-ਬਿਕਰਮਜੀਤ ਸਿੰਘ ਗਰੇਵਾਲ

ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਆਮ ਲੋਕਾਂ ਦਾ ਲੱਕ ਤੋੜਦੀ ਜਾ ਰਹੀ ਹੈ। ਅਜੋਕੇ ਦੌਰ ’ਚ ਆਮ ਵਰਗ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਆਪਣੇ ‘ਮਿੱਤਰਾਂ’ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਤੇ ਆਮ ਲੋਕਾਂ ਪ੍ਰਤੀ ਕੋਈ ਹਮਦਰਦੀ ਨਹੀਂ ਪ੍ਰਗਟਾ ਰਹੀ, ਜਿਸ ਤੋਂ ਖ਼ਫ਼ਾ ਹੋਏ ਆਮ ਲੋਕਾਂ ’ਚ ਸਰਕਾਰ ਵਿਰੁੱਧ ਰੋਸ ਹੈ । ਉਹ ਆਪੋ-ਆਪਣੇ ਤਰੀਕੇ ਨਾਲ ਵਿਰੋਧ ਕਰ ਰਹੇ ਹਨ ਤਾਂ ਜੋ ਚੋਣਾਂ ਦੌਰਾਨ ਕੀਤੇ ਵਾਅਦੇ ਯਾਦ ਕਰਵਾਏ ਜਾਣ। ਇਸ ਵਿਚਾਲੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਦੇਸ਼ ਦੇ ਵਿਕਾਸ ਲਈ ਚੁਣਿਆ ਹੈ, ਉਨ੍ਹਾਂ ਹੀ ਲੋਕਾਂ ਦਾ ਵਿਨਾਸ਼ ਕਰਨ ’ਤੇ ਸਰਕਾਰਾਂ ਤੁਲੀਆਂ ਹੋਈਆਂ ਹਨ। ਇਸ ਦੇ ਨਾਲ ਹੀ ਦੇਖਿਆ ਜਾਵੇ ਤਾਂ ਹਰ ਵਰਗ ’ਚ ਹੀ ਮਹਿੰਗਾਈ ਵੱਧਦੀ ਜਾ ਰਹੀ ਹੈ। ਆਮਦਨ ਦਾ ਕੋਈ ਸਾਧਨ ਨਹੀਂ ਪਰ ਬੇਰੁਜ਼ਗਾਰੀ ਪੈਰ ਪਸਾਰਦੀ ਜਾ ਰਹੀ ਹੈ। ਅੱਜ ਘਰ ਦੀਆਂ ਜ਼ਰੂਰੀ ਵਸਤਾਂ ਜਿਵੇਂ ਪਿਆਜ਼, ਸਿਲੰਡਰ ਆਦਿ ਦੇ ਮੁੱਲ ਆਸਮਾਨ ਨੂੰ ਛੂਹ ਰਹੇ ਹਨ ਉੱਥੇ ਹੀ ਪੈਟਰੋਲ- ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦੀ ਜੇਬ ’ਤੇ ਡਾਕਾ ਮਾਰਿਆ ਹੈ। ਦੇਖਿਆ ਜਾਵੇ ਤਾਂ ਪੈਟਰੋਲ ਦੀ ਕੀਮਤ 30 ਰੁਪਏ ਹੈ ਪਰ ਸਰਕਾਰਾਂ ਤਰ੍ਹਾਂ-ਤਰ੍ਹਾਂ ਦੇ ਟੈਕਸ ਲਾ ਕੇ 3 ਗੁਣਾ ਰੇਟ ’ਚ ਵਾਧਾ ਕਰ ਰਹੀਆਂ ਹਨ ਤੇ ਇਹ ਸਾਰਾ ਟੈਕਸ ਵਸੂਲ ਕਰ ਕੇ ਸਰਕਾਰਾਂ ਵਿਦੇਸ਼ੀ ਦੌਰਿਆਂ ’ਤੇ ਖ਼ਰਚ ਕਰ ਰਹੀਆਂ ਹਨ। ਅਸਲ ਵਿਚ ਵੇਖਿਆ ਜਾਵੇ ਤਾਂ ਇਸ ਵਿਚ ਸਰਕਾਰਾਂ ਦੀ ਕੋਈ ਗ਼ਲਤੀ ਨਹੀਂ ਹੈ ਸਗੋਂ ਅਸੀਂ ਖ਼ੁਦ ਆਪਣੇ ਪੈਰ ’ਤੇ ਕੁਹਾੜੀ ਮਾਰਦੇ ਹਾਂ। ਅਸਲ ਵਿਚ ਵੋਟ ਦੇ ਆਧਾਰ ’ਤੇ ਸਰਕਾਰ ਚੁਣਨ ਦਾ ਹੱਕ ਸਾਡਾ ਆਪਣਾ ਹੁੰਦਾ ਹੈ ਪਰ ਸੱਤਾ ’ਚ ਆਉਣ ਤੋਂ ਪਹਿਲਾਂ ਸਰਕਾਰਾਂ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੰਦੀਆਂ ਹਨ, ਜਿਨ੍ਹਾਂ ਦੀ ਚੁੰਗਲ ’ਚ ਫਸ ਕੇ ਭੋਲੇ ਲੋਕ ਆਪਣਾ ਕੀਮਤੀ ਵੋਟ ਦਾਅ ’ਤੇ ਲਾ ਦਿੰਦੇ ਹਨ, ਜਿਸ ਦਾ ਹਰਜਾਨਾ ਫਿਰ ਖ਼ੁਦ ਹੀ ਭਰਨਾ ਪੈਂਦਾ ਹੈ ਪਰ ਇਹ ਸਭ ਹੋਣ ਦੇ ਬਾਵਜੂਦ ਜਨਤਾ ਨੂੰ ਕੋਈ ਫ਼ਰਕ ਨਹੀਂ ਪੈਂਦਾ। ਸਭ ਕੁਝ ਅੱਖੀਂ ਦੇਖ ਕੇ ਦੁਬਾਰਾ ਉਹੀ ਗ਼ਲਤੀ ਕਰਦੇ ਹਨ ਤੇ ਲੋਕ ਖ਼ੁਦ ਦਾ ਗਲ ਘੋਟਣ ਲਈ ਹੱਥੀਂ ਫ਼ਾਂਸੀ ਤਿਆਰ ਕਰਦੇ ਹਨ, ਜਿਸ ਨਾਲ ਸਰਕਾਰਾਂ ਦਿਨੋਂ-ਦਿਨ ਦੇਸ਼ ਦੇ ਵਿਕਾਸ ਦੇ ਨਾਂ ’ਤੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਪਰ ਸਾਨੂੰ ਲੋੜ ਹੈ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਅੇ ਇਕਜੁੱਟ ਹੋ ਕੇ ਕਿਸੇ ਸੂਝਵਾਨ ਅਤੇ ਪੜ੍ਹੇ-ਲਿਖੇ ਵਿਅਕਤੀ ਨੂੰ ਆਪਣੇ ਦੇਸ਼ ਅਤੇ ਲੋਕਾਂ ਦੀ ਭਲਾਈ ਲਈ ਚੁਣਨ ਦੀ। ਇਸ ਦੇ ਨਾਲ ਹੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਭੋਲੇ-ਭਾਲੇ ਲੋਕਾਂ ਨੂੰ ਗੁਮਰਾਹ ਨਾ ਕਰੇ ਸਗੋਂ ਮਹਿੰਗਾਈ ਵਰਗੇ ਗੰਭੀਰ ਮੁੱਦੇ ਨੂੰ ਕੰਟਰੋਲ ਕਰੇ ਤਾਂ ਜੋ ਆਮ ਲੋਕ ਆਪਣਾ ਜੀਵਨ ਆਸਾਨੀ ਨਾਲ ਬਤੀਤ ਕਰ ਸਕਣ।

Posted By: Jagjit Singh