ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਕੋਰੋਨਾ ਕਾਰਨ ਸਾਰੇ ਕੰਮਕਾਜ ਠੱਪ ਹੋ ਚੁੱਕੇ ਸਨ। ਜੇ ਥੋੜ੍ਹੇ ਬਹੁਤ ਕੰਮ-ਕਾਜ ਚੱਲੇ ਵੀ ਹਨ, ਉੱਥੇ ਦਿਹਾੜੀਦਾਰ ਨੂੰ ਘੱਟ ਕੀਮਤ ’ਤੇ ਵੀ ਦਿਹਾੜੀ ਬੜੀ ਮੁਸ਼ਕਲ ਨਾਲ ਮਿਲ ਰਹੀ ਹੈ। ਕਾਫ਼ੀ ਲੰਬੇ ਸਮੇਂ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਆਮ ਲੋਕਾਂ ਲਈ ਚੁਣੌਤੀ ਬਣ ਰਹੀਆਂ ਹਨ। ਮਹਿੰਗਾਈ ਅਸਮਾਨ ਛੂਹ ਰਹੀ ਹੈ।

ਨਵੰਬਰ ਮਹੀਨੇ ਬਾਜ਼ਾਰ ਵਿਚ ਆਲੂ ਚਾਲੀ- ਪੰਜਾਹ ਰੁਪਏ ਕਿੱਲੋ ਵਿਕਿਆ। ਪਿਆਜ਼ ਤਾਂ ਹਮੇਸ਼ਾ ਹੀ ਹੰਝੂ ਕਢਵਾਉਂਦਾ ਰਹਿੰਦਾ ਹੈ। ਕਿਸੇ ਵੀ ਹਰੀ ਸਬਜ਼ੀ ’ਤੇ ਹੱਥ ਨਹੀਂ ਟਿਕਦਾ। ਫ਼ਲ-ਫਰੂਟਾਂ ਦੀ ਤਾਂ ਗੱਲ ਹੀ ਨਾ ਕਰੋ। ਫਰਵਰੀ ’ਚ ਹੀ ਰਸੋਈ ਗੈਸ (ਐੱਲਪੀਜੀ) ਦੇ ਸਿਲੰਡਰ ਦੀਆਂ ਕੀਮਤਾਂ ਤਿੰਨ ਵਾਰ ਵਧੀਆਂ ਹਨ ਜਿਸ ਕਾਰਨ ਇਸ ਦੀ ਕੀਮਤ 800 ਰੁਪਏ ਤੋਂ ਉੱਪਰ ਹੋ ਗਈ ਹੈ।

ਪੈਟਰੋਲ ਤੇ ਡੀਜ਼ਲ ਦਾ ਤਾਂ ਪੁੱਛੋ ਹੀ ਨਾ। ਤਕਰੀਬਨ 15 ਦਿਨਾਂ ਤੋਂ ਲਗਾਤਾਰ ਕੀਮਤਾਂ ਵੱਧ ਰਹੀਆਂ ਹਨ। ਸੌ ਰੁਪਏ ਦੇ ਨੇੜੇ ਪੈਟਰੋਲ ਹੋਣ ਵਾਲਾ ਹੈ। ਗੁਆਂਢੀ ਦੇਸ਼ਾਂ ਵਿਚ ਆਪਣੇ ਮੁਲਕ ਨਾਲੋਂ ਤੇਲ ਦੀਆਂ ਕੀਮਤਾਂ ਬਹੁਤ ਹੀ ਘੱਟ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ’ਚ ਕਮੀ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਤਾਲਮੇਲ ਕਰਨਾ ਚਾਹੀਦਾ ਹੈ।

ਮਹਿੰਗਾਈ ਨੇ ਆਮ ਜਨਤਾ ਦਾ ਬਜਟ ਹਿਲਾ ਦਿੱਤਾ ਹੈ। ਜਨਤਾ ਦਾ ਜਿਊਣਾ ਮੁਹਾਲ ਹੋ ਗਿਆ ਹੈ। ਇਕ ਆਮ ਪਰਿਵਾਰ ਲਈ ਢਾਈ ਸੌ ਰੁਪਏ ਦੀ ਸਬਜ਼ੀ ਰੋਜ਼ਾਨਾ ਆਉਂਦੀ ਹੈ। ਜੇਕਰ ਗਰੀਬ ਸਬਜ਼ੀਆਂ, ਦਾਲਾਂ ’ਤੇ ਹੀ ਪੂਰੀ ਦਿਹਾੜੀ ਦੀ ਕਮਾਈ ਖ਼ਰਚ ਦੇਵੇਗਾ ਤਾਂ ਘਰ ਦੇ ਬਾਕੀ ਖ਼ਰਚੇ ਕਿਵੇਂ ਪੂਰੇ ਹੋਣਗੇ। ਰੋਟੀ, ਕੱਪੜਾ ਅਤੇ ਮਕਾਨ ਆਮ ਆਦਮੀ ਦੀਆਂ ਅਹਿਮ ਜ਼ਰੂਰਤਾਂ ਹਨ। ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਮ ਆਦਮੀ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਹੋਣ।

ਘਰ ਵਿਚ ਬਿਜਲੀ ਦਾ ਖ਼ਰਚਾ ਅਤੇ ਰਾਸ਼ਨ ਵੀ ਚਾਹੀਦਾ ਹੈ। ਸਰੋਂ ਦੇ ਤੇਲ, ਰਾਜਮਾਂਹ, ਦਾਲਾਂ ਦੀਆਂ ਕੀਮਤਾਂ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ। ਬਦਕਿਸਮਤੀ ਨਾਲ ਜੇ ਘਰ ਵਿਚ ਕੋਈ ਬਿਮਾਰੀ ਆ ਜਾਵੇ, ਫਿਰ ਡਾਕਟਰ ਦੀ ਫੀਸ ਕੌਣ ਭਰੇਗਾ। ਮਹਿੰਗਾਈ ਵਿਚ ਬਿਮਾਰੀ ਦਾ ਖ਼ਰਚਾ ਕਿੱਥੋਂ ਆਵੇਗਾ? ਬੱਚਿਆਂ ਦੀ ਸਕੂਲ ਦੀ ਫੀਸ ਵੀ ਭਰਨੀ ਹੈ।

ਭਾਵੇਂ ਕੇਂਦਰ ਅਤੇ ਸੂਬਾ ਸਰਕਾਰਾਂ ਅਕਸਰ ਦਮਗਜੇ ਮਾਰਦੀਆਂ ਰਹਿੰਦੀਆਂ ਹਨ ਕਿ ਮਹਿੰਗਾਈ ’ਤੇ ਜਲਦ ਕਾਬੂ ਪਾ ਲਿਆ ਜਾਵੇਗਾ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਮਹਿੰਗਾਈ ਕੌੜੀ ਵੇਲ ਵਾਂਗ ਵੱਧਦੀ ਜਾ ਰਹੀ ਹੈ। ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਪਰਚੂਨ ਮਹਿੰਗਾਈ ਪਿਛਲੇ 6 ਸਾਲਾਂ ਵਿਚ ਸਭ ਤੋਂ ਵੱਧ ਹੋ ਗਈ ਹੈ।

ਸਰਕਾਰਾਂ ਨੂੰ ਜਲਦ ਹੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਸੰਜੀਦਾ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ। ਮਹਿੰਗਾਈ ਘਟਾਉਣ ਲਈ ਸਰਕਾਰਾਂ ਕਾਲਾਬਾਜ਼ਾਰੀਆਂ ਨੂੰ ਵੀ ਨੱਥ ਪਾਉਣ ਕਿਉਂਕਿ ਉਹ ਵੀ ਮਹਿੰਗਾਈ ਵਧਾਉਣ ਲਈ ਜ਼ਿੰਮੇਵਾਰ ਹਨ।

-ਸੰਜੀਵ ਸਿੰਘ ਸੈਣੀ, ਮੋਹਾਲੀ।

Posted By: Jagjit Singh