-ਮੋਹਨ ਸ਼ਰਮਾ

ਪੰਜਾਬ ਦੀ ਆਰਥਿਕ, ਸਮਾਜਿਕ, ਮਾਨਸਿਕ ਅਤੇ ਬੌਧਿਕ ਕੰਗਾਲੀ ਦਾ ਜ਼ਿਕਰ ਕਰਦਿਆਂ ਪ੍ਰਸਿੱਧ ਮਰਹੂਮ ਲੇਖਕ ਅਤੇ ਚਿੰਤਕ ਜਸਵੰਤ ਸਿੰਘ ਕੰਵਲ ਨੇ ਲਿਖਿਆ ਸੀ, ‘‘ਪੰਜਾਬ ਨੂੰ ਗੋਡਿਆ ਭਾਰ ਨੇਜਿਆਂ, ਤਲਵਾਰਾਂ ਅਤੇ ਰਫਲਾਂ ਨੇ ਨਹੀਂ ਕੀਤਾ, ਸਗੋਂ ਢਾਈ-ਤਿੰਨ ਇੰਚ ਦੀਆਂ ਸਿਗਰਟਾਂ, ਸ਼ਰਾਬ ਦੀਆਂ ਬੋਤਲਾਂ ਅਤੇ ਸਰਿੰਜਾਂ ਦੀਆਂ ਸੂਈਆਂ ਨੇ ਕੀਤਾ ਹੈ।’’ ਸੱਚਮੁੱਚ ਪੰਜਾਬ ਦੀ ਹਾਲਤ ਉਸ ਖੰਡਰ ਹਵੇਲੀ ਵਰਗੀ ਹੈ ਜਿਸ ਦੀਆਂ ਦਰਾੜਾਂ ਭਰਨ ਉਪਰੰਤ ਰੰਗ-ਰੋਗਨ ਕਰ ਕੇ ਉਸ ’ਤੇ ਮੋਟੇ ਅੱਖਰਾਂ ਵਿਚ ਰੰਗਲੀ ਹਵੇਲੀ ਲਿਖਿਆ ਹੋਵੇ। ਨਸ਼ਿਆਂ ਦੇ ਵਿਆਪਕ ਪ੍ਰਕੋਪ ਕਾਰਨ ਪੰਜਾਬ ਵਿਚ ਵਿਕਾਸ ਦੀ ਖੜੌਤ ਅਤੇ ਸਿਰਜਣਾਤਮਕ ਸ਼ਕਤੀਆਂ ਦੀਆਂ ਪੁਲਾਂਘਾਂ ਨੂੰ ਜੂੜ ਪੈਣ ਕਰ ਕੇ ਸਮਾਜ ਰੋਗੀ ਹੈ।

ਇਹ ਪੱਥਰ ’ਤੇ ਲਕੀਰ ਹੈ ਕਿ ਰੋਗੀ ਸਮਾਜ ਕਦੇ ਵੀ ਦੇਸ਼ ਦੀ ਤਰੱਕੀ ਵਿਚ ਭਾਈਵਾਲ ਨਹੀਂ ਬਣ ਸਕਦਾ। ਘਰਾਂ ਦੇ ਚੁੱਲ੍ਹੇ ਠੰਢੇ ਪਰ ਸਿਵਿਆਂ ਦੀ ਅੱਗ ਪ੍ਰਚੰਡ ਹੈ। ਲੋਕਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਓਂ ਪਤਲੀ ਹੈ। ਪੰਜਾਬ ਦੀ ਜਵਾਨੀ ਬੇਰੁਜ਼ਗਾਰੀ ਅਤੇ ਦਿਸ਼ਾਹੀਣਤਾ ਦਾ ਸ਼ਿਕਾਰ ਹੋ ਕੇ ਭਟਕਣ ਦੀ ਸ਼ਿਕਾਰ ਹੋ ਗਈ ਹੈ। ਲੈਨਿਨ ਨੇ ਲਿਖਿਆ ਹੈ, ‘‘ਮੈਨੂੰ ਕਿ ਦੱਸੋ ਤੁਹਾਡੇ ਦੇਸ਼ ਦੀ ਜਵਾਨੀ ਅਤੇ ਲੋਕਾਂ ਦੇ ਮੂੰਹ ’ਤੇ ਕਿਸ ਤਰ੍ਹਾਂ ਦੇ ਗੀਤ ਹਨ। ਮੈਂ ਤੁਹਾਨੂੰ ਦੇਸ਼ ਦਾ ਭਵਿੱਖ ਦੱਸ ਸਕਦਾ ਹਾਂ।’’ ਭਲਾਂ ਨਸ਼ੇੜੀ ਪੁੱਤ ਦੀਆਂ ਹਰਕਤਾਂ ਤੋਂ ਪੋਟਾ-ਪੋਟਾ ਦੁਖੀ ਹੋ ਕੇ ਬਾਪ ਦੀ ਹੰਝੂਆਂ ਨਾਲ ਭਰੀ ਚਿੱਟੀ ਦਾਹੜੀ, ਸ਼ਮਸ਼ਾਨ ਘਰਾਂ, ਖੋਲਿਆਂ, ਖੇਡ ਮੈਦਾਨਾਂ ਅਤੇ ਧਰਮਸ਼ਾਲਾਵਾਂ ਵਿਚ ਨਸ਼ਿਆਂ ਕਾਰਨ ਬੇਸੁੱਧ ਹੋਏ ਨੌਜਵਾਨ, ਬੇਰੁਜ਼ਗਾਰੀ ਦੇ ਝੰਬੇ ਪਏ ਟੈਂਕੀਆਂ ਤੇ ਚੜ੍ਹ ਕੇ ਨੌਕਰੀਆਂ ਦੀ ਮੰਗ ਕਰ ਰਹੇ ਪੜ੍ਹੇ-ਲਿਖੇ ਬੇਰੁਜ਼ਗਾਰ ਅਤੇ ਪੰਜਾਬ ਵਿਚ ਹੋ ਰਹੀ ਕੁਰਪਸ਼ਨ, ਭਾਈ-ਭਤੀਜਾਵਾਦ ਅਤੇ ਹਰਾਮ ਦੀ ਕਮਾਈ ਕਰਨ ਵਾਲੇ ‘ਮਲਿਕ ਭਾਗੋਆਂ’ ਤੋਂ ਦੁਖੀ ਹੋ ਕੇ ਆਪਣੀ ਜਨਮ ਭੂਮੀ ਪੰਜਾਬ ਨੂੰ ਅਲਵਿਦਾ ਕਹਿ ਕੇ ਵਿਦੇਸ਼ੀ ਧਰਤੀ ’ਤੇ ਵਸਣ ਵਾਲੀ ਜਵਾਨੀ ਅਤੇ ਉਨ੍ਹਾਂ ਦੇ ਮਾਪਿਆਂ ਦੇ ਹੋਠਾਂ ’ਤੇ ਕਿਸ ਤਰ੍ਹਾਂ ਦੇ ਗੀਤ ਹੋਣਗੇ? ਇਸ ਦਾ ਅੰਦਾਜ਼ਾ ਸਹਿਜੇ ਹੀ ਲੱਗ ਸਕਦਾ ਹੈ। ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਦੋ ਦਹਾਕਿਆਂ ਵਿਚ ਨਸ਼ੇੜੀਆਂ ਦੀ ਗਿਣਤੀ ਵਿਚ 213 ਫ਼ੀਸਦੀ ਦਾ ਵਾਧਾ ਹੋਇਆ ਹੈ। ਨਸ਼ਾ ਕਰਨ ਵਾਲਿਆਂ ਵਿਚ 41 ਫ਼ੀਸਦੀ ਨਸ਼ੇੜੀ ਚਿੱਟੇ ਦਾ ਨਸ਼ਾ ਕਰਦੇ ਹਨ ਅਤੇ ਉਨ੍ਹਾਂ ਦਾ ਪ੍ਰਤੀ ਨਸ਼ੇੜੀ ਔਸਤ ਖ਼ਰਚਾ 1300 ਰੁਪਏ ਹੈ। 5.20 ਲੱਖ ਰੋਜ਼ਾਨਾ ਸ਼ਰਾਬ ਦੇ ਢੱਕਣ ਖੁੱਲ੍ਹਦੇ ਹਨ ਅਤੇ ਪੰਜਾਬੀ ਅੱਠ ਕਰੋੜ ਦੀ ਸ਼ਰਾਬ ਰੋਜ਼ਾਨਾ ਡਕਾਰ ਜਾਂਦੇ ਹਨ। ਰੋਜ਼ਾਨਾ ਸਿੰਥੈਟਿਕ ਡਰੱਗ ਅਤੇ ਹੋਰ ਨਸ਼ਿਆਂ ’ਤੇ 13.70 ਕਰੋੜ ਖ਼ਰਚ ਹੁੰਦੇ ਹਨ।

ਸ਼ਰਾਬੀਆਂ ’ਚੋਂ 31 ਫ਼ੀਸਦੀ ਹੈਪੇਟਾਈਟਸ-ਸੀ ਦਾ ਸ਼ਿਕਾਰ ਹਨ ਅਤੇ 20 ਫੀਸਦੀ ਹੈਪੇਟਾਈਟਸ-ਬੀ ਦੀ ਲਪੇਟ ਵਿਚ ਆਏ ਹੋਏ ਹਨ। ਸੱਤਰ ਹਜ਼ਾਰ ਸ਼ਰਾਬੀਆਂ ਦੇ ਲਿਵਰ ਖ਼ਰਾਬ ਹੋ ਗਏ ਹਨ। ਹਰ ਪਿੰਡ ਵਿਚ ਸ਼ਰਾਬੀਆਂ ਦੀਆਂ ਮੌਤਾਂ ਕਾਰਨ ਔਸਤ 16 ਵਿਧਵਾਵਾਂ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਨਸ਼ਿਆਂ ਕਾਰਨ ਹੀ 60 ਫ਼ੀਸਦੀ ਦੁਰਘਟਨਾਵਾਂ, 90 ਫ਼ੀਸਦੀ ਤੇਜ਼ ਹਥਿਆਰਾਂ ਨਾਲ ਹਮਲੇ, 69 ਫ਼ੀਸਦੀ ਬਲਾਤਕਾਰ, 74 ਫ਼ੀਸਦੀ ਡਕੈਤੀਆਂ, 80 ਫ਼ੀਸਦੀ ਦੁਸ਼ਮਣੀ ਕੱਢਣ ਵਾਲੇ ਹਮਲੇ, ਚੇਨ ਝਪਟਮਾਰੀ ਅਤੇ ਹੋਰ ਜੁਰਮਾਂ ਦੀਆਂ ਘਟਨਾਵਾਂ ਨਾਲ ਥਾਣਿਆਂ ਦੇ ਰੋਜ਼ਨਾਮਚੇ ਭਰੇ ਜਾ ਰਹੇ ਹਨ। ਪੰਜਾਬ ਦੇ 39.22 ਲੱਖ ਪਰਿਵਾਰਾਂ ’ਚੋਂ ਕੋਈ ਵਿਰਲਾ ਪਰਿਵਾਰ ਹੀ ਨਸ਼ਿਆਂ ਦੇ ਸੇਕ ਤੋਂ ਬਚਿਆ ਹੈ। ਦੁਖਾਂਤਕ ਪੱਖ ਇਹ ਵੀ ਹੈ ਕਿ ਕਈ ਪਿੰਡਾਂ ਦੀ ਪਛਾਣ ਇਸ ਕਰ ਕੇ ਬਣੀ ਹੋਈ ਹੈ ਕਿ ਉਸ ਪਿੰਡ ਵਿਚ ਨਸ਼ਾ ਸ਼ਰੇਆਮ ਵਿਕਦਾ ਹੈ। ਕਈ ਪਿੰਡ ਨਸ਼ੇੜੀਆਂ ਵਜੋਂ ਅਤੇ ਕਈ ਇਸ ਕਰ ਕੇ ਵੀ ਮਸ਼ਹੂਰ ਹਨ ਕਿ ਉਸ ਪਿੰਡ ਵਿਚ ਪਿਛਲੇ 5-6 ਵਰਿ੍ਹਆਂ ਤੋਂ ਕੋਈ ਨੌਜਵਾਨ ਸਿਹਰਾ ਬੰਨ੍ਹ ਕੇ ਨਹੀਂ ਢੁੱਕਿਆ ਅਤੇ ਕਈ ਪਿੰਡ ਵਿਧਵਾਵਾਂ ਦੇ ਪਿੰਡ ਵਜੋਂ ਵੀ ਜਾਣੇ ਜਾਂਦੇ ਹਨ। ਪੰਜਾਬ ’ਚ ਹੁਣ ਤਕ 15 ਵਿਧਾਨ ਸਭਾ ਅਤੇ 17 ਲੋਕ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਹਨ। ਸਿਆਸੀ ਲੋਕਾਂ ਨੇ ਵਾਅਦਿਆਂ, ਲਾਅਰਿਆਂ ਤੇ ਤਰ੍ਹਾਂ-ਤਰ੍ਹਾਂ ਦੇ ਸਬਜ਼ਹਬਾਗ਼ ਵਿਖਾ ਕੇ ਉਨ੍ਹਾਂ ਨੂੰ ਰੱਜ ਕੇ ਲੁੱਟਿਆ ਹੈ। ਸੰਨ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਸ ਸਮੇਂ ਦੀ ਰਾਜ ਸੱਤਾ ’ਤੇ ਕਾਬਜ਼ ਪਾਰਟੀ ਪ੍ਰਤੀ ਲੋਕਾਂ ਅੰਦਰ ਇਸ ਆਧਾਰ ’ਤੇ ਗੁੱਸਾ ਸੀ ਕਿ ਨਸ਼ਾ ਤਸਕਰੀ ਨੂੰ ਰੋਕਣ ਲਈ ਉਨ੍ਹਾਂ ਨੇ ਰਾਜ ਧਰਮ ਨਹੀਂ ਨਿਭਾਇਆ।

ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਂਦਿਆਂ ਵਾਅਦਾ ਕੀਤਾ ਸੀ ਕਿ ਸੱਤਾ ਪ੍ਰਾਪਤ ਹੋਣ ਦੇ ਇਕ ਮਹੀਨੇ ਦੇ ਅੰਦਰ ਉਹ ਪੰਜਾਬ ਵਿਚ ਨਸ਼ਿਆਂ ਦਾ ਲੱਕ ਤੋੜ ਦੇਣਗੇ। ਫਰਵਰੀ 2017 ਵਿਚ ਕਾਂਗਰਸ ਸਰਕਾਰ ਹੋਂਦ ਵਿਚ ਆਈ। ਅਪ੍ਰੈਲ 2017 ਵਿਚ ਮੁੱਖ ਮੰਤਰੀ ਵੱਲੋਂ ਨਸ਼ੇ ਦੇ ਖ਼ਾਤਮੇ ਲਈ ਐੱਸਟੀਐੱਫ ਦਾ ਗਠਨ ਕੀਤਾ ਗਿਆ। ਐੱਸਟੀਐਫ ਦੇ ਮੁਖੀ ਨੂੰ ਦਿੱਤਾ ਵਿਸ਼ੇਸ਼ ਅਧਿਕਾਰ ਤਤਕਾਲੀ ਡੀਜੀਪੀ ਨੂੰ ਪਸੰਦ ਨਹੀਂ ਆਇਆ। ਕਿਉਂਕਿ ਐੱਸਐੱਸਪੀ, ਐੱਸਟੀਐੱਫ ਦੇ ਮੁਖੀ ਦੇ ਅਧੀਨ ਨਹੀਂ ਸਨ, ਸਗੋਂ ਡੀਜੀਪੀ ਦੇ ਅਧੀਨ ਸਨ। ਇਸ ਲਈ ਜ਼ਿਲ੍ਹਾ ਪੱਧਰ ’ਤੇ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਐੱਸਐੱਸਪੀ ਤੇ ਜ਼ਿਲ੍ਹਾ ਐੱਸਟੀਐੱਫ ਮੁਖੀਆਂ ਵਿਚਕਾਰ ਕੋਈ ਵਧੀਆ ਤਾਲਮੇਲ ਸਥਾਪਿਤ ਨਹੀਂ ਹੋ ਸਕਿਆ। ਫਿਰ ਵੀ ਐੱਸਟੀਐੱਫ ਇਸ ਖੇਤਰ ਵਿਚ ਸਰਗਰਮ ਰਹੀ ਅਤੇ ਉਸ ਨੇ ਤਿੰਨ ਮਹੀਨਿਆਂ ਵਿਚ ਜਿੱਥੇ ਅੰਦਾਜ਼ਨ 6 ਹਜ਼ਾਰ ਤਸਕਰਾਂ ਨੂੰ ਗਿ੍ਰਫ਼ਤਾਰ ਕੀਤਾ, ਉੱਥੇ ਹੀ 4700 ਮੁਕੱਦਮੇ ਵੀ ਦਰਜ ਕੀਤੇ। ਇਸ ਟਾਸਕ ਫੋਰਸ ਨੂੰ ਵੱਡੀ ਸਫਲਤਾ ਉਦੋਂ ਮਿਲੀ ਜਦੋਂ 13 ਜੂਨ 2017 ਨੂੰ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨਸ਼ਿਆਂ ਦੀ ਤਸਕਰੀ ਦੇ ਸਬੰਧ ਵਿਚ ਗਿ੍ਰਫ਼ਤਾਰ ਕੀਤਾ ਗਿਆ ਸੀ।

ਜਦੋਂ ਗਿ੍ਰਫ਼ਤਾਰ ਇੰਸਪੈਕਟਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਗੰਢੇ ਦੀਆਂ ਪਰਤਾਂ ਦੀ ਤਰ੍ਹਾਂ ਰਾਜ਼-ਦਰ-ਰਾਜ਼ ਖੁੱਲ੍ਹਦੇ ਗਏ ਅਤੇ ਨਸ਼ਿਆਂ ਦੀ ਸਪਲਾਈ ਲਾਈਨ ਦੇ ਨੈਟਵਰਕ ’ਚ ਵੱਡੇ ਮਗਰਮੱਛਾਂ ਦੇ ਨਾਂ ਸਾਹਮਣੇ ਆ ਗਏ। ਸਮੱਗਲਰ ਰੇਸ ਦੇ ਘੋੜਿਆਂ ਦੀ ਤਰ੍ਹਾਂ ਚੋਣਾਂ ’ਚ ਸਿਆਸਤਦਾਨਾਂ ’ਤੇ ਖ਼ਰਚ ਕਰਦੇ ਹਨ ਤੇ ਫਿਰ ਉਨ੍ਹਾਂ ਦੀ ਛਤਰ-ਛਾਇਆ ਹੇਠ ਹੀ ਇਹ ਧੰਦਾ ਵਧਦਾ-ਫੁੱਲਦਾ ਹੈ। ਛਾਣਬੀਣ ਵਿਚ ਇਹ ਵੀ ਸਾਹਮਣੇ ਆਇਆ ਕਿ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਇਕ ਸਰਪੰਚ ਕੋਲੋਂ ਫੜੀ 78 ਕਿੱਲੋ ਹੈਰੋਇਨ ਵੱਟੇ-ਖਾਤੇ ’ਚ ਪਾ ਦਿੱਤੀ ਗਈ ਅਤੇ ਨਾਲ ਹੀ ਅਜਿਹੇ ਹੋਰ 50 ਕੇਸ ਵੀ ਖੁਰਦ-ਬੁਰਦ ਕੀਤੇ ਗਏ। ਐੱਸਟੀਐੱਫ ਦੀ ਟੀਮ ਨੇ ਜਦੋਂ ਵੱਡੇ ਤਸਕਰ ਰਾਜਾ ਕੰਦੋਲਾ ਤੋਂ ਪੁੱਛਗਿੱਛ ਕੀਤੀ ਅਤੇ ਸਮਰਾਲਾ ਵਿਖੇ ਉਸ ਦੇ ਫਾਰਮ ਹਾਊਸ ’ਤੇ ਰੇਡ ਕੀਤੀ ਤਾਂ ਉੱਥੋਂ ਪੁਲਿਸ ਦੀਆਂ ਵਰਦੀਆਂ ਵੀ ਮਿਲੀਆਂ। ਨਸ਼ਿਆਂ ਦੇ ਵੱਡੇ ਕਾਰੋਬਾਰ ਦੀਆਂ ਦੂਰ-ਦੂਰ ਤਕ ਫੈਲੀਆਂ ਤੰਦਾ ਵੀ ਸਾਹਮਣੇ ਆਈਆਂ ਪਰ ਸਿਆਸੀ ਚਾਲਾਂ, ਵਿਰੋਧੀਆਂ ਦੀਆਂ ਰੁਕਾਵਟਾਂ ਅਤੇ ਪੰਜਾਬ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਦੀ ਮਿਲੀਭੁਗਤ ਕਾਰਨ ਜਿੱਥੇ ਇਕ ਵਾਰ ਐੱਸਟੀਐੱਫ ਦੀ ਨਸ਼ਿਆਂ ਦਾ ਲੱਕ ਤੋੜਨ ਦੀ ਕਾਰਵਾਈ ’ਤੇ ਵਿਰਾਮ ਲੱਗ ਗਿਆ, ਉੱਥੇ ਹੀ ਨਸ਼ੇ ਦੇ ਵੱਡੇ ਮਗਰਮੱਛਾਂ ਨੇ ਆਪਣੇ ਇਸ ਅਨੈਤਿਕ ਕਾਰੋਬਾਰ ਨੂੰ ਜਾਰੀ ਰੱਖਿਆ। ਦਬਾਅ ਕਾਰਨ ਮੁੱਖ ਮੰਤਰੀ ਨੇ ਐੱਸਟੀਐੱਫ ਦੇ ਮੁਖੀ ਹਰਪ੍ਰੀਤ ਸਿੱਧੂ ਨੂੰ ਜੂਨ 2018 ਵਿਚ ਇਸ ਅਹੁਦੇ ਤੋਂ ਲਾਂਭੇ ਕਰ ਕੇ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਚ ਐਡੀਸ਼ਨਲ ਪਿ੍ਰੰਸੀਪਲ ਸਕੱਤਰ ਦੇ ਅਹੁਦੇ ’ਤੇ ਲਾ ਕੇ ਨਸ਼ੇ ਦੇ ਸੌਦਾਗਰਾਂ ’ਤੇ ਲਟਕਦੀ ਤਲਵਾਰ ਹਟਾ ਦਿੱਤੀ ਸੀ।

ਕੁਝ ਸਮਾਂ ਪਹਿਲਾਂ ਅਟਾਰੀ ਵਿਚ 532 ਕਿਲੋਗ੍ਰਾਮ ਹੈਰੋਇਨ ਦੀ ਖੇਪ ਫੜੀ ਗਈ। ਇਸ ਸਬੰਧ ਵਿਚ 2 ਥਾਣਿਆਂ ਦੇ ਐੱਸਐੱਚਓ ਗਿ੍ਰਫ਼ਤਾਰ ਕੀਤੇ ਗਏ। ਇਕ ਥਾਣੇਦਾਰ ਨੇ ਤਾਂ ਪੁਲਿਸ ਹਿਰਾਸਤ ਵਿਚ ਹੀ ਖ਼ੁਦਕੁਸ਼ੀ ਕਰ ਲਈ ਅਤੇ ਦੂਜੇ ਮੁਲਜ਼ਮ ਦੀ ਜੇਲ੍ਹ ਵਿਚ ਮੌਤ ਹੋ ਗਈ। ਵੀਹ ਨਵੰਬਰ 2019 ਨੂੰ ਐੱਸਟੀਐੱਫ ਦੀ ਟੀਮ ਨੇ ਇਕ ਹੌਲਦਾਰ ਨੂੰ 51 ਗ੍ਰਾਮ ਹੈਰੋਇਨ ਤੇ 5 ਖ਼ਾਲੀ ਸਰਿੰਜਾਂ ਨਾਲ ਫੜਿਆ ਸੀ। ਸਿਆਸੀ ਸਰਪ੍ਰਸਤੀ ਹੇਠ ਸ਼ੰਭੂ ਬਾਰਡਰ ਦੇ ਨੇੜੇ, ਖੰਨਾ ਦੇ ਲਾਗੇ ਤੇ ਪਿੰਡ ਬਾਦਲ ’ਚ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ’ਚ ਲੱਖਾਂ ਲੀਟਰ ਸ਼ਰਾਬ ਫੜੀ ਜਾਣੀ ਤੇ ਫਿਰ ਕੇਸ ਅਣਪਛਾਤੇ ਵਿਅਕਤੀਆਂ ’ਤੇ ਪਾ ਦੇਣਾ ਲੋਕਤੰਤਰ ਦਾ ਘਾਣ ਹੀ ਹੈ। ਅੰਮ੍ਰਿਤਸਰ ਅਤੇ ਤਰਨਤਾਰਨ ’ਚ ਨਾਜਾਇਜ਼ ਜ਼ਹਿਰੀਲੀ ਸ਼ਰਾਬ ਨਾਲ 137 ਲੋਕਾਂ ਦੀ ਮੌਤ ਕਾਰਨ ਮਚੀ ਹਾਹਾਕਾਰ ਨੂੰ ਵੀ ਸਿਆਸੀ ਲਾਰਿਆਂ, ਵਾਅਦਿਆਂ ਤੇ ਮਾਇਆਜਾਲ ਰਾਹੀਂ ਠੱਲ੍ਹ ਪਾਈ ਗਈ। ਰਾਣੋ ਪਿੰਡ ਦੇ ਸਰਪੰਚ ਦੀ ਨਸ਼ਿਆਂ ਰਾਹੀਂ ਕੀਤੀ ਅੰਨ੍ਹੀ ਕਮਾਈ ਤੇ ਉਸ ਦੀ ਵੱਡੇ ਕੱਦ ਵਾਲੇ ਨੇਤਾਵਾਂ ਤੇ ਅਫ਼ਸਰਾਂ ਨਾਲ ਯਾਰੀ ਚਰਚਾ ਦਾ ਵਿਸ਼ਾ ਬਣੀ ਰਹੀ। ਅੰਮ੍ਰਿਤਸਰ ’ਚ ਨਕਲੀ ਚਿੱਟਾ ਬਣਾਉਣ ਵਾਲੀ ਫੜੀ ਫੈਕਟਰੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਮੁੱਕਦੀ ਗੱਲ ਇਹ ਹੈ ਕਿ ਇਸ ਵੇਲੇ ਫ਼ਸਲਾਂ ਅਤੇ ਨਸਲਾਂ, ਦੋਨਾਂ ’ਤੇ ਹੀ ਖ਼ਤਰੇ ਦੇ ਬਦਲ ਮੰਡਰਾ ਰਹੇ ਹਨ। -ਮੋਬਾਈਲ : 94171-48866

Posted By: Jagjit Singh