ਕਈ ਸੂਬਿਆਂ ’ਚ ਲਾਕਡਾਊਨ ’ਚ ਛੋਟ ਮਿਲਣ ਦਾ ਸਿਲਸਿਲਾ ਕਾਇਮ ਹੋਣਾ ਇਕ ਸ਼ੁਭ ਸੰਕੇਤ ਹੈ ਕਿਉਂਕਿ ਆਰਥਿਕ-ਵਪਾਰਕ ਗਤੀਵਿਧੀਆਂ ਸ਼ੁਰੂ ਹੋਣ ਨਾਲ ਹੀ ਰੋਜ਼ੀ-ਰੋਟੀ ਦੇ ਸਾਧਨਾਂ ਨੂੰ ਬਲ ਮਿਲੇਗਾ। ਪਿਛਲੇ 40-50 ਦਿਨਾਂ ’ਚ ਲਾਕਡਾਊਨ ਕਾਰਨ ਅਰਥਚਾਰਾ ਠੱਪ ਹੀ ਰਿਹਾ ਹੈ, ਇਸ ਲਈ ਕੋਸ਼ਿਸ਼ ਇਸ ਗੱਲ ਲਈ ਹੋਣੀ ਚਾਹੀਦੀ ਹੈ ਕਿ ਇਸ ਦੌਰਾਨ ਜੋ ਆਰਥਿਕ ਨੁਕਸਾਨ ਹੋਇਆ, ਉਸ ਦੀ ਛੇਤੀ ਤੋਂ ਛੇਤੀ ਭਰਪਾਈ ਹੋਵੇ।

ਬਿਹਤਰ ਹੋਵੇਗਾ ਕਿ ਸੂਬਾ ਸਰਕਾਰਾਂ ਇਸ ’ਤੇ ਗੌਰ ਕਰਨ ਕਿ ਲਾਕਡਾਊਨ ’ਚ ਛੋਟ ਦੇ ਨਾਲ-ਨਾਲ ਜੋ ਸ਼ਰਤਾਂ ਲਾਈਆਂ ਗਈਆਂ ਹਨ, ਉਹ ਆਰਥਿਕ-ਵਪਾਰਕ ਗਤੀਵਿਧੀਆਂ ਨੂੰ ਰਫ਼ਤਾਰ ਦੇਣ ’ਚ ਅੜਿੱਕਾ ਨਾ ਬਣਨ। ਇਸ ਦੇ ਨਾਲ ਹੀ ਆਮ ਜਨਤਾ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਉਹ ਚੌਕਸੀ ਦਾ ਸਬੂਤ ਦੇਵੇ। ਇਹ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਕੋਰੋਨਾ ਦੀ ਲਾਗ ਨੂੰ ਕਾਬੂ ’ਚ ਰੱਖਣਾ ਆਮ ਲੋਕਾਂ ਦੇ ਬਲਬੂਤੇ ਹੀ ਸੰਭਵ ਹੈ। ਸਰਕਾਰਾਂ ਤੇ ਪ੍ਰਸ਼ਾਸਨ ਇਕ ਹੱਦ ਤਕ ਹੀ ਲੋਕਾਂ ਨੂੰ ਚੌਕਸ ਰਹਿਣ ਲਈ ਪ੍ਰੇਰਿਤ ਕਰ ਸਕਦਾ ਹੈ। ਉਨ੍ਹਾਂ ਵੱਲੋਂ ਕੋਰੋਨਾ ਦੀ ਲਾਗ ਤੋਂ ਬਚੇ ਰਹਿਣ ਦੇ ਉਪਾਆਂ ਤੋਂ ਲੈ ਕੇ ਰੋਕਣ-ਟੋਕਣ, ਜੁਰਮਾਨਾ ਲਾਉਣ ਆਦਿ ਦੀ ਆਪਣੀ ਇਕ ਹੱਦ ਹੈ। ਜੇ ਲੋਕ ਆਪਣੀ ਇੱਛਾ ਨਾਲ ਇਨ੍ਹਾਂ ਉਪਾਆਂ ਦੀ ਪਾਲਣਾ ਨਹੀਂ ਕਰਦੇ ਤਾਂ ਹਾਲਾਤ ਫਿਰ ਹੱਥੋਂ ਫਿਸਲ ਸਕਦੇ ਹਨ।

ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਲਾਗ ਦੀ ਦੂਜੀ ਲਹਿਰ ਨੇ ਇਸ ਲਈ ਪ੍ਰਚੰਡ ਰੂਪ ਧਾਰਨ ਕੀਤਾ ਕਿਉਂਕਿ ਲੋਕਾਂ ਨੇ ਅਜਿਹਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਵੇਂ ਕੋਰੋਨਾ ’ਤੇ ਜਿੱਤ ਪਾ ਲਈ ਗਈ ਹੋਵੇ। ਘੱਟੋ-ਘੱਟ ਹੁਣ ਤਾਂ ਅਜਿਹੀ ਭੁੱਲ ਨਹੀਂ ਕੀਤੀ ਜਾਣੀ ਚਾਹੀਦੀ। ਇਹ ਠੀਕ ਨਹੀਂ ਕਿ ਲਾਕਡਾਊਨ ’ਚ ਛੋਟ ’ਤੇ ਅਮਲ ਤੋਂ ਪਹਿਲਾਂ ਹੀ ਜਨਤਕ ਥਾਵਾਂ ’ਤੇ ਲੋਕਾਂ ਦੀ ਲਾਪਰਵਾਹੀ ਦੇਖਣ ਨੂੰ ਮਿਲਣ ਲੱਗੀ ਹੈ। ਮਾਸਕ ਦੀ ਸਹੀ ਤਰ੍ਹਾਂ ਵਰਤੋਂ ਨਾ ਕਰਨ ਵਾਲਿਆਂ ਦੀ ਗਿਣਤੀ ਕਰਨਾ ਮੁਸ਼ਕਲ ਹੈ। ਕਈ ਲੋਕ ਅਜਿਹੇ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਨੇ ਮਾਸਕ ਲਾਏ ਤਾਂ ਹੁੰਦੇ ਹਨ ਪਰ ਸਹੀ ਤਰੀਕੇ ਨਾਲ ਨਹੀਂ। ਘੱਟੋ-ਘੱਟ ਹੁਣ ਤਾਂ ਲੋਕਾਂ ਨੂੰ ਇਹ ਬੁਨਿਆਦੀ ਗੱਲ ਸਮਝ ਆ ਹੀ ਜਾਣੀ ਚਾਹੀਦੀ ਹੈ ਕਿ ਮਾਸਕ ਨੂੰ ਨੱਕ ਤੋਂ ਹੇਠਾਂ ਰੱਖਣ ਜਾਂ ਠੋਢੀ ’ਤੇ ਅਟਕਾਉਣ ਦਾ ਕੋਈ ਮਤਲਬ ਨਹੀਂ ਹੈ।

ਇਸੇ ਤਰ੍ਹਾਂ ਜਨਤਕ ਥਾਵਾਂ ’ਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਮਾਸਕ ਦੀ ਸਹੀ ਵਰਤੋਂ ਤੇ ਜਨਤਕ ਥਾਵਾਂ ’ਤੇ ਸਰੀਰਕ ਦੂਰੀ ਦਾ ਸਬੂਤ ਤਾਂ ਤਰਜੀਹ ਦੇ ਆਧਾਰ ’ਤੇ ਦੇਣਾ ਚਾਹੀਦਾ ਹੈ। ਸੱਚ ਤਾਂ ਇਹ ਹੈ ਕਿ ਇਸ ਮਾਮਲੇ ’ਚ ਹਰ ਕੋਈ ਦੂਜਿਆਂ ਲਈ ਮਿਸਾਲ ਬਣਨਾ ਚਾਹੀਦਾ ਹੈ। ਆਮ ਨਾਗਰਿਕਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਰੋਕਣ-ਟੋਕਣ ਜੋ ਮਾਸਕ ਸਹੀ ਤਰੀਕੇ ਨਾਲ ਨਹੀਂ ਪਹਿਨਦੇ ਜਾਂ ਫਿਰ ਸਰੀਰਕ ਦੂਰੀ ਦੀ ਪਾਲਣਾ ਕਰਨ ’ਚ ਕੁਤਾਹੀ ਵਰਤਦੇ ਹਨ। ਅਸਲ ’ਚ ਇਹ ਹਰ ਕਿਸੇ ਦੀ ਕੌਮੀ ਜ਼ਿੰਮੇਵਾਰੀ ਬਣਨੀ ਚਾਹੀਦੀ ਹੈ। ਲੋਕ ਆਪਣੀ ਇਸ ਜ਼ਿੰਮੇਵਾਰੀ ਪ੍ਰਤੀ ਚੌਕਸ ਹੋਣ, ਇਸ ਲਈ ਸੂਬਿਆਂ ਨੂੰ ਨਵੇਂ ਸਿਰੇ ਤੋਂ ਦਿਸ਼ਾ-ਨਿਰਦੇਸ਼ ਵੀ ਜਾਰੀ ਕਰਨੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਟੀਕਾਕਰਨ ਨੂੰ ਰਫ਼ਤਾਰ ਵੀ ਦੇਣੀ ਚਾਹੀਦੀ ਹੈ।

Posted By: Sunil Thapa