ਸੱਚ-ਝੂਠ ਦੀ ਪਰਵਾਹ ਨਾ ਕਰਨ ਦੇ ਕੀ ਨਤੀਜੇ ਹੁੰਦੇ ਹਨ, ਇਸ ਦੀ ਹੀ ਮਿਸਾਲ ਹੈ ਰਾਹੁਲ ਗਾਂਧੀ ਵੱਲੋਂ ਖੇਦ ਪ੍ਰਗਟਾਉਣਾ। ਉਨ੍ਹਾਂ ਨੂੰ ਜਨਤਕ ਤੌਰ 'ਤੇ ਇਸ ਲਈ ਖੇਦ ਪ੍ਰਗਟਾਉਣਾ ਪਿਆ ਕਿਉਂਕਿ ਉਨ੍ਹਾਂ ਰਾਫੇਲ ਸੌਦੇ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦਿੰਦੇ ਹੋਏ ਇਹ ਕਹਿ ਦਿੱਤਾ ਸੀ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਵੀ ਮੰਨ ਲਿਆ ਹੈ ਕਿ ਚੌਕੀਦਾਰ ਚੋਰ ਹੈ। ਕਿਉਂਕਿ ਉਨ੍ਹਾਂ ਨੂੰ ਅਦਾਲਤ ਦੀ ਹੱਤਕ ਦਾ ਸਾਹਮਣਾ ਕਰਨਾ ਪੈਂਦਾ, ਇਸ ਲਈ ਉਨ੍ਹਾਂ ਬਿਨਾਂ ਕਿਸੇ ਦੇਰੀ ਦੇ ਖੇਦ ਪ੍ਰਗਟਾਅ ਕੇ ਖ਼ੁਦ ਨੂੰ ਬਚਾਇਆ ਹੈ ਪਰ ਇਸ ਨਾਲ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਜਿਹੜੀ ਸੱਟ ਵੱਜੀ ਹੈ, ਉਸ ਦਾ ਖੱਪਾ ਸੌਖਿਆਂ ਨਹੀਂ ਭਰ ਹੋਣ ਵਾਲਾ। ਭਾਵੇਂ ਉਹ ਛਿੱਥੇ ਪੈਣੋਂ ਬਚਣ ਲਈ ਇਹ ਕਿਉਂ ਨਾ ਕਹਿਣ ਕਿ ਜਨਤਾ ਦੇ ਪੈਸੇ ਦੀ ਚੋਰੀ ਕੀਤੀ ਗਈ ਹੈ ਅਤੇ ਇਸ ਲਈ ਕਮਲਛਾਪ ਚੌਕੀਦਾਰ ਚੋਰ ਹੈ ਪਰ ਉਨ੍ਹਾਂ ਨੂੰ ਇਹ ਝੂਠ ਦੁਹਰਾਉਣ ਵਿਚ ਮੁਸ਼ਕਲ ਹੋਣ ਵਾਲੀ ਹੈ ਕਿ ਰਾਫੇਲ ਸੌਦੇ ਵਿਚ ਚੋਰੀ ਕੀਤੀ ਗਈ ਹੈ। ਅਜਿਹਾ ਨਹੀਂ ਹੈ ਕਿ ਕਾਂਗਰਸ ਕੋਲ ਮੋਦੀ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰਨ ਲਈ ਕੋਈ ਠੋਸ ਮੁੱਦੇ ਨਹੀਂ ਸਨ। ਸੱਚ ਤਾਂ ਇਹ ਹੈ ਕਿ ਅਜਿਹੇ ਇਕ ਨਹੀਂ ਸਗੋਂ ਅਨੇਕ ਮੁੱਦੇ ਸਨ। ਉਹ ਇਸ ਲਈ ਸਨ ਕਿਉਂਕਿ ਕੋਈ ਵੀ ਸਰਕਾਰ ਇੰਨੇ ਵੱਡੇ ਦੇਸ਼ ਵਿਚ ਪੰਜ ਸਾਲ 'ਚ ਜਨਤਾ ਦੀਆਂ ਸਾਰੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਇਹ ਵੀ ਕਿਸੇ ਤੋਂ ਲੁਕਿਆ ਨਹੀਂ ਕਿ ਮੋਦੀ ਸਰਕਾਰ ਆਪਣੇ ਕਈ ਵਾਅਦੇ ਪੂਰੇ ਨਹੀਂ ਕਰ ਸਕੀ ਪਰ ਕਾਂਗਰਸ ਪ੍ਰਧਾਨ ਨੇ ਝੂਠ ਦਾ ਸਹਾਰਾ ਲੈਣਾ ਬਿਹਤਰ ਸਮਝਿਆ। ਪਤਾ ਨਹੀਂ ਕਿੱਥੋਂ ਉਨ੍ਹਾਂ ਇਹ ਗੱਲ ਲੱਭ ਲਈ ਕਿ ਰਾਫੇਲ ਸੌਦੇ ਵਿਚ ਚੋਰੀ ਹੋਈ ਹੈ। ਜੇਕਰ ਉਨ੍ਹਾਂ ਕੋਲ ਇਸ ਸੌਦੇ ਵਿਚ ਗੜਬੜੀ ਦੇ ਕੋਈ ਠੋਸ ਸਬੂਤ ਸਨ ਤਾਂ ਉਹ ਸਾਹਮਣੇ ਰੱਖੇ ਜਾਣੇ ਚਾਹੀਦੇ ਸਨ ਪਰ ਅਜਿਹਾ ਕਰਨ ਦੀ ਥਾਂ ਉਹ ਲਗਾਤਾਰ ਇਹ ਝੂਠ ਦੁਹਰਾਉਂਦੇ ਰਹੇ ਕਿ ਅਨਿਲ ਅੰਬਾਨੀ ਦੀ ਜੇਬ ਵਿਚ ਇੰਨੀ ਰਕਮ ਪਾ ਦਿੱਤੀ ਗਈ। ਰਾਹੁਲ ਗਾਂਧੀ ਰਾਫੇਲ ਜਹਾਜ਼ ਦੀ ਕੀਮਤ ਦੇ ਨਾਲ-ਨਾਲ ਅਨਿਲ ਅੰਬਾਨੀ ਦੀ ਜੇਬ ਵਿਚ ਪਾਈ ਕਥਿਤ ਰਕਮ ਵੀ ਮਨਮਾਨੇ ਤਰੀਕੇ ਨਾਲ ਘਟਾਉਂਦੇ-ਵਧਾਉਂਦੇ ਰਹੇ। ਆਖ਼ਰ ਉਨ੍ਹਾਂ ਇਹ ਕਿਵੇਂ ਸਮਝ ਲਿਆ ਕਿ ਆਮ ਜਨਤਾ ਬਿਨਾਂ ਸਬੂਤ ਇਸ ਦੋਸ਼ ਨੂੰ ਸੱਚ ਮੰਨ ਲਵੇਗੀ ਕਿ ਰਾਫੇਲ ਸੌਦੇ ਵਿਚ ਗੜਬੜੀ ਕੀਤੀ ਗਈ ਹੈ? ਸ਼ਾਇਦ ਉਨ੍ਹਾਂ ਨੂੰ ਆਪਣੇ ਝੂਠ 'ਤੇ ਜ਼ਿਆਦਾ ਯਕੀਨ ਸੀ, ਇਸ ਲਈ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਨਾਲ-ਨਾਲ ਫਰਾਂਸ ਸਰਕਾਰ ਦੇ ਸਪੱਸ਼ਟੀਕਰਨ ਅਤੇ ਕੈਗ ਦੀ ਰਿਪੋਰਟ ਨੂੰ ਵੀ ਨਕਾਰਦੇ ਰਹੇ। ਰਾਹੁਲ ਗਾਂਧੀ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਲਾਉਣ ਲਈ ਕੁਝ ਵੀ ਕਹਿ ਸਕਦੇ ਹਨ ਪਰ ਜਨਤਾ ਦੇ ਮਨ 'ਚ ਇਹ ਸਵਾਲ ਤਾਂ ਉੱਠੇਗਾ ਹੀ ਕਿ ਆਖ਼ਰ ਉਨ੍ਹਾਂ ਨੂੰ 'ਚੌਕੀਦਾਰ ਚੋਰ ਹੈ' ਕਹਿਣ ਲਈ ਸੁਪਰੀਮ ਕੋਰਟ ਤੋਂ ਮਾਫ਼ੀ ਕਿਉਂ ਮੰਗਣੀ ਪਈ? ਇਸ 'ਚ ਦੋ-ਰਾਏ ਨਹੀਂ ਕਿ ਰਾਹੁਲ ਗਾਂਧੀ ਬੀਤੇ ਕੁਝ ਸਮੇਂ ਤੋਂ ਬੇਬਾਕੀ ਨਾਲ ਬੋਲ ਰਹੇ ਹਨ ਪਰ ਮੁਸ਼ਕਲ ਇਹ ਹੈ ਕਿ ਉਹ ਆਪਣੀਆਂ ਗੱਲਾਂ ਰਾਹੀਂ ਲੋਕਾਂ ਨੂੰ ਭਰੋਸਾ ਦਿਵਾਉਣ ਵਿਚ ਅਸਫ਼ਲ ਹੋ ਰਹੇ ਹਨ। ਇਸ ਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਉਹ ਬਿਨਾਂ ਸੋਚੇ-ਸਮਝੇ ਕੁਝ ਵੀ ਬੋਲ ਜਾਂਦੇ ਹਨ। 'ਚੌਕੀਦਾਰ ਚੋਰ ਹੈ' ਕਹਿਣ 'ਤੇ ਉਨ੍ਹਾਂ ਸਫ਼ਾਈ ਦਿੱਤੀ ਕਿ ਸਿਆਸੀ ਗਰਮੀ ਵਿਚ ਉਹ ਅਜਿਹਾ ਬੋਲ ਗਏ। ਬੇਸ਼ੱਕ ਅਜਿਹਾ ਕਈ ਨੇਤਾਵਾਂ ਨਾਲ ਹੋ ਜਾਂਦਾ ਹੈ ਪਰ ਕੀ ਕੋਈ ਇਕ ਹੀ ਗੱਲ ਨੂੰ ਸੌ ਵਾਰ ਦੁਹਰਾਉਂਦਾ ਹੈ? ਸਵਾਲ ਇਹ ਵੀ ਹੈ ਕਿ ਕੀ ਉਹ ਆਪਣੇ ਇਸ ਕਥਨ ਲਈ ਵੀ ਸਿਆਸੀ ਗਰਮੀ ਨੂੰ ਜ਼ਿੰਮੇਵਾਰ ਦੱਸਣਗੇ ਕਿ ਸਾਰੇ ਮੋਦੀ ਚੋਰ ਹੁੰਦੇ ਹਨ?

Posted By: Jagjit Singh