ਪਿਛਲੇ ਕਰੀਬ ਛੇ ਮਹੀਨਿਆਂ ਤੋਂ ਕੋਰੋਨਾ ਵਾਇਰਸ ਕਾਰਨ ਫੈਲ ਰਹੀ ਮਹਾਮਾਰੀ ਨੇ ਪੂਰੇ ਦੇਸ਼ ਨੂੰ ਲਪੇਟ ਵਿਚ ਲਿਆ ਹੋਇਆ ਹੈ। ਇਸ ਮਹਾਮਾਰੀ ਨੇ ਮੁਲਕ ਵਿਚ ਬਹੁਤ ਸਾਰੀਆਂ ਬੇਸ਼ਕੀਮਤੀ ਜਾਨਾਂ ਲੈ ਲਈਆਂ ਹਨ। ਇਸ ਦੌਰਾਨ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਜਿਨ੍ਹਾਂ ਨਾਲ ਲੋਕਾਂ ਦੇ ਮਨਾਂ ਵਿਚ ਡਰ ਬੈਠ ਗਿਆ ਹੈ ਅਤੇ ਇਕ ਸ਼ੱਕ ਪੈਦਾ ਹੋ ਗਿਆ ਹੈ ਕਿ ਕੋਰੋਨਾ ਨਾਂ ਦੀ ਕੋਈ ਬਿਮਾਰੀ ਨਹੀਂ ਹੈ ਸਗੋਂ ਸਿਹਤ ਵਿਭਾਗ ਅਤੇ ਸਰਕਾਰ ਮਿਲ ਕੇ ਲੋਕਾਂ ਨੂੰ ਡਰਾ ਰਹੇ ਹਨ ਅਤੇ ਕੋਰੋਨਾ ਬਿਮਾਰੀ ਦੀ ਆੜ ਹੇਠ ਵਿਅਕਤੀਆਂ ਨੂੰ ਮਾਰ ਕੇ ਸਰੀਰ ਦੇ ਕੀਮਤੀ ਅੰਗ ਕੱਢ ਕੇ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਜਾਂਦਾ ਹੈ। ਮੀਡੀਆ ਰਾਹੀਂ ਲੋਕਾਂ ਸਾਹਮਣੇ ਇਹ ਖ਼ਬਰ ਆਈ ਕਿ ਅੰਮ੍ਰਿਤਸਰ ਦੀ ਇਕ ਨਿੱਜੀ ਲੈਬ ਜਿਸ ਨੂੰ ਸਰਕਾਰ ਵੱਲੋਂ ਕੋਰੋਨਾ ਟੈਸਟ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ, ਉਸ ਦੇ ਡਾਕਟਰਾਂ ਵੱਲੋਂ ਤੰਦਰੁਸਤ ਵਿਅਕਤੀਆਂ ਨੂੰ ਕੋਵਿਡ-19 ਪਾਜ਼ੇਟਿਵ ਦੱਸ ਕੇ ਇਕ ਨਿੱਜੀ ਹਸਪਤਾਲ ਵਿਚ ਉਨ੍ਹਾਂ ਦਾ ਫ਼ਰਜ਼ੀ ਇਲਾਜ ਕਰ ਕੇ ਲੱਖਾਂ ਰੁਪਏ ਠੱਗੇ ਗਏ ਸਨ ਜਿਸ ਸਬੰਧੀ ਮਾਮਲਾ ਅਦਾਲਤ ਵਿਚ ਗਿਆ ਹੈ। ਇਸੇ ਤਰ੍ਹਾਂ ਕੁਝ ਹਸਪਤਾਲਾਂ ਵਿਚ ਲਾਸ਼ਾਂ ਦੀ ਅਦਲਾ-ਬਦਲੀ ਦੇ ਮਾਮਲੇ ਵੀ ਮੀਡੀਆ ਰਾਹੀਂ ਲੋਕਾਂ ਦੇ ਸਾਹਮਣੇ ਆਏ ਹਨ। ਹੁਣ ਸੋਸ਼ਲ ਮੀਡੀਆ ਰਾਹੀਂ ਲੋਕਾਂ 'ਚ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਫੈਲਾਈਆਂ ਜਾ ਰਹੀਆਂ ਕਥਿਤ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਅਜਿਹੇ ਹਾਲਾਤ ਵਿਚ ਲੋਕਾਂ ਵੱਲੋਂ ਸ਼ੰਕਾ ਦਾ ਸ਼ਿਕਾਰ ਹੋਣਾ ਸੁਭਾਵਿਕ ਹੈ। ਸਰਕਾਰ ਨੇ ਪੁਲਿਸ ਮਹਿਕਮੇ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਮੇਰੇ ਵਿਚਾਰ ਅਨੁਸਾਰ ਮੀਡੀਆ ਦੁਆਰਾ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦੀ ਪੁਖਤਾ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕਹਿੰਦੇ ਹਨ ਕਿ ਜੇਕਰ ਕਿਤੇ ਅੱਗ ਲੱਗਦੀ ਹੈ ਤਾਂ ਧੂੰਆਂ ਤਾਂ ਉੱਠਦਾ ਹੀ ਹੈ। ਇਹ ਤਾਂ ਜਾਂਚ ਉਪਰੰਤ ਹੀ ਪਤਾ ਲੱਗ ਸਕਦਾ ਹੈ ਕਿ ਅਫ਼ਵਾਹਾਂ 'ਚ ਕੋਈ ਸੱਚਾਈ ਹੈ ਵੀ ਜਾਂ ਨਹੀਂ। ਇਸ ਲਈ ਅਫ਼ਵਾਹਾਂ ਦੀ ਜਾਂਚ ਕਰਵਾ ਕੇ ਸੱਚਾਈ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ। ਜੇਕਰ ਅਫ਼ਵਾਹਾਂ ਝੂਠੀਆਂ ਹਨ ਤਾਂ ਉਨ੍ਹਾਂ ਨੂੰ ਫੈਲਾਉਣ ਵਾਲਿਆਂ 'ਤੇ ਅਤੇ ਜੇਕਰ ਕੋਈ ਸੱਚਾਈ ਹੈ ਤਾਂ ਮਨੁੱਖੀ ਜੀਵਨ ਨਾਲ ਖਿਲਵਾੜ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਗੱਲੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੋਰੋਨਾ ਨੇ ਸਰਕਾਰ ਅਤੇ ਸਮਾਜ ਦੇ ਹਰ ਵਰਗ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਲੋਕ ਕੋਰੋਨਾ ਕਾਰਨ ਕੰਮ-ਧੰਦੇ ਠੱਪ ਹੋਣ 'ਤੇ ਪਰੇਸ਼ਾਨ ਹਨ, ਉੱਤੋਂ ਉਨ੍ਹਾਂ ਦੀ ਜਾਨ ਨਾਲ ਕੁਝ ਕਥਿਤ ਹਸਪਤਾਲਾਂ ਵਿਚ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਇਲਾਜ ਦੇ ਬਿੱਲ ਲੱਖਾਂ ਵਿਚ ਬਣਾਏ ਜਾ ਰਹੇ ਹਨ। ਮਰੀਜ਼ ਦੇ ਤੰਦਰੁਸਤ ਹੋਣ ਦੀ ਗਾਰੰਟੀ ਫਿਰ ਵੀ ਨਹੀਂ ਹੁੰਦੀ। ਅਜਿਹੇ ਵਿਚ ਗ਼ਰੀਬ ਬੰਦਾ ਜਾਵੇ ਤਾਂ ਜਾਵੇ ਕਿੱਥੇ? -ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ।

Posted By: Jagjit Singh