ ਗਏ ਹਨ....ਕੀ ਮੈਂ ਤੁਹਾਡੇ ਕੀਮਤੀ ਸਮੇਂ ਦਾ ਇਕ ਘੰਟਾ ਖ਼ਰੀਦ ਸਕਦਾ ਹਾਂ? ਕਿਰਪਾ ਕਰ ਕੇ ਇਹ ਸੌ ਰੁਪਏ ਲੈ ਲਓ ਤੇ ਕੱਲ੍ਹ ਜਲਦੀ ਘਰ ਆ ਜਾਣਾ, ਮੈਂ ਤੁਹਾਡੇ ਨਾਲ ਬੈਠ ਕੇ ਰਾਤ ਦਾ ਭੋਜਨ ਖਾਣਾ ਚਾਹੁੰਦਾ ਹਾਂ।’’

ਬੇਟੇ ਦੇ ਇਹ ਬੋਲ ਸੁਣਦੇ ਹੀ ਵਿਅਕਤੀ ਨੇ ਰੋਂਦੇ ਹੋਏ ਉਸ ਨੂੰ ਛਾਤੀ ਨਾਲ ਲਾ ਲਿਆ। ਸੋ ਦੋਸਤੋ, ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਕਈ ਵਾਰ ਅਸੀਂ ਆਪਣੇ-ਆਪ ਨੂੰ ਇੰਨਾ ਰੁਝਾਅ ਤੇ ਉਲਝਾਅ ਲੈਂਦੇ ਹਾਂ ਕਿ ਅਸੀਂ ਉਨ੍ਹਾਂ ਲੋਕਾਂ ਲਈ ਵੀ ਸਮਾਂ ਨਹੀਂ ਕੱਢ ਪਾਉਂਦੇ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਵਿਚ ਸਭ ਤੋਂ ਵੱਧ ਮਹੱਤਵ ਹੈ।

ਜੋ ਸਾਡੀ ਜ਼ਿੰਦਗੀ ਦੇ ਅਟੁੱਟ ਅੰਗ ਹਨ। ਸੋ ਦੋਸਤੋ, ਜ਼ਿੰਦਗੀ ਦੀ ਇਸ ਹਫੜਾ-ਦਫੜੀ ਵਿਚ ਵੀ ਸਾਨੂੰ ਆਪਣੇ ਮਾਤਾ-ਪਿਤਾ, ਜੀਵਨ ਸਾਥੀ, ਬੱਚਿਆਂ, ਭੈਣ-ਭਰਾਵਾਂ ਤੇ ਆਪਣੇ ਕਰੀਬੀਆਂ ਲਈ ਵਿਸ਼ੇਸ਼ ਸਮਾਂ ਕੱਢਣਾ ਚਾਹੀਦਾ ਹੈ, ਨਹੀਂ ਤਾਂ ਇਕ ਦਿਨ ਸਾਨੂੰ ਪਤਾ ਲੱਗੇਗਾ ਕਿ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦੀ ਪ੍ਰਾਪਤੀ ਖ਼ਾਤਰ ਆਪਣਾ ਅਜਿਹਾ ਕੁਝ ਨਾ ਕੁਝ ਗੁਆ ਦਿੱਤਾ ਹੈ ਜੋ ਅਸਲ ਵਿਚ ਬਹੁਤ ਵੱਡਾ ਤੇ ਅਨਮੋਲ ਸੀ। ਇਸ ਲਈ ਅਜੇ ਵੀ ਸਮਾਂ ਹੈ ਕਿ ਅਸੀਂ ਸਮੇਂ ਅਤੇ ਰਿਸ਼ਤਿਆਂ ਦੀ ਕਦਰ ਕਰਨਾ ਆਪਣੀ ਆਦਤ ਬਣਾ ਲਈਏ। ਆਮੀਨ!

-ਗੋਵਰਧਨ ਗੱਬੀ

-ਮੋਬਾਈਲ : 94171-73700

Posted By: Jagjit Singh