ਇਸ ਵੇਲੇ ਦੇਸ਼ 'ਚ ਕੋਰੋਨਾ ਨਾਲੋਂ ਵੀ ਖ਼ਤਰਨਾਕ ਵਾਇਰਸ ਦਾ ਕਹਿਰ ਹੈ, ਜਿਸ ਦੇ ਫੈਲਣ ਦੀ ਰਫ਼ਤਾਰ ਕੋਰੋਨਾ ਨਾਲੋਂ ਵੀ ਕਿਤੇ ਜ਼ਿਆਦਾ ਤੇਜ਼ ਦਿਖਾਈ ਦੇ ਰਹੀ ਹੈ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਜਿਸ ਤਰ੍ਹਾਂ ਦਿਨੋਂ- ਦਿਨ ਵੱਧ ਰਹੀਆਂ ਹਨ, ਉਹ ਦਿਨ ਦੂਰ ਨਹੀਂ ਜਦੋਂ ਪੈਟਰੋਲ ਤੇ ਡੀਜ਼ਲ 100 ਰੁਪਏ ਲੀਟਰ ਹੋਵੇਗਾ। ਜੇ ਇਸ ਤੋਂ ਕਿਤੇ ਜ਼ਿਆਦਾ ਵੱਧ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਕੋਰੋਨਾ ਦੀ ਚਪੇਟ ਵਿਚ ਆ ਕੇ ਪਹਿਲਾਂ ਹੀ ਅੱਧਮਰੀ ਹੋਈ ਜਨਤਾ ਨੂੰ ਮਹਿੰਗਾਈ ਦਾ ਵਾਇਰਸ ਡੰਗਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਮਹਿੰਗਾਈ ਦੇ ਇਸ ਵਾਇਰਸ ਦੇ ਵੱਧਣ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿਚ ਹੈ। ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘਟਾਉਣ ਤੇ ਵਧਾਉਣ ਦੇ ਅਧਿਕਾਰ ਤੇਲ ਕੰਪਨੀਆਂ ਨੂੰ ਦੇ ਕੇ ਆਪਣੀ ਜਵਾਬਦੇਹੀ ਤੋਂ ਆਪਣਾ ਮੂੰਹ ਮੋੜ ਲਿਆ ਯਾਨੀ ਜਨਤਾ ਦੀ ਰਾਖੀ ਕਰਨ ਦਾ ਠੇਕਾ ਤੇਲ ਕੰਪਨੀਆਂ ਨੂੰ ਦੇ ਦਿੱਤਾ, ਜਿਨਾਂ ਨੂੰ ਪੈਸੇ ਤੋਂ ਸਿਵਾਏ ਹੋਰ ਕੁਝ ਨਜ਼ਰ ਨਹੀਂ ਆਉਂਦਾ। ਇਸ ਕਾਰਨ ਅੱਜ ਮਹਿੰਗਾਈ ਸੱਤਵੇਂ ਅਸਮਾਨ 'ਤੇ ਪਹੁੰਚ ਗਈ ਹੈ। ਜਦੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਸ ਦੇ ਨਾਲ ਹੀ ਖਾਣ- ਪੀਣ ਦੀਆਂ ਕੀਮਤਾਂ ਆਪਣੇ ਆਪ ਹੀ ਵੱਧ ਜਾਦੀਆਂ ਹਨ, ਜਿਸ 'ਤੇ ਕੰਟਰੋਲ ਕਰਨਾ ਇਸ ਵੇਲੇ ਬਹੁਤ ਹੀ ਔਖਾ ਹੋ ਗਿਆ ਹੈ। ਵਿਰੋਧੀ ਧਿਰ ਦਾ ਕੰਮ ਹੁੰਦਾ ਹੈ ਕਿ ਉਹ ਸਰਕਾਰ ਦੇ ਚੰਗੇ ਕੰਮਾਂ 'ਚ ਉਸ ਦਾ ਸਾਥ ਦੇਵੇ ਤੇ ਜਨਤਾ ਵਿਰੋਧੀ ਤੇ ਮਰਿਆਦਾ ਤੋਂ ਬਾਹਰ ਵਾਲੇ ਕੰਮਾਂ ਦਾ ਡਟ ਕੇ ਵਿਰੋਧ ਕਰੇ । ਜਦੋਂ ਕੇਂਦਰ ਸਰਕਾਰ ਨੇ ਤੇਲ ਦੀਆਂ ਕੀਮਤਾਂ ਦੇ ਅਧਿਕਾਰ ਤੇਲ ਕੰਪਨੀਆਂ ਨੂੰ ਦੇਣ ਦੀ ਗੱਲ ਕੀਤੀ, ਉਦੋਂ ਤਾਂ ਥੋੜ੍ਹਾ ਬਹੁਤ ਵਿਰੋਧ ਹੋਇਆ ਪਰ ਬਾਅਦ ਵਿਚ ਵਿਰੋਧੀ ਧਿਰਾਂ ਬਿਲਕੁਲ ਹੀ ਸ਼ਾਂਤ ਹੋ ਕੇ ਬੈਠ ਗਈਆਂ। ਵਿਰੋਧੀ ਧਿਰ ਵੀ ਇਸ ਵੇਲੇ ਆਪਣੀ ਡਿਊਟੀ ਤੋਂ ਪਿੱਛੇ ਹਟ ਰਹੀ ਹੈ। ਜਨਤਾ ਨੂੰ ਸਰਕਾਰ ਤੋਂ ਇਸ ਵੇਲੇ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ ਪਰ ਵਿਰੋਧੀ ਧਿਰ ਤੋਂ ਵੀ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ। ਜੇ ਇਹੋ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ 'ਚ ਹਾਲਾਤ ਆਪੇ ਤੋਂ ਬਾਹਰ ਹੋ ਜਾਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਵਿਰੋਧੀ ਧਿਰ ਦੀ ਹੋਵੇਗੀ। ਜਨਤਾ ਇਸ ਵੇਲੇ ਸੋਚਣ ਲਈ ਮਜਬੂਰ ਹੋ ਗਈ ਹੈ ਕਿ ਦਿਨੋ-ਦਿਨ ਵੱਧ ਰਹੀ ਮਹਿੰਗਾਈ ਆਖ਼ਰ ਕਿੱਥੇ ਜਾ ਕੇ ਰੁਕੇਗੀ। ਅਜਿਹੇ ਹਾਲਤ ਦਰਮਿਆਨ ਆਮ ਲੋਕਾਂ ਦੇ ਨਾਲ- ਨਾਲ ਵਪਾਰੀ ਤੇ ਮੁਲਾਜ਼ਮ ਵਰਗ ਬਹੁਤ ਹੀ ਪਰੇਸ਼ਾਨੀ ਦੇ ਆਲਮ 'ਚ ਹੈ, ਜਿਸ 'ਤੇ ਕੰਟਰੋਲ ਕਰਨ ਲਈ ਸਰਕਾਰ ਨੂੰ ਜਲਦ ਹੀ ਸਖ਼ਤ ਤੋਂ ਸਖ਼ਤ ਕਦਮ ਚੁੱਕਣੇ ਪੈਣਗੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਵਿਰੋਧੀ ਧਿਰ ਨੂੰ ਵੀ ਤਕੜਾ ਸੰਘਰਸ਼ ਕਰ ਕੇ ਸਰਕਾਰ ਨੂੰ ਆਪਣੇ ਲਏ ਗ਼ਲਤ ਫ਼ੈਸਲਿਆਂ ਨੂੰ ਬਦਲਣ ਤੇ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਲਈ ਮਜਬੂਰ ਕਰਨਾ ਪੈਣਾ ਹੈ। ਇਸ ਵੇਲੇ ਕੋਰੋਨਾ ਵਾਇਰਸ ਕਾਰਨ ਜਨਤਾ ਪਹਿਲਾਂ ਹੀ ਬਹੁਤ ਸਹਿਮੀ ਹੋਈ ਹੈ ਤੇ ਦੂਜਾ ਮਹਿੰਗਾਈ ਦਾ ਵਾਇਰਸ ਜਨਤਾ ਦੇ ਜਿਉਣ ਦੀਆਂ ਉਮੀਦਾਂ ਨੂੰ ਘੁਣ ਵਾਂਗ ਖਾ ਰਿਹਾ ਹੈ।

- ਮਨਪ੍ਰੀਤ ਸਿੰਘ ਮੰਨਾ। ਸੰਪਰਕ ਨੰ: 094177-17095

Posted By: Jagjit Singh