ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਦੇ ਦਲਿਤਾਂ ਨੇ ‘ਆਪ’ ਵਾਲਿਆਂ ਨੂੰ ਪੂਰਾ-ਪੂਰਾ ਸਹਿਯੋਗ ਦਿੱਤਾ ਸੀ। ਪੰਜਾਬ ਦੇ ਦਲਿਤਾਂ ਨੇ ਕਾਂਗਰਸ ਦਾ ਸਾਥ ਛੱਡਿਆ। ਪਾਰਟੀ 18 ਸੀਟਾਂ ’ਤੇ ਸਿਮਟ ਗਈ। ਅਕਾਲੀਆਂ ਦਾ ਸਾਥ ਛੱਡਿਆ ਤਾਂ ਉਨ੍ਹਾਂ ਦੇ ਤਿੰਨ ਐੱਮਐੱਲਏ ਬਣੇ। ਇੱਥੋਂ ਤਕ ਕਿ ਦਲਿਤਾਂ ਨੇ ਬਸਪਾ ਤੋਂ ਵੀ ਕਿਨਾਰਾ ਕੀਤਾ ਤੇ ਉਸ ਦਾ ਸਿਰਫ਼ ਇਕ ਵਿਧਾਇਕ ਬਣਿਆ। ਵਿਧਾਨ ਸਭਾ ’ਚ ਕੁੱਲ 117 ’ਚੋਂ 92 ਵਿਧਾਇਕ ‘ਆਪ’ ਦੇ ਹਨ। ਅੱਗੋਂ 92 ਵਿੱਚੋਂ 30 ਦੇ ਕਰੀਬ ਐੱਮਐੱਲਏ ਦਲਿਤ ਹਨ। ਇਸ ਤਰ੍ਹਾਂ ‘ਆਪ’ ਦੀ ਚੜ੍ਹਤ ਵਿਚ ਤੀਜਾ ਹਿੱਸਾ ਪੰਜਾਬ ਦੇ ਦਲਿਤਾਂ ਦਾ ਹੈ। ਮਸਲਾ ਹਿੱਸੇਦਾਰੀ ਦਾ ਹੈ। ਦਿੱਲੀ ਤੋਂ ਆ ਕੇ ਕੇਜਰੀਵਾਲ ਨੇ ਕੋਈ ਮੰਤਰ ਨਹੀਂ ਮਾਰਿਆ। ਇਸ ਵਿਚ ਪੂਰਾ ਯੋਗਦਾਨ ਪੰਜਾਬ ਦੇ ਲੋਕਾਂ ਦਾ ਹੈ। ਪੰਜਾਬ ਦੇ ਦਲਿਤਾਂ ਦਾ ਹੈ ਜਿਨ੍ਹਾਂ ਨੇ ਕਾਂਗਰਸ ਤੇ ਅਕਾਲੀਆਂ ਨੂੰ ਹਰਾਇਆ ਹੀ ਨਹੀਂ, ਪੂਰੇ ਕੁਨਬੇ ਦਾ ਸਫ਼ਾਇਆ ਕਰ ਕੇ ਰੱਖ ਦਿੱਤਾ। ਵਿਧਾਨ ਸਭਾ ਚੋਣਾਂ ਤੋਂ ਬਾਅਦ ਦਲਿਤ ਵੀ ਸਨਮਾਨਯੋਗ ਥਾਂ ’ਤੇ ਪਹੁੰਚੇ ਮਹਿਸੂਸ ਕਰਦੇ ਹਨ ਅਤੇ ਆਉਣ ਵਾਲੇ ਸਮੇਂ ’ਚ ਵੀ ਉਹ ਹਰ ਖੇਤਰ ਵਿਚ ਸਨਮਾਨ ਪ੍ਰਾਪਤ ਕਰਨਗੇ। ਸਨਮਾਨ ਪ੍ਰਾਪਤ ਕਰਨ ਦੀ ਇੱਛਾ ਬਣੀ ਵੀ ਰਹੇਗੀ ਜੋ ਬਣਨੀ ਵੀ ਚਾਹੀਦੀ ਹੈ।

ਹਾਲ ਹੀ ’ਚ ਹੋਈਆਂ ਰਾਜ ਸਭਾ ਦੀਆਂ ਚੋਣਾਂ ਵੇਲੇ ‘ਆਪ’ ਨੇ ਪੰਜਾਬ ਦੇ ਦਲਿਤਾਂ ਨੂੰ ਅਣਗੋਲਿਆ ਕੀਤਾ ਹੈ। ਪੰਜਾਬ ਵਿੱਚੋਂ ਇਸ ਸਮੇਂ 7 ਮੈਂਬਰ ਰਾਜ ਸਭਾ ਲਈ ਚੁਣੇ ਗਏ ਹਨ ਜਿਨ੍ਹਾਂ ’ਚੋਂ ਇਕ ਵੀ ਮੈਂਬਰ ਦਲਿਤ ਨਹੀਂ ਹੈ। ਫਿਰ ਦਲਿਤਾਂ ਦਾ ਹਿੱਸਾ ਕਿੱਥੇ ਗਿਆ?

ਸੱਤਾਂ ਵਿੱਚੋਂ ਪਹਿਲੀ ਤੇ ਪੰਜਵੀਂ ਸੀਟ ਦਲਿਤਾਂ ਲਈ ਰਾਖਵੀਂ ਹੋਣੀ ਚਾਹੀਦੀ ਸੀ। ਪਹਿਲਾਂ ਪੰਜਾਂ ਸੀਟਾਂ ਲਈ ਚੋਣ ਹੋਈ ਸੀ। ਉਸ ਸਮੇਂ ਹੀ ਪਹਿਲੀ ਤੇ ਪੰਜਵੀਂ ਸੀਟ ਰੋਸਟਰ ਮੁਤਾਬਕ ਜਾਣੀ ਚਾਹੀਦੀ ਸੀ। ਜੇ ਉਸ ਸਮੇਂ ਅਜਿਹਾ ਨਹੀਂ ਹੋਇਆ ਤਾਂ ਹੁਣ ਜਦ ਦੋ ਸੀਟਾਂ ਲਈ ਚੋਣ ਹੋਈ ਹੈ ਤਾਂ ਪਿਛਲੀ ਕਮੀ ਨੂੰ ਪੂਰਾ ਕਰਨਾ ਬਣਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਨਤੀਜਾ ਇਹ ਹੈ ਕਿ ਰਾਜ ਸਭਾ ਵਿਚ ਪੰਜਾਬ ਦੇ ਦਲਿਤਾਂ ਦੀ ਨੁਮਾਇੰਦਗੀ ਜ਼ੀਰੋ ਹੈ। ਸਰਕਾਰ ਦੇ ਫ਼ੈਸਲੇ ਮੁਤਾਬਕ ਸਰਕਾਰੀ ਦਫ਼ਤਰਾਂ ਵਿਚ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਦੀ ਹੀ ਫੋਟੋ ਲੱਗੇਗੀ। ਇਸ ਫ਼ੈਸਲੇ ’ਤੇ ਅਮਲ ਵੀ ਕੀਤਾ ਗਿਆ। ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿਚ ਇਸ ਸਮੇਂ ਇਹ ਦੋ ਹੀ ਤਾਂ ਤਸਵੀਰਾਂ ਦਿਸਦੀਆਂ ਹਨ। ਨਹੀਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੁੱਖ ਮੰਤਰੀ ਦੀਆਂ ਤਸਵੀਰਾਂ ਲਾਈਆਂ ਜਾਂਦੀਆਂ ਰਹੀਆਂ ਹਨ। ਮੌਜੂਦਾ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਭਗਤ ਸਿੰਘ ਦੀ ਸ਼ਹੀਦੀ ਨੂੰ ਸਲਾਮ ਕੀਤਾ ਗਿਆ ਹੈ। ਪਛਾਣਿਆ ਗਿਆ ਹੈ। ਸ਼ਹੀਦ ਭਗਤ ਸਿੰਘ 1907 ਵਿਚ ਪੈਦਾ ਹੋਏ ਤੇ 1931 ਵਿਚ ਸ਼ਹੀਦ ਹੋ ਗਏ। ਅੰਗਰੇਜ਼ ਹਕੂਮਤ ਤੋਂ ਇਹ ਦੇਸ਼ ਨੂੰ ਆਜ਼ਾਦ ਹੀ ਨਹੀਂ ਸਨ ਕਰਾਉਣਾ ਚਾਹੁੰਦੇ ਸਗੋਂ ਇਨਕਲਾਬ ਲਿਆ ਕੇ ਜਾਤ-ਪਾਤ, ਗ਼ਰੀਬੀ-ਅਨਪੜ੍ਹਤਾ ਖ਼ਤਮ ਕਰ ਕੇ ਨਵੇਂ ਸਮਾਜ ਦੀ ਉਸਾਰੀ ਦੇ ਹਾਮੀ ਸਨ। ‘ਆਪ’ ਸਰਕਾਰ ਨੇ ਡਾ. ਭੀਮ ਰਾਓ ਅੰਬੇਡਕਰ ਨੂੰ ਆਪਣਾ ਦੂਸਰਾ ਆਦਰਸ਼ ਮੰਨਿਆ ਹੈ। ਡਾ. ਅੰਬੇਡਕਰ ਨੇ ਜਾਤ-ਪਾਤ ਦਾ ਬੀਜ ਨਾਸ ਕਰਨ ਲਈ ਅੰਗਰੇਜ਼ਾਂ ਨਾਲ ਸਿੱਧਿਆਂ ਲੜਾਈ ਲੜਨ ਦੀ ਥਾਂ ਪਹਿਲਾਂ ਭਾਰਤ ਦੇ ਹਿੰਦੂ ਅਪਰ ਸ਼੍ਰੇਣੀ ਸਮਾਜ ਤੋਂ ਮੁਕਤੀ ਲਈ ਗ਼ੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਕਲਮ ਚਲਾਈ। ਭਾਰਤ ਦੇ ਸੰਵਿਧਾਨ ਦੀ ਰਚਨਾ ਕੀਤੀ। ਬਰਾਬਰੀ ਤੇ ਭਾਈਚਾਰੇ ਲਈ ਸੰਘਰਸ਼ ਕੀਤੇ। ‘ਪੜ੍ਹੋ, ਜੁੜੋ ਅਤੇ ਲੜੋ’ ਦਾ ਸੰਦੇਸ਼ ਭਾਰਤ ਵਾਸੀਆਂ ਨੂੰ ਦਿੱਤਾ।

ਦੋਵਾਂ ਮਹਾਪੁਰਸ਼ਾਂ ਦੀਆਂ ਤਸਵੀਰਾਂ ਜਨ ਸਾਧਾਰਨ ਨੂੰ ਮੋਹਿਤ ਕਰਦੀਆਂ ਹਨ। ਤਸਵੀਰਾਂ ਪ੍ਰੇਰਨਾ ਦਿੰਦੀਆਂ ਹਨ। ਸਿੱਖਿਆ ਤੇ ਸਿਹਤ ‘ਆਪ’ ਦੇ ਦੋ ਪਹਿਲੂ ਹਨ। ਤਸਵੀਰਾਂ ਬੋਲਦੀਆਂ ਨਹੀਂ ਹਨ, ਕੋਈ ਵਿਅਕਤੀ ਹੀ ਬੋਲੇਗਾ। ਸੰਵਿਧਾਨ ਵਿਚ ਕੀਤੇ ਵਾਅਦੇ ਮੁਤਾਬਕ ਦਲਿਤਾਂ ਦੇ ਬੱਚਿਆਂ ਤਕ ਸਿੱਖਿਆ ਨਹੀਂ ਪੁੱਜੀ। ਸਰਕਾਰੀ ਸਕੂਲ ਅਣਗੋਲੇ ਰਹਿ ਗਏ ਤੇ ਸਿੱਖਿਆ ਵਪਾਰ ਬਣ ਗਈ। ਮਹਿੰਗੀਆਂ ਫੀਸਾਂ ਵਾਲੇ ਪ੍ਰਾਈਵੇਟ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬਣ ਗਈਆਂ ਜਿੱਥੇ ਦਲਿਤਾਂ ਦਾ ਪ੍ਰਵੇਸ਼ ਖਾਲਾ ਜੀ ਦਾ ਵਾੜਾ ਨਹੀਂ ਹੈ। ਸਿੱਖਿਆ ਦਾ ਅਧਿਕਾਰ ਐਕਟ (ਆਰਟੀਈ) ਤਾਂ ਬਣਿਆ ਪਰ ਲਾਗੂ ਨਹੀਂ ਹੋ ਸਕਿਆ ਜਿਸ ਦਾ ਮਾੜਾ ੁਪ੍ਰਭਾਵ ਦਲਿਤਾਂ ਦੇ ਬੱਚਿਆਂ ਦੀ ਸਿੱਖਿਆ ’ਤੇ ਪਿਆ ਹੈ। ਪਿਛਲੇ ਸਮੇਂ ਵਿਚ ਸਰਕਾਰਾਂ ਦੇ ਅਧਿਕਾਰੀ ਦਲਿਤਾਂ ਦੇ ਬੱਚਿਆਂ ਲਈ ਆਈ ਸਕਾਲਰਸ਼ਿਪ ਦੀ ਰਾਸ਼ੀ ਵੀ ਖਾ ਗਏ।

ਡਾ. ਭੀਮ ਰਾਓ ਅੰਬੇਡਕਰ ਕੋਲ ਇਕ ਵੱਖਰੀ ਸੋਚ ਸੀ। ਉਹ ਹਰ ਚੀਜ਼ ਨੂੰ ਗੰਭੀਰ ਹੋ ਕੇ ਦੇਖਦੇ ਸਨ। ਵੇਖ ਕੇ ਵਿਚਾਰਦੇ ਸਨ। ਸੁਣਦੇ ਤੇ ਬੋਲਦੇ ਸਨ। ਇਹੀ ਨਹੀਂ, ਉਹ ਵਿਚਾਰਾਂ ਨੂੰ ਕਲਮਬੱਧ ਕਰ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡਦੇ ਸਨ। ਪਹਿਲੇ ਮੰਤਰ-ਸਿੱਖਿਆ ਦੀ ਗੱਲ ਹੈ। ਸਿੱਖਿਆ ਦੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ 7 ਰਾਜ ਸਭਾ ਦੇ ਮੈਂਬਰਾਂ ’ਚ ਇਕ ਮੈਂਬਰ ਸਿੱਖਿਆ ਦੇ ਖੇਤਰ ਵਿਚ ਸਰਗਰਮ ਹੈ ਜੋ ਇਕ ਪ੍ਰਾਈਵੇਟ ਯੂਨੀਵਰਸਿਟੀ ਦਾ ਮਾਲਕ ਹੈ। ਇਕ ਹੋਰ ਰਾਜ ਸਭਾ ਮੈਂਬਰ ਦੀ ਗੱਲ ਕਰੀਏ ਤਾਂ ਮਨ ਖ਼ੁਸ਼ ਹੁੰਦਾ ਹੈ। ਯੁਵਾ ਮੈਂਬਰ ਨੇ ਕ੍ਰਿਕਟ ਦੇ ਖੇਤਰ ਵਿਚ ਵੱਡਾ ਨਾਮ ਕਮਾਇਆ ਹੈ। ਵਧੀਆ ਸ਼ਖ਼ਸੀਅਤ ਦਾ ਮਾਲਕ ਹੈ। ਰਾਜ ਸਭਾ ਦਾ ਮੈਂਬਰ ਬਣਨ ਤੋਂ ਬਾਅਦ ਉਸ ਨੇ ਐਲਾਨ ਕੀਤਾ ਹੈ ਕਿ ਉਸ ਨੂੰ ਬਤੌਰ ਐੱਮਪੀ ਜੋ ਤਨਖ਼ਾਹ ਮਿਲੇਗੀ ਉਹ ਉਸ ਨੂੰ ਕਿਸਾਨਾਂ ਦੀਆਂ ਬੇਟੀਆਂ ਦੇ ਵਿਆਹਾਂ ’ਤੇ ਖ਼ਰਚੇਗਾ। ਸੋਚ ਮਾੜੀ ਨਹੀਂ, ਲੋੜਵੰਦਾਂ ਦੇ ਕੰਮ ਆਉਣਾ ਚੰਗੀ ਸੋਚ ਹੈ। ਆਉਣ ਵਾਲਾ ਸਮਾਂ ਦੱਸੇਗਾ ਕਿ ਕ੍ਰਿਕਟ ਦਾ ਖਿਡਾਰੀ ਪੰਜਾਬ ਵਾਸਤੇ ਕੀ ਕਰੇਗਾ?

‘ਆਪ’ ਵਾਲਿਆਂ ਨੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਆਪਣੇ ਨਾਲ ਜੋੜਿਆ ਹੈ। ਬਾਬਾ ਜੀ ਨੇ ਕਾਲੀ ਵੇਈਂ ਨੂੰ ਸਾਫ਼ ਕਰਨ ਦਾ ਕੰਮ ਕੀਤਾ ਹੈ। ਇਹ ਵੇਈਂ ਕਾਲੀ ਨਹੀਂ ਸੀ। ਇਸ ਪਵਿੱਤਰ ਵੇਈਂ ਦਾ ਰਿਸ਼ਤਾ ਗੁਰੂ ਨਾਨਕ ਦੇਵ ਜੀ ਨਾਲ ਰਿਹਾ ਹੈ। ਸੁਲਤਾਨਪੁਰ ਦੇ ਕੋਲ ਦੀ ਇਹ ਵੇਈਂ ਲੰਘਦੀ ਹੈ। ਗੁਰੂ ਜੀ ਇਸ ਵਿਚ ਇਸ਼ਨਾਨ ਕਰਿਆ ਕਰਦੇ ਸਨ। ਸੰਨ 1960 ਤਕ ਇਸ ਦਾ ਪਾਣੀ ਸਾਫ਼ ਰਿਹਾ ਤੇ 3-4 ਫੁੱਟ ਦੀ ਡੂੰਘਾਈ ਤਕ ਹੇਠਾਂ ਜੋ ਕੁਝ ਵੀ ਪਿਆ ਹੁੰਦਾ, ਉਹ ਸਾਫ਼ ਦਿਖਾਈ ਦਿੰਦਾ। ਬਾਅਦ ’ਚ ਸਾਰੇ ਸ਼ਹਿਰਾਂ ਦਾ ਗੰਦਾ ਪਾਣੀ ਇਸ ਵੇਈਂ ਵਿਚ ਪੈਣਾ ਸ਼ੁਰੂ ਹੋ ਗਿਆ। ਪਵਿੱਤਰ ਵੇਈਂ ਕਾਲੀ ਵੇਈਂ ਬਣ ਗਈ। ਪ੍ਰਦੂਸ਼ਿਤ ਹੋ ਗਈ। ਫਿਰ ਇਕ ਦਿਨ ਇਸ ਸੰਤ ਨੇ ਹੰਭਲਾ ਮਾਰਿਆ ਤੇ ਕਾਲੀ ਵੇਈਂ ਨੂੰ ਸਫ਼ੇਦ ਵੇਈਂ ਵਿਚ ਤਬਦੀਲ ਕਰਨਾ ਸ਼ੁਰੂ ਕੀਤਾ। ਬਾਬਾ ਜੀ ਦਾ ਸੰਦੇਸ਼ ਦੂਰ ਤਕ ਗਿਆ। ਪ੍ਰਦੂਸ਼ਣ ਵਧਿਆ, ਪ੍ਰਦੂਸ਼ਣ ਦੇ ਰੂਪ ਬਦਲੇ ਹਨ। ਜਾਤ-ਪਾਤ ਦਾ ਪ੍ਰਦੂਸ਼ਣ ਸਭ ਤੋਂ ਭੈੜਾ ਹੈ। ਅਮੀਰੀ-ਗ਼ਰੀਬੀ ਵਿਤਕਰੇਬਾਜ਼ੀ। ਸਰਕਾਰੀ ਦਫ਼ਤਰਾਂ ਵਿਚਲੀ ਰਿਸ਼ਵਤ ਦਾ ਧੰਦਾ ਅਤੀ ਘਿਨਾਉਣਾ ਪ੍ਰਦੂਸ਼ਣ ਹੈ। ਹੋਰ ਤਾਂ ਹੋਰ, ਪਿੰਡਾਂ ਵਿਚ ਜਾਤੀ ਆਧਾਰਤ ਸ਼ਮਸ਼ਾਨਘਾਟ, ਜਾਤੀ ਆਧਾਰਤ ਗੁਰੂ ਘਰ, ਜਾਤੀ ਆਧਾਰਤ ਖੂਹ ਜਾਂ ਪੀਣ ਵਾਲੇ ਪਾਣੀ ਦੇ ਸਥਾਨ ਹਨ। ਸਭ ਵੱਖੋ-ਵੱਖਰਾ। ਇਹ ਸਾਰੇ ਸਮਾਜ ਦੇ ਅਹਿਮ ਵਿਸ਼ੇ ਹਨ ਜਿੱਥੇ ਕੰਮ ਹੋਣਾ ਬਾਕੀ ਹੈ।

ਆਮ ਆਦਮੀ ਪਾਰਟੀ (ਆਪ) ਦੀ ਸਥਾਪਨਾ ਆਮ ਆਦਮੀਆਂ ਨੂੰ ਮਿਲ ਕੇ ਕੀਤੀ ਸੀ ਜਿਸ ਵਿਚ ਲਾਭ ਸਿੰਘ ਵਰਗੇ ਵਰਕਰ ਹੋਣਗੇ ਜਿਸ ਦੀ ਮਾਂ ਸਕੂਲ ਵਿਚ ਸਫ਼ਾਈ ਸੇਵਕਾ ਹੈ ਪਰ ਜਿਹੜੀ ਟੀਮ ਰਾਜ ਸਭਾ ਵਿਚ ਗਈ ਹੈ, ਉਹ ਕਿਸੇ ਪੱਖੋਂ ਵੀ ਆਮ ਆਦਮੀਆਂ ਦੀ ਟੀਮ ਨਹੀਂ ਲੱਗਦੀ। ਅਜੇ ਕੁਝ ਦੇਰ ਲਈ ‘ਆਪ’ ਨੂੰ ‘ਆਪ’ ਹੀ ਰਹਿਣਾ ਚਾਹੀਦਾ ਹੈ ਜਾਂ ਰਹਿਣ ਦੇਣਾ ਚਾਹੀਦਾ ਹੈ। ਦਲਿਤਾਂ ਨੂੰ ਉਨ੍ਹਾਂ ਦਾ ਬਣਦਾ ਹਿੱਸਾ ਇੱਜ਼ਤ-ਮਾਣ ਨਾਲ ਮਿਲਣਾ ਚਾਹੀਦਾ ਹੈ।

-ਮੋਹਨ ਲਾਲ ਫਿਲੌਰੀਆ

-ਮੋਬਾਈਲ : 98884-05888

Posted By: Jagjit Singh