v> ਚੀਨ 'ਚ ਕੋਰੋਨਾ ਵਾਇਰਸ ਫੈਲਣ ਕਾਰਨ ਵੀਅਤਨਾਮ ਤੇ ਭਾਰਤ ਲਈ ਇਕ-ਦੂਜੇ ਦੇ ਬਾਜ਼ਾਰਾਂ 'ਚ ਦੁਵੱਲੇ ਵਪਾਰ 'ਚ ਵਾਧੇ ਦੀ ਵੱਡੀ ਸੰਭਾਵਨਾ ਬਣ ਗਈ ਹੈ। ਵੀਅਤਨਾਮ ਦੇ ਉਦਯੋਗ ਤੇ ਵਪਾਰ ਮੰਤਰੀ ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ਲਈ ਭਾਰਤ ਦੇ ਦੌਰੇ 'ਤੇ ਹਨ। ਵੀਅਤਨਾਮ ਵੱਲੋਂ ਚੀਨ ਨੂੰ ਖੇਤੀਬਾੜੀ-ਮੱਛੀ ਪਾਲਣ ਨਾਲ ਜੁੜਿਆ ਸਾਜ਼ੋ-ਸਾਮਾਨ ਅਤੇ ਤਾਜ਼ੇ ਫ਼ਲ਼ ਬਰਾਮਦ ਕੀਤੇ ਜਾਂਦੇ ਸਨ ਪਰ ਵਾਇਰਸ ਫੈਲਣ ਤੋਂ ਬਾਅਦ ਬਰਾਮਦ ਠੱਪ ਹੋ ਚੁੱਕੀ ਹੈ। ਵੀਅਤਨਾਮ ਆਪਣਾ ਇਹ ਸਾਮਾਨ ਭਾਰਤੀ ਬਾਜ਼ਾਰ 'ਚ ਵੇਚਣਾ ਚਾਹੁੰਦਾ ਹੈ। ਵੀਅਤਨਾਮੀ ਫ਼ਲ ਖ਼ਾਸ ਤੌਰ 'ਤੇ ਡਰੈਗਨ, ਲੀਚੀ, ਲੌਂਗਨ ਤੇ ਰੈਂਬੁਟਨ ਦੀ ਗੁਣਵੱਤਾ ਤੇ ਸਵਾਦ ਪੂਰੀ ਦੁਨੀਆ 'ਚ ਮਸ਼ਹੂਰ ਹੈ। ਕੋਰੋਨਾ ਵਾਇਰਸ ਕਾਰਨ ਭਾਰਤ ਦਾ ਵੀ ਚੀਨ ਨਾਲ ਵਪਾਰ ਪੂਰੀ ਤਰ੍ਹਾਂ ਰੁਕ ਗਿਆ ਹੈ। ਇਸ ਲਈ ਦਵਾਈਆਂ ਮਹਿੰਗੀਆਂ ਹੋ ਗਈਆਂ ਹਨ। ਸੂਤ ਤੇ ਹੀਰਾ ਕਾਰੋਬਾਰ ਨੂੰ ਵੱਡਾ ਨੁਕਸਾਨ ਹੋਇਆ ਹੈ। ਭਾਰਤ ਤੋਂ ਇਲਾਵਾ ਬਾਕੀ ਦੁਨੀਆ 'ਤੇ ਵੀ ਇਸ ਦਾ ਮਾੜਾ ਅਸਰ ਹੋਇਆ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਤਕ ਚੀਨ ਨਾਲ ਜੁੜੀਆਂ 25 ਹਜ਼ਾਰ ਤੋਂ ਵੱਧ ਉਡਾਨਾਂ ਰੱਦ ਹੋ ਚੁੱਕੀਆਂ ਹਨ। ਮੌਜੂਦਾ ਸਮੇਂ ਵੀਅਤਨਾਮ ਦੇ ਬਾਜ਼ਾਰ ਦਾ ਬਦਲ ਭਾਰਤ ਨੂੰ ਹੋ ਰਹੇ ਵਪਾਰਕ ਨੁਕਸਾਨ ਦੀ ਭਰਪਾਈ ਕਰ ਸਕਦਾ ਹੈ। ਜੇ ਚੀਨ ਨਾਲ ਭਾਰਤੀ ਵਪਾਰ ਦੀ ਗੱਲ ਕਰੀਏ ਤਾਂ ਭਾਰਤ ਦੀ ਦਰਾਮਦ ਦਾ ਲਗਪਗ 16.2% ਸਾਮਾਨ ਚੀਨ ਤੋਂ ਆਉਂਦਾ ਹੈ। ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ 500 ਅਰਬ ਡਾਲਰ ਦੇ ਨੇੜੇ-ਤੇੜੇ ਹੈ। ਚੀਨ ਭਾਰਤ ਦਾ ਸਭ ਤੋਂ ਵੱਡਾ ਦਰਾਮਦ ਸਰੋਤ ਹੈ ਜਦੋਂਕਿ ਭਾਰਤ ਚੀਨ ਲਈ ਚੌਥਾ ਸਭ ਤੋਂ ਵੱਡਾ ਬਰਾਮਦਕਾਰ ਮੁਲਕ ਹੈ। ਭਾਰਤ ਤੋਂ ਚੀਨ ਨੂੰ ਸੂਤ, ਹੀਰੇ, ਕੀਮਤੀ ਧਾਤਾਂ, ਤਾਂਬਾ ਆਦਿ ਭੇਜੇ ਜਾਂਦੇ ਹਨ। ਚੀਨ ਤੋਂ ਭਾਰਤ ਇਲੈਕਟ੍ਰਾਨਿਕ ਸਾਜ਼ੋ-ਸਾਮਾਨ, ਮਸ਼ੀਨਾਂ, ਇੰਜਨ, ਖਾਦ ਆਦਿ ਖ਼ਰੀਦਦਾ ਹੈ। ਸਰਹੱਦ 'ਤੇ ਤਣਾਅ ਅਤੇ ਵਪਾਰ ਪ੍ਰਤੀ ਮੁਕਾਬਲੇਬਾਜ਼ੀ ਹੋਣ ਦੇ ਬਾਵਜੂਦ ਭਾਰਤ ਤੇ ਚੀਨ ਦੇ ਆਰਥਿਕ ਸਬੰਧ ਲਗਾਤਾਰ ਬੁਲੰਦੀਆਂ 'ਤੇ ਰਹੇ ਹਨ। ਕੁਝ ਸਾਲਾਂ 'ਚ ਵੀਅਤਨਾਮ ਨੇ ਵੀ ਵਪਾਰਕ ਖੇਤਰ 'ਚ ਵੱਡੀ ਛਾਲ ਮਾਰੀ ਹੈ। ਉਸ ਨਾਲ ਵੀ ਭਾਰਤ ਦਾ ਪੁਰਾਣਾ ਰਿਸ਼ਤਾ ਹੈ। ਦੋਵਾਂ ਦੇਸ਼ਾਂ ਨੇ 1972 'ਚ ਅਧਿਕਾਰਤ ਤੌਰ 'ਤੇ ਕੂਟਨੀਤਕ ਸਬੰਧ ਸਥਾਪਤ ਕੀਤੇ ਸਨ। ਸੰਨ 1975 'ਚ ਭਾਰਤ ਨੇ ਵੀਅਤਨਾਮ ਨੂੰ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ ਦਿੱਤਾ ਸੀ ਅਤੇ ਦੋਵਾਂ ਨੇ 1978 'ਚ ਦੁਵੱਲੇ ਵਪਾਰ ਸਮਝੌਤੇ 'ਤੇ ਹਸਤਾਖ਼ਰ ਕੀਤੇ ਸਨ। ਵੀਅਤਨਾਮ ਨਾਲ ਕਾਰੋਬਾਰ ਕਰਨ ਵਾਲੇ ਸਿਖ਼ਰਲੇ 10ਦੇਸ਼ਾਂ 'ਚ ਭਾਰਤ ਸ਼ਾਮਲ ਹੈ। ਵੀਅਤਨਾਮ ਨਾਲ ਭਾਰਤ ਦੀ ਸੱਭਿਆਚਾਰਕ ਸਾਂਝ ਵੀ ਹੈ। ਇਕ ਸਮੇਂ ਵੀਅਤਨਾਮ ਦੇ ਦੱਖਣੀ ਸ਼ਹਿਰਾਂ 'ਚ ਬਹੁਤ ਸਾਰੇ ਹਿੰਦੂ ਰਹਿੰਦੇ ਸਨ। ਅਠਾਰਵੀਂ ਸਦੀ 'ਚ ਵੀਅਤਨਾਮ ਦਾ ਸ਼ਹਿਰ ਚੰਪਾ ਹਿੰਦੂਆਂ ਦਾ ਗੜ੍ਹ ਸੀ। ਵੀਅਤਨਾਮ 'ਚ ਹਾਲੇ ਵੀ ਵੱਡੀ ਗਿਣਤੀ ਵਿਚ ਹਿੰਦੂ ਰਹਿ ਰਹੇ ਹਨ। ਤਾਮਿਲਨਾਡੂ ਤੋਂ ਗਏ ਹਿੰਦੂ ਉੱਥੇ ਰਹਿ ਕੇ ਮੰਦਰਾਂ ਦੀ ਦੇਖਭਾਲ ਕਰ ਰਹੇ ਹਨ। ਇਸੇ ਕਾਰਨ ਵੀਅਤਨਾਮ ਭਾਰਤੀ ਵਸਤਾਂ ਦਾ ਅਹਿਮ ਬਾਜ਼ਾਰ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਵਪਾਰ 3.50 ਬਿਲੀਅਨ ਡਾਲਰ ਤਕ ਪਹੁੰਚ ਚੁੱਕਾ ਹੈ। ਭਾਰਤ ਤੋਂ ਵੀਅਤਨਾਮ ਨੂੰ ਲੋਹਾ ਤੇ ਸਟੀਲ, ਪਸ਼ੂ, ਅਨਾਜ, ਚਾਰਾ ਆਦਿ ਭੇਜਿਆ ਜਾਂਦਾ ਹੈ। ਵੀਅਤਨਾਮ ਤੋਂ ਭਾਰਤੀ ਬਾਜ਼ਾਰ 'ਚ ਟੈਲੀਫੋਨ ਸੈੱਟ, ਮਸ਼ੀਨਰੀ, ਕੁਦਰਤੀ ਰਬੜ ਆਦਿ ਮੁੱਖ ਤੌਰ 'ਤੇ ਆਉਂਦੇ ਹਨ। ਬਦਲੇ ਹੋਏ ਹਾਲਾਤ 'ਚ ਭਾਰਤ ਤੇ ਵੀਅਤਨਾਮ ਕੋਲ ਵਪਾਰਕ ਸਾਂਝ ਵਧਾ ਕੇ ਆਪੋ-ਆਪਣੇ ਵਪਾਰਕ ਘਾਟੇ ਨੂੰ ਘੱਟ ਕਰਨ ਦਾ ਚੰਗਾ ਮੌਕਾ ਹੈ।

Posted By: Rajnish Kaur