v> ਗਲਵਾਨ ਵਾਦੀ 'ਚ ਫਿੰਗਰ ਚਾਰ ਤੋਂ ਅੱਠ ਤਕ, ਪੈਟਰੋਲਿੰਗ ਪੁਆਇੰਟ 14 ਅਤੇ ਪੈਂਗੋਂਗ ਲੇਕ ਦੇ ਨਜ਼ਦੀਕ ਚੀਨੀ ਫ਼ੌਜ ਨੇ ਘੁਸਪੈਠ ਕਰ ਕੇ ਕਬਜ਼ਾ ਕਰ ਲਿਆ ਹੈ। ਪੈਟਰੋਲਿੰਗ ਪੁਆਇੰਟ 14 ਦੇ ਨਜ਼ਦੀਕ ਜਿੱਥੇ 15 ਜੂਨ ਨੂੰ ਚੀਨੀ ਫ਼ੌਜੀਆਂ ਨਾਲ ਸੰਘਰਸ਼ 'ਚ 20 ਭਾਰਤੀ ਫ਼ੌਜੀ ਸ਼ਹੀਦ ਹੋਏ ਸਨ, ਉੱਥੇ ਚੀਨੀ ਫ਼ੌਜੀਆਂ ਨੇ ਟੈਂਟ ਲਾਉਣ ਦੇ ਨਾਲ ਹੀ ਕੁਝ ਨਿਰਮਾਣ ਵੀ ਕਰ ਲਿਆ ਹੈ। ਦੌਲਤ ਬੇਗ ਓਲਡੀ ਤੇ ਡੇਪਸਾਂਗ ਦੇ ਇਲਾਕਿਆਂ 'ਚ ਵੀ ਚੀਨੀ ਫ਼ੌਜੀ ਵੱਡੀ ਗਿਣਤੀ 'ਚ ਮੌਜੂਦ ਹਨ। ਇਸੇ ਲਈ ਪੂਰਬੀ ਲੱਦਾਖ 'ਚ ਐੱਲਏਸੀ 'ਤੇ ਚੀਨੀ ਫ਼ੌਜੀਆਂ ਦੀ ਮੌਜੂਦਗੀ ਦਾ ਜਵਾਬ ਦੇਣ ਲਈ ਭਾਰਤ ਨੇ ਵੀ ਅਗਲੇ ਮੋਰਚਿਆਂ 'ਤੇ ਤਾਇਨਾਤ ਆਪਣੇ ਫ਼ੌਜੀਆਂ ਦੀ ਗਿਣਤੀ 'ਚ ਇਜ਼ਾਫ਼ਾ ਕਰ ਦਿੱਤਾ ਹੈ। ਬੀਤੇ ਕੁਝ ਮਹੀਨਿਆਂ ਤੋਂ ਚੀਨ ਨੇ ਗਲਵਾਨ ਵਾਦੀ ਵਿਚ ਭਾਰਤੀ ਫ਼ੌਜੀਆਂ ਦੀ ਗਸ਼ਤ 'ਚ ਅੜਿੱਕਾ ਡਾਹੁਣਾ ਸ਼ੁਰੂ ਕਰ ਦਿੱਤਾ ਸੀ ਤੇ ਪੱਛਮੀ ਸੈਕਟਰ 'ਚ ਵੀ ਪਹਿਲਾਂ ਵਾਲੀ ਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ। ਵੱਖ-ਵੱਖ ਪੱਧਰਾਂ 'ਤੇ ਗੱਲਬਾਤ ਤਾਂ ਹੋਈ ਪਰ ਚੀਨ ਦੇ ਰਵੱਈਏ ਵਿਚ ਸੁਧਾਰ ਨਹੀਂ ਹੋ ਰਿਹਾ ਜਿਸ ਕਾਰਨ ਦੋਵਾਂ ਮੁਲਕਾਂ 'ਚ ਤਣਾਅ ਵੱਧਦਾ ਜਾ ਰਿਹਾ ਹੈ। ਭਾਰਤ-ਚੀਨ ਦਰਮਿਆਨ ਸਰਹੱਦੀ ਵਿਵਾਦ ਤੇ ਹੋਰ ਤਲਖ਼ੀਆਂ ਦੇ ਕਾਰਨ ਇਤਿਹਾਸ ਵਿਚ ਦਰਜ ਹਨ ਜਿਸ ਕਾਰਨ ਦੋਵਾਂ ਮੁਲਕਾਂ ਦੇ ਫ਼ੌਜੀਆਂ ਦਰਮਿਆਨ ਡੋਕਲਾਮ ਵਰਗੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਮੌਜੂਦਾ ਸਰਹੱਦੀ ਵਿਵਾਦ ਨੂੰ ਨਾ ਸਿਰਫ਼ ਇਤਿਹਾਸਕ ਨਜ਼ਰੀਏ ਤੋਂ ਬਲਕਿ ਮੌਜੂਦਾ ਕੌਮਾਂਤਰੀ ਵਪਾਰਕ ਜੰਗ ਦੇ ਸਿੱਟੇ ਵਜੋਂ ਵੀ ਦੇਖਿਆ ਜਾ ਰਿਹਾ ਹੈ। ਕੁਝ ਮਾਹਰ ਇਸ ਨੂੰ ਚੀਨ ਦੀਆਂ ਸਾਮਰਾਜੀ ਵਿਸਥਾਰਵਾਦੀ ਨੀਤੀਆਂ ਦਾ ਹਿੱਸਾ ਵੀ ਮੰਨ ਰਹੇ ਹਨ। ਇਸੇ ਕਾਰਨ ਉਸ ਵੱਲੋਂ ਲਗਾਤਾਰ ਏਸ਼ੀਆ ਪ੍ਰਸ਼ਾਂਤ ਖਿੱਤੇ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ। ਭਾਵੇਂ ਐੱਲਏਸੀ 'ਤੇ ਲਗਾਤਾਰ ਚੁਣੌਤੀ ਦੇ ਰਹੇ ਚੀਨ ਨੂੰ ਭਾਰਤ ਨੇ ਸਾਫ਼ ਕਰ ਦਿੱਤਾ ਹੈ ਕਿ ਉਸ ਨੂੰ ਪਹਿਲਾਂ ਵਾਲੀ ਸਥਿਤੀ ਬਹਾਲ ਕਰਨੀ ਪਵੇਗੀ। ਵਿਸ਼ਵਾਸ ਬਹਾਲੀ ਦੇ ਨਾਲ-ਨਾਲ ਸ਼ਾਂਤੀ ਵੀ ਬਹਾਲ ਕਰਨੀ ਪਵੇਗੀ ਵਰਨਾ ਹਾਲਾਤ ਖ਼ਰਾਬ ਹੋਣਗੇ। ਹੁਣ ਜਦ ਗਲਵਾਨ ਵਾਦੀ 'ਚ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਕੁਝ ਕੁ ਸੌ ਮੀਟਰ ਦੀ ਦੂਰੀ 'ਤੇ ਤਾਇਨਾਤ ਹਨ ਤਾਂ ਭਾਰਤ ਨੇ ਹਾਲਾਤ ਵਿਗਾੜਨ ਲਈ ਚੀਨ ਨੂੰ ਪੂਰੀ ਤਰ੍ਹਾਂ ਦੋਸ਼ੀ ਠਹਿਰਾਇਆ ਹੈ। ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਭਾਰਤ ਤੇ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਲਈ ਖ਼ਤਰਾ ਬਣ ਰਹੇ ਚੀਨ ਕਾਰਨ ਉਹ ਯੂਰਪ ਤੋਂ ਆਪਣੀਆਂ ਫ਼ੌਜਾਂ ਘੱਟ ਕਰ ਕੇ ਏਸ਼ੀਆ 'ਚ ਤਾਇਨਾਤ ਕਰ ਰਹੇ ਹਨ। ਚੀਨ ਕਾਰਨ ਭਾਰਤ, ਵੀਅਤਨਾਮ, ਮਲੇਸ਼ੀਆ, ਇੰਡੋਨੇਸ਼ੀਆ ਤੇ ਦੱਖਣੀ ਚੀਨ ਸਾਗਰ ਦੇ ਆਲੇ-ਦੁਆਲੇ ਖ਼ਤਰਾ ਪੈਦਾ ਹੋ ਗਿਆ ਹੈ। ਇਸੇ ਤਰ੍ਹਾਂ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਭਾਰਤ-ਚੀਨ ਵਿਚਾਲੇ ਪੂਰਬੀ ਲੱਦਾਖ ਦੀ ਸਰਹੱਦ 'ਤੇ ਤਣਾਅ ਨੂੰ ਗੰਭੀਰ ਤੇ ਚਿੰਤਾਜਨਕ ਦੱਸਿਆ ਹੈ। ਇਸ ਮੁੱਦੇ 'ਤੇ ਭਾਰਤ 'ਚ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਵਿਰੋਧੀ ਧਿਰ ਵੱਲੋਂ ਕੇਂਦਰ ਸਰਕਾਰ ਨੂੰ ਇਸ ਮੁੱਦੇ 'ਤੇ ਘੇਰਿਆ ਜਾ ਰਿਹਾ ਹੈ ਤਾਂ ਸੱਤਾਧਾਰੀ ਧਿਰ ਵੱਲੋਂ ਵੀ ਬੀਤੇ ਦੀਆਂ ਗ਼ਲਤੀਆਂ ਲਈ ਕਾਂਗਰਸ 'ਤੇ ਦੋਸ਼ ਲਾਏ ਜਾ ਰਹੇ ਹਨ। ਐੱਲਏਸੀ 'ਤੇ ਚੀਨ ਦੀ ਨਵੇਂ ਸਿਰੇ ਤੋਂ ਘੁਸਪੈਠ ਤੇ ਟੈਂਟ ਲਾਉਣ ਦੇ ਨਾਲ-ਨਾਲ ਫ਼ੌਜੀ ਤਾਇਨਾਤੀ ਵਧਾਉਣ ਦੀ ਘਟਨਾ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਾਂਗਰਸ ਨੇ ਭਾਜਪਾ 'ਤੇ ਚੀਨ ਪ੍ਰਤੀ ਨਰਮ ਰੁਖ਼ ਅਪਨਾਉਣ ਦਾ ਦੋਸ਼ ਲਾਇਆ ਹੈ। ਕੁਝ ਵੀ ਹੋਵੇ, ਮੌਜੂਦਾ ਟਕਰਾਅ ਦਾ ਫੌਰੀ ਹੱਲ ਬੇਹੱਦ ਜ਼ਰੂਰੀ ਹੈ ਕਿਉਂਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ।

Posted By: Rajnish Kaur