-ਜਸਵਿੰਦਰ ਸਿੰਘ ਸਹੋਤਾ

ਅੱਜ ਪੂਰੇ ਦੇਸ਼ ਵਿਚ ਕੌਮੀ ਬਾਲ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦਾ ਜਨਮ ਦਿਨ 'ਬਾਲ ਦਿਵਸ' ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ। ਇਸੇ ਲਈ ਉਨ੍ਹਾਂ ਨੂੰ ਚਾਚਾ ਨਹਿਰੂ ਵੀ ਕਿਹਾ ਜਾਂਦਾ ਸੀ। ਉਨ੍ਹਾਂ ਦਾ ਜਨਮ 14 ਨਵੰਬਰ 1889 ਈਸਵੀ ਨੂੰ ਇਲਾਹਾਬਾਦ ਵਿਖੇ ਪ੍ਰਸਿੱਧ ਵਕੀਲ ਮੋਤੀਲਾਲ ਨਹਿਰੂ ਦੇ ਘਰ ਮਾਤਾ ਸਵਰੂਪ ਰਾਣੀ ਦੀ ਕੁੱਖੋਂ ਹੋਇਆ ਸੀ। ਪੰਡਿਤ ਜਵਾਹਰਲਾਲ ਨਹਿਰੂ ਦਾ ਵਿਚਾਰ ਸੀ ਕਿ ਜਿਸ ਦੇਸ਼ ਦੇ ਬੱਚੇ ਸਿਹਤਮੰਦ ਅਤੇ ਸਿੱਖਿਅਤ ਹੋਣਗੇ, ਉਹ ਦੇਸ਼ ਬਹੁਤ ਤਰੱਕੀ ਕਰੇਗਾ। ਪਰ ਅਜੋਕੇ ਤੇਜ਼-ਤਰਾਰ ਯੁੱਗ 'ਚ ਬੱਚਿਆਂ ਦਾ ਬਚਪਨ ਗੁਆਚਿਆ ਪ੍ਰਤੀਤ ਹੋ ਰਿਹਾ ਹੈ। ਇਕ ਪਾਸੇ ਸਕੂਲਾਂ ਵਿਚ ਪੜ੍ਹਦੇ ਬੱਚੇ ਬਸਤਿਆਂ ਦੇ ਭਾਰ ਹੇਠਾਂ ਦੱਬ ਕੇ ਰਹਿ ਗਏ ਹਨ, ਦੂਸਰੇ ਪਾਸੇ ਸਕੂਲੀ ਸਿੱਖਿਆ ਤੋਂ ਵਾਂਝੇ ਬੱਚੇ ਬਾਲ ਮਜ਼ਦੂਰੀ ਦੀ ਸਮੱਸਿਆ ਨਾਲ ਜੂਝ ਰਹੇ ਹਨ।

ਭਾਰਤ ਦੇ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਵੱਲੋਂ ਵਿਦਿਆਰਥੀਆਂ ਦੇ ਬਸਤਿਆਂ ਦਾ ਬੋਝ ਘਟਾਉਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਵਿਦਿਆਰਥੀਆਂ ਦੇ ਬੌਧਿਕ ਅਤੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਨ੍ਹਾਂ ਦੇ ਬਸਤੇ ਉਨ੍ਹਾਂ ਦੇ ਭਾਰ ਨਾਲੋਂ ਵੀ ਵਧੇਰੇ ਭਾਰੇ ਹਨ। ਫਲਸਰੂਪ ਵਿਦਿਆਰਥੀਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਸਹੀ ਤਰ੍ਹਾਂ ਨਹੀਂ ਹੋ ਰਿਹਾ। ਸਕੂਲੀ ਬਸਤੇ ਦਾ ਭਾਰ ਵਿਦਿਆਰਥੀਆਂ ਦੇ ਭਾਰ ਦਾ 10 ਫ਼ੀਸਦੀ ਤੋਂ ਵਧੇਰੇ ਨਹੀਂ ਹੋਣਾ ਚਾਹੀਦਾ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਵਿਦਿਆਰਥੀ ਦੇ ਬਸਤੇ ਦਾ ਭਾਰ ਪਹਿਲੀ ਅਤੇ ਦੂਜੀ ਜਮਾਤ ਲਈ ਡੇਢ ਕਿੱਲੋ, ਤੀਜੀ ਤੋਂ ਪੰਜਵੀਂ ਜਮਾਤ ਤਕ 2 ਤੋਂ 3 ਕਿੱਲੋ, ਛੇਵੀਂ ਤੇ ਸੱਤਵੀਂ ਜਮਾਤ ਲਈ 4 ਕਿੱਲੋ, ਅੱਠਵੀਂ ਤੋਂ ਦਸਵੀਂ ਜਮਾਤ ਲਈ 4 ਤੋਂ 5 ਕਿੱਲੋ ਹੀ ਹੋਣਾ ਚਾਹੀਦਾ ਹੈ। ਪਰ ਵਿਦਿਆਰਥੀਆਂ ਦੇ ਬਸਤਿਆਂ ਦਾ ਭਾਰ ਨਿਸ਼ਚਿਤ ਕੀਤੇ ਗਏ ਭਾਰ ਤੋਂ ਬਹੁਤ ਜ਼ਿਆਦਾ ਹੁੰਦਾ ਹੈ। ਵਿਦਿਆਰਥੀ ਆਪਣੇ ਮਾਪਿਆਂ ਨੂੰ ਪਿੱਠ, ਮੋਢੇ, ਗੋਡੇ ਅਤੇ ਮਾਸਪੇਸ਼ੀਆਂ ਆਦਿ ਦੇ ਦਰਦ ਕਰਨ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ ਪਰ ਮਾਪੇ ਇਸ ਦੇ ਕਾਰਨ ਨੂੰ ਸਮਝਣ ਵਿਚ ਅਸਮਰੱਥ ਰਹਿੰਦੇ ਹਨ। ਸਕੂਲ ਵਿਚ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਸਹੀ ਤਰੀਕੇ ਨਾਲ ਬਸਤਾ ਮੋਢਿਆਂ 'ਤੇ ਚੁੱਕਣ ਦੇ ਤਰੀਕੇ ਦੱਸਣੇ ਚਾਹੀਦੇ ਹਨ। ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਢੁੱਕਵੀਂ ਕਸਰਤ ਵੀ ਕਰਵਾਉਣੀ ਚਾਹੀਦੀ ਹੈ।

ਭਾਰਤ ਵਿਚ, ਗ਼ਰੀਬੀ, ਅਨਪੜ੍ਹਤਾ ਦੀ ਉੱਚ ਦਰ, ਸਿੱਖਿਆ ਦੀ ਘਾਟ, ਬੇਰੁਜ਼ਗਾਰੀ, ਵੱਧ ਆਬਾਦੀ ਆਦਿ ਕਾਰਨ ਲੱਖਾਂ ਬੱਚੇ ਬਾਲ ਮਜ਼ਦੂਰੀ ਲਈ ਮਜਬੂਰ ਹਨ। 'ਸੇਵ ਦਿ ਚਿਲਡਰਨ' ਦੀ ਰਿਪੋਰਟ ਅਨੁਸਾਰ 14–17 ਸਾਲ ਦੀ ਉਮਰ ਦੇ ਬੱਚੇ ਖ਼ਤਰਨਾਕ ਕੰਮਾਂ ਵਿਚ ਲੱਗੇ ਹੋਏ ਹਨ। ਬਾਲ ਮਜ਼ਦੂਰੀ ਭਾਰਤ ਵਿਚ ਸਰਬ ਵਿਆਪਕ ਹੈ। ਦਿਹਾਤੀ ਖੇਤਰਾਂ ਦੇ ਮੁਕਾਬਲੇ ਵੱਡੇ ਸ਼ਹਿਰ ਕੰਮ ਲਈ ਵਧੇਰੇ ਮੌਕੇ ਪ੍ਰਦਾਨ ਕਰਦੇ ਹਨ। ਯੂਨੀਸੈੱਫ ਦੀ ਰਿਪੋਰਟ ਅਨੁਸਾਰ ਸ਼ਹਿਰੀ ਖੇਤਰਾਂ ਵਿਚ 5-14 ਸਾਲ ਦੀ ਉਮਰ ਦੇ ਬੱਚਿਆਂ ਵਿਚ ਬਾਲ ਮਜ਼ਦੂਰੀ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਕੌਮੀ ਰਾਜਧਾਨੀ ਦਿੱਲੀ ਵਿਚ 10 ਲੱਖ ਤੋਂ ਵੱਧ ਬਾਲ ਮਜ਼ਦੂਰ ਹਨ। ਇਸੇ ਤਰ੍ਹਾਂ ਦੇ ਅੰਕੜੇ ਵਾਲੇ ਹੋਰ ਮੁੱਖ ਸੂਬਿਆਂ ਵਿਚ ਬਿਹਾਰ, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ।

ਬੱਚੇ ਮਜ਼ਦੂਰੀ ਕਰ ਕੇ ਮਜਬੂਰੀ ਵੱਸ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਗ਼ਰੀਬੀ ਦੇ ਸਤਾਏ ਅਜਿਹੇ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਨ, ਸਾਖਰਤਾ ਦੀ ਦਰ ਵਧਾਉਣ, ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ 2010 ਤਕ 6 ਤੋਂ 14 ਸਾਲ ਦੇ ਬੱਚਿਆਂ ਲਈ 8 ਸਾਲਾਂ ਦੀ ਜ਼ਰੂਰੀ ਮੁੱਢਲੀ ਸਿੱਖਿਆ ਦੇਣ ਲਈ ਭਾਰਤ ਸਰਕਾਰ ਵੱਲੋਂ 2001 'ਚ 'ਸਰਬ-ਸਿੱਖਿਆ ਅਭਿਆਨ' ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦਾ ਮੁੱਖ ਮੰਤਵ ਸਾਰੇ ਬੱਚਿਆਂ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਇਕ ਕਿਲੋਮੀਟਰ ਦੇ ਘੇਰੇ ਅੰਦਰ ਸਿੱਖਿਆ ਉਪਲਬਧ ਕਰਵਾਉਣਾ ਹੈ। ਸੰਨ 2002-03 ਦੌਰਾਨ ਪ੍ਰਾਇਮਰੀ ਪੱਧਰ 'ਤੇ ਡਰਾਪਆਊਟ 34.9 ਫ਼ੀਸਦੀ ਅਤੇ ਅੱਪਰ-ਪ੍ਰਇਮਰੀ ਪੱਧਰ 'ਤੇ ਇਹ ਦਰ 52.8 ਫ਼ੀਸਦੀ ਸੀ। ਸਕੂਲਾਂ 'ਚ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ 1995 ਤੋਂ ਮਿੱਡ-ਡੇ-ਮੀਲ (ਦੁਪਹਿਰ ਦਾ ਭੋਜਨ) ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਪੰਜਾਬ 'ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ'’ ਮੁਹਿੰਮ ਸ਼ਰੂ ਕੀਤੀ ਗਈ ਹੈ। ਸਿਹਤ ਪੱਖੋਂ ਸੰਸਾਰ ਭਰ ਵਿਚ ਸੁਡੋਲ ਮੰਨੇ ਜਾਂਦੇ ਪੰਜਾਬੀਆਂ ਦੇ ਬੱਚਿਆਂ ਦੀ ਸਿਹਤ ਵੀ ਠੀਕ ਨਹੀਂ ਹੈ। ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਵੱਲੋਂ 2016-18 ਦੌਰਾਨ ਕਰਾਏ ਗਏ 'ਵਿਆਪਕ ਰਾਸ਼ਟਰੀ ਪੋਸ਼ਕ ਸਰਵੇ' ਅਨੁਸਾਰ ਦੇਸ਼ 'ਚੋਂ ਸਭ ਤੋਂ ਵੱਧ ਪੰਜਾਬ ਦੇ ਬੱਚੇ ਆਇਰਨ ਦੀ ਕਮੀ ਦਾ ਸ਼ਿਕਾਰ ਹਨ। ਰਿਪੋਰਟ ਅਨੁਸਾਰ ਪ੍ਰੀ-ਸਕੂਲ ਜਾਣ ਜਾਣ ਵਾਲੇ 0-4 ਸਾਲ ਦੇ 67.2 ਫ਼ੀਸਦੀ ਬੱਚਿਆਂ ਵਿਚ ਆਇਰਨ ਦੀ ਕਮੀ ਪਾਈ ਗਈ ਹੈ। ਗੁਆਂਢੀ ਸੂਬੇ ਹਰਿਆਣਾ ਵਿਚ ਇਹ ਦਰ 58.9 ਫ਼ੀਸਦੀ ਹੈ। ਪੰਜਾਬ ਦੇ 5-9 ਸਾਲ ਉਮਰ ਵਰਗ ਦੇ 50.9 ਫ਼ੀਸਦੀ ਬੱਚੇ ਆਇਰਨ ਦੀ ਘਾਟ ਦੇ ਸ਼ਿਕਾਰ ਹਨ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸੂਬੇ ਦੇ 10-19 ਸਾਲ ਦੇ 45.9 ਫ਼ੀਸਦੀ ਬੱਚਿਆਂ ਵਿਚ ਆਇਰਨ ਦੀ ਕਮੀ ਹੈ ਜਦਕਿ ਰਾਸ਼ਟਰੀ ਔਸਤ ਕੇਵਲ 21.5 ਫ਼ੀਸਦੀ ਹੈ। ਰਿਪੋਰਟ ਅਨੁਸਾਰ ਪੰਜਾਬ ਦੇ ਬੱਚਿਆਂ 'ਚ ਸੂਖਮ ਪੋਸ਼ਕ ਤੱਤਾਂ ਦੀ ਕਮੀ ਵੀ ਦੂਜੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਪਾਈ ਗਈ ਹੈ। ਪੰਜਾਬ ਵਿਟਾਮਿਨ-ਡੀ ਦੀ ਕਮੀ ਵਾਲੇ ਬੱਚਿਆਂ ਦੇ ਮਾਮਲੇ ਵਿਚ ਵੀ ਦੇਸ਼ ਭਰ 'ਚੋਂ ਮੋਹਰੀ ਹੈ। ਪੰਜਾਬ ਦੇ 1-4 ਸਾਲ ਉਮਰ ਵਰਗ ਵਾਲੇ 52 ਫ਼ੀਸਦੀ, 5-9 ਸਾਲ ਦੇ 76 ਫ਼ੀਸਦੀ ਬੱਚੇ ਅਤੇ 68 ਫ਼ੀਸਦੀ ਕਿਸ਼ੋਰ ਵਿਟਾਮਿਨ-ਡੀ ਦਾ ਸ਼ਿਕਾਰ ਹਨ। ਸੂਬੇ ਦੇ 5-9 ਸਾਲ ਉਮਰ ਵਰਗ ਦੇ 32 ਫ਼ੀਸਦੀ ਬੱਚਿਆਂ 'ਚ ਵਿਟਾਮਿਨ-ਬੀ12 ਦੀ ਘਾਟ ਪਾਈ ਗਈ ਹੈ ਜਿਹੜੀ ਕਿ ਦੇਸ਼ ਭਰ 'ਚ ਸਭ ਤੋਂ ਜ਼ਿਆਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਆਇਰਨ ਦੀ ਕਮੀ ਬੱਚਿਆਂ ਦੇ ਸਰੀਰਕ ਅਤੇ ਬੌਧਿਕ ਵਿਕਾਸ 'ਤੇ ਮਾੜਾ ਅਸਰ ਪਾਉਂਦੀ ਹੈ। ਮਜ਼ਬੂਤ ਹੱਡੀਆਂ ਲਈ ਵਿਟਾਮਿਨ-ਡੀ ਬਹੁਤ ਜ਼ਰੂਰੀ ਹੈ। ਵਿਟਾਮਿਨ-ਬੀ12 ਖ਼ੂਨ ਦੇ ਲਾਲ ਰਕਤਾਣੂ ਅਤੇ ਸੈੱਲਾਂ ਦੀ ਮੁਰੰਮਤ ਕਰਨ ਲਈ ਲੋੜੀਂਦਾ ਹੈ। ਬੱਚਿਆਂ ਦੇ ਖਾਣ-ਪੀਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਤੰਦਰੁਸਤ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਹੋ ਸਕਦਾ ਹੈ। ਇਸ ਲਈ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਵਿੱਦਿਆ ਤੋਂ ਭਾਵ ਬੱਚੇ ਦੀ ਸ਼ਖ਼ਸੀਅਤ ਦਾ ਸਮੁੱਚਾ ਵਿਕਾਸ ਕਰਨਾ ਹੈ ਜਿਸ ਵਿਚ ਮਾਨਸਿਕ ਵਿਕਾਸ ਦੇ ਨਾਲ-ਨਾਲ ਸਰੀਰਕ, ਸਮਾਜਿਕ, ਭਾਈਚਾਰਕ, ਸੱਭਿਆਚਾਰਕ ਅਤੇ ਜਜ਼ਬਾਤੀ ਵਿਕਾਸ ਵੀ ਸ਼ਾਮਲ ਹੈ। ਸਿੱਖਿਆ ਸ਼ਾਸਤਰੀਆਂ ਨੂੰ ਬੱਚਿਆਂ ਦੇ ਢੁੱਕਵੇਂ ਵਿਕਾਸ ਲਈ ਪਾਠਕ੍ਰਮ ਦੇ ਬੋਝ ਨੂੰ ਘਟਾਉਣ ਦਾ ਹੀਲਾ ਕਰਨਾ ਚਾਹੀਦਾ ਹੈ। ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਪ੍ਰਤੀ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅੰਗਹੀਣ ਬੱਚਿਆਂ ਦੇ ਵਿਕਾਸ ਲਈ ਵਿਸ਼ੇਸ਼ ਸਹੂਲਤਾਂ ਵਾਲੇ ਸਕੂਲ ਖੋਲ੍ਹਣੇ ਚਾਹੀਦੇ ਹਨ। ਅੱਜ ਦੇ ਬੱਚੇ ਕੱਲ੍ਹ ਦੇ ਨੇਤਾ ਹਨ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉੱਚਿਤ ਯਤਨ ਕਰਨੇ ਸਮੇਂ ਦੀ ਮੁੱਖ ਲੋੜ ਹੈ।

-ਮੋਬਾਈਲ ਨੰ. : 94631-62825

Posted By: Rajnish Kaur