ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਕਰੀਬ ਸੱਤ ਦਹਾਕਿਆਂ ਤੋਂ ਉਪਰ ਦਾ ਸਮਾਂ ਬੀਤ ਚੁੱਕਾ ਹੈ। ਅਨੇਕਾਂ ਸਰਕਾਰਾਂ ਆਈਆਂ ਅਤੇ ਗਈਆਂ ਪਰ ਸਾਡੇ ਦੇਸ਼ ਵਾਸੀਆਂ ਲਈ ਬਹੁਤ ਵੱਡੀ ਤ੍ਰਾਸਦੀ ਰਹੀ ਹੈ ਕਿ ਉਹ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਪੂਰਨ ਰੂਪ ’ਚ ਬੰਦ ਕਰਨ ਲਈ ਅਨੇਕਾਂ ਵਾਰ ਧਰਨੇ, ਪ੍ਰਦਰਸ਼ਨ, ਰੋਸ, ਰੈਲੀਆਂ ਸਾੜ-ਫੂਕ ਕਰਦੇ ਰਹਿੰਦੇ ਹਨ ਅਤੇ ਸਮੇਂ ਦੀਆਂ ਸਰਕਾਰਾਂ ਦੇ ਲਾਰੇਬਾਜ਼ ਲੀਡਰਾਂ ਦੇ ਘਰਾਂ ਤੇ ਦਫ਼ਤਰਾਂ ਅੱਗੇ ਪੁੱਜ ਕੇ ਇਸ ਮਸਲੇ ਦਾ ਹੱਲ ਕਰਨ ਲਈ ਕਹਿੰਦੇ ਰਹੇ ਹਨ ਪਰ ਨੇਤਾ ਹੋਜੂ ਕਹਿ ਕੇ ਡੰਗ ਟਪਾ ਦਿੰਦੇ ਹਨ। ਇੱਥੇ ਇਹ ਅਖਾਣ ਵੀ ਚੇਤਾ ਆਉਂਦਾ ਰਹਿੰਦਾ ਹੈ ‘‘ਸਿਆਣਿਆਂ ਦਾ ਕਿਹਾ ਸਿਰ ਮੱਥੇ, ਪਰਨਾਲਾ ਓਥੇ ਦਾ ਓਥੇ।’’ ਹਰ ਸਾਲ ਦੇਸ਼ ’ਚ ਬੇਰੁਜ਼ਗਾਰੀ ਤੇ ਮਹਿੰਗਾਈ ਦੇ ਕਾਲੇ ਹਨੇਰੇ ਵਿਚੋਂ ਗੁਜ਼ਰਦੇ ਲੱਖਾਂ ਨੌਜਵਾਨ ਪਰੇਸ਼ਾਨੀ ਦੀ ਮਾਰ ਨਾ ਸਹਾਰਦੇ ਹੋਏ ਮੌਤ ਦੇ ਆਗੋਸ਼ ’ਚ ਸਮਾ ਜਾਂਦੇ ਹਨ। ਕੀ ਸਰਕਾਰਾਂ ਦੇ ਲੀਡਰਾਂ ਨੇ ਕਦੇ ਉਨ੍ਹਾਂ ਨੌਜਵਾਨਾਂ ਦੇ ਮਾਪਿਆਂ ਦੀ ਕਦੇ ਸਾਰ ਲਈ ਹੈ? ਬੜੇ ਦੁੱਖ ਵਾਲੀ ਗੱਲ ਹੈ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ’ਤੇ ਪੁਲਿਸ ਵਾਲੇ ਡਾਂਗਾਂ, ਸੋਟਿਆਂ, ਅੱਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰਦੇ ਹਨ। ਇਹ ਸਭ ਟੀਵੀ ’ਤੇ ਦੇਖ ਕੇ ਮਨ ਸੋਚਾਂ ਦੇ ਸਮੁੰਦਰਾਂ ’ਚ ਗੋਤੇ ਖਾਣ ਲਈ ਮਜਬੂਰ ਹੋ ਜਾਂਦਾ ਹੈ ਅਤੇ ਇਹ ਸੋਚਣ ਲੱਗਦਾ ਹੈ ਕਿ ਇਕ ਲੋਕਤੰਤਰੀ ਦੇਸ਼ ਦਾ ਨਾਗਰਿਕ ਜੋ ਵੋਟ ਪਾ ਸਕਦਾ ਹੈ, ਆਪਣੇ ਹੱਕ ਕਿਉਂ ਨਹੀਂ ਮੰਗ ਸਕਦਾ? ਨੌਜਵਾਨ ਵਰਗ ਨੂੰ ਗ਼ਲਤ ਪਾਸੇ ਲੈ ਕੇ ਜਾਣ ਵਾਲਾ ਕੋਈ ਹੋਰ ਨਹੀਂ ਸਗੋਂ ਸਰਕਾਰਾਂ ਤੇ ਸਿਆਸਤਦਾਨ ਹੀ ਹਨ ਜੋ ਵੋਟਾਂ ਵੇਲੇ ਵੋਟਰਾਂ ਨੂੰ ਭਰਮਾਉਣ ਲਈ ਪੈਸੇ ਤੇ ਨਸ਼ਾ ਵੰਡਦੇ ਹਨ ਅਤੇ ਅਨੇਕਾਂ ਵੋਟਰ ਬੇਰੁਜ਼ਗਾਰੀ ਦੇ ਦੌਰ ’ਚੋਂ ਗੁਜ਼ਰਦੇ ਹੋਏ ਇਹ ਸਭ ਲੈਣ ਲਈ ਮਜਬੂਰ ਹੋ ਜਾਂਦੇ ਹਨ। ਬੇਰੁਜ਼ਗਾਰੀ ਦੇ ਆਲਮ ’ਚੋਂ ਗੁਜ਼ਰ ਰਿਹਾ ਇਨਸਾਨ ਲੁੱਟਾਂ-ਖੋਹਾਂ ਅਤੇ ਕਤਲੇਆਮ ਵਾਲਾ ਰਸਤਾ ਅਖਤਿਆਰ ਕਰ ਲੈਂਦਾ ਹੈ ਜਿਸ ਦਾ ਖਮਿਆਜ਼ਾ ਉਸ ਦੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਮਹਿੰਗਾਈ ਦੀ ਤਾਂ ਗੱਲ ਹੀ ਕੀ ਕਰਨੀ ਹੈ। ਚਲੋ ਇਹ ਵੀ ਮੰਨਦੇ ਹਾਂ ਕਿ ਕੋਰੋਨਾ ਕਾਲ ’ਚ ਸਾਮਾਨ ਨਾ ਮਿਲਣਾ ਵੀ ਦੁਕਾਨਦਾਰਾਂ ਲਈ ਸਿਰਦਰਦੀ ਸੀ ਤੇ ਲੋਕ ਵੀ ਮਹਿੰਗੇ ਭਾਅ ਦਾ ਸਾਮਾਨ ਖ਼ਰੀਦਣ ਲਈ ਮਜਬੂਰ ਸਨ ਪਰ ਬੜੀ ਹੈਰਾਨੀ ਦੀ ਗੱਲ ਹੈ ਕਰਿਆਨੇ ਦੇ ਬਹੁਤੇ ਸਾਮਾਨ ਦਾ ਰੇਟ ਅਜੇ ਵੀ ਕੋਰੋਨਾ ਕਾਲ ਵਾਲਾ ਲੱਗ ਰਿਹਾ ਹੈ। ਕੀ ਸਰਕਾਰ ਨੂੰ ਇਸ ਬਾਰੇ ਪਤਾ ਨਹੀਂ। ਕਿਉਂ ਲੋਕਾਂ ਨੂੰ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਸਮੁੰਦਰ ’ਚ ਜਾਣਬੁੱਝ ਕੇ ਧੱਕਾ ਦੇ ਰਹੇ ਹੋ। ਨੌਜਵਾਨ ਪੀੜ੍ਹੀ ਆਈਲੈਟਸ ਕਰ ਕੇ ਜਾਂ ਜ਼ਮੀਨ ਵੇਚ ਕੇ ਜਾਂ ਵਿਆਜੂ ਪੈਸੇ ਫੜ ਕੇ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣ ਲਈ ਉਤਾਵਲੀ ਹੈ। ਹਰ ਸਾਲ ਡੇਢ ਤੋਂ ਦੋ ਲੱਖ ਬੱਚਾ ਵਿਦੇਸ਼ ਨੂੰ ਜਾ ਰਿਹਾ ਹੈ। ਇਸ ਸਾਰੇ ਵਰਤਾਰੇ ਦੀਆਂ ਜ਼ਿੰਮੇਵਾਰ ਸਰਕਾਰਾਂ ਹਨ ਕਿਉਂਕਿ ਉਹ ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਵਧਾਈ ਜਾ ਰਹੀਆਂ ਹਨ।

-ਬੱਗਾ ਸੇਲਕੀਆਣਾ।

ਮੋਬਾਈਲ ਨੰ. : 98762-87262

Posted By: Jagjit Singh